ਕੈਪਟਨ ਪੱਖੀ ਆਗੂਆਂ ਦੇ ਪਰ ਕੁਤਰਨ ਦੀ ਤਿਆਰੀ, ਕੱਲ੍ਹ ਹਰੀਸ਼ ਚੌਧਰੀ ਕਰਨਗੇ ਪਟਿਆਲਾ ’ਚ ਮੀਟਿੰਗ

0
101

ਪਟਿਆਲਾ ਦੇ ਮੇਅਰ ਵਿਰੁੱਧ ਸ਼ਿਕਾਇਤ ਕਰਨਗੇ ਕੌਂਸਲਰ, ਮੋਤੀ ਮਹਿਲਾਂ ਨਾਲ ਜੁੜੇ ਆਗੂਆਂ ’ਤੇ ਹੋਵੇਗੀ ਚਰਚਾਟ

  • ਅਹੁਦਿਆਂ ’ਤੇ ਬੈਠੇ ਆਗੂਆਂ ਦੀ ਹੋ ਸਕਦੀ ਐ ਛੁੱਟੀ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਸਰਕਟ ਹਾਊਸ ਵਿਖੇ ਕਾਂਗਰਸ ਵੱਲੋਂ ਵੱਡੀ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਚੌਧਰੀ ਪੁੱਜ ਰਹੇ ਹਨ। ਮੀਟਿੰਗ ਕਾਰਨ ਸਿਆਸੀ ਗਲਿਆਰਿਆਂ ਵਿੱਚ ਚਰਚਾ ਛਿੜ ਗਈ ਹੈ ਕਿ ਕੈਪਟਨ ਪੱਖੀ ਆਗੂਆਂ ਦੇ ਪਰ ਕੁਤਰਨ ਦੀ ਤਿਆਰੀ ਹੈ। ਉਂਜ ਕਈ ਕੈਪਟਨ ਪੱਖੀਆਂ ਵੱਲੋਂ ਚਰਨਜੀਤ ਸਿੰਘ ਚੰਨੀ ਸਰਕਾਰ ਵੱਲ ਮੋੜਾ ਕੱਟ ਲਿਆ ਗਿਆ ਹੈ।

ਇਕੱਤਰ ਹੋਏ ਵੇਰਵਿਆਂ ਅਨੁਸਾਰ ਐਤਵਾਰ ਨੂੰ ਸਰਕਟ ਹਾਊਸ ਵਿਖੇ ਹੋ ਰਹੀ ਮੀਟਿੰਗ ਸਬੰਧੀ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇਖ-ਰੇਖ ਕਰ ਰਹੇ ਹਨ। ਮੀਟਿੰਗ ਸਬੰਧੀ ਜ਼ਿਲ੍ਹਾ ਪਟਿਆਲਾ ਦੇ ਵਿਧਾਇਕਾਂ, ਬਲਾਕ ਸੰਮਤੀਆਂ ਦੇ ਚੇਅਰਮੈਨਾਂ, ਪਟਿਆਲਾ ਦੇ ਕੌਸਲਰਾਂ ਸਮੇਤ ਜ਼ਿਲ੍ਹੇ ਭਰ ਦੇ ਕਾਂਗਰਸੀ ਆਗੂਆਂ ਨੂੰ ਸੱਦਾ ਭੇਜਿਆ ਗਿਆ ਹੈ।

ਚਰਚਾ ਹੈ ਕਿ ਕੈਪਟਨ ਪੱਖੀ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਪੀਆਰਟੀਸੀ ਦੇ ਚੇਅਰਮੈਂਨ ਕੇ. ਕੇ. ਸ਼ਰਮਾ ਸਮੇਤ ਹੋਰਨਾ ਆਗੁੂਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਹੁਣ ਸਬੰਧੀ ਫੈਸਲਾ ਵੀ ਲਿਆ ਜਾ ਸਕਦਾ ਹੈ। ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ ਆਦਿ ਦੇ ਫਲੈਕਸ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਵੱਲੋਂ ਲਾਏ ਹੋਏ ਹਨ, ਇਸ ਤੋਂ ਇਲਾਵਾ ਕਈ ਹੋਰ ਕਾਂਗਰਸੀ ਜੋ ਮੋਤੀ ਮਹਿਲਾਂ ਦੇ ਮੁਰੀਦ ਹਨ, ਕੈਪਟਨ ਖੇਮੇ ਨਾਲ ਹੀ ਡਟੇ ਹੋਏ ਹਨ। ਅੱਜ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ ਸ਼ਾਮ ਨੂੰ ਸਰਕਟ ਹਾਊਸ ਪੁੱਜ ਕੇ ਮੀਟਿੰਗ ਸਬੰਧੀ ਤਿਆਰੀਆਂ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਕਈ ਕੌਂਸਲਰ ਸਮੇਤ ਹੋਰ ਕਾਂਗਰਸੀ ਆਗੂ ਵੀ ਮੌਜੂਦ ਸਨ।

ਇਸ ਦੌਰਾਨ ਕਈ ਕੌਂਸਲਰਾਂ ਨੇ ਦੱਸਿਆ ਕਿ ਪਟਿਆਲਾ ਦੇ ਮੇਅਰ ਵੱਲੋਂ ਪਾਰਟੀ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਕਾਂਗਰਸ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝ ਭਿਆਲੀ ਪਾਈ ਹੋਈ ਹੈ। ਇਸ ਲਈ ਜਿਸ ਵਿਅਕਤੀ ਵੱਲੋਂ ਕਾਂਗਰਸ ਵਿਰੁੱਧ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਕਾਂਗਰਸ ਦਾ ਨੁਕਸਾਨ ਹੋ ਰਿਹਾ ਹੈ, ਉਸ ਸਬੰਧੀ ਪਾਰਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਆਗੂ ਕਾਂਗਰਸ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ, ਉਨ੍ਹਾਂ ਬਾਰੇ ਵੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ। ਕਈ ਕੌਂਸਲਰਾਂ ਨੇ ਦੱਸਿਆ ਕੱਲ੍ਹ ਉਨ੍ਹਾਂ ਨੂੰ ਸਵੇਰੇ ਸਰਕਟ ਹਾਊਸ ਵਿਖੇ ਸਾਢੇ ਦਸ ਵਜੇ ਪੁੱਜਣ ਦਾ ਸੁਨੇਹਾ ਲੱਗਾ ਹੈ, ਜਿਸ ਵਿੱਚ ਕਾਂਗਰਸ ਦੇ ਇੰਚਾਰਜ਼ ਹਰੀਸ ਚੌਧਰੀ ਪੁੱਜ ਰਹੇ ਹਨ।

ਹਰੇਕ ਕਾਂਗਰਸੀ ਆਗੂ ਆਪਣੀ ਸਮੱਸਿਆ ਦੱਸੇਗਾ: ਮਦਨ ਲਾਲ ਜਲਾਲਪੁਰ

ਇੱਧਰ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੱਸਿਆ ਕਿ ਕਾਂਗਰਸ ਦੇ ਇੰਚਾਰਜ਼ ਹਰੀਸ਼ ਚੌਧਰੀ ਪਟਿਆਲਾ ਜ਼ਿਲ੍ਹੇ ਦੇ ਸਮੂਹ ਕਾਂਗਰਸੀ ਆਗੂਆਂ ਦੀ ਮੀਟਿੰਗ ਲੈਣਗੇ ਅਤੇ ਜਿਸ ਵੀ ਕਾਂਗਰਸੀ ਨੂੰ ਕੋਈ ਸ਼ਿਕਾਇਤ ਜਾਂ ਸਮੱਸਿਆ ਹੋਵੇਗੀ, ਉਹ ਉਨ੍ਹਾਂ ਨਾਲ ਸਿੱਧੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਮੇਅਰ ਦੇ ਹਟਾਉਣ ਸਬੰਧੀ ਫੈਸਲਾ ਦਾ ਕਾਂਗਰਸੀ ਕੌਂਸਲਰਾਂ ਨੇ ਹੀ ਲੈਣਾ ਹੈ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਾਂਗਰਸ ’ਚ ਰਹਿ ਕੇ ਵਿਰੋਧੀ ਕਾਰਵਾਈਆਂ ਕਰ ਰਹੇ ਹਨ, ਉਨ੍ਹਾਂ ਵਿਰੁੱਧ ਤਾਂ ਐਕਸ਼ਨ ਹਾਈਕਮਾਂਡ ਨੇ ਹੀ ਲੈਣਾ ਹੈ।

ਪਰਨੀਤ ਕੌਰ ਕਿਹੜੇ ਰਾਹ ਤੁਰਨਗੇ

ਸਾਂਸਦ ਮੈਂਬਰ ਪਰਨੀਤ ਕੌਰ ਕਾਂਗਰਸ ਨਾਲ ਹੀ ਜੁੜੇ ਹੋਏ ਹਨ ਅਤੇ ਜਦਕਿ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਬਣਾ ਲਈ ਗਈ ਹੈ। ਪਟਿਆਲਾ ਦੇ ਜ਼ਿਆਦਾਤਰ ਕਾਂਗਰਸੀ ਮੋਤੀ ਮਹਿਲਾਂ ਨਾਲ ਹੀ ਜੁੜੇ ਹੋਏ ਹਨ। ਪਰਨੀਤ ਕੌਰ ਵੀ ਕਾਂਗਰਸੀ ਹਨ ਅਤੇ ਉਹ ਅਮਰਿੰਦਰ ਸਿੰਘ ਨਾਲ ਖੜ੍ਹਦੇ ਹਨ ਜਾਂ ਫਿਰ ਕਾਂਗਰਸ ਨਾਲ, ਇਹ ਵੱਡਾ ਸੁਆਲ ਬਣਿਆ ਹੋਇਆ ਹੈ। ਇੱਧਰ ਅਮਰਿੰਦਰ ਸਿੰਘ ਦੇ ਪੂਰੇ ਪਰਿਵਾਰ ਵੱਲੋਂ ਫਲੈਕਸਾਂ ਲਗਾ ਕੇ ਤਿਉਂਹਾਰਾਂ ਦੀਆਂ ਵਧਾਈਆਂ ਸਮੇਤ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ