ਪੰਜਾਬ

ਸਿਹਤ ਵਿਭਾਗ ਨੇ ਕਾਂਗਰਸੀ ਆਗੂ ਦੀ ਘਿਓ ਦੀ ਫੈਕਟਰੀ ‘ਤੇ ਮਾਰਿਆ ਛਾਪਾ

Health Department, Raided, Congress Leader, Ghee Factory

ਘਿਓ ਤੇ ਕੈਮੀਕਲ ਦੇ ਭਰੇ ਸੈਂਪਲ, ਬਨਸਪਤੀ, ਪਾਮ ਤੇਲ ਤੇ ਆਰ ਐੱਮ ਕੈਮੀਕਲ ਮਿਲਾ ਕੇ ਦੇਸੀ ਘਿਓ ਬਣਾਏ ਜਾਣ ਦੀ ਸ਼ੰਕਾ

‘ਸੱਚ ਕਹੂੰ’ ‘ਚ ਖਬਰ ਲੱਗਣ ਤੋਂ ਬਾਅਦ ਹਰਕਤ ‘ਚ ਆਇਆ ਸਿਹਤ ਵਿਭਾਗ

ਐੱਸਐੱਸਪੀ ਫਰੀਦਕੋਟ ਤੇ ਸਿਹਤ ਵਿਭਾਗ ਦੀ ਸਹਾਇਕ ਕਮਿਸ਼ਨਰ ਨੇ ਕੀਤੀ ਛਾਪੇਮਾਰੀ

ਅਮਿਤ ਗਰਗ, ਰਾਮਪੁਰਾ ਫੂਲ

ਸਿਹਤ ਵਿਭਾਗ ਤੇ ਪੁਲਿਸ ਨੇ ਅੱਜ ਸਥਾਨਕ ਫੂਲ ਰੋਡ ‘ਤੇ ਸਥਿਤ ਸਹਾਰਾ ਆਇਲ ਐਂਡ ਕੈਮੀਕਲ ਫੈਕਟਰੀ ‘ਚ ਛਾਪੇਮਾਰੀ ਕਰਦਿਆਂ ਫੈਕਟਰੀ ਅੰਦਰ ਤਿਆਰ ਹੁੰਦੇ ਕੁਕਿੰਗ ਮੀਡੀਅਮ ਘਿਓ ਤੇ ਕੈਮੀਕਲ ਦੇ ਸੈਂਪਲ ਭਰੇ ਹਨ। ਸਿਹਤ ਵਿਭਾਗ ਵੱਲੋਂ ਜਿਸ ਫੈਕਟਰੀ ‘ਤੇ ਛਾਪੇਮਾਰੀ ਕੀਤੀ ਗਈ ਹੈ ਉਹ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨੇੜਲੇ ਇੱਕ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ ਦੇ ਬੇਟੇ ਦੇ ਨਾਂਅ ‘ਤੇ ਚੱਲ ਰਹੀ ਹੈ ਜਿਕਰਯੋਗ ਹੈ ਕਿ ਪਿਛਲੇ ਦਿਨੀਂ 25 ਅਕਤੂਬਰ ਨੂੰ ਸੱਚ ਕਹੂੰ ਵੱਲੋਂ ਰਾਮਪੁਰਾ ਫੂਲ ਤੋਂ ‘ਤਿਉਹਾਰਾਂ ਦੇ ਸੀਜ਼ਨ ‘ਚ ਮਿਲਾਵਟਖੋਰਾਂ ਦੀ ਚਾਂਦੀ’ ਸਿਰਲੇਖ ਹੇਠ ਖਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਹਰਕਤ ‘ਚ ਆਇਆ ਹੈ

ਛਾਪਾਮਾਰ ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਮੋਗਾ ਹਰਪ੍ਰੀਤ ਕੌਰ ਤੇ ਸੀਨੀਅਰ ਸੁਪਰਡੈਂਟ ਪੁਲਿਸ ਫਰੀਦਕੋਟ ਰਾਜਬਚਨ ਸਿੰਘ ਸੰਧੂ, ਐੱਸਪੀ (ਡੀ) ਸੇਵਾ ਸਿੰਘ ਮੱਲੀ, ਜਸਤਿੰਦਰ ਸਿੰਘ, ਗੁਰਪ੍ਰੀਤ ਸਿੰਘ ਡੀਐੱਸਪੀ ਨੇ ਕੀਤੀ। ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਹ ਮਿਲੀ ਸੀ ਕਿ ਸਥਾਨਕ ਸ਼ਹਿਰ ਦੀ ਫੂਲ ਰੋਡ ‘ਤੇ ਸਥਿਤ ਸਹਾਰਾ ਆਇਲ ਤੇ ਕੈਮੀਕਲ ਫੈਕਟਰੀ ‘ਚ ਵੱਡੇ ਪੱਧਰ ‘ਤੇ ਕੁਕਿੰਗ ਮੀਡੀਅਮ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਤਿਆਰ ਹੁੰਦੇ ਕੁਕਿੰਗ ਮੀਡੀਅਮ ‘ਚ ਕਥਿਤ ਤੌਰ ‘ਤੇ ਆਰਐੱਮ ਕੈਮੀਕਲ ਵਰਤੇ ਜਾਣ ਦਾ ਪਤਾ ਲੱਗਾ ਹੈ।

ਉਨ੍ਹਾਂ ਕਿਹਾ ਕਿ ਇਹ ਕੈਮੀਕਲ ਬਨਸਪਤੀ ਘਿਓ ਦੀ ਆਰਐੱਮ ਬਣਾਉਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਨਸਪਤੀ ਘਿਉ, ਪਾਮ ਆਇਲ ਅਤੇ ਉਸ ਵਿੱਚ ਆਰਐਮ ਕੈਮੀਕਲ ਮਿਲਾ ਕੇ ਕਥਿਤ ਤੌਰ ‘ਤੇ ਦੇਸੀ ਘਿਓ ਬਣਾਏ ਜਾਣ ਵਾਲੇ ਤੱਤਾਂ ਬਾਰੇ ਵੀ ਪਤਾ ਲੱਗਾ ਹੈ ਜਿਸ ‘ਤੇ ਵਿਭਾਗ ਵੱਲੋਂ ਰੋਕ ਲਾਈ ਹੋਈ ਹੈ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਵੀ ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫੈਕਟਰੀ ਅੰਦਰ ਚਾਇਨਾ ਦਾ ਬਣਿਆ ਕੈਮੀਕਲ ਜੋ ਘਿਓ ਦੀ ਆਰਐਮ ਬਣਾਉਣ ਲਈ ਵਰਤਿਆ ਜਾਂਦਾ ਹੈ, ਬਰਾਮਦ ਹੋਇਆ ਹੈ। ਪੁਲਿਸ ਨੇ ਇੱਕ ਕੈਂਟਰ ਟਾਟਾ 407 ਪੀ ਬੀ 13 ਏ 7950 ਵਿੱਚੋਂ ਦਰਜਨ ਦੇ ਕਰੀਬ ਢੋਲ ਕੈਮੀਕਲ ਮੌਕੇ ਤੋਂ ਬਰਾਮਦ ਹੋਣ ਦਾ ਦਾਅਵਾ ਵੀ ਕੀਤਾ।

 ਜਾਣਕਾਰੀ ਅਨੁਸਾਰ ਉਕਤ ਫੈਕਟਰੀ ਅੰਦਰ ਫਿਟੋਲਾ ਗੋਲਡ ਅਤੇ ਸਾਰਾ ਦੇ ਬਰਾਂਡ ਦਾ ਕੁਕਿੰਗ ਮੀਡੀਅਮ ਵੱਡੇ ਪੱਧਰ ‘ਤੇ ਤਿਆਰ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅੰਦਰ ਵੇਚਿਆ ਜਾਂਦਾ ਹੈ। ਇਹ ਫੈਕਟਰੀ ਗਰੀਸ ਗੋਇਲ ਜੋ ਕਿ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨੇੜਲੇ ਅਤੇ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕੁਮਾਰ ਸਹਾਰਾ ਦੇ ਪੁੱਤਰ ਦੇ ਨਾਮ ‘ਤੇ ਹੈ।  ਮੌਕੇ ‘ਤੇ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਨੇ ਆਰਐਮ ਕੈਮੀਕਲ, ਫਿਟੋਲਾ, ਸਾਰਾ ਅਤੇ ਸਹਾਰਾ ਦੇ ਸਟਿੱਕਰ ਅਤੇ ਪੀਪੀਆਂ ਵੀ ਜਬਤ ਕੀਤੀਆਂ।

ਮੌਕੇ ‘ਤੇ ਪੁੱਜੇ ਸਿਹਤ ਵਿਭਾਗ ਬਠਿੰਡਾ ਦੇ ਜ਼ਿਲ੍ਹਾ ਸਿਹਤ ਅਫਸਰ ਅਸ਼ੋਕ ਮੌਂਗਾ ਨੇ ਕਿਹਾ ਕਿ ਕੱਚੇ ਮਾਲ ਤੇ ਕੈਮੀਕਲ ਦੇ ਸੈਂਪਲ ਲੈ ਲਏ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪੂਰੇ ਮਾਮਲੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ। ਜਦੋਂ ਇਸ ਮਾਮਲੇ ‘ਤੇ ਡੀਐੱਸਪੀ ਫੂਲ ਗੁਰਪ੍ਰੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਾਰ-ਵਾਰ ਫੋਨ ਕਰਨ ‘ਤੇ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਖਬਰ ਲਿਖੇ ਜਾਣ ਤੱਕ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ

ਪੰਜਾਬ ਸਰਕਾਰ ਤੋਂ ਲਾਇਸੈਂਸ ਲੈ ਕੇ ਕਰ ਰਹੇ ਹਾਂ ਕੰਮ

ਸਹਾਰਾ ਮਿੱਲ ਦੇ ਮਾਲਕ ਦੇ ਪਿਤਾ ਰਾਕੇਸ਼ ਸਹਾਰਾ ਨੇ ਆਪਣੇ ਪੁੱਤਰ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਕੁਕਿੰਗ ਮੀਡੀਅਮ ਦਾ ਕੰਮ ਪੰਜਾਬ ਸਰਕਾਰ ਤੋਂ ਲਾਇਸੈਂਸ ਲੈ ਕੇ ਨਿਯਮਾਂ ਅਨੁਸਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਜਾਂਦਾ ਲਾਈਟ ਘਿਓ ਦਾ ਕਾਰੋਬਾਰ ਗੈਰਕਾਨੂੰਨੀ ਨਹੀਂ ਹੈ। ਉਨ੍ਹਾਂ ਕਿਹਾ ਕਿ  ਕੁਕਿੰਗ ਮੀਡੀਅਮ ਵਿੱਚ 65 ਫੀਸਦੀ ਬਨਸਪਤੀ ਤੇ 35 ਫੀਸਦੀ ਕਾਟਨ ਸੀਡ ਆਇਲ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਪਦਾਰਥ ਨੂੰ ਦੇਸੀ ਘਿਓ ਕਹਿ ਕੇ ਨਹੀਂ ਵੇਚਿਆ ਜਾਂਦਾ। ਉਨ੍ਹਾਂ ਦੱਸਿਆ ਕਿ ਸਹਾਰਾ ਆਇਲ ਤੇ ਕੈਮੀਕਲ  ਫੈਕਟਰੀ ਅੰਦਰ ਉਹ ਕੁਕਿੰਗ ਮੀਡੀਅਮ ਬਣਾਉਣ ਅਤੇ ਟਰੇਡਿੰਗ ਦਾ ਕਾਰੋਬਾਰ ਸਾਂਝੇ ਤੌਰ ‘ਤੇ ਕਰ ਰਹੇ ਹਨ। ਉਨ੍ਹਾਂ ਸਿਹਤ ਵਿਭਾਗ ਦੀ ਅਧਿਕਾਰੀ ਹਰਪ੍ਰੀਤ ਕੌਰ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇਕਰ ਕੁਕਿੰਗ ਮੀਡੀਅਮ ਦੇ ਸੈਂਪਲ ਵਿੱਚ ਉਕਤ ਕੈਮੀਕਲ ਦੀ ਵਰਤੋਂ ਸਾਹਮਣੇ ਆ ਜਾਵੇ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ।

  • ਜਦੋਂ ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨਾ ਗੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਗੱਲ ਨਾ ਹੋ ਸਕੀ। ਇਸ ਮਾਮਲੇ ਸਬੰਧੀ ਸਾਬਕਾ ਕੈਬਟਿਨ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿ ਕਾਫੀ ਸਮੇਂ ਤੋਂ ਉਹਨਾਂ ਕੋਲ ਵੀ ਉਕਤ ਫੈਕਟਰੀ ਵਿੱਚ ਗਲਤ ਕੰਮ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਉਹਨਾਂ ਕਿਹਾ ਕਿ ਵਿਭਾਗ ਨੂੰ ਸਰਕਾਰ ਦੇ ਦਬਾਅ ਹੇਠ ਨਾ ਆ ਕੇ ਇਸ ਦੀ ਉੱਚ ਪੱਧਰੀ ਜਾਂਚ ਕਰਕੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top