ਪੰਜਾਬ

ਸਿੱਖਿਆ ਵਿਭਾਗ ਤੋਂ ਰਿਸ਼ਤਾ ਤੋੜੇਗਾ ਉੱਚੇਰੀ ਸਿੱਖਿਆ ਵਿਭਾਗ, ਬਣਾਏਗਾ ਵੱਖਰਾ ਕੈਡਰ

Higher education department will set up separate cadre of education department

ਸਕੂਲ ਸਿੱਖਿਆ ਤੋਂ ਮਨਿਸਟਰੀਅਲ ਸਟਾਫ਼ ਲੈਂਦੇ ਹੋਏ ਹੁਣ ਤੱਕ ਡੰਗ ਟਪਾਉਂਦਾ ਆ ਰਿਹਾ ਸੀ ਉੱਚ ਸਿੱਖਿਆ ਵਿਭਾਗ

ਚੰਡੀਗੜ੍ਹ | ਸਕੂਲ ਸਿੱਖਿਆ ਵਿਭਾਗ ਨਾਲੋਂ ਜਲਦ ਹੀ ਉੱਚ ਸਿੱਖਿਆ ਵਿਭਾਗ ਆਪਣਾ ਪਿਛਲੇ ਕਈ ਦਹਾਕਿਆਂ ਦਾ ਰਿਸ਼ਤਾ ਤੋੜਨ ਜਾ ਰਿਹਾ ਹੈ। ਜਲਦ ਹੀ ਉੱਚ ਸਿੱਖਿਆ ਵਿਭਾਗ ਆਪਣੇ ਦਫ਼ਤਰਾਂ ਦਾ ਕੰਮਕਾਜ ਚਲਾਉਣ ਲਈ ਸਿੱਖਿਆ ਵਿਭਾਗ ਤੋਂ ਮਨਿਸਟਰੀਅਲ ਸਟਾਫ਼ ਲੈਣਾ ਨਾ ਸਿਰਫ਼ ਬੰਦ ਕਰ ਦੇਵੇਗਾ, ਸਗੋਂ ਆਪਣਾ ਖ਼ੁਦ ਦਾ ਸਟਾਫ਼ ਭਰਤੀ ਕਰਦੇ ਹੋਏ ਆਪਣਾ ਵੱਖਰਾ ਕੈਡਰ ਤਿਆਰ ਕਰੇਗਾ। ਜੇਕਰ ਸਿੱਖਿਆ ਵਿਭਾਗ ਮੌਜ਼ੂਦਾ ਕਰਮਚਾਰੀਆਂ ਨੂੰ ਆਪਣੇ ਕੈਡਰ ਤੋਂ ਫ਼ਾਰਗ ਕਰਦੇ ਹੋਏ ਉੱਚ ਸਿੱਖਿਆ ਵਿਭਾਗ ਦੇ ਨਵੇਂ ਕੈਡਰ ਵਿੱਚ ਭੇਜਣ ਲਈ ਤਿਆਰ ਹੋਇਆ ਤਾਂ ਉੱਚ ਸਿੱਖਿਆ ਵਿਭਾਗ ਉਨ੍ਹਾਂ ਕਰਮਚਾਰੀਆਂ ਨੂੰ ਆਪਣੇ ਕੈਡਰ ਵਿੱਚ ਲੈਣ ਲਈ ਵੀ ਤਿਆਰ ਹੈ। ਇਸ ਸਬੰਧੀ ਉੱਚ ਸਿੱਖਿਆ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਫਰਵਰੀ ਦੇ ਦੂਜੇ ਹਫ਼ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਆਖ਼ਰੀ ਇਜਾਜ਼ਤ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਕੇਸ ਭੇਜ ਦਿੱਤਾ ਜਾਏਗਾ, ਜਿੱਥੇ ਕਿ ਕੈਬਨਿਟ ਵਿੱਚੋਂ ਇਜਾਜ਼ਤ ਮਿਲਦੇ ਸਾਰ ਹੀ ਉੱਚ ਸਿੱਖਿਆ ਵਿਭਾਗ ਆਪਣਾ ਵੱਖਰਾ ਕੈਡਰ ਤਿਆਰ ਕਰ ਦੇਵੇਗਾ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਹਾਕਿਆਂ ਤੋਂ ਉੱਚ ਸਿੱਖਿਆ ਵਿਭਾਗ ਦਾ ਕੰਮਕਾਜ ਚਲਾਉਣ ਲਈ ਮੁੱਖ ਦਫ਼ਤਰ ਚੰਡੀਗੜ੍ਹ ਦੇ ਨਾਲ ਹੀ ਸਰਕਾਰੀ ਕਾਲਜਾਂ ਵਿੱਚ ਮਨਿਸਟਰੀਅਲ ਸਟਾਫ਼ ਨੂੰ ਸਿੱਖਿਆ ਵਿਭਾਗ ਵੱਲੋਂ ਭੇਜਿਆ ਜਾਂਦਾ ਸੀ ਅਤੇ ਉਨ੍ਹਾਂ ਸਾਰੇ ਕਰਮਚਾਰੀਆਂ ਦੀ ਹਰ ਤਰ੍ਹਾਂ ਦੀ ਕਮਾਨ ਉੱਚ ਸਿੱਖਿਆ ਵਿਭਾਗ ਕੋਲ ਰਹਿਣ ਦੀ ਥਾਂ ‘ਤੇ ਸਿੱਖਿਆ ਵਿਭਾਗ ਕੋਲ ਹੀ ਰਹਿੰਦੀ ਸੀ। ਜਿਸ ਕਾਰਨ ਕਈ ਤਰ੍ਹਾਂ ਦਾ ਕੰਮਕਾਜ ਕਰਨ ਵਿੱਚ ਦਿੱਕਤ ਆ ਰਹੀ ਸੀ ਤਾਂ ਫਾਈਲਾਂ ਨਿਪਟਾਉਣ ਦਾ ਕੰਮ ਵੀ ਕਾਫ਼ੀ ਜਿਆਦਾ ਦੇਰੀ ਨਾਲ ਚਲਦਾ ਸੀ। ਜਿਸ ਨਾਲ ਖ਼ੁਦ ਉੱਚ ਸਿੱਖਿਆ ਵਿਭਾਗ ਦੇ ਅਧਿਕਾਰੀ ਸਣੇ ਮਨਿਸਟਰੀਅਲ ਸਟਾਫ਼ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਹ ਸਾਰਾ ਕੁਝ ਅੱਜ ਕੱਲ੍ਹ ਨਹੀਂ ਸਗੋਂ ਪਿਛਲੇ ਕਈ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ। ਕੁਝ ਮਹੀਨੇ ਪਹਿਲਾਂ ਹੀ ਉੱਚ ਸਿੱਖਿਆ ਵਿਭਾਗ ਦੀ ਮੰਤਰੀ ਬਣੀ ਰਜ਼ੀਆ ਸੁਲਤਾਨਾ ਨੇ ਹੁਣ ਸਿੱਖਿਆ ਵਿਭਾਗ ਨਾਲ ਇਸ ਕਈ ਦਹਾਕੇ ਦੇ ਰਿਸ਼ਤੇ ਨੂੰ ਤੋੜਨ ਦਾ ਫੈਸਲਾ ਕਰ ਲਿਆ ਹੈ। ਇਸ ਲਈ ਉਨ੍ਹਾਂ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰਦੇ ਹੋਏ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਆਪਣਾ ਵੱਖਰਾ ਕੈਡਰ ਬਣਾਉਣ ਲਈ ਕਹਿ ਦਿੱਤਾ ਹੈ। ਜਿਸ ਵਿੱਚ ਉੱਚ ਸਿੱਖਿਆ ਵਿਭਾਗ ਦਾ ਹਰ ਤਰ੍ਹਾਂ ਦਾ ਸਾਰਾ ਸਟਾਫ਼ ਹੋਏਗਾ, ਜਿਹੜਾ ਕਿ ਹੁਣ ਤੱਕ ਸਿੱਖਿਆ ਵਿਭਾਗ ਤੋਂ ਲੈਣਾ ਪੈ ਰਿਹਾ ਸੀ।
ਸਿੱਖਿਆ ਵਿਭਾਗ ਨਾਲ ਉੱਚ ਸਿੱਖਿਆ ਵਿਭਾਗ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਫਰਵਰੀ ਦੇ ਦੂਜੇ ਹਫ਼ਤੇ ਇਸ ਸਬੰਧੀ ਹੋਰ ਮੀਟਿੰਗ ਹੋਣ ਜਾ ਰਹੀ ਹੈ, ਜਿਥੇ ਕਿ ਇਸ ਸਬੰਧੀ ਫੈਸਲਾ ਕਰਦੇ ਹੋਏ ਆਖ਼ਰੀ ਫੈਸਲੇ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਫਾਈਲ ਭੇਜ ਦਿੱਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top