ਲੈਫ਼: ਜਨਰਲ ਹੀਰਾ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਖੁਸ਼ਵੀਰ ਸਿੰਘ ਤੂਰ ਪਟਿਆਲਾ,
ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਅੱਜ ਸੇਵਾਮੁਕਤ ਲੈਫ਼. ਜਨਰਲ ਨਰਿੰਦਰਪਾਲ ਸਿੰਘ ਹੀਰਾ ਨੇ ਸੰਭਾਲ ਲਿਆ ਹੈ। ਉਨ੍ਹਾਂ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਉਹ ਪੰਜਾਬ ਲੋਕ ਸੇਵਾ ਕਮਿਸ਼ਨ ਵਿੱਚ ਪੂਰੀ ਤਰ੍ਹਾਂ ਪਾਰਦਰਸ਼ਿਤਾ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਕਾਇਮ ਰੱਖੇਗਾ।  ਜਨਰਲ ਹੀਰਾ ਪੰਜਾਬ ਦੇ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਨ੍ਹਾਂ ਆਪਣੀ ਸਕੂਲੀ ਵਿੱਦਿਆ ਰੋਪੜ ਜ਼ਿਲ੍ਹੇ ਵਿੱਚ ਹੀ ਪ੍ਰਾਪਤ ਕੀਤੀ। 1974  ਵਿੱਚ ਪਹਿਲੀ ਕੋਸ਼ਿਸ਼ ਵਿਚ ਹੀ ਐਨ ਡੀ ਏ ਵਿੱਚ ਦਾਖਲਾ ਲੈ ਕੇ ਫੌਜ ਦੇ ਡਿਪਟੀ ਮੁਖੀ ਬਣੇ।  ਜਨਰਲ ਹੀਰਾ ਵਲੋਂ 1978 ਵਿੱਚ ਦੇਹਰਾਦੂਨ ਦੀ ਮਿਲਟਰੀ ਅਕਾਦਮੀ ‘ਚੋਂ ਸਫਲਤਾ ਹਾਸਿਲ ਕੀਤੀ। ਫੌਜ ਦੇ ਆਪਣੇ ਕਾਰਜ ਕਾਲ ਦੌਰਾਨ ਕਈ ਅਹਿਮ ਜ਼ਿੰਮੇਵਾਰੀਆਂ ਵੀ ਨਿਭਾਈਆਂ ਅਤੇ ਕਈ ਤਮਗਾ ਵੀ ਹਾਸਿਲ ਕੀਤੇ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਉਹ ਡਿਪਟੀ ਆਰਮੀ ਮੁਖੀ, ਆਰਮੀ ਹੈੱਡ ਕੁਆਰਟਰ ਵਿਖੇ ਤਾਇਨਾਤ ਸਨ ਅਤੇ ਬੀਤੇ ਦਿਨੀ ਹੀ ਉਨ੍ਹਾਂ ਨੇ ਸਮ੍ਹੇ ਤੋਂ ਪਹਿਲਾਂ ਰਿਟਾਇਰਮੈਂਟ ਲਈ ਹੈ।