ਕਿਸਾਨਾਂ ਦੀ ਮਰਜੀ ਵਿਰੁੱਧ ਜਗਤ ਗੁਰੂ ਨਾਨਕ ਦੇਵ ਓਪਨ ’ਵਰਸਿਟੀ ਲਈ ਜ਼ਮੀਨ ਰੋਕਣਾ ਚਾਹੁੰਦੀ ਹੈ ਸਰਕਾਰ : ਕਿਸਾਨ

Farmers Sachkahoon

ਕਿਸਾਨਾਂ ਦੀ ਮਰਜੀ ਵਿਰੁੱਧ ਜਗਤ ਗੁਰੂ ਨਾਨਕ ਦੇਵ ਓਪਨ ’ਵਰਸਿਟੀ ਲਈ ਜ਼ਮੀਨ ਰੋਕਣਾ ਚਾਹੁੰਦੀ ਹੈ ਸਰਕਾਰ : ਕਿਸਾਨ

ਮਿਣਤੀ ਕਰਨ ਆਏ ਅਧਿਕਾਰੀਆਂ ਦਾ ਕਿਸਾਨਾਂ ਵੱਲੋਂ ਕੀਤਾ ਗਿਆ ਘਿਰਾਓ

(ਸੁਨੀਲ ਚਾਵਲਾ) ਸਮਾਣਾ। ਕਿਸਾਨਾਂ ਦੀ ਮਰਜੀ ਖਿਲਾਫ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਲਈ ਪਿੰਡ ਤਰੌੜਾ ਕਲਾਂ ਦੀ ਸ਼ਾਮਲਾਟ ਜ਼ਮੀਨ ’ਤੇ ਸਰਕਾਰ ਧੱਕੇ ਨਾਲ ਉਸਾਰੀ ਕਰਵਾਉਣਾ ਚਾਹੁੰਦੀ ਹੈ। ਪਿੰਡ ਤਰੌੜਾ ਕਲਾਂ ਦੇ ਕਿਸਾਨਾਂ ਵੱਲੋਂ ਆਰੋਪ ਲਾਇਆ ਗਿਆ ਕਿ ਇਹ ਸਭ ਕਾਰਾ ਸਮਾਣਾ ਦੇ ਮੌਜੂਦਾ ਐਮ ਐਲ ਏ ਰਜਿੰਦਰ ਸਿੰਘ ਵੱਲੋਂ ਸਿਆਸੀ ਲਾਹਾ ਖੱਟਣ ਲਈ ਕੀਤਾ ਜਾ ਰਿਹਾ ਹੈ। ਹੁਣ ਇਹ ਯੂਨੀਵਰਸਿਟੀ ਸਰਕਾਰੀ ਮਹਿੰਦਰਾ ਕਾਲਜ ਵਿੱਚ ਚੱਲ ਰਹੀ ਹੈ। ਅੱਜ ਯੁੂਨੀਵਰਸਿਟੀ ਲਈ ਜ਼ਮੀਨ ਰੋਕਣ ਲਈ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਮਿਣਤੀ ਕਰਨ ਭੇਜਿਆ ਗਿਆ। ਇਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪਟਿਆਲਾ ਦੇ ਪ੍ਰਧਾਨ ਜਗਦੀਪ ਸਿੰਘ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਆਏ ਅਧਿਕਾਰੀ ਜਿਨ੍ਹਾਂ ਵਿੱਚ ਕਾਨੂੰਗੋ ਤੇ ਤਹਿਸੀਲਦਾਰ ਸਨ, ਦਾ ਘਿਰਾਓ ਕੀਤਾ ਗਿਆ।

ਬਲਾਕ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਗੱਜੂਮਜਰਾ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਨੂੰ ਜ਼ਮੀਨਾਂ ਵਿੱਚੋਂ ਉਜਾੜਨ ਦੀ ਨੀਤੀ ਤਹਿਤ ਇਹ ਸਭ ਕੀਤਾ ਜਾ ਰਿਹਾ ਹੈ। ਵਿਕਾਸ ਤੇ ਤਰੱਕੀ ਦਾ ਰਾਗ ਅਲਾਪ ਕੇ ਸਰਕਾਰ, ਸ਼ਾਮਲਾਟੀ ਜ਼ਮੀਨਾਂ ਨੂੰ ਮੁਫਤ ਜਾਂ ਨਿਗੂਣੇ ਭਾਅ ਵਿੱਚ ਖਰੀਦਕੇ ਪਹਿਲਾਂ ਸਰਕਾਰੀ ਸੰਸਥਾ ਦੇ ਰੂਪ ਵਿੱਚ ਕੰਮ ਚਲਾਕੇ, ਫਿਰ ਨਿੱਜੀ ਹੱਥਾਂ ਨੂੰ ਸੌਂਪ ਦਿੰਦੀ ਹੈ। ਇਸੇ ਨੀਤੀ ਤਹਿਤ ਜਿਲ੍ਹੇ ਵਿੱਚ ਪਿੰਡ ਸਿੱਧੁਵਾਲ ਦੀ ਸ਼ਾਮਲਾਟੀ ਜਮੀਨ ਨੂੰ ਅਕਵਾਇਰ ਕੀਤਾ ਗਿਆ ਤੇ ਪਿੰਡ ਵਾਲਿਆਂ ਨਾਲ ਕੀਤੇ ਕਰਾਰ ਤੇ ਸਮਝੌਤਿਆਂ ਨੂੰ ਲਾਗੂ ਕਰਨ ਤੋਂ ਸਰਕਾਰ ਕੋਹਾਂ ਦੂਰ ਰਹੀ ਹੈ। ਇਸ ਪਿੰਡ ਦੀ ਸ਼ਾਮਲਾਟੀ ਜ਼ਮੀਨ ਵੀ ਪਿੰਡ ਦੇ ਧਨਾਢ ਬੰਦਿਆਂ ਦੁਆਰਾ ਕੁੱਝ ਕੁ ਲੋਕਾਂ ਨੂੰ ਗੁੰਮਰਾਹ ਕਰਕੇ ਦਸਤਖਤ ਕਰਵਾਕੇ, ਮੁਫਤ ਵਿੱਚ ਹੀ ਸਰਕਾਰ ਦੇ ਸਪੁਰਦ ਕਰਵਾਇਆ ਜਾ ਰਿਹਾ ਹੈ।

ਇਸ ਸਮੇਂ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਬਲਾਕ ਸਕੱਤਰ ਸੁਖਚੈਨ ਸਿੰਘ ਲਲੋਛੀ, ਪ੍ਰੇਮ ਚੰਦ ਲਲੋਛੀ ਪਿੰਡ ਇਕਾਈ ਪ੍ਰਧਾਨ ਸੁਰਿੰਦਰ ਸਿੰਘ ਤਰੋੜਾਕਲਾ, ਬਲਕਾਰ ਸਿੰਘ, ਕੁਲਦੀਪ ਸਿੰਘ ਹਰਜਿੰਦਰ ਸਿੰਘ, ਸਿਮਰਨਜੀਤ ਸਿੰਘ ਤਰੋੜਾ ਕਲਾਂ ਸ਼ਾਮਲ ਸਨ। ਇਕੱਠੇ ਹੋਏ ਕਿਸਾਨਾਂ ਵੱਲੋਂ ਵਿਰੋਧ ਦਰਜ ਕਰਵਾਉਦਿਆਂ ਮੰਗ ਕੀਤੀ ਗਈ ਸੀ, ਇਸ ਕਾਰਜ ਲਈ ਪਿੰਡ ਦੀ ਖੇਤੀ ਯੋਗ ਜਮੀਨ ਨੂੰ ਨਾ ਰੋਕਿਆ ਜਾਵੇ। ਇਸ ਲਈ ਸ਼ਹਿਰ ਦੇ ਨੇੜੇ ਕੋਈ ਗੈਰ ਖੇਤੀਬਾੜੀ ਯੋਗ ਜ਼ਮੀਨ ਦੇਖੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ