ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਹਿੱਤ ਵਿੱਚ ਕੀਤੀ ਮੰਗ

0
177

ਮੈਟ੍ਰਿਕ ਅਤੇ 10 +2 ਜਮਾਤਾਂ ਦੇ ਵਿਦਿਆਰਥੀਆਂ ਤੋਂ ਕੋਰੋਨਾ ਮਹਾਂਮਾਰੀ ਦੇ ਦੌਰ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਕੱਠੀ ਕੀਤੀ 180 ਕਰੋਡ਼ ਦੀ ਰਕਮ ਸਬੰਧਤ ਵਿਦਿਆਰਥੀਆਂ ਨੂੰ ਵਾਪਿਸ ਕੀਤੀ ਜਾਵੇ

  • ਜਾਂ ਫਿਰ ਮਾਰਚ 2022 ਦੀਆਂ ਸਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਤੋਂ ਰਕਮ ਇਕੱਠੀ ਨਾ ਕੀਤੀ ਜਾਵੇ

ਫਰੀਦਕੋਟ ,(ਸੁਭਾਸ਼ ਸ਼ਰਮਾ)। ਸਮੁੱਚੀ ਦੁਨੀਆਂ , ਭਾਰਤ ਦੇਸ਼ ਸਮੇਤ ਪੰਜਾਬ ਰਾਜ ਵਿੱਚ ਮਾਰਚ 2020 ਦੌਰਾਨ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਸੀ ਤੇ ਇਸ ਦੌਰ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਟ੍ਰਿਕ ਅਤੇ 10+2 ਦੀਆਂ ਸਲਾਨਾ ਪ੍ਰੀਖਿਆਵਾਂ ਨਹੀਂ ਲਈਆਂ ਜਾ ਸਕੀਆਂ ਸਨ । ਇਸੇ ਤਰਾਂ ਵਿਦਿਅਕ ਸ਼ੈਸ਼ਨ 2020-21 ਦੌਰਾਨ ਵੀ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਲੰਬਾ ਸਮਾਂ ਬੰਦ ਰਹੇ ਅਤੇ ਮਾਰਚ 2021 ਵਿੱਚ ਵੀ ਮੈਟ੍ਰਿਕ ਅਤੇ 10+2 ਜਮਾਤਾਂ ਦੀਆਂ ਹੋਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਮਜਬੂਰੀ ਵੱਸ ਵਿਦਿਆਰਥੀ ਦੇ ਪਿਛਲੇ ਰਿਕਾਰਡ ਦੇ ਆਧਾਰ ਤੇ ਸਾਲਾਨਾ ਨਤੀਜਿਆਂ ਦਾ ਐਲਾਨ ਕਰਨਾ ਪਿਆ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਨਾ ਲੈਣ ਕਰਕੇ ਬੋਰਡ ਦਾ ਕੋਈ ਵੀ ਪੈਸਾ ਖਰਚ ਨਹੀਂ ਹੋਇਆ । ਇੱਕ ਅਨੁਮਾਨ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੈਟ੍ਰਿਕ ਅਤੇ 10+2 ਜਮਾਤਾਂ ਦੇ ਵਿਦਿਆਰਥੀਆਂ ਤੋਂ ਮਾਰਚ 2020 ਵਿੱਚ ਲਈਆਂ ਜਾਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਲਈ ਲਗਭਗ 80 ਕਰੋੜ ਦੀ ਰਕਮ ਇਕੱਠੀ ਕੀਤੀ ਗਈ ਅਤੇ ਮਾਰਚ 2021 ਦੀ ਸਾਲਾਨਾ ਪ੍ਰੀਖਿਆ ਲੈਣ ਲਈ ਵੀ ਵਿਦਿਆਰਥੀਆਂ ਤੋਂ ਲਗਭਗ 100 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ।

ਇਨ੍ਹਾਂ ਦੋ ਸਾਲਾਂ ਦੀਆਂ ਸਾਲਾਨਾ ਪ੍ਰੀਖਿਆਵਾਂ ਨਾ ਹੋਣ ਕਾਰਨ ਇਹ ਸਾਰੀ ਰਕਮ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਿੱਧੇ ਤੌਰ ਤੇ ਹੜੱਪ ਕਰ ਲਈ ਹੈ । ਇਹ ਫੀਸਾਂ ਵਾਪਸ ਕਰਨ ਲਈ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਗ ਕਰਨ ਦੇ ਬਾਵਜੂਦ ਵੀ ਕਰੋੜਾਂ ਰੁਪਏ ਦੀ ਇਹ ਰਕਮ ਵਿਦਿਆਰਥੀਆਂ ਨੂੰ ਵਾਪਿਸ ਨਹੀਂ ਕੀਤੀ ਗਈ ।

ਹੁਣ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2022 ਵਿੱਚ ਮੈਟ੍ਰਿਕ ਜਮਾਤ ਦੇ ਵਿਦਿਆਰਥੀ ਤੋਂ ਪ੍ਰੀਖਿਆ ਫੀਸ ਅਤੇ ਪ੍ਰਯੋਗੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਦੀ ਕਾਪੀ ਦੇਣ ਦੇ ਰੂਪ ਵਿੱਚ 1200 ਰੁਪਏ ਅਤੇ 10+2 ਜਮਾਤ ਦੇ ਵਿਦਿਆਰਥੀ ਤੋਂ ਪ੍ਰੀਖਿਆ ਫ਼ੀਸ , ਪ੍ਰਯੋਗੀ ਪ੍ਰੀਖਿਆ ਫੀਸ ਅਤੇ ਸਰਟੀਫਿਕੇਟ ਦੇਣ ਦੇ ਰੂਪ ਵਿੱਚ 1750 ਰੁਪਏ ਮਿਤੀ 29 ਅਕਤੂਬਰ 2021 ਤੋਂ ਪਹਿਲਾਂ ਪਹਿਲਾਂ ਜਮ੍ਹਾਂ ਕਰਵਾਉਣ ਲਈ ਸਮੂਹ ਸਕੂਲ ਮੁਖੀਆਂ ਨੂੰ ਪਬਲਿਕ ਨੋਟਿਸ ਜਾਰੀ ਕਰਕੇ ਫੀਸਾਂ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ,ਜਿਸ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

ਇਸ ਸਮੁੱਚੇ ਮਾਮਲੇ ਬਾਰੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਬਲਕਾਰ ਵਲਟੋਹਾ , ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ , ਵਿੱਤ ਸਕੱਤਰ ਨਵੀਨ ਸੱਚਦੇਵਾ , ਪ੍ਰੈੱਸ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ ਤੇ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਮੈਟ੍ਰਿਕ ਅਤੇ 10+2 ਜਮਾਤਾਂ ਵਿੱਚ ਪੜ੍ਹ ਰਹੇ ਸਮੂਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਹਿੱਤ ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗ ਰਾਜ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਤੋਂ ਇਕੱਠੇ ਕੀਤੇ ਗਏ ਲਗਭਫ 180 ਕਰੋੜ ਰੁਪਏ ਦੀ ਯੋਗ ਵਰਤੋਂ ਨਾ ਹੋਣ ਕਾਰਨ ਸਬੰਧਤ ਵਿਦਿਆਰਥੀਆਂ ਨੂੰ ਵਾਪਿਸ ਕੀਤੇ ਜਾਣ ਜਾਂ ਫਿਰ ਮਾਰਚ 2022 ਵਿੱਚ ਹੋਣ ਵਾਲੀਆਂ ਮੈਟ੍ਰਿਕ ਅਤੇ 10+2 ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਕੋਲੋਂ ਕੋਈ ਫੀਸ ਇਕੱਠੀ ਨਾ ਕੀਤੀ ਜਾਵੇ ਅਤੇ ਇਹਨਾਂ ਪ੍ਰੀਖਿਆਵਾਂ ਲਈ ਹੋਣ ਵਾਲਾ ਖਰਚਾ ਪਿਛਲੇ ਦੋ ਸਾਲਾਂ ਦੌਰਾਨ ਇਕੱਠੀ ਕੀਤੀ ਗਈ ਕਰੋੜਾਂ ਰੁਪਏ ਦੀ ਰਕਮ ਵਿੱਚੋਂ ਕੀਤਾ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ