ਲੇਖ

ਹਾੜ੍ਹੀ ਮੌਕੇ ਵੀ ਖੁੱਸ ਗਈ ਘੜੇ ਦੀ ਸਰਦਾਰੀ

Harrhy

ਸੁਖਰਾਜ ਚਹਿਲ ਧਨੌਲਾ

ਜ਼ਮਾਨੇ ਦੀ ਗਤੀਸ਼ੀਲ ਰਫ਼ਤਾਰ ਨੇ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਸਾਡੇ ਵਿਰਸੇ ਨਾਲ ਸਬੰਧਿਤ ਪੁਰਾਤਨ ਚੀਜਾਂ ਹੁਣ ਦੇਖਣ ਨੂੰ ਨਹੀਂ ਮਿਲ ਰਹੀਆਂ ਹਨ। ਨਿੱਤ ਦਿਨ ਆ ਰਹੇ ਪਰਿਵਰਤਨਾਂ ਕਾਰਨ ਸਭ ਕੁਝ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਬਦਲਾਅ ਆਉਣ ਦਾ ਕਾਰਨ ਭਾਵੇਂ ਵਿਗਿਆਨੀ ਕਾਢਾਂ ਕਹਿ ਲਈਏ ਜਾਂ ਫਿਰ ਮਨੁੱਖ ਦੀ ਬਦਲਦੀ ਸੋਚ। ਇਸੇ ਤਰ੍ਹਾਂ ਹੀ ਸਾਡੇ ਕੋਲੋਂ ਅਲੋਪ ਹੋ ਰਿਹਾ ਹੈ ਘੜੇ ਵਿਚ ਪਾਣੀ ਜਮ੍ਹਾ ਕਰਕੇ ਰੱਖਣਾ। ਪਹਿਲੇ ਸਮਿਆਂ ਵਿਚ ਪੀਣ ਵਾਲੇ ਪਾਣੀ ਨੂੰ ਲੋਕ ਘੜਿਆਂ ਵਿਚ ਸਟੋਰ ਕਰਕੇ ਰੱਖਦੇ ਸਨ। ਉਨ੍ਹਾਂ ਸਮਿਆਂ ਵਿਚ ਹੁਣ ਵਾਂਗ ਪਾਣੀ ਠੰਢਾ ਕਰਨ ਵਾਲੇ ਸਾਧਨ ਵੀ ਨਹੀਂ ਹੁੰਦੇ ਸਨ ਜਿਸ ਕਰਕੇ ਇਨ੍ਹਾਂ ਘੜਿਆਂ ਵਿਚ ਪਾਣੀ ਠੰਢਾ ਵੀ ਰਹਿੰਦਾ ਸੀ ਤੇ ਗੁਣਕਾਰੀ ਵੀ ਹੁੰਦਾ ਸੀ।

 ਇਸ ਘੜੇ ਨੂੰ ਗਰੀਬਾਂ ਦੇ ਫ਼ਰਿੱਜ ਵਜੋਂ ਵੀ ਜਾਣਿਆ ਜਾਂਦਾ ਸੀ। ਪਰੰਤੂ ਅੱਜ-ਕੱਲ੍ਹ ਦੀਆਂ ਤਕਨੀਕਾਂ ਨੇ ਸਾਰਾ ਢਾਂਚਾ ਬਦਲ ਕੇ ਰੱਖ ਦਿੱਤਾ ਹੈ। ਪਰ ਜਿਵੇਂ ਅਕਸਰ ਇਹ ਗੱਲ ਪਹਿਲਾਂ ਸਪੱਸ਼ਟ ਹੁੰਦੀ ਹੈ ਕਿ ਜਿਸ ਕੰਮ ਦਾ ਲਾਭ ਹੁੰਦਾ ਹੈ ਉਸਦੀ ਹਾਨੀ ਵੀ ਜ਼ਰੂਰ ਹੁੰਦੀ ਹੈ। ਇਸੇ ਤਰ੍ਹਾਂ ਹੁਣ ਜਿਹੜੇ ਉਪਕਰਨ ਪਾਣੀ ਠੰਢਾ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਦਾ ਨੁਕਸਾਨ ਵੀ ਹੈ। ਹੁਣ ਫਰਿੱਜਾਂ, ਵਾਟਰ ਕੂਲਰਾਂ ਆਦਿ ਰਾਹੀਂ ਪਾਣੀ ਠੰਢਾ ਕੀਤਾ ਜਾਂਦਾ ਹੈ, ਇਹ ਬਿਜਲੀ ਨਾਲ ਚਲਦੇ ਹਨ। ਅੱਜ-ਕੱਲ੍ਹ ਦੇ ਵਿਗਿਆਨ ਦੇ ਯੁੱਗ ਵਿਚ ਭਾਵੇਂ ਅਸੀਂ ਪਾਣੀ ਅਤੇ ਹੋਰ ਵਸਤੂਆਂ ਨੂੰ ਠੰਢਾ ਜਾਂ ਗਰਮ ਕਰ ਤਾਂ ਲੈਂਦੇ ਹਾਂ ਪਰ ਉਹਨਾਂ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਕਿਉਂਕਿ ਜਦੋਂ ਕਿਸੇ ਵੀ ਵਸਤੂ ਨੂੰ ਗੈਰ-ਕੁਦਰਤੀ ਢੰਗਾਂ ਨਾਲ ਆਪਣੇ ਤੌਰ ‘ਤੇ ਛੇੜਛਾੜ ਕਰਦੇ ਹਾਂ ਤਾਂ ਅਸੀਂ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਾਂ। ਜਦਕਿ ਮਿੱਟੀ ਦਾ ਬਣਿਆ ਘੜਾ ਕੁਦਰਤੀ ਤੌਰ ‘ਤੇ ਠੰਢਾ ਹੁੰਦਾ ਹੈ ਤੇ ਪੌਸ਼ਟਿਕ ਵੀ ਹੁੰਦਾ ਹੈ। ਕੁਦਰਤੀ ਪਾਣੀ ਵਿਚ ਭਾਵੇਂ ਕੁਝ ਜ਼ਹਿਰੀਲੇ ਤੱਤ ਹੁੰਦੇ ਹਨ ਪਰ ਜਦੋਂ ਅਸੀਂ ਉਸ ਪਾਣੀ ਨੂੰ ਮਿੱਟੀ ਦੇ ਘੜੇ ‘ਚ ਸਟੋਰ ਕਰਦੇ ਹਾਂ ਤਾਂ ਹੌਲੀ-ਹੌਲੀ ਰਿਸਦਾ ਰਹਿੰਦਾ ਹੈ ਜਿਸ ਨਾਲ ਜ਼ਹਿਰੀਲੇ ਤੱਤ ਨਸ਼ਟ ਹੋ ਜਾਂਦੇ ਹਨ ਤੇ ਉਹ ਪਾਣੀ ਨੁਕਸਾਨਦੇਹ ਵੀ ਨਹੀਂ ਰਹਿੰਦਾ। ਫਰਿੱਜਾਂ ਆਦਿ ਵਿਚ ਪਾਣੀ ਜਿਆਦਾ ਠੰਢਾ ਵੀ ਹੁੰਦਾ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਵੀ ਬਣ ਜਾਂਦਾ ਹੈ ਕਿਉਂਕਿ ਜਿਆਦਾ ਠੰਢਾ ਪਾਣੀ ਪੀਣਾ ਮਨੁੱਖ ਦੀ ਸਿਹਤ ‘ਤੇ ਮਾੜੇ ਪ੍ਰਭਾਵ ਪਾਉਂਦਾ ਹੈ।

ਘੜੇ ਬਣਾਉਣ ਦਾ ਕੰਮ ਘੁਮਿਆਰ ਬਰਾਦਰੀ ਨਾਲ ਸਬੰਧਿਤ ਲੋਕ ਕਰਦੇ ਹਨ। ਪਰ ਹੁਣ ਤਾਂ ਇਸ ਬਰਾਦਰੀ ਨਾਲ ਸਬੰਧਿਤ ਲੋਕਾਂ ਵਿਚੋਂ ਬਹੁਤੇ ਇਹ ਧੰਦਾ ਬਿਲਕੁਲ ਛੱਡ ਚੁੱਕੇ ਹਨ। ਇਸ ਧੰਦੇ ਨੂੰ ਛੱਡਣ ਦੇ ਕਾਰਨ ਸਬੰਧੀ ਘੜੇ ਬਣਾਉਣ ਵਾਲੇ ਲੋਕਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਧੰਦਾ ਹੁਣ ਘਾਟੇ ਵਾਲਾ ਸੌਦਾ ਬਣ ਰਿਹਾ ਹੈ ਕਿਉਂਕਿ  ਇੱਕ ਤਾਂ ਮਹਿੰਗਾਈ ਕਚੂੰਮਰ ਕੱਢ ਰਹੀ ਹੈ। ਮਹਿੰਗਾਈ ਜ਼ਿਆਦਾ ਹੋਣ ਕਾਰਨ ਜਿਹੜੀ ਮਿੱਟੀ ਭਾਂਡੇ ਬਣਾਉਣ ਲਈ ਸੌਖਿਆਂ ਤੇ ਸਸਤੇ ਭਾਅ ਵਿਚ ਮਿਲ ਜਾਂਦੀ ਸੀ ਉਹ ਅੱਜ-ਕੱਲ੍ਹ ਬਹੁਤ ਮਹਿੰਗੀ ਮਿਲਦੀ ਹੈ, ਦੂਸਰਾ ਲੋਕਾਂ ਦਾ ਰੁਝਾਨ ਨਵੇਂ ਯੁੱਗ ਵੱਲ ਜਿਆਦਾ ਵਧ ਗਿਆ ਹੈ। ਜਿਸ ਕਰਕੇ ਲੋਕਾਂ ਦਾ ਮਿੱਟੀ ਦੇ ਭਾਂਡਿਆਂ ਪ੍ਰਤੀ ਰੁਝਾਨ ਬਹੁਤ ਘਟ ਗਿਆ ਹੈ। ਪਹਿਲਾਂ ਜਦੋਂ ਹਾੜ੍ਹੀ ਦਾ ਸੀਜ਼ਨ ਆਉਂਦਾ ਸੀ ਤਾਂ ਘੜੇ ਬਣਾਉਣ ਵਾਲੇ ਲੋਕ ਸਾਰੇ ਕਿਸਾਨਾਂ ਦੇ ਘਰ ਆ ਕੇ ਇੱਕ-ਇੱਕ ਘੜਾ ਕਣਕ ਦੇ ਦਾਣਿਆਂ ਵੱਟੇ ਦੇ ਕੇ ਜਾਂਦੇ ਸਨ ਕਿਉਂਕਿ ਕਣਕ ਹੱਥੀਂ ਵੱਢਣ ਵਾਲੇ ਲੋਕ ਇਸ ਵਿਚ ਪੀਣ ਲਈ ਪਾਣੀ ਭਰ ਕੇ ਆਪਣੇ ਕੋਲ ਖੇਤ ਵਿਚ ਲੈ ਜਾਂਦੇ ਸਨ ਪਰ ਮੌਜੂਦਾ ਸਮੇਂ ਵਿਚ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜ਼ਿਆਦਾਤਰ ਲੋਕ ਕਣਕਾਂ ਆਦਿ ਫ਼ਸਲਾਂ ਦੀ ਕਟਾਈ ਕੰਬਾਈਨਾਂ ਆਦਿ ਨਾਲ ਕਰਦੇ ਹਨ ਜਿਹੜੇ ਗਿਣਤੀ ਦੇ ਲੋਕ ਹੱਥੀਂ ਵੱਢਦੇ ਹਨ ਉਹ ਵੀ ਘੜੇ ਨਹੀਂ ਲੈ ਕੇ ਜਾਂਦੇ ਹਨ ਉਹ ਵੀ ਕੈਂਪਰਾਂ ਆਦਿ ਵਿਚ ਪਾਣੀ ਭਰ ਕੇ ਲੈ ਜਾਂਦੇ ਹਨ ਜਦਕਿ ਮਨੁੱਖੀ ਸਰੀਰ ਲਈ ਜਿਆਦਾ ਗੁਣਕਾਰੀ ਮਿੱਟੀ ਦੇ ਭਾਂਡੇ ਹੀ ਹਨ ਕਿਉਂਕਿ ਇਹਨਾਂ ਵਿਚ ਜੋ ਖਾਣ-ਪੀਣ ਦੀਆਂ ਚੀਜਾਂ ਬਣਾਈਆਂ ਜਾਂਦੀਆਂ ਹਨ ਉਸ ਵਿਚਲੇ ਸਿਹਤ ਲਈ ਜ਼ਰੂਰੀ ਤੱਤ ਬਰਕਰਾਰ ਰਹਿੰਦੇ ਹਨ। ਜਿਸ ਕਾਰਨ ਸਿਹਤ ਨੂੰ ਤਾਕਤ ਮਿਲਦੀ ਹੈ।

ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਖਾÎਣ-ਪੀਣ ਦੀਆਂ ਵਸਤੂਆਂ ਬਣਾਉਣ ਲਈ ਸਟੀਲ,  ਪਲਾਸਟਿਕ ਆਦਿ ਦੇ ਵਰਤਨਾਂ ਦੀ ਵਰਤੋਂ ਖੂਬ ਕੀਤੀ ਜਾ ਰਹੀ ਹੈ। ਨਵੀਂ ਪੀੜ੍ਹੀ ਤਾਂ ਮਿੱਟੀ ਦੇ ਭਾਂਡਿਆਂ ਨੂੰ ਪੁਰਾਣੇ ਸਮਿਆਂ ਦੀ ਗੱਲ ਕਹਿ ਕੇ ਆਪਣਾ ਮੂੰਹ ਫੇਰ ਲੈਂਦੀ ਹੈ। ਪੁਰਾਣੇ ਸਮਿਆਂ ਵਿਚ ਬਿਮਾਰੀਆਂ ਘੱਟ ਹੋਣ ਦਾ ਕਾਰਨ ਇਹੀ ਸੀ ਕਿ ਲੋਕ ਉਦੋਂ ਸਾਰਾ ਕੁੱਝ ਆਪਣੇ ਹੱਥੀਂ ਕਰਦੇ ਸਨ ਤੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਸਨ। ਹੁਣ ਤਾਂ ਤਕਰੀਬਨ ਹਰੇਕ ਘਰ ਵਿਚ ਹਰ ਪਰਿਵਾਰ ਦਾ ਇੱਕ ਮੈਂਬਰ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਜ਼ਰੂਰ ਹੈ। ਇਸ ਲਈ ਜ਼ਰੂਰੀ ਹੈ ਕਿ ਜਿੰਨਾ ਕੁ ਹੋ ਸਕੇ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਸਿਹਤ ਵੀ ਤੰਦਰੁਸਤ ਰਹੇ ਅਤੇ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਦਾ ਰੁਜ਼ਗਾਰ ਵੀ ਚਲਦਾ ਰਹੇ। ਸਿਰਫ਼ ਬਦਲਦੇ ਜ਼ਮਾਨੇ ਮਗਰ ਜਾ ਕੇ ਆਪਣੇ ਵਿਰਸੇ ਅਤੇ ਆਪਣੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਵੀ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਬਰਾਦਰੀ ਲਈ ਰਿਆਇਤਾਂ ਆਦਿ ਦੇ ਕੇ ਇਹਨਾਂ ਦੀ ਮੱਦਦ ਲਈ ਠੋਸ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਇਸ ਕਿੱਤੇ ਨਾਲ ਜੁੜੀ ਬਰਾਦਰੀ ਸਰਕਾਰਾਂ ਵੱਲੋਂ ਅਣਗੌਲੀ ਕੀਤੀ ਹੋਈ ਹੈ। ਉਸਨੂੰ ਕੋਈ ਸਬਸਿਡੀ ਜਾਂ ਸਹੂਲਤ ਲੋਨ ਬਗੈਰਾ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ। ਇਸ ਕਿੱਤੇ ਤੇ ਵਿਰਸੇ ਨੂੰ ਬਚਾਉਣ ਲਈ ਸਰਕਾਰਾਂ ਨੂੰ ਤੇ ਸਮਾਜ ਨੂੰ ਸੁਹਿਰਦਤਾ ਨਾਲ ਸੋਚਣ ਦੀ ਲੋੜ ਹੈ ਤਾਂ ਕਿ ਅਸੀਂ ਮੁੜ ਤੋਂ ਆਪਣਾ ਵਿਰਸਾ ਅਤੇ ਸਿਹਤ ਸੰਭਾਲ ਸਕੀਏ।

ਧਨੌਲਾ, ਬਰਨਾਲਾ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top