Breaking News

ਹਲਕਾ ਬਠਿੰਡਾ: ਪੈਰਾਸ਼ੂਟੀ ਉਮੀਦਵਾਰ ਉਤਾਰਦੀ ਰਹੀ ਹੈ ਕਾਂਗਰਸ ਪਾਰਟੀ

Bathinda, ParachuteCandidates, Congress, Party

ਬਠਿੰਡਾ, ਅਸ਼ੋਕ ਵਰਮਾ

ਸਿਆਸੀ ਪੱਖ ਤੋਂ ਅਹਿਮ ਸਮਝੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ‘ਚ ਕਾਂਗਰਸ ਨੇ ਬਹੁਤੀ ਵਾਰ ਉਮੀਦਵਾਰਾਂ ਨੂੰ ਪੈਰਾਸ਼ੂਟ ਰਾਹੀਂ ਉਤਾਰਿਆ ਹੈ ਜੋ ਕਿ ਤਕਰੀਬਨ ਹਾਰਦੇ ਹੀ ਰਹੇ ਹਨ ਭਾਵੇਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਸਮੇਤ ਕਾਂਗਰਸ ਦੀ ਟਿਕਟ ਦੇ ਚਾਰ ਦਾਅਵੇਦਾਰ ਸਥਾਨਕ ਨੇਤਾ ਨੂੰ ਉਮੀਦਵਾਰ ਬਣਾਉਣ ਦੀ ਵਕਾਲਤ ਕਰ ਚੁੱਕੇ ਹਨ ਪਰ ਉਮੀਦਵਾਰ ਦੇ ਐਲਾਨ ‘ਚ ਹੋ ਰਹੀ ਦੇਰੀ ਕਾਰਨ ਇਸ ਵਾਰ ਵੀ ਬਾਹਰੀ ਨੇਤਾ ਨੂੰ ਮੈਦਾਨ ‘ਚ ਉਤਾਰਨ ਦੀਆਂ ਅਟਕਲਾਂ ਤੇਜ ਹੋ ਗਈਆਂ ਹਨ ।

ਸੂਤਰਾਂ ਮੁਤਾਬਕ ਬਠਿੰਡਾ ਹਲਕੇ ‘ਚ ਇਸ ਵੇਲੇ ਸਭ ਤੋਂ ਵੱਧ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂਅ ਦੀ ਚਰਚਾ ਹੈ ਜਦੋਂਕਿ ਸਾਬਕਾ ਮੰਤਰੀ ਰਜਿੰਦਰ ਕੌਰ ਭੱਠਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਲੜਕੇ ਮੋਹਿਤ ਮਹਿੰਦਰਾ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਵੀ ਵਿਚਾਰਿਆ ਜਾ ਰਿਹਾ ਹੈ ਸੰਸਦੀ ਚੋਣਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇਸ ਤੋਂ ਪਹਿਲਾਂ 8 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਬਾਹਰ ਤੋਂ ਲਿਆਂਦੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਲਿਆਂਦਾ ਪਰ ਜਿੱਤ ਸਿਰਫ ਦੋ ਵਾਰ ਹੋਈ ਹੈ ਸਾਲ 2014 ਦੀਆਂ ਚੋਣਾਂ ‘ਚ ਕਾਂਗਰਸ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਲੜਨ ਵਾਲੇ ਮਨਪ੍ਰੀਤ ਸਿੰਘ ਵਰਗੇ ਧੜੱਲੇਦਾਰ ਉਮੀਦਵਾਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਬਾਦਲ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ‘ਚ ਹੈ ਪਰ ਵਿਧਾਨ ਸਭਾ ਹਲਕਾ ਲੰਬੀ ਸੰਸਦੀ ਹਲਕੇ ਬਠਿੰਡਾ ਦਾ ਭਾਗ ਹੈ ਫਿਰ ਵੀ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਹੋਣ ਕਾਰਨ ਉਨ੍ਹਾਂ ਨੂੰ ਅੰਸ਼ਿਕ ਰੂਪ ‘ਚ ਬਾਹਰੀ ਹੀ ਮੰਨਿਆ ਗਿਆ ਸੀ ।

ਸਾਲ 1989 ਦੌਰਾਨ ਕਰਵਾਈਆਂ ਗਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਨੇ ਫਰੀਦਕੋਟ ਜਿਲ੍ਹੇ ਨਾਲ ਸਬੰਧਤ ਆਗੂ ਗੁਰਦੇਵ ਸਿੰਘ ਗਿੱਲ ਨੂੰ ਉਮੀਦਵਾਰ ਬਣਾਇਆ ਸੀ ਜੋ ਕਿ ਚੋਣ ਹਾਰ ਗਏ ਸਨ ਤਿੰਨ ਸਾਲ ਬਾਅਦ 1992 ਵਿੱਚ ਮੱਧਕਾਲੀ ਚੋਣਾਂ ਦੌਰਾਨ ‘ਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਦਾ ਸਬੰਧ ਮੋਗਾ ਜਿਲ੍ਹੇ ਨਾਲ ਸੀ ਜੋ ਕਿ ਚੋਣ ਜਿੱਤ ਗਏ ਸਨ ਸਾਲ 1996 ਵਿੱਚ ਇੱਕ ਵਾਰ ਫਿਰ ਲੋਕ ਸਭਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਚੋਣਾਂ ਕਰਵਾਈਆਂ ਗਈਆਂ ਸਨ ਇਸ ਮੌਕੇ ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਵਜੋਤ ਸਿੰਘ ਨੂੰ ਉਮੀਦਵਾਰ ਬਣਾਇਆ ਸੀ ਸਰਵਜੋਤ ਸਿੰਘ ਹੁਸ਼ਿਆਰਪੁਰ ਜਿਲ੍ਹੇ ਨਾਲ ਸਬੰਧਤ ਸੀ ਅਤੇ ਉਹ ਹਾਰ ਵੀ ਗਿਆ ਸੀ ਮੁਲਕ ‘ਚ ਇੱਕ ਵਾਰ ਫਿਰ ਤੋਂ ਸਾਲ 1998 ਅਤੇ 1999 ਵਿਚ ਮੱਧਕਾਲੀ ਚੋਣਾਂ ਹੋਈਆਂ ਸਨ ਦੋਵਾਂ ਵਾਰ ਕਾਂਗਰਸ ਨੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਮਝੌਤੇ ਤਹਿਤ ਸੀਪੀਆਈ ਨੂੰ ਸੀਟ ਛੱਡੀ ਸੀ ਅਤੇ ਦੋਵੇਂ ਵਾਰ ਉਮੀਦਵਾਰ ਸੰਗਰੂਰ ਜਿਲ੍ਹੇ ਨਾਲ ਸਬੰਧਤ ਭਾਨ ਸਿੰਘ ਭੌਰਾ ਸਨ ਭਾਨ ਸਿੰਘ ਭੌਰਾ ਨੂੰ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਦੂਸਰੀ ਵਾਰ ਚੋਣ ਜਿੱਤ ਗਏ ਸਨ ਉਸ ਮਗਰੋਂ ਪੰਜ ਸਾਲ ਬਾਅਦ ਕਰਵਾਈਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਮਝੌਤਾ ਹੋ ਗਿਆ ਅਤੇ ਇਸ ਮੌਕੇ ਭਾਨ ਸਿੰਘ ਭੌਰਾ ਦੀ ਧਰਮਪਤਨੀ ਉਮੀਦਵਾਰ ਸਨ ਜਿੰਨ੍ਹਾਂ ਦੀ ਹਾਰ ਹੋ ਗਈ ਸੀ ਸਾਲ 2009 ਵਿੱਚ ਜਦੋਂ ਬਠਿੰਡਾ ਸੰਸਦੀ ਹਲਕਾ ਰਾਖਵੇਂ ਤੋਂ ਜਨਰਲ ਹੋ ਗਿਆ ਤਾਂ ਪਹਿਲੀ ਵਾਰ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਟੱਕਰ ‘ਚ ਕਾਂਗਰਸ ਪਾਰਟੀ ਪਟਿਆਲਾ ਜਿਲ੍ਹੇ ਦੇ ਨਿਵਾਸੀ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਨੂੰ ਚੋਣ ਮੈਦਾਨ ‘ਚ ਲਿਆਈ ਸੀ ਜਬਰਦਸਤ ਸਿਆਸੀ ਘਮਾਸਾਣ ਦੌਰਾਨ ਰਣਇੰਦਰ ਦੀ ਤਕਰੀਬਨ ਸਵਾ ਲੱਖ ਵੋਟਾਂ ਨਾਲ ਹਾਰ ਹੋਈ ਸੀ ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ‘ਚ ਇਹ ਸੰਸਦੀ ਹਲਕਾ ਕਾਂਗਰਸ ਦੀਆਂ ਆਸ਼ਾਵਾਂ ‘ਤੇ ਖਰਾ ਉੱਤਰਨ ਵਾਲਾ ਉਮੀਦਵਾਰ ਨਹੀਂ ਪੈਦਾ ਕਰ ਸਕਿਆ ਜਿਸ ਕਰਕੇ ਕਾਂਗਰਸੀ ਹਾਈਕਮਾਂਡ ਨੇ ਹਾਰ ਦੇ ਬਾਵਜੂਦ ਸਥਾਨਕ ਆਗੂ ਨੂੰ ਟਿਕਟ ਦੇਣਾ ਠੀਕ ਨਹੀਂ ਸਮਝਿਆ ਹੈ ਅਜਿਹਾ ਨਹੀਂ ਹੈ ਕਿ ਕਾਂਗਰਸੀ ਆਗੂ ਟਿਕਟ ਲਈ ਦਾਅਵੇਦਾਰੀ ਨਹੀਂ ਜਤਾਉਂਦੇ, ਹਰ ਕਾਂਗਰਸ ਦੇ ਆਗੂ ਟਿਕਟ ਦੀ ਮੰਗ ਕਰਦੇ ਹਨ ਪਰ ਸਥਾਨਕ ਲੀਡਰਸ਼ਿਪ ਨੂੰ ਕੇਂਦਰੀ ਸੱਤਾ ਮੁਤਾਬਕ ਤਜ਼ਰਬੇ ਅਤੇ ਲਾਬਿੰਗ ਦੀ ਘਾਟ ਕਾਰਨ ਕਿਸੇ ਨੂੰ ਵੀ ਸਫਲਤਾ ਨਹੀਂ ਮਿਲ ਸਕੀ ਹੈ।

ਪੁਣਛਾਣ ਕਰਕੇ ਉਮੀਦਵਾਰ ਬਣਾਏ ਹਾਈ ਕਮਾਂਡ: ਸੰਧੂ

ਪੰਜਾਬ ਕਾਂਗਰਸ ਕਮੇਟੀ ਦੇ ਸਕੱਤਰ, ਪੀ.ਪੀ.ਸੀ.ਸੀ. ਦੇ ਡੈਲੀਗੇਟ ਅਤੇ ਹਲਕੇ ਤੋਂ ਟਿਕਟ ਅਪਲਾਈ ਕਰਨ ਵਾਲੇ ਟਹਿਲ ਸਿੰਘ ਸੰਧੂ ਬਠਿੰਡਾ ਦਾ ਕਹਿਣਾ ਸੀ ਕਿ ਕਾਂਗਰਸ ਹਾਈ ਕਮਾਂਡ ਨੂੰ ਪਿਛਲੇ ਨਤੀਜਿਆਂ ਦੀ ਪੁਣਛਾਣ ਕਰਕੇ ਹਲਕੇ ਨਾਲ ਸਬੰਧਤ ਆਗੂ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਸਥਾਨਕ ਵਰਕਰਾਂ ਨੂੰ ਹਲਕੇ ਦੇ ਮਹੌਲ ਅਤੇ ਪ੍ਰਸਥਿਤੀਆਂ ਬਾਰੇ ਪੂਰੀ-ਪੂਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਅਧਾਰ ‘ਤੇ ਉਨ੍ਹਾਂ ਦੇ ਚੋਣ ਜਿੱਤਣ ਦੇ ਮੌਕੇ ਵਧ ਜਾਂਦੇ ਹਨ ਉਨ੍ਹਾਂ ਕਿਹਾ ਕਿ ਬੇਸ਼ੱਕ ਸੀਨੀਅਰਤਾ ਦੇ ਪੱਖ ਤੋਂ ਉਨ੍ਹਾਂ ਦਾ ਹੱਕ ਬਣਦਾ ਹੈ ਫਿਰ ਵੀ ਉਹ ਚਾਰੇ ਦਾਅਵੇਦਾਰਾਂ ‘ਚੋਂ ਕਿਸੇ ਇੱਕ ਨੂੰ ਟਿਕਟ ਦੇਣ ਦੀ ਮੰਗ ਕਰਦੇ ਹਨ ਸ੍ਰੀ ਸੰਧੂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਇਹ ਪੱਖ ਹਾਈ ਕਮਾਂਡ ਨੂੰ ਦੱਸ ਦਿੱਤਾ ਹੈ ਫਿਰ ਵੀ ਜਿਸ ਨੂੰ ਵੀ ਉਮੀਦਵਾਰ ਬਣਾਇਆ ਜਾਏਗਾ ਸਭ ਕਾਂਗਰਸੀ ਉਸ ਖਾਤਰ ਵੋਟਾਂ ਦੀ ਮੰਗ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top