ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ

0
333

ਰੁੱਖਾਂ ਵਿੱਚੋਂ ਛਣ ਕੇ ਆਈਆਂ ਸੂਰਜ ਦੀਆਂ ਕਿਰਨਾਂ ਵਰਗਾ ਗੁਰਪ੍ਰੀਤ ਮਾਨ ਮੌੜ

ਪੰਜਾਬੀ ਸਾਹਿਤ, ਸੱਭਿਆਚਾਰ ’ਤੇ ਪੰਜਾਬੀ ਮਾਂ-ਬੋਲੀ ਨੇ ਮਹਿਕਾਂ ਵੰਡਦੇ ਹੋਏ ਹਮੇਸ਼ਾਂ ਹੀ ਪੰਜਾਬੀਅਤ ਨੂੰ ਮੁਹੱਬਤ, ਉਤਸ਼ਾਹ ’ਤੇ ਜੋਸ਼ ਦਾ ਬਲ ਬਖਸ਼ਿਆ ਹੈ। ਪੰਜਾਬੀ ਸਾਹਿਤ ਤੇ ਸਮਾਜਸੇਵਾ ਦੇ ਖੇਤਰ ਵਿੱਚ ਪੋਹ-ਮਾਘ ਦੀ ਨਿੱਘੀ-ਨਿੱਘੀ ਧੁੱਪ ਅਤੇ ਫੁੱਲਾਂ ਦੀ ਖੁਸ਼ਬੋ ਵਰਗਾ ਅਜਿਹਾ ਹੀ ਇੱਕ ਨਾਂਅ ਹੈ ਗੁਰਪ੍ਰੀਤ ਮਾਨ ਮੌੜ।

ਜਿਲਾ ਫਰੀਦਕੋਟ ਦੇ ਪਿੰਡ ਮੌੜ ਵਿਖੇ ਪਿਤਾ ਸ. ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਕੰਵਲਜੀਤ ਕੌਰ ਦੀ ਕੁੱਖੋਂ 11 ਅਕਤੂਬਰ 1980 ਨੂੰ ਜਨਮੇ ਗੁਰਪ੍ਰੀਤ ਸਿੰਘ ਨੂੰ ਬਚਪਨ ਤੋਂ ਹੀ ਪੰਜਾਬੀ ਸਾਹਿਤ ’ਤੇ ਸੰਗੀਤ ਨਾਲ ਅੰਤਾਂ ਦਾ ਮੋਹ ਸੀ। ਪਿੰਡ ਮੌੜ ਦੇ ਸਰਕਾਰੀ ਸਕੂਲ ਤੋਂ ਸੱਤਵੀਂ, ਕੋਟਕਪੂਰਾ ਤੋਂ ਦਸਵੀਂ ਅਤੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀ.ਏ ਦੀ ਵਿੱਦਿਆ ਹਾਸਿਲ ਕਰ ਚੁੱਕੇ ਗੁਰਪ੍ਰੀਤ ਸਿੰਘ ਨੂੰ ਸਕੂਲੀ ਪੜਾਈ ਦੌਰਾਨ ਹੀ ਲਿਖਣ ਦੀ ਚੇਟਕ ਲੱਗੀ, ਕਿਉਂਕਿ ਉਹ ਵਧੀਆ ਮੁਹਾਵਰੇ ਅਤੇ ਅਖਾਣਾਂ ਲਿਖਦਾ ਸੀ।

ਸਾਹਿਤਕ ਖੇਤਰ ਵਿੱਚ ਗੁਰਪ੍ਰੀਤ ਮਾਨ ਮੌੜ ਦੇ ਨਾਂਅ ਨਾਲ ਸਰਗਰਮ ਇਸ ਲੇਖਕ ਦੀਆਂ ਲਿਖਤਾਂ ਵਿੱਚ ਸਰਲਤਾ, ਪੇਂਡੂਪਣ ਤੋਂ ਇਲਾਵਾ ਰੁੱਖਾਂ, ਪਾਣੀ, ਪੰਛੀ, ਧਰਤੀ ਆਦਿ ਪ੍ਰਤੀ ਸਮਾਜਿਕ ਚਿੰਤਾ ਦਾ ਝਲਕਾਰਾ ਪੈਂਦਾ ਹੈ। ਚੰਗਾ ਸਾਹਿਤ ਲਿਖਣ ਅਤੇ ਪੜਨ ਨੂੰ ਤਰਜੀਹ ਦਿੰਦੇ ਗੁਰਪ੍ਰੀਤ ਮਾਨ ਮੌੜ ਅਕਸਰ ਹੀ ਪੰਜਾਬੀ ਗਾਇਕ ਹਰਭਜਨ ਮਾਨ, ਗੁਰਦਾਸ ਮਾਨ, ਮਨਮੋਹਨ ਵਾਰਿਸ ਨੂੰ ਸੁਣਨਾ ਪਸੰਦ ਕਰਦੇ ਹਨ।

ਵਾਤਾਵਰਨ ਨੂੰ ਅਥਾਹ ਪਿਆਰ ਕਰਦੇ ਗੁਰਪ੍ਰੀਤ ਮਾਨ ਮੌੜ ਅਕਸਰ ਹੀ ਰੁੱਖ ਲਗਾਉਣ ਅਤੇ ਪੰਛੀਆਂ ਦੇ ਆਲਣੇ ਲਗਾਉਣ ਜਿਹੇ ਕਾਰਜ ਕਰਦੇ ਰਹਿੰਦੇ ਹਨ। ਅਲੋਪ ਹੋ ਰਹੀਆਂ ਚਿੜੀਆਂ ਦੀ ਪ੍ਰਜਾਤੀ ਨੂੰ ਬਚਾਉਣ ਲਈ ਗੁਰਪ੍ਰੀਤ ਮਾਨ ਨੇ ਆਪਣੇ ਗ੍ਰਹਿ ਵਿਖੇ ਆਲਣੇ ਲਗਾਏ ਹੋਏ ਹਨ, ਜਿੱਥੇ ਕਿ ਸੈਂਕੜੇ ਚਿੜੀਆਂ ਰਹਿ ਰਹੀਆਂ ਹਨ। ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਬੀੜ ਸੁਸਾਇਟੀ ਫਰੀਦਕੋਟ ਅਤੇ ਸੀਰ ਸੁਸਾਇਟੀ ਫਰੀਦਕੋਟ ਨਾਲ ਜੁੜ ਕੇ ਰੁੱਖ ਲਗਾਉਣ ਤੋਂ ਇਲਾਵਾ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਦਿਆਂ ਗੁਰਪ੍ਰੀਤ ਮਾਨ ਮੌੜ ਵਧੀਆ ਸਮਾਜਸੇਵੀ ਹੋਣ ਦਾ ਵੀ ਫ਼ਰਜ਼ ਨਿਭਾ ਰਹੇ ਹਨ।

ਗੁਰਪ੍ਰੀਤ ਮਾਨ ਮੌੜ ਨੂੰ ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਅਤੇ ਨੌਜਵਾਨ ਸਾਹਿਤ ਸਭਾ ਭਲੂਰ (ਮੋਗਾ) ਵੱਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਦਬੜੀਖਾਨਾ, ਸੱਭਿਆਚਾਰਕ ਅਤੇ ਵਿਰਾਸਤ ਮੰਚ ਪੰਜਾਬ, ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸਾਹਿਤ ਸਭਾ ਬਰਗਾੜੀ ਨਾਲ ਜੁੜ ਕੇ ਲਗਾਤਾਰ ਸਾਹਿਤਕ ਸੇਵਾਵਾਂ ਨਿਭਾ ਰਹੇ ਹਨ।

ਗੁਰਪ੍ਰੀਤ ਮਾਨ ਮੌੜ ਨੂੰ ਕਈ ਵਾਰ ਰੇਡੀਓ ਆਪਣਾ ਵਿਨੀਪੈਗ ਕੈਨੇਡਾ ਤੋਂ ਇਲਾਵਾ ਹੋਰਨਾਂ ਸਟੇਜਾਂ ਤੇ ਬੋਲਣ ਦਾ ਮਾਣ ਵੀ ਹਾਸਿਲ ਹੋਇਆ ਹੈ। ਜਲਦ ਹੀ ਉਹ ਆਪਣੀ ਪਲੇਠੀ ਪੁਸਤਕ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ ਪਾ ਰਹੇ ਹਨ। ਦੁਆ ਕਰਦੇ ਹਾਂ ਕਿ ਇਸ ਨੌਜਵਾਨ ਲੇਖਕ, ਸਮਾਜਸੇਵੀ ਅਤੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਮਾਨ ਮੌੜ ਦੀ ਉਮਰ ਲੋਕ ਗੀਤਾਂ ਜਿੱਡੀ ਹੋਵੇ ਅਤੇ ਉਹ ਇਸੇ ਤਰਾਂ ਨਿਰਵਿਘਣ ਸਮਾਜਸੇਵਾ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦਾ ਰਹੇ।
ਹਰ ਘਰ ਵਿੱਚੋਂ ਪੰਛੀਆਂ ਦੀਆਂ ਅਵਾਜ਼ਾਂ ਆਉਂਦੀਆਂ ਰਹਿਣ,
ਚਿੜੀਆਂ, ਘੁੱਗੀਆਂ, ਕੋਇਲਾਂ ਤੇ ਧੀਆਂ ਸਦਾ ਜਿਉਂਦੀਆਂ ਰਹਿਣ।
ਪੇਸ਼ਕਸ਼ :
ਜੱਗਾ ਸਿੰਘ ਰੱਤੇਵਾਲਾ
ਪਿੰਡ ਸੋਹਣਗੜ ’ਰੱਤੇਵਾਲਾ’ (ਫਿਰੋਜਪੁਰ)
ਮੋਬਾਈਲ : 88723-27022

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ