ਭਾਰਤ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ

ਭਾਰਤ-ਪਾਕਿ ਸਰਹੱਦ ਤੋਂ 35 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ,(ਸਤਪਾਲ ਥਿੰਦ)। ਬਦਲਦੀ ਰੁੱਤ ਦਾ ਲਾਹਾ ਲੈ ਰਹੇ ਪਾਕਿ ਸਮੱਗਲਰਾਂ ਵੱਲੋਂ ਲਗਾਤਾਰ ਭਾਰਤ ‘ਚ ਹੈਰੋਇਨ ਦੀਆਂ ਖੇਪਾਂ ਪਹੁੰਚਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਪਰ ਸਮੱਗਲਰਾਂ ਦੀਆਂ ਇਹਨਾਂ ਨਾਪਾਕ ਕੋਸ਼ਿਸ਼ਾਂ ਨੂੰ ਦੇਸ਼ ਦੇ ਰਖਵਾਲਿਆਂ ਵੱਲੋਂ ਲਗਾਤਾਰ ਨਾਕਾਮ ਕੀਤਾ ਜਾ ਰਿਹਾ ਹੈ। ਬੀਤੇ ਦਿਨ ਜਿੱਥੇ ਸੀ.ਆਈ.ਏ ਸਟਾਫ਼ ਫਿਰੋਜ਼ਪੁਰ ਵੱਲੋਂ ਕਰੀਬ 45 ਕਰੋੜ ਦੀ ਹੈਰੋਇਨ ਭਾਰਤ-ਪਾਕਿ ਸਰਹੱਦ ‘ਤੇ ਜ਼ੀਰੋ ਲਾਇਨ ਕੋਲੋਂ ਬਰਾਮਦ ਕੀਤੀ ਗਈ ਸੀ, ਉੱਥੇ ਲਗਾਤਾਰ ਦੂਜੇ ਦਿਨ ਬੀਐੱਸਐਫ ਨੂੰ ਵੀ ਸਰਹੱਦ ਤੋਂ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ ਹੈ। ਬੀਐੱਸਐਫ ਜਵਾਨਾਂ ਨੂੰ ਦੋ ਵੱਖ-ਵੱਖ ਥਾਵਾਂ ਤੋਂ ਕਰੀਬ 7 ਕਿਲੋ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ ਦੇ ਫਿਰੋਜ਼ਪੁਰ ਸੈਕਟਰ ਦੇ ਇਲਾਕੇ ‘ਚੋਂ 14 ਬਟਾਲੀਅਨ ਦੇ ਜਵਾਨਾਂ ਨੂੰ ਸਰਚ ਦੌਰਾਨ 5 ਪੈਕਟ ਬਰਾਮਦ ਹੋਏ, ਜਿਹਨਾਂ ਵਿਚੋਂ 5 ਕਿਲੋ ਹੈਰੋਇਨ ਬਰਾਮਦ ਗਈ। ਇਸ ਤਰਾਂ ਫਿਰੋਜ਼ਪੁਰ ਸੈਕਟਰ ਦੀ 136 ਬਟਾਲੀਅਨ ਦੇ ਜਵਾਨਾਂ ਨੂੰ ਇਲਾਕੇ ‘ਚੋਂ ਸਰਚ ਦੌਰਾਨ 2 ਜੋੜੇ ਜੁੱਤਿਆਂ ਦੇ ਮਿਲੇ, ਜਿਹਨਾਂ ਨੂੰ ਚੈਕਿੰਗ ਕਰਨ ‘ਤੇ ਜੁੱਤਿਆਂ ਵਿਚ ਛੁਪਾਈ ਗਈ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 2 ਕਿਲੋ ਪਾਇਆ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.