ਸਰਕਾਰ ਰਿਟਾਇਰ ਪਟਵਾਰੀ ਭਰਤੀ ਕਰਕੇ ਬੇਰੁਜ਼ਗਾਰ ਨੌਜਵਾਨਾਂ ਨਾਲ ਕਰ ਰਹੀ ਹੈ ਧੋਖਾ : ਰਾਜਬਿੰਦਰ ਸਿੰਘ

Retired Patwari

ਸਰਕਾਰ ਰਿਟਾਇਰ ਪਟਵਾਰੀ ਭਰਤੀ ਕਰਕੇ ਬੇਰੁਜ਼ਗਾਰ ਨੌਜਵਾਨਾਂ ਨਾਲ ਕਰ ਰਹੀ ਹੈ ਧੋਖਾ : ਰਾਜਬਿੰਦਰ ਸਿੰਘ

(ਸੁਭਾਸ਼ ਸ਼ਰਮਾ) ਜੈਤੋ। ਅੱਜ ਦਿਨ ਸਹਾਇਕ ਪਟਵਾਰੀ ਵੈਲਫ਼ੇਅਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਮੁੱਖ ਮੰਤਰੀ ਦੇ ਨਾਂਅ ਅਤੇ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੂੰ ਮਾਲ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਜੋ ਸਰਕਾਰ 1766 ਰਿਟਾਇਰ ਪਟਵਾਰੀ ਭਰਤੀ ਕਰਨ ਜਾ ਰਹੀ ਹੈ ਇਸ ਦੀ ਬਜਾਇ ਸਰਕਾਰ ਨੂੰ ਪਟਵਾਰੀਆਂ ਨਾਲ ਸਹਾਇਕ ਦੇ ਤੌਰ ’ਤੇ ਪਿਛਲੇ ਪੰਦਰਾਂ ਵੀਹ ਸਾਲਾਂ ਤੋਂ ਕੰਮ ਕਰਦੇ ਆ ਰਹੇ ਬੇਰੁਜ਼ਗਾਰ ਤਜ਼ਰਬੇਕਾਰ ਮੁੰਡਿਆਂ ਨੂੰ ਮਹਿਕਮੇ ਵਿਚ ਸੈਟ ਕਰਕੇ ਰੁਜ਼ਗਾਰ ਦੇਣਾ ਚਾਹੀਦਾ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਾਅਦਾ ਕੀਤਾ ਸੀ ਪ੍ਰੰਤੂ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਰਿਟਾਇਰ ਪਟਵਾਰੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਰਿਟਾਇਰ ਪਟਵਾਰੀ/ਕਾਨੂੰਗੋ ਦੇ ਘਰ ਭਰ ਰਹੀ ਹੈ ਜੋ ਸਰਾਸਰ ਗਲਤ ਹੈ।

ਇਸ ਮੀਟਿੰਗ ਵਿੱਚ ਰਾਜਬਿੰਦਰ ਸਿੰਘ ਪੰਜਾਬ ਸਹਾਇਕ ਪਟਵਾਰੀ ਯੂਨੀਅਨ ਦੇ ਮੈਂਬਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸ਼ਰਮਾਂ ਤੋਂ ਇਲਾਵਾ ਜਸਪਾਲ ਸਿੰਘ, ਭਜਨ ਸਿੰਘ ਮਨਪ੍ਰੀਤ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੀਆਂ ਤਹਿਸੀਲਾਂ ਮੁਤਾਬਕ ਸਹਾਇਕ ਪਟਵਾਰੀ ਯੂਨੀਅਨ ਮੈਂਬਰਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਅਤੇ ਰਿਟਾਇਰ ਪਟਵਾਰੀਆਂ ਨੂੰ ਅਪੀਲ ਕੀਤੀ ਕਿ ਉਹ ਦੁਆਰਾ ਭਰਤੀ ਹੋਣ ਲਈ ਅਰਜ਼ੀਆਂ ਨਾ ਦੇਣ ਤਾਂ ਜੋ ਸਰਕਾਰ ਆਪਣੇ ਫ਼ੈਸਲੇ ’ਤੇ ਮੁੜ ਗੌਰ ਕਰਕੇ ਨੌਜਵਾਨਾਂ ਨੂੰ ਭਰਤੀ ਕਰਨ ਬਾਰੇ ਸੋਚ ਸਕੇ। ਇਸ ਮੰਗ ਸੰਬੰਧੀ ਡੀਸੀ ਸਾਹਿਬ ਫਰੀਦਕੋਟ ਅਤੇ ਹਲਕਾ ਵਿਧਾਇਕ ਜੈਤੋ ਨੇ ਸਾਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜ਼ਰੂਰ ਸਰਕਾਰ ਤੱਕ ਤੁਹਾਡੀ ਮੰਗ ਰੱਖਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ