ਰੂਹਾਨੀ ਸੰਦੇਸ਼ਾਂ ਨਾਲ ਭਰਪੂਰ ਹਨ ਗੁਰੂ ਸਾਹਿਬ ਦੀਆਂ ਉਦਾਸੀਆਂ

ਰੂਹਾਨੀ ਸੰਦੇਸ਼ਾਂ ਨਾਲ ਭਰਪੂਰ ਹਨ ਗੁਰੂ ਸਾਹਿਬ ਦੀਆਂ ਉਦਾਸੀਆਂ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਲਗਭਗ 8 ਸਾਲ ਹੈ। ਇਸ ਉਦਾਸੀ ਦੌਰਾਨ ਆਪ ਜੀ ਸਭ ਤੋਂ ਪਹਿਲਾਂ ਐਮਨਾਬਾਦ ਗਏ, ਜੋ ਤਲਵੰਡੀ ਤੋਂ ਲਗਭਗ 60 ਕਿਲੋਮੀਟਰ ’ਤੇ ਸਥਿਤ ਹੈ। ਇੱਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਠਹਿਰੇ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਜੀ ਨੀਵੀਂ ਜਾਤੀ ਦੇ ਵਿਅਕਤੀ ਦੇ ਘਰ ਕਿਉਂ ਠਹਿਰੇ ਹਨ। ਪਰ ਆਪ ਜੀ ਨੇ ਇਸ ਵਿਰੋਧ ਦਾ ਕੋਈ ਅਸਰ ਨਾ ਕਬੂਲਿਆ। ਕਿਉਂਕਿ ਉਨ੍ਹਾਂ ਦਾ ਮਿਸ਼ਨ ਵੀ ਵਰਣਵਾਦੀ ਸਿਸਟਮ ਨੂੰ ਤੋੜਨਾ ਸੀ।

ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲੀ ਅਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਸਾਹਿਬਤਾ ਰਾਹੀਂ ਪਾਣੀ ਵੀ ਪਹੁੰਚਾਉਂਦੇ ਸਨ। ਗੁਰੂ ਜੀ ਨੇ ਜਿੱਥੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉੁਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਦਿੱਤਾ।

ਗੋਰਖ ਮਤੇ ਗੋਰਖ ਨਾਥ ਤੇ ਉਸ ਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਭਗ 20 ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਪਰਮਾਤਮਾ ਬਾਹਰੀ ਭੇਖ ’ਤੇ ਨਹੀਂ ਰੀਝਦਾ ਸਗੋਂ ਉਸ ਦੀ ਪ੍ਰਾਪਤੀ ਦੀ ਜੁਗਤ ਵਿਕਾਰ ਰਹਿਤ ਜੀਵਨ ਬਸਰ ਕਰਦਿਆਂ ਉਸ ਦੀ ਸਿਫਤ ਸਲਾਹ ਕਰਨਾ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂਅ ਗੋਰਖ ਮਤੇ ਤੋਂ ਤਬਦੀਲ ਹੋ ਕੇ ਨਾਨਕ ਮਤਾ ਪੈ ਗਿਆ।

ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇੱਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਨ੍ਹਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦੱਸਦਿਆਂ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾਉ।

ਬਨਾਰਸ ਸੰਸਕਿ੍ਰਤ ਵਿੱਦਿਆ ਤੇ ਹਿੰਦੂ ਧਰਮ ਦਾ ਕੇਂਦਰ ਹੈ। ਇੱਥੇ ਇਹ ਗੱਲ ਪ੍ਰਚਾਰੀ ਹੋਈ ਸੀ ਕਿ ਜੇਕਰ ਕੋਈ ਮਨੁੱਖ ਪੰਡਿਤਾਂ ਨੂੰ ਦਾਨ-ਪੁੰਨ ਕਰਨ ਮਗਰੋਂ ਆਰੇ ਨਾਲ ਸਰੀਰ ਚਿਰਾਵੇਗਾ ਤਾਂ ਉਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ ਪਰ ਗੁਰੂ ਜੀ ਨੇ ਬਨਾਰਸ ਵਾਸੀਆਂ ਨੂੰ ਕਿਹਾ ਕਿ ਮੁਕਤੀ ਕਿਸੇ ਵਿਸ਼ੇਸ਼ ਥਾਂ ’ਤੇ ਮਰਨ ਨਾਲ ਨਹੀਂ ਸਗੋਂ ਚੰਗੇ ਕਰਮਾਂ ਨਾਲ ਮਿਲਦੀ ਹੈ।

ਬਨਾਰਸ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਅਤੇ ਰਾਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ।
ਗਯਾ, ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ’ਤੇ ਸਥਿਤ ਹੈ।ਲੋਕ ਇੱਥੇ ਆਪਣੇ ਪਿੱਤਰਾਂ ਦੀ ਗਤੀ ਲਈ ਦਾਨ-ਪੁੰਨ ਕਰਨ ਵਾਸਤੇ ਆਉਂਦੇ ਸਨ। ਅਜਿਹੇ ਲੋਕਾਂ ਨੂੰ ਸਿੱਖਿਆ ਦਿੰਦਿਆਂ ਗੁਰੂ ਜੀ ਨੇ ਸਮਝਾਇਆ ਕਿ ਮੌਤ ਪਿੱਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਵਿੱਛੜੀ ਹੋਈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ।

ਬਿਹਾਰ ਪ੍ਰਾਂਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਅਸਾਮ ਵਿੱਚ ਦਾਖਲ ਹੋਏ। ਉਸ ਵਕਤ ਇਸ ਪ੍ਰਾਂਤ ਨੂੰ ਕਾਮਰੂਪ ਕਿਹਾ ਜਾਂਦਾ ਸੀ ਇਸ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਗੋਹਾਟੀ ਵਿੱਚ ਕਾਮਖਯਾ ਸਾਹਿਬੀ ਦਾ ਮੰਦਿਰ ਹੈ। ਇਹ ਮੰਦਰ ਵਾਮ ਮਾਰਗੀਆਂ ਦਾ ਹੈ। ਇਹ ਲੋਕ ਧਰਮ ਤੇ ਆਚਰਣ ਤੋਂ ਗਿਰੇ ਕੰਮਾਂ ਨੂੰ ਧਰਮ ਦਾ ਜ਼ਰੂਰੀ ਅੰਗ ਸਮਝਦੇ ਸਨ।

ਗੁਰੂ ਜੀ ਨੇ ਇਨ੍ਹਾਂ ਲੋਕਾਂ ਨੂੰ ਨਸ਼ਿਆਂ ਤੇ ਆਚਰਣਹੀਣ ਕੰਮਾਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਅਤੇ ਸਮਝਾਇਆ ਕਿ ਕੁਕਰਮਾਂ ਨੂੰ ਧਰਮ ਦੀ ਆੜ ਵਿੱਚ ਸੁਕਰਮ ਨਹੀਂ ਬਣਾਇਆ ਜਾ ਸਕਦਾ।
ਢਾਕੇ ਵਿੱਚੋਂ ਹੀ ਗੁਰੂ ਜੀ ਨੇ ਭਗਤ ਜੈ ਦੇਵ ਜੀ ਦੇ ਦੋ ਸ਼ਬਦ ਪ੍ਰਾਪਤ ਕੀਤੇ। ਜਗਨਨਾਥ ਪੁਰੀ ਦੇ ਮੰਦਿਰ, ਜੋ ਕਿ ਉੜੀਸਾ ਵਿਖੇ ਸਥਿਤ ਹੈ, ਵਿੱਚ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਨੂੰ ਧਰਮ ਦੀ ਸੱਚੀ ਸਿੱਖਿਆ ਤੋਂ ਜਾਣੂੰ ਕਰਵਾਇਆ।

ਜਦੋਂ ਗੁਰੂ ਜੀ ਨੂੰ ਜਗਨਨਾਥ ਦੀ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਆਪ ਜੀ ਨੇ ਦੱਸਿਆ ਕਿ ਸਾਰੀ ਕਾਇਨਾਤ ਹੀ ਉਸ ਪਰਮਾਤਮਾ ਦੀ ਆਰਤੀ ਕਰ ਰਹੀ ਹੈ ਪੁਰੀ ਤੋਂ ਬਾਅਦ ਗੁਰੂ ਜੀ ਭੀਲਾਂ ਦੇ ਇਲਾਕੇ ਵਿੱਚ ਆ ਗਏ ਜਿਸ ਨੂੰ ਦ੍ਰਾਵਿੜ ਵੀ ਕਿਹਾ ਜਾਂਦਾ ਹੈ। ਇੱਥੇ ਆਉਣ ਦਾ ਸਬੱਬ ਭਾਈ ਮਰਦਾਨਾ ਸੀ ਕੌਡਾ ਰਾਖਸ਼ ਭਾਈ ਜੀ ਨੂੰ ਮਾਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਗੁਰੂ ਜੀ ਵੀ ਉੱਥੇ ਪਹੁੰਚ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਅਤੇ ਦਰਸ਼ਨ-ਦੀਦਾਰ ਕਰਕੇ ਕੌਡਾ ਨਿਹਾਲ ਹੋ ਗਿਆ ਤੇ ਉਸ ਨੇ ਭਾਈ ਮਰਦਾਨੇ ਨੂੰ ਛੱਡ ਦਿੱਤਾ ਤੇ ਹਮੇਸ਼ਾ ਲਈ ਸੱਚੇ ਮਾਰਗ ਉੱਤੇ ਚੱਲਣ ਦਾ ਵਿਸ਼ਵਾਸ ਵੀ ਦਿਵਾਇਆ।

ਇਸ ਉਦਾਸੀ ਦੇ ਸਫ਼ਰ ਦੌਰਾਨ ਗੁਰੂ ਜੀ ਸੰਗਲਾਦੀਪ (ਸ੍ਰੀਲੰਕਾ) ਪਹੁੰਚੇ। ਇੱਥੋਂ ਦਾ ਰਾਜਾ ਸ਼ਿਵਨਾਭ, ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸ਼ਰਧਾਲੂ ਸੀ, ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤੀਬਰ ਤਾਂਘ ਸੀ। ਗੁਰੂ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਤਾਂਘ ਪੂਰੀ ਕੀਤੀ। ਇਸ ਉਦਾਸੀ ਦੌਰਾਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਮਜਨੂੰ ਭਗਤ ਨੂੰ ਮਿਲੇ, ਉਨ੍ਹਾਂ ਦੇ ਮਿਲਾਪ ਦੀ ਸ਼ਾਹਦੀ ਭਰਦਾ ਹੈ, ਗੁਰਦੁਆਰਾ ਮਜਨੂੰ ਟਿੱਲਾ।

ਗੁਰੂ ਜੀ ਦੀ ਇਸ (ਪਹਿਲੀ) ਉਦਾਸੀ ਦਾ ਅੰਤਿਮ ਪੜਾਅ ਕੁਰੂਕਸ਼ੇਤਰ ਸੀ। ਇੱਥੇ ਆਪ ਜੀ ਨੇ ਸੂਰਜ ਗ੍ਰਹਿਣ ਸਮੇਂ ਭੋਜਨ ਬਾਰੇ ਪ੍ਰਚੱਲਿਤ ਭਰਮਾਂ ਦਾ ਖੰਡਨ ਕੀਤਾ ਪਹਿਲੀ ਉਦਾਸੀ ਦੀ ਤਰਜ਼ ’ਤੇ ਇਸ ਉਦਾਸੀ ਦਾ ਮੁਹਾਣ ਵੀ ਹਿੰਦੂ ਤੀਰਥ ਅਸਥਾਨਾਂ ਤੇ ਸਿੱਧ ਜੋਗੀਆਂ ਦੇ ਟਿਕਾਣਿਆਂ ਵੱਲ ਸੀ।

ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ। ਇੱਥੇ ਗੁਰੂ ਸਾਹਿਬ ਦੀਆਂ ਸਿੱਧਾਂ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ। ਜਦੋਂ ਸਿੱਧ ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਨ੍ਹਾਂ ਨੇ ਕਰਾਮਾਤੀ ਚੱਕਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਇਹ ਚੱਕਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਕੋਈ ਪ੍ਰਭਾਵ ਨਾ ਪਾ ਸਕੇ। ਅਖੀਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਤੇ ਉੱਥੋਂ ਦੇ ਰਾਜੇ ਰਘਬੀਰ ਨੂੰ ਆਪਣਾ ਸੇਵਕ ਬਣਾਇਆ।
ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਸ੍ਰੀਨਗਰ, ਮਟਨ ਸਾਹਿਬ, ਅਮਰਨਾਥ ਤੇ ਵੈਸ਼ਨੋ ਸਾਹਿਬੀ ਦਾ ਰਟਨ ਕੀਤਾ ਤੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ।

ਸਿਆਲਕੋਟ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੀਰ ਹਮਜ਼ਾ ਗੌਂਸ ਨੂੰ ਸਿੱਧੇ ਰਾਹੇ ਪਾਇਆ ਅਤੇ ਮੌਤ ਦੀ ਸੱਚਾਈ ਨੂੰ ਬਿਆਨ ਕੀਤਾ। ਇਸ ਉਦਾਸੀ ਦਾ ਛੇਕੜਲਾ ਪੜਾਅ ਪਸਰੂਰ ਸੀ। ਇੱਥੇ ਗੁਰੂ ਜੀ ਦੀ ਮੀਆਂ ਮਿੱਠਾ ਨਾਂਅ ਦੇ ਫਕੀਰ ਨਾਲ ਚਰਚਾ ਹੋਈ ਤੇ ਆਪ ਜੀ ਨੇ ਉਸ ਨੂੰ ਗੁਰਮਤਿ ਗਿਆਨ ਦੀ ਬਖਸ਼ਿਸ਼ ਕੀਤੀ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਿਕ ਸਥਾਨਾਂ ਵੱਲ ਸੀ। ਤਿੰਨ ਵਰਿ੍ਹਆਂ ਦੀ ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਤੇ ਹੋਰ ਪੈਰੋਕਾਰਾਂ ਨੂੰ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਤੇ ਵਿਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ। ਪਾਕਪਟਨ ਦਾ ਪਹਿਲਾ ਨਾਂਅ ਅਯੋਧਨ ਸੀ। ਗੁਰੂ ਸਾਹਿਬ ਉੱਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਨੂੰ ਮਿਲੇ ਅਤੇ ਬਾਬਾ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਜੋ ਗੁਰਮਤਿ ਦੀ ਅਨੁਸਾਰੀ ਸੀ।
ਇਸ ਤੋਂ ਅਗਲੇਰਾ ਪੈਂਡਾ ਤੈਅ ਕਰਦੇ ਗੁਰੂ ਜੀ ਤੁਲੰਬੇ, ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ’ਤੇ ਸਥਿਤ ਹੈ, ਪਹੁੰਚੇ।

ਇੱਥੋਂ ਦਾ ਵਸਨੀਕ ਸੱਜਣ ਮੱਲ ਪਹਿਲਾਂ ਆਏ-ਗਏ ਨੂੰ ਆਪਣੇ ਮੁਸਾਫਰਖਾਨੇ ਵਿੱਚ ਠਹਿਰਾ ਦਿੰਦਾ ਸੀ, ਪਰ ਬਾਅਦ ਵਿੱਚ ਲਾਲਚ ਵਿੱਚ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੌਬਾ ਕੀਤੀ ਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ। ਮੱਕਾ ਅਰਬ ਦੇਸ਼ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਸ਼ਹਿਰ ਹੈ। ਇੱਥੇ ਇਸਲਾਮ ਦੇ ਪੈਰੋਕਾਰਾਂ ਦਾ ਤੀਰਥ ਸਥਾਨ ਕਾਅਬਾ ਹੈ। ਇੱਥੇ ਆਪ ਜੀ ਨੇ ਮੁਸਲਮਾਨ ਕਾਜ਼ੀਆਂ, ਪੀਰਾਂ ਤੇ ਫਕੀਰਾਂ ਨੂੰ ਖੁਦਾ ਦੀ ਸਰਵਵਿਆਪਕਤਾ ਦਾ ਉਪਦੇਸ਼ ਦੇ ਕੇ ਉਨ੍ਹਾਂ ਦੇ ਤੰਗਦਿਲੀ ਵਾਲੇ ਭਰਮ ਨੂੰ ਤੋੜਿਆ।

ਇਰਾਕ ਦੇ ਸ਼ਹਿਰ ਬਗਦਾਦ ਦੇ ਵਸਨੀਕ ਸੰਗੀਤ ਨੂੰ ਨਫ਼ਰਤ ਕਰਦੇ ਸਨ ਪਰ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਸੰਗੀਤ ਦਾ ਉਦੇਸ਼ ਮਾੜਾ ਨਾ ਹੋਵੇ ਤਾਂ ਇਹ ਇੱਕ ਸਰਵੋਤਮ ਵਸਤੂ ਹੋ ਨਿੱਬੜਦਾ ਹੈ। ਹਸਨ ਅਬਦਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਜਿਸ ਨੇ ਆਪਣੇ-ਆਪ ਨੂੰ ਕਰਾਮਾਤੀ ਸਮਝਦਿਆਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਨਾਲ ਬੁਰਾ ਵਿਹਾਰ ਕੀਤਾ ਸੀ। ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਜੀ ਦੇ ਚਰਨੀਂ ਢਹਿ ਕੇ ਭੁੱਲ ਬਖਸ਼ਾਈ। ਇੱਥੇ ਇਸ ਘਟਨਾ ਨੂੰ ਤਾਜ਼ਾ ਕਰਦਿਆਂ ਹੋਇਆਂ ਗੁਰਦੁਆਰਾ ਪੰਜਾ ਸਾਹਿਬ ਮੌਜੂਦ ਹੈ।

ਸਿੱਖ ਇਤਿਹਾਸ ਵਿੱਚ ਸੈਦਪੁਰ ਦੀ ਘਟਨਾ ਵੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਮਿਲਦੀ ਹੈ। ਇੱਥੇ ਆਪ ਜੀ ਸਿੱਖ ਸ਼ਰਧਾਲੂ ਭਾਈ ਲਾਲੋ ਦੇ ਘਰ ਠਹਿਰੇ। ਇਸੇ ਠਹਿਰ ਸਮੇਂ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰ-ਧਾੜ ਅਤੇ ਲੁੱਟ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਏ, ਜੋ ਪ੍ਰਾਣੀ ਬਚ ਗਏ ਸਨ, ਉਨ੍ਹਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਸਮੇਤ ਕੈਦ ਹੋ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੁਰੂ ਸਾਹਿਬ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।

ਉਪਰੋਕਤ ਦੀ ਰੌਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬੀ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਵਕਤ ਦੁਨੀਆਂ ਭਰ ਦੀ ਲੋਕਾਈ ਦੇ ਨਾਲ ਹੁੰਦੇ ਧੱਕੇ ਅਤੇ ਬੇਇਨਸਾਫ਼ੀ ਦਾ ਇਲਮ ਸੀ। ਸਿਰਫ਼ ਇਲਮ ਹੀ ਨਹੀਂ ਸਗੋਂ ਗੁਰੂ ਜੀ ਦੇ ਮਨ ਮੰਦਿਰ ਵਿੱਚ ਲੋਕਾਂ ਦਾ ਦਰਦ ਵੀ ਸੀ। ਇਸ ਦਰਦ ਨੂੰ ਵੰਡਾਉਣ ਲਈ ਉਨ੍ਹਾਂ ਦੇਸ਼-ਵਿਦੇਸ਼ ਦਾ ਕੋਹਾਂ ਮੀਲ ਪੈਂਡਾ ਤੈਅ ਕੀਤਾ।
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
ਰਮੇਸ਼ਾ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here