ਨਾਭਾ ਤੇ ਸਰਸਾ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਜਿੱਤਾਂ ਦਰਜ

0
Teams

ਤੀਜੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਦਾ ਦੂਜਾ ਦਿਨ

ਨਸ਼ਿਆਂ ਨੂੰ ਤਿਆਗ ਨੌਜਵਾਨਾਂ ਨੂੰ ਖੇਡਾਂ ‘ਚ ਹਿੱਸਾ ਲੈਣਾ ਚਾਹੀਦੈ: ਡੀਐੱਸਪੀ ਥਿੰਦ

ਤਰੁਣ ਕੁਮਾਰ ਸ਼ਰਮਾ/ਨਾਭਾ। ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਵਿਖੇ ਮੋਰਨਿੰਗ ਫੁੱਟਬਾਲ ਕਲੱਬ ਨਾਭਾ (ਰਜਿ) ਵੱਲੋਂ ਕਰਵਾਏ ਜਾ ਰਹੇ ਤੀਜੇ ਸਲਾਨਾ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਦੋ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਕ੍ਰਮਵਾਰ ਐਮ ਐਫ ਸੀ ਨਾਭਾ ਅਤੇ ਫੁੱਟਬਾਲ ਕਲੱਬ ਸਰਸਾ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ। ਦੂਜੇ ਦਿਨ ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਡੀਐਸਪੀ ਵਰਿੰਦਰਜੀਤ ਸਿੰਘ ਥਿੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਦੀਆਂ ਹਨ ਇਸ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟ ਕੇ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਭਾਰਤ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਟੂਰਨਾਮੈਂਟ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡ ਪ੍ਰਬੰਧਕਾਂ ਨੇ ਇੰਟਰਨੈੱਟ ਅਤੇ ਕ੍ਰਿਕਟ ਦੇ ਜਨੂੰਨ ਦੇ ਚੱਲਦਿਆਂ ਫੁੱਟਬਾਲ ਦੀ ਖੇਡ ਨੂੰ ਜਿਉਂਦਾ ਰੱਖਣ ਦਾ ਸ਼ਲਾਘਾਯੋਗ ਉਪਰਾਲਾ ਕਰਕੇ ਸਲਾਨਾ ਲੜੀਵਾਰ ਟੂਰਨਾਮੈਂਟ ਨੂੰ ਜਾਰੀ ਰੱਖਿਆ ਹੋਇਆ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਖੇਡ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡੀਐਸਪੀ ਥਿੰਦ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਦੋਨੋ ਟੀਮਾਂ 1-1 ਦੇ ਗੋਲ ਨਾਲ ਬਰਾਬਰ ਰਹੀਆ, ਮੈਚ ਦਾ ਫੈਸਲਾ ਪੈਨਲਟੀ ਕਾਰਨਰਾਂ ਰਾਹੀ ਕੀਤਾ

ਟੂਰਨਾਮੈਂਟ ਦੇ ਦੂਜੇ ਦਿਨ ਦਾ ਪਹਿਲਾ ਮੁਕਾਬਲਾ ਮੋਰਨਿੰਗ ਫੁੱਟਬਾਲ ਕਲੱਬ (ਰਜ਼ਿ) ਨਾਭਾ ਅਤੇ ਬਠਿੰਡਾ ਫੁੱਟਬਾਲ ਕਲੱਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦੌਰਾਨ ਦੋਨੋ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆ ਹਮਲਾਵਰ ਖੇਡ ਖੇਡੀ ਪਰੰਤੂ ਮੈਚ ਦੇ ਅੰਤ ਤੱਕ ਦੋਨੋ ਟੀਮਾਂ 1-1 ਦੇ ਗੋਲ ਨਾਲ ਬਰਾਬਰ ਰਹੀਆ। ਮੈਚ ਦਾ ਫੈਸਲਾ ਪੈਨਲਟੀ ਕਾਰਨਰਾਂ ਰਾਹੀ ਕੀਤਾ ਗਿਆ ਜਿਸ ਦੌਰਾਨ ਮੋਰਨਿੰਗ ਫੁੱਟਬਾਲ ਕਲੱਬ (ਰਜ਼ਿ) ਨਾਭਾ ਨੇ ਬਠਿੰਡਾ ਦੀ ਟੀਮ ਨੂੰ 5-3 ਦੇ ਮੁਕਾਬਲੇ ਨਾਲ ਹਰਾ ਦਿੱਤਾ।

ਦਿਨ ਦਾ ਦੂਜਾ ਮੈਚ ਫੁੱਟਬਾਲ ਕਲੱਬ ਮਾਲੇਰਕੋਟਲਾ ਅਤੇ ਫੁਟਬਾਲ ਕਲੱਬ ਸਰਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜੋ ਕਿ ਦੋਨਾਂ ਟੀਮਾਂ ਦੀ ਜੂਝਾਰੂ ਖੇਡ ਸਦਕਾ ਮੈਚ ਦੇ ਅੰਤ ਤੱਕ 1-1 ਨਾਲ ਬਰਾਬਰ ਰਿਹਾ। ਮੈਚ ਦਾ ਫੈਸਲਾ ਪੈਨਲਟੀ ਸ਼ੂਟ ਰਾਹੀ ਕੀਤਾ ਗਿਆ ਜਿਸ ਦੌਰਾਨ ਸਰਸਾ ਦੀ ਟੀਮ ਨੇ ਵਿਰੋਧੀ ਟੀਮ ਨੂੰ 4-1 ਦਾ ਵਾਧਾ ਲੈਂਦਿਆਂ ਜਿੱਤ ਨੂੰ ਆਪਣੀ ਟੀਮ ਦੇ ਨਾਮ ਕਰ ਲਿਆ। ਇਸ ਮੌਕੇ ਇੰਸਪੈਕਟਰ ਕਮਲਜੀਤ ਸਿੰਘ ਸੰਗਰੂਰ, ਐਡਵੋਕੇਟ ਗੁਰਮੀਤ ਸਿੰਘ, ਸਹਾਇਕ ਥਾਣੇਦਾਰ ਇੰਦਰਜੀਤ ਸਿੰਘ, ਸਮਾਜ ਸੇਵਕ ਅਮਨ ਗੁੱਪਤਾ, ਗਿਆਨ ਸਿੰਘ ਮੂੰਗੋ ਪ੍ਰਧਾਨ ਬਾਰ ਐਸ਼ੋਸੀਏਸ਼ਨ ਨਾਭਾ ਆਦਿ ਹਾਜ਼ਰ ਰਹੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।