ਸ਼ੋਭੂ ਦਾ ਹੈਪੀ ਬਰਥ ਡੇ

0
Happy birthday

ਸ਼ੋਭੂ ਦਾ ਹੈਪੀ ਬਰਥ ਡੇ | Happy birthday day

ਤੇਰੇ ਹੈਪੀ ਬਰਥ ਡੇ ਦੀਆਂ ਸ਼ੋਭੂ ਤੈਨੂੰ ਬਹੁਤ ਵਧਾਈਆਂ,
ਚੇਤੇ ਵਿਚ ਰੱਖੀਂ ਤੂੰ ਜੋ ਹਨ ਜੀਵਨ ਦੀਆਂ ਚੰਗਿਆਈਆਂ

ਕਰਦੇ ਅਰਦਾਸ ਹਾਂ ਇਹ ਜਿਉਂਦਾ ਰਹੇਂ ਜਵਾਨੀਆਂ ਮਾਣੇ,
ਉਸ ਮਾਰਗ ਪੈਰ ਧਰੀਂ ਜਿਹੜਾ ਲੈ ਜੇ ਸਹੀ ਟਿਕਾਣੇ

ਬਚ ਕੇ ਰਹੀਂ ਉਨ੍ਹਾਂ ਤੋਂ ਜਿਨ੍ਹਾਂ ਰਾਹਾਂ ਦੇ ਵਿਚ ਖਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਦੂਰ ਨੇੜੇ ਤੋਂ ਚੱਲ ਕੇ ਅੱਜ ਮਹਿਮਾਨ ਤੇਰੇ ਘਰ ਆਏ,
ਰੰਗ ਬਿਰੰਗੇ ਤੋਹਫ਼ੇ ਕਈ ਆਪੋ-ਆਪਣੇ ਨਾਲ ਲਿਆਏ

ਤੱਕ ਚਾਰ-ਚੁਫ਼ੇਰੇ ਤੂੰ ਖ਼ੁਸ਼ੀਆਂ ਕਿਵੇਂ ਪਈਆਂ ਨੇ ਛਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਇਹ ਜਨਮ ਅਮੋਲਕ ਹੈ ਇਸ ਨੂੰ ਐਵੇਂ ਨਹੀਂ ਗੁਆਉਣਾ,
ਜੋ ਕਿਹਾ ਵਡੇਰਿਆਂ ਨੇ ਉਹ ਨਾ ਮਨ ‘ਚੋਂ ਕਦੇ ਭੁਲਾਉਣਾ

ਜਦ ਦੇਣ ਅਸੀਸਾਂ ਉਹ ਖ਼ੁਸ਼ੀਆਂ ਹੋਵਣ ਦੂਣ ਸਵਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਚਾਅ ਚੜ੍ਹਿਆ ਮੰਮੀ ਨੂੰ ਖ਼ੁਸ਼ੀ ਵਿਚ ਫ਼ੁੱਲੀ ਨਹੀਂ ਸਮਾਉਂਦੀ,
ਵਿਚ ਵੜੀ ਰਸੋਈ ਦੇ ਪਤਾ ਨਹੀਂ ਕੀ ਕੁੱਝ ਪਈ ਬਣਾਉਂਦੀ

ਗੈਂਸੀ ਚੁੱਲ੍ਹਿਆਂ ਉਪਰ ਨੇ ਰੱਖੀਆਂ ਹੋਈਆਂ ਉਸ ਕੜਾਹੀਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਹੱਸ-ਹੱਸ ਕਰੇ ਸਵਾਗਤ ਡੈਡੀ ਆਏ ਹੋਏ ਮਹਿਮਾਨਾਂ ਦਾ,
ਖੁੱਲ੍ਹਾ ਗੱਫ਼ਾ ਵੰਡ ਰਿਹਾ ਉਹ ਅੱਜ ਆਪਣੀਆਂ ਮੁਸਕਾਨਾਂ ਦਾ

ਦੂਰ-ਨੇੜੇ ਤੋਂ ਆਇਆਂ ਨੂੰ ਉਸ ਘੁੱਟ ਕੇ ਜੱਫ਼ੀਆਂ ਪਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਲਹਿਰੀ, ਗੋਰਾ, ਦੀਪੂ, ਪਿੱਦੀ ਤੇਰੇ ਆਏ ਨੇ ਮਿੱਤਰ ਚਾਰੇ,
ਖਾਂਦੇ ਪੀਂਦੇ ਮੌਜ ਮਨਾਉਂਦੇ ਲੈ ਰਹੇ ਹਨ ਖ਼ੂਬ ਨਜ਼ਾਰੇ

ਨੱਚ ਟੱਪ ਕੇ ਮਿੱਤਰ ਪਿਆਰਿਆਂ ਖ਼ੁਸ਼ੀਆਂ ਹਨ ਮਨਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

‘ਚੋਹਲੇ’ ਪਿੰਡ ਤੋਂ ‘ਬੱਗਾ’ ਆਇਆ ਦੇਣ ਮੁਬਾਰਕਬਾਦ,
ਦੇਖੀਂ ਕਿਧਰੇ ਭੁੱਲ ਨਾ ਜਾਵੀਂ ਰੱਖੀਂ ‘ਰਮੇਸ਼’ ਨੂੰ ਯਾਦ

ਕਵਿਤਾ ਦੇ ਵਿਚ ਉਸ ਨੇ ਕੀਤੀਆਂ ਪੇਸ਼ ਨੇ ਕੁੱਝ ਸੱਚਾਈਆਂ,
ਤੇਰੇ ਹੈਪੀ ਬਰਥ ਡੇ ਦੀਆਂ…

ਰਮੇਸ਼ ਬੱਗਾ ਚੋਹਲਾ, ਰਿਸ਼ੀ ਨਗਰ ਐਕਸਟੈਂਸਨ (ਲੁਧਿਆਣਾ)
ਮੋ. 94631-32719

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ