ਸਿਹਤ ਵਿਭਾਗ ਨੇ ਡੇਰਾ ਸ਼ਰਧਾਲੂਆਂ ਨੂੰ ਕੀਤਾ ਸਨਮਾਨਿਤ

(ਸੁਖਨਾਮ)
ਬਠਿੰਡਾ । ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਸਵੈ-ਇੱਛੁਕ ਖੂਨਦਾਨੀਆਂ ਅਤੇ ਸਵੈ-ਇੱਛੁਕ ਖੂਨਦਾਨ ਪ੍ਰੋਗਰਾਮ ਨੂੰ ਪ੍ਰਫੁੱਲਤ ਕਰਨ ਅਤੇ ਖੂਨਦਾਨ ਦੀ ਸੇਵਾ ’ਚ ਯੋਗਦਾਨ ਪਾਉਣ ਵਾਲੇ ਖੂਨਦਾਨੀਆਂ ਅਤੇ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ-ਐਨ.ਜੀ.ਓ ਕਲੱਬਾਂ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਬਲਾਕ ਬਠਿੰਡਾ ਦੀ ਖੂਨਦਾਨ ਕਮੇਟੀ ਦੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਐਵਾਰਡ ਖੂਨਦਾਨ ਕਮੇਟੀ ਦੇ ਵਲੰਟੀਅਰਾਂ ਤਰਸੇਮ ਇੰਸਾਨ ਅਤੇ ਵਿਸਾਲ ਇੰਸਾਨ ਨੂੰ ਜ਼ਿਲ੍ਹਾ ਸਿਹਤ ਵਿਭਾਗ ਦੇ ਅਫਸਰ ਡਾ: ਊਸਾ ਗੋਇਲ, ਸੀਨੀਅਰ ਮੈਡੀਕਲ ਅਫਸਰ ਡਾ: ਮਨਿੰਦਰਪਾਲ ਸਿੰਘ, ਰਾਜੀਵ ਅਰੋੜਾ, ਡਾਇਰੈਕਟਰ ਆਲ ਇੰਡੀਆ ਰੇਡੀਓ, ਬਲੱਡ ਬੈਂਕ ਇੰਚਾਰਜ ਡਾ. ਰਿਚਿਕਾ ਵੱਲੋਂ ਦਿੱਤਾ ਗਿਆ। ਇਸ ਮੌਕੇ ਐਲ.ਟੀ ਨੀਲਮ ਗਰਗ, ਕੌਂਸਲਰ ਵਰੁਣ, ਰਮੇਸ ਅਤੇ ਬਲਾਕ ਐਜੂਕੇਟਰ ਪਵਨਜੀਤ ਕੌਰ ਵੀ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਹਤ ਵਿਭਾਗ ਦੇ ਅਫਸਰ ਡਾ: ਊਸਾ ਗੋਇਲ ਨੇ ਕਿਹਾ ਕਿ ਹਰ ਸਾਲ 15 ਜੂਨ ਨੂੰ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ ।

ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰਾਜੀਵ ਅਰੋੜਾ ਨੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਦੱਸਦੇ ਹੋਏ ਕਿਹਾ ਕਿ ਇਸ ਦਾ ਉਦੇਸ਼ ਲੋਕਾਂ ’ਚ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਤੌਰ ’ਤੇ ਕਿਸੇ ਨਫੇ-ਨੁਕਸਾਨ ਬਾਰੇ ਸੋਚਣ ਦੀ ਬਜਾਏ ਸਵੈ-ਇੱਛਾ ਨਾਲ ਖੂਨਦਾਨ ਕਰਨਾ ਚਾਹੀਦਾ ਹੈ।

ਐਸ.ਐਮ.ਓ ਡਾ: ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਮਕਸਦ ਖੂਨਦਾਨੀਆਂ ਨੂੰ ਪ੍ਰੇਰਿਤ ਕਰਨਾ ਅਤੇ ਨਵੇਂ ਯੋਗ ਵਿਅਕਤੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਅਜਿਹੇ ਸਮੇਂ ਵਿਚ ਪੂਰੀ ਦੁਨੀਆਂ ’ਚ ਖੂਨ ਅਤੇ ਇਸ ਦੇ ਸੈੱਲਾਂ ਦੀ ਬਹੁਤ ਵੱਡੀ ਘਾਟ ਹੈ, ਜਿਸ ਨੂੰ ਸਿਰਫ ਇਕ ਸਵੈਇੱਛੁਕ ਖੂਨਦਾਨੀ ਹੀ ਪੂਰਾ ਕਰ ਸਕਦਾ ਹੈ। ਜਾਣਕਾਰੀ ਦਿੰਦਿਆਂ ਬੀ.ਟੀ.ਓ ਡਾ: ਰੁਚਿਕਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 14 ਜੂਨ ਤੋਂ 14 ਜੂਨ 2022 ਤੱਕ ਖੂਨਦਾਨ ਸਬੰਧੀ ਰੋਜਾਨਾ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ’ਤੇ ਇਸ ਮੁਹਿੰਮ ਦੌਰਾਨ ਸਵੈ-ਇੱਛੁਕ ਖੂਨਦਾਨੀਆਂ ਨੂੰ ਉਤਸਾਹਿਤ ਕਰਨ ਲਈ ਨੌਜਵਾਨਾਂ ਵੱਲੋਂ ਸਬੰਧਿਤ ਕਲੱਬਾਂ ਅਤੇ ਐਨ.ਜੀ.ਓਜ ਨਾਲ ਮਿਲ ਕੇ ਕੈਂਪ ਲਗਾਏ ਜਾ ਰਹੇ ਹਨ ।

ਸਨਮਾਨ ਪੂਜਨੀਕ ਗੁਰੂ ਜੀ ਨੂੰ ਸਮਰਪਿਤ

ਸੇਵਾਦਾਰਾਂ ਨੇ ਦੱਸਿਆ ਕਿ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਵੱਡੀ ਪੱਧਰ ’ਚ ਖੂਨਦਾਨ ਕੀਤਾ ਜਾ ਰਿਹਾ ਹੈ। ਸਾਧ-ਸੰਗਤ ਦੇ ਸਹਿਯੋਗ ਨਾਲ ਖੂਨਦਾਨ ਦੀ ਮੁਹਿੰਮ ਬੜੇ ਸੁਚੱਜੇ ਢੰਗ ਨਾਲ ਚੱਲ ਰਹੀ ਹੈ। ਅੱਜ ਜੋ ਸਨਮਾਨ ਸਾਨੂੰ ਮਿਲਿਆ ਹੈ, ਉਹ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਨੂੰ ਸਮਰਪਿਤ ਕਰਦੇ ਹਾਂ, ਜਿਨ੍ਹਾਂ ਦੀ ਪਾਵਨ ਰਹਿਨੁਮਾਈ ਹੇਠ ਬਲਾਕ ਬਠਿੰਡਾ ਦੀ ਸਾਧ-ਸੰਗਤ ਲਗਾਤਾਰ ਖੂਨਦਾਨ ਕਰਨ ’ਚ ਲੱਗੀ ਹੋਈ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ