ਹਰਿਆਣਾ ਪੁਲਿਸ ਦਾ ਹਰ ਹਰਬਾ ਕਿਸਾਨੀ ਰੋਹ ਅੱਗੇ ਫੇਲ੍ਹ, ਦਿੱਲੀ ਘੇਰਨ ਵਧੇ ਕਿਸਾਨ

0

ਸੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਨੇ ਚਲਾਈਆਂ ਪਾਣੀਆਂ ਦੀਆਂ ਤੋਪਾਂ, ਅੱਥਰੂ ਗੈਸ ਦੇ ਗੋਲੇ ਵੀ ਨਾ ਰੋਕ ਸਕੇ ਕਿਸਾਨਾਂ ਨੂੰ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਭਰ ਦੇ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਅੰਦੋਲਨ ਦੌਰਾਨ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬਾਰਡਰਾਂ ‘ਤੇ ਲਾਈਆਂ ਰੋਕਾਂ ਵੀ ਕਿਸਾਨੀ ਸੰਘਰਸ਼ ਅੱਗੇ ਟਿਕ ਨਾ ਸਕੀਆਂ। ਪੁਲਿਸ ਪ੍ਰਸ਼ਾਸ਼ਨ ਵੱਲੋਂ ਭਾਵੇਂ ਕਿਸਾਨਾਂ ਨੂੰ ਰੋਕਣ ਲਈ ਪਾਣੀ ਵਾਲੀਆਂ ਤੋਪਾਂ, ਅੱਥਰੂ ਗੈਸ, ਵੱਖ- ਵੱਖ ਬੇਰੀਕੇਡ, ਵੱਡੇ-ਵੱਡੇ ਪੱਥਰ ਸਮੇਤ ਆਪਣਾ ਹਰ ਹਰਬਾ ਵਰਤਿਆ ਗਿਆ, ਪਰ ਇਹ ਸਭ ਹੀਲੇ ਵਸੀਲੇ ਕਿਸਾਨੀ ਰੋਹ ਅੱਗੇ ਫੇਲ੍ਹ ਸਾਬਤ ਹੋਏ। ਕਿਸਾਨਾਂ ਦੀ ਸਭ ਤੋਂ ਵੱਧ ਜੱਦੋਂ ਜਹਿਦ ਸੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਨਾਲ ਹੋਈ। ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਨਵਾਂ ਗਾਓ ਬਾਰਡਰ ਅਤੇ ਪਾਤੜਾਂ ਦੇ ਅੰਤਲੇ ਪਿੰਡ ਅਰਨੋਂ ਦੇ ਨਾਲ ਲੱਗਦੇ ਸੰਗਤਪੁਰਾ ਬਾਰਡਰ ‘ਤੇ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਦੀਆਂ ਰੋਕਾਂ ਨੂੰ ਤੋੜਦਿਆਂ ਦਿੱਲੀ ਵੱਲ ਨੂੰ ਚਾਲੇ ਪਾਏ ਗਏ।  ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਲਗਾਤਾਰ ਜਾਰੀ ਸੀ।

ਜਾਣਕਾਰੀ ਅਨੁਸਾਰ ਪੰਜਾਬ ਦੀਆਂ ਕਿਸਾਨਾਂ ਜਥੇਬੰਦੀਆਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਦਾ ਹੋਕਾ ਦਿੱਤਾ ਗਿਆ ਹੋਇਆ ਸੀ, ਜਿਸ ਕਾਰਨ ਪੰਜਾਬ ਅੰਦਰੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਆਪੋ ਆਪਣੇ ਬੰਦੋਬਸਤ ਕਰਕੇ ਟਰਾਲੀਆਂ, ਬੱਸਾਂ ਆਦਿ ਸਾਧਨਾਂ ਰਾਹੀਂ ਸਵੇਰ ਤੋਂ ਹੀ ਦਿੱਲੀ ਵੱਲ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ। ਪਟਿਆਲਾ ਜ਼ਿਲ੍ਹੇ ਦੇ ਸੰਭੂ ਬਾਰਡਰ ਵਿਖੇ ਸਵੇਰੇ ਜਦੋਂ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਪੁੱਜੇ ਤਾਂ ਹਰਿਆਣਾ ਪੁਲਿਸ ਵੱਲੋਂ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੀਆਂ ਰੋਕਾਂ ਲਾਈਆਂ ਗਈਆਂ ਸਨ। ਇਸ ਦੌਰਾਨ ਕਿਸਾਨ ਹਰਿਆਣਾ ਵੱਲ ਵਧਣ ਦਾ ਯਤਨ ਕਰਨ ਲੱਗੇ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ। ਇਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੋਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਪਰ ਕਿਸਾਨ ਉਹ ਇਨ੍ਹਾਂ ਬੋਛਾੜਾਂ ਤੋਂ ਵੀ ਪਿੱਛੇ ਨਾ ਹਟੇ।

ਸਵੇਰੇ ਮੀਂਹ ਪੈਣ ਅਤੇ ਠੰਢ ਹੋਣ ਦੇ ਬਾਵਜੂਦ ਨੌਜਵਾਨ ਬੋਛਾੜਾਂ ਨੂੰ ਚੀਰਦੇ ਹੋਏ ਅੱਗੇ ਵੱਧ ਰਹੇ ਸਨ। ਪੁਲਿਸ ਦਾ ਇਹ ਤੀਰ ਵੀ ਖਾਲੀ ਜਾਣ ਤੋਂ ਬਾਅਦ ਅੱਥਰੂ ਗੈਸ ਦੇ ਗੋਲੇ ਛੱਡੇ ਗਏ, ਪਰ ਅੱਥਰੂ ਗੈਸ ਦਾ ਬਹੁਤਾ ਅਸਰ ਨਾ ਹੋਇਆ। ਇਸ ਦੌਰਾਨ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਲਾਏ ਗਏ ਬੇਰੀਗੇਟਾਂ ਨੂੰ ਨੌਜਵਾਨਾਂ ਨੇ ਘੱਗਰ ਨਦੀ ਵਿੱਚ ਸੁੱਟ ਦਿੱਤਾ ਅਤੇ ਵੱਡੇ ਵੱਡੇ ਪੱਥਰਾਂ ਨੂੰ ਹਟਾ ਕੇ ਹਰਿਆਣਾ ਵੱਲ ਵੱਧ ਗਏ। ਕੁਝ ਟਰਾਲੀਆਂ ਲੰਘਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਮੁੜ ਕਿਸਾਨਾਂ ਨੂੰ ਰੋਕ ਲਿਆ, ਇਨ੍ਹਾਂ ਵਿੱਚ ਜਿਆਦਾ ਬਜ਼ੁਰਗ ਸਨ। ਇਸੇ ਦੌਰਾਨ ਅੱਗੇ ਗਏ ਨੌਜਵਾਨ ਫਿਰ ਵਾਪਸ ਆਏ ਅਤੇ ਪੁਲਿਸ ਵੱਲੋਂ ਰਸਤਾ ਰੋਕ ਕੇ ਖੜਾਏ ਗਏ

ਟਰੱਕਾਂ ਨੂੰ ਪਿੱਛੇ ਧੱਕਣ ਲੱਗੇ। ਇਸ ਮੌਕੇ ਨੌਜਵਾਨਾਂ ਵੱਲੋਂ ਪੁਲਿਸ ਵੱਲ ਪੱਥਰਬਾਜੀ ਵੀ ਕੀਤੀ ਗਈ ਅਤੇ ਟਰੱਕਾਂ ਦੇ ਸ਼ੀਸੇ ਤੋੜ ਦਿੱਤੇ ਗਏ। ਨੌਜਵਾਨ ਕਿਸਾਨਾਂ ਵੱਲੋਂ ਇਨ੍ਹਾਂ ਟਰੱਕਾਂ ਨੂੰ ਰੋੜ ਰੋੜ ਕੇ ਪਿੱਛੇ ਕਰ ਦਿੱਤਾ ਗਿਆ ਅਤੇ ਬਾਕੀ ਕਿਸਾਨਾਂ ਦੀਆਂ ਟਰਾਲੀਆਂ ਅਤੇ ਹੋਰ ਸਾਧਨਾਂ ਨੂੰ ਹਰਿਆਣਾ ‘ਚ ਦਾਖਲ ਕੀਤਾ ਗਿਆ। ਜਦੋਂ ਪੁਲਿਸ ਅੱਗੇ ਕੋਈ ਚਾਰਾ ਨਾ ਬਚਿਆ ਤਾਂ ਉਨ੍ਹਾਂ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਗਿਆ।

ਸੰਭੂ ਬਾਰਡਰ ਤੋਂ ਲੁਧਿਆਣਾ, ਰੋਪੜ, ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਦੇ ਕਿਸਾਨ ਹਰਿਆਣਾ ਵੱਲ ਜਾ ਰਹੇ ਸਨ। ਇੱਧਰ ਪਟਿਆਲਾ ਦੇ ਪਿੰਡ ਨਵਾ ਗਾਓ -ਚੀਕਾ ਬਾਰਡਰ ‘ਤੇ ਵੀ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਬੇਰੀਗੇਟ ਅਤੇ ਵੱਡੇ ਵੱਡੇ ਪੱਥਰ ਲਗਾਕੇ ਰਸਤੇ ਸੀਲ ਕੀਤੇ ਹੋਏ ਸਨ। ਇੱਥੇ ਵੀ ਹਜਾਰਾਂ ਕਿਸਾਨਾਂ ਦੀ ਅੱਗੇ ਵੱਧਣ ਦੌਰਾਨ ਪੁਲਿਸ ਨਾਲ ਖਿੱਚ ਧੂਹ ਹੋਈ ਅਤੇ ਪੁਲਿਸ ਵੱਲੋਂ ਪਾਣੀ ਦੀਆਂ ਬੋਛਾੜਾਂ ਮਾਰੀਆਂ ਗਈਆਂ।

ਇਸੇ ਕਸਮਕਸ ਦੌਰਾਨ ਇੱਥੇ ਹਰਿਆਣਾ ਦੀ ਤਰਫ਼ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਆਏ ਅਤੇ ਆਪਣੀ ਪੁਲਿਸ ਦੀਆਂ ਲਾਈਆਂ ਰੋਕਾਂ ਨੂੰ ਹਟਾਕੇ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਵੱਲ ਲੈ ਗਏ। ਇਸ ਮੌਕੇ ਵੱਡੀ ਗਿਣਤੀ ਕਿਸਾਨ ਖੇਤਾਂ ਵਿੱਚੋਂ ਦੀਆਂ ਹੁੰਦਿਆਂ ਹਰਿਆਣਾ ਵਿੱਚ ਦਾਖਲ ਹੋ ਗਏ ਅਤੇ ਪੁਲਿਸ ਦੀ ਕੋਈ ਵਾਹ ਨਾ ਚੱਲੀ। ਇਸ ਤੋਂ ਇਲਾਵਾ ਪਾਤੜਾਂ ਦੇ ਅੰਤਲੇ ਪਿੰਡ ਅਰਨੋ ਨਾਲ ਲੱਗਦੇ ਸੰਗਤਪੁਰਾ ਬਾਰਡਰ ‘ਤੇ ਵੀ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਸਨ। ਇੱਥੇ ਵੀ ਪੁਲਿਸ ਵੱਲੋਂ ਰੋਕਾਂ ਲਾਈਆਂ ਹੋਈਆਂ ਸਨ।

ਅੱਥਰੂ ਗੈਸ ਅਤੇ ਪਾਣੀਆਂ ਦੀਆਂ ਤੋਪਾਂ ਨਹੀਂ ਝੱਲ ਸਕੀਆਂ ਕਿਸਾਨੀ ਰੋਹ: ਜਗਮੋਹਨ ਸਿੰਘ

ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਉਹ ਹਰਿਆਣਾ ਵਿੱਚ ਦਾਖਲ ਹੋ ਚੁੱਕੇ ਹਨ ਅਤੇ ਦਿੱਲੀ ਜ਼ਰੂਰ ਪੁੱਜਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ‘ਤੇ ਜੋ ਅੱਥਰੂ ਗੈਸ ਅਤੇ ਪਾਣੀਆਂ ਦੀਆਂ ਤੋਪਾਂ ਸਮੇਤ ਹੋਰ ਰੋਕਾਂ ਲਾਈਆਂ ਗਈਆਂ ਸਨ, ਇਹ ਕਿਸਾਨੀ ਰੋਹ ਨੂੰ ਝੱਲ ਨਹੀਂ ਸਕੀਆਂ। ਉਨ੍ਹਾਂ ਕਿਹਾ ਕਿ ਉਹ ਦਿੱਲੀ ‘ਚ ਅਣਮਿੱਥੇ ਸਮੇਂ ਤੱਕ ਆਪਣਾ ਰੋਸ਼ ਪ੍ਰਦਰਸ਼ਨ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.