ਲੇਖ

ਸੁਲੱਖਣੀ ਸੋਚ ਦਾ ਸਬੂਤ ਹੈ ਸਰਬਸੰਮਤੀ ਨਾਲ ਚੁਣਨੀ ਪਿੰਡ ਦੀ ਪੰਚਾਇਤ

Honesty, Evidence, Unanimously, Elected, Village, Panchayat

ਪਿੰਡਾਂ ਵਿਚਲੀਆਂ ਸਰਪੰਚੀ ਦੀਆਂ ਚੋਣਾਂ ਦਾ ਵਿਗ਼ਲ ਵੱਜ ਚੁੱਕਾ ਹੈ। ਇਹ ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਪਿੰਡਾਂ ‘ਚ ਵਿਆਹ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ ਕਿਉਂਕਿ ਚੋਣਾਂ ਜਿੱਤਣ ਲਈ ਹਰ ਤਰ੍ਹਾਂ ਦੇ ਵਸੀਲੇ ਅਪਣਾਏ ਜਾਣਗੇ। ਵੋਟਾਂ ਆਪਣੇ ਹੱਕ ਵਿੱਚ ਭੁਗਤਾਉਣ ਲਈ ਵੱਡੀ ਪੱਧਰ ‘ਤੇ ਨਸ਼ਿਆਂ ਦੀ ਵਰਤੋਂ ਕੀਤੀ ਜਾਵੇਗੀ। ਭਾਵੇਂ ਕਿ ਨਸ਼ਿਆਂ ਨੇ ਸਾਡਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਪ੍ਰੰਤੂ ਫਿਰ ਵੀ ਇੱਥੇ ਆ ਕੇ ਸਭ ਨੂੰ ਸਾਰੀਆਂ ਗੱਲਾਂ ਦਾ ਚੇਤਾ ਭੁੱਲ ਜਾਂਦਾ ਹੈ। ਜਦਕਿ ਕੁਝ ਸਮਾਂ ਪਹਿਲਾਂ ਅਨੇਕਾਂ ਗੱਭਰੂਆਂ ਦੇ ਚਿੱਟੇ ਨਾਲ ਮਰ ਜਾਣ ਦੀਆਂ ਵਧੀਆਂ ਖ਼ਬਰਾਂ ਨੇ ਹਰ ਪਾਸੇ ਤਰਥੱਲੀ ਮਚਾਈ ਸੀ ਪਰ ਸਾਡੇ ਲੋਕਾਂ ਦਾ ਚੇਤਾ ‘ਮੁੱਠੀ ‘ਚ ਪਈ ਰੇਤ ਵਾਂਗ ਹੈ’ ਜੋ ਥੋੜ੍ਹੇ ਸਮੇਂ ਬਾਅਦ ਦਿਮਾਗ ਵਿੱਚੋਂ ਵਿੱਸਰ ਜਾਂਦਾ ਹੈ। ਭਾਵੇਂ ਕਿ ਉਸ ਸਮੇਂ ਕਈ ਪਿੰਡਾਂ ਦੇ ਲੋਕਾਂ ਨੇ ਫ਼ੈਸਲਾ ਵੀ ਕੀਤਾ ਸੀ ਕਿ ਸਾਡੇ ਪਿੰਡ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜਿਨ੍ਹਾਂ ਲੋਕਾਂ ਦੁਆਰਾ ਉਪਰੋਕਤ ਗੱਲਾਂ ਮੁੱਖ ਰੱਖ ਕੇ ਆਪਣੇ ਪਿੰਡਾਂ ‘ਚ ਨਸ਼ੇ ਵਰਤਾਉਣ ਖਿਲਾਫ਼ ਮਤੇ ਪਾਏ ਸਨ ਉਨ੍ਹਾਂ ‘ਤੇ ਕਾਇਮ ਰਹਿਣਗੇ ਜਾਂ ਫਿਰ ਇਹ ਸਭ ਬੀਤੇ ਦੀ ਬਾਤ ਬਣੇਗਾ?

ਜਿੱਥੇ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਕਰਕੇ ਪੰਜਾਬ ਨੂੰ ਬਚਾਉਣ ਲਈ ਕੀਤੀਆਂ ਜਾਂਦੀਆਂ ਗੱਲਾਂ ਦੀ ਖੂਬ ਖਿੱਲੀ ਉਡਾਈ ਜਾਂਦੀ ਹੈ, Àੁੱਥੇ ਹੀ ਆਪਸੀ ਭਾਈਚਾਰਕ ਸਾਂਝ ਨੂੰ ਵੀ ਸੰਨ੍ਹ ਲੱਗਦੀ ਹੈ। ਜਿਹੜੇ ਪਿੰਡ ਆਪਸੀ ਭਾਈਚਾਰਕ ਸਾਂਝਾਂ ਦੇ ਪ੍ਰਤੀਕ ਸਨ, ਹੁਣ ਉਹੀ ਪਿੰਡ ਇਨ੍ਹਾਂ ਚੋਣਾਂ ਨੇ ਲੜਾਈਆਂ-ਝਗੜਿਆਂ ਦਾ ਕੇਂਦਰ ਬਣਾ ਦਿੱਤੇ ਹਨ, ਕਿਉਂਕਿ ਪਾਰਟੀਬਾਜ਼ੀ ਕਾਰਨ ਆਪਸ ਵਿਚ ਖਹਿਬੜਦੇ ਰਹਿੰਦੇ ਹਨ। ਪਿਛਲੀ ਵਾਰ ਤਾਂ ਇਹ ਵੀ ਦੇਖਣ ਵਿੱਚ ਆਇਆ ਸੀ ਕਿ ਆਪਸੀ ਸਕੇ-ਸਬੰਧੀ ਹੀ ਇੱਕ-ਦੂਜੇ ਦੇ ਖਿਲਾਫ਼ ਚੋਣਾਂ ‘ਚ ਖੜ੍ਹੇ ਸਨ। ਜਦੋਂ ਚੋਣਾਂ ਦੌਰਾਨ ਇੱਕ ਦੂਸਰੇ ਖਿਲਾਫ਼ ਚੋਣਾਂ ਲੜਨਗੇ ਤਾਂ ਫਿਰ ਆਪਸ ‘ਚ ਵੈਰ-ਵਿਰੋਧ ਪੈਣਾ ਤਾਂ ਸੁਭਾਵਿਕ ਹੀ ਹੈ। ਜੇਕਰ ਪਿਛਲੇ ਸਮਿਆਂ ਵੱਲ ਝਾਤ ਮਾਰੀਏ ਤਾਂ ਅਜਿਹੀਆਂ ਕੋਈ ਚੋਣਾਂ ਨਹੀਂ ਲੰਘੀਆਂ ਜਿਸ ਵਿੱਚ ਕੋਈ ਖੂਨ-ਖਰਾਬਾ ਨਾ ਹੋਇਆ ਹੋਵੇ। ਕਈ ਕੀਮਤੀ ਜਾਨਾਂ ਤੱਕ ਵੀ ਜਾ ਚੁੱਕੀਆਂ ਹਨ। ਹਰ ਵਾਰ ਖਾਸਕਰ ਵੋਟਾਂ ਵਾਲੇ ਦਿਨ ਤਾਂ ਅਮਨ-ਸ਼ਾਂਤੀ ਜ਼ਰੂਰ ਭੰਗ ਹੁੰਦੀ ਹੀ ਹੈ। ਭਾਵੇਂ ਕਿ ਰਾਜਸੀ ਪਾਰਟੀਆਂ ਵਾਲੇ ਵੱਡੇ ਲੀਡਰ ਆਪਸ ‘ਚ ਘਿਓ-ਖਿਚੜੀ ਹੋਈ ਜਾਂਦੇ ਹਨ ਪ੍ਰੰਤੂ ਹੇਠਲੇ ਪੱਧਰ ‘ਤੇ ਪਾਰਟੀਬਾਜ਼ੀ ‘ਚ ਉਲਝ ਕੇ ਲੜਦੇ ਰਹਿੰਦੇ ਹਨ। ਜਿਹੜੇ ਪਿੰਡ ਇਸ ਕਹਾਵਤ ਨਾਲ ਪ੍ਰਸਿੱਧ ਸਨ ਕਿ ‘ਪਿੰਡਾਂ ਵਿੱਚ ਰੱਬ ਵੱਸਦਾ’ ਹੁਣ ਇਸ ਕਹਾਵਤ ਨੂੰ ਚੋਣਾਂ ਕਾਰਨ ਪਈਆਂ ਵੰਡੀਆਂ ਨੇ ਝੂਠਾ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਉਪਰੋਕਤ ਦਰਸਾਏ ਮਾਹੌਲ ਨੇ ਪਿੰਡਾਂ ਦਾ ਸਾਰਾ ਢਾਂਚਾ ਉਥਲ-ਪੁਥਲ ਕਰਕੇ ਰੱਖ ਦਿੱਤਾ ਹੈ, ਉੱਥੇ ਹੀ ਉਨ੍ਹਾਂ ਪਿੰਡਾਂ ਦੀ ਸੁਲੱਖਣੀ ਸੋਚ ਨੂੰ ਸਲਾਮ ਕਰਨੀ ਬਣਦੀ ਹੈ ਜਿਨ੍ਹਾਂ ਪਿੰਡਾਂ ਦੇ ਲੋਕ ਆਪਣੇ ਪਿੰਡ ‘ਚ ਸਰਬਸੰਮਤੀ ਨਾਲ ਪੰਚਾਇਤ ਚੁਣਨ ਨੂੰ ਪਹਿਲ ਦੇ ਰਹੇ ਹਨ। ਇਸ ਵਾਰ ਕਈ ਪਿੰਡਾਂ ‘ਚੋਂ ਪੰਚਾਇਤ ਸਰਬਸੰਮਤੀ ਨਾਲ ਚੁਣਨ ਦੀਆਂ ਆ ਰਹੀਆਂ ਚੰਗੀਆਂ ਖ਼ਬਰਾਂ ਤੋਂ ਹਰ ਬੁੱਧੀਮਾਨ ਇਨਸਾਨ ਖੁਸ਼ ਦਿਖਾਈ ਦੇ ਰਿਹਾ ਹੈ, ਕਿਉਂਕਿ ਜਿਹੜਾ ਪੰਜਾਬ ਖੁਸ਼ਹਾਲੀ ਦਾ ਪ੍ਰਤੀਕ ਸੀ ਅੱਜ ਉਹ ਪੰਜਾਬ ਆਪਣੀ ਖੁਸ਼ਹਾਲੀ ਗੁਆਉਂਦਾ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਪਿੰਡਾਂ ‘ਚ ਅਜਿਹੇ ਲੋਕ ਮੌਜੂਦ ਹਨ ਜਿਹੜੇ ਅੱਜ ਵੀ ਬਿਨਾ ਚੋਣ ਲੜੇ ਆਪਸੀ ਸਹਿਮਤੀ ਬਣਾ ਕੇ ਸਰਪੰਚ, ਪੰਚ ਚੁਣ ਰਹੇ ਹਨ ਉਨ੍ਹਾਂ ਦੀ ਸਮੂਹਿਕ ਤੌਰ ‘ਤੇ ਤਾਰੀਫ਼ ਕਰਨੀ ਬਣਦੀ ਹੈ। ਇਨ੍ਹਾਂ ਲੋਕਾਂ ਤੋਂ ਇਹ ਉਮੀਦ ਲਾਉਣੀ ਕੋਈ ਔਖੀ ਨਹੀਂ ਕਿ ਇਹ ਲੋਕ ਤਰੱਕੀ ਨਹੀਂ ਕਰਨਗੇ। ਜਦੋਂ ਇਹ ਲੋਕ ਆਪਣੇ ਪਿੰਡ ਦੀ ਖੁਸ਼ਹਾਲੀ ਲਈ ਇੱਕ ਮੰਚ ‘ਤੇ ਇਕੱਤਰ ਹੋ ਕੇ ਫ਼ੈਸਲਾ ਕਰਨਗੇ ਤਾਂ ਇਹ ਸੁਭਾਵਿਕ ਹੈ ਕਿ ਸਾਰੇ ਫੈਸਲੇ ਲੋਕਾਂ ਦੀ ਭਲਾਈ ਲਈ ਸਾਰਥਿਕ ਸਿੱਧ ਹੋਣਗੇ, ਕਿਉਂਕਿ ਚੋਣਾਂ ਜਿੱਤਣ ਵਾਸਤੇ ਵੱਖ-ਵੱਖ ਉਮੀਦਵਾਰਾਂ ਵੱਲੋਂ ਆਪਣੀ ਹੈਸੀਅਤ ਨਾਲੋਂ ਵਧ ਕੇ ਕੀਤਾ ਜਾਣ ਵਾਲਾ ਬਚਿਆ ਖਰਚ ਆਪਣੇ ਪਿੰਡ ਦੀ ਭਲਾਈ ਲਈ ਖਰਚਿਆ ਜਾ ਸਕਦਾ ਹੈ। ਹੁਣ ਲੋਕਾਂ ਵੱਲੋਂ ਪਿੰਡਾਂ ਦੀਆਂ ਚੋਣਾਂ ਪਹਿਲਾਂ ਨਾਲੋਂ ਕਿਤੇ ਵਧ ਖਰਚੀਲੀਆਂ ਬਣਾ ਦਿੱਤੀਆਂ ਗਈਆਂ ਹਨ। ਲੱਖਾਂ ਰੁਪਏ ਅਜਾਈਂ ਰੋੜ੍ਹਨ ਦੀ ਬਜਾਏ ਜੇਕਰ ਸਹਿਮਤੀ ਪ੍ਰਗਟਾ ਕੇ ਪੰਚਾਇਤਾਂ ਚੁਣੀਆਂ ਜਾਣ ਤਾਂ ਇਸ ਤੋਂ ਚੰਗੀ ਗੱਲ ਕੋਈ ਨਹੀਂ ਹੋਵੇਗੀ, ਕਿਉਂਕਿ ਅਸੀਂ ਆਪਣੀਆਂ ਕਿੜਾਂ ਕੱਢਣ ਦੇ ਚੱਕਰ ‘ਚ ਪਿੰਡਾਂ ਨੂੰ ਵਿਕਾਸ ਪੱਖੋਂ ਪਿਛਾਂਹ ਵੱਲ ਧੱਕ ਦਿੱਤਾ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜ ਪਿੰਡਾਂ ਅੰਦਰ ਸਿਹਤ ਤੇ ਸਿੱਖਿਆ ਸਹੂਲਤਾਂ ਦਾ ਕੀ ਹਾਲ ਹੈ ਕਿਸੇ ਤੋਂ ਛੁਪਿਆ ਨਹੀਂ ਹੈ। ਜੇਕਰ ਇੱਕਜੁੱਟ ਹੋ ਕੇ ਪਿੰਡਾਂ ਦੀ ਭਲਾਈ ਲਈ ਕਾਰਜ ਆਰੰਭੇ ਜਾਣ ਤਾਂ ਚੰਗੇ ਨਤੀਜੇ ਮਿਲ ਸਕਦੇ ਹਨ।

ਜਿਹੜੇ ਲੋਕ ਨਸ਼ਿਆਂ ਦੇ ਲਾਲਚ ਵੱਸ ਆਪਣੇ ਵੋਟ ਦਾ ਅਧਿਕਾਰ ਵਿਅਰਥ ਗਵਾਉਂਦੇ ਹਨ ਉਨ੍ਹਾਂ ਨੂੰ ਆਪਣੇ ਅਧਿਕਾਰ ਦੇ ਅਰਥ ਸਮਝਣ ਦੀ ਲੋੜ ਹੈ ਕਿਉਂਕਿ ਜਿਹੜੇ ਉਮੀਦਵਾਰ ਵਾਧੂ ਖਰਚ ਕਰਕੇ ਵੋਟਾਂ ਜਿੱਤਣਗੇ ਉਹ ਕਦੇ ਲੋਕਾਂ ਦਾ ਕੁੱਝ ਸੰਵਾਰਨ ਵਿੱਚ ਦਿਲਚਸਪੀ ਨਹੀਂ ਰੱਖਣਗੇ। ਉਹ ਲੋਕਾਂ ਦੀ ਨਬਜ਼ ਪਛਾਣ ਚੁੱਕੇ ਹੁੰਦੇ ਹਨ ਕਿ ਪਹਿਲਾਂ ਕੀਤੇ ਕੰਮਾਂ ਦੀ ਕਦਰ ਨਹੀਂ ਪੈਂਦੀ। ਚੋਣਾਂ ਮੌਕੇ ਵਰਤਾਏ ਨਸ਼ਿਆਂ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਦਿੱਤੇ ਲਾਲਚਾਂ ਕਾਰਨ ਹੀ ਵੋਟਾਂ ਪੈਂਦੀਆਂ ਹਨ ਜਿਸ ਨਾਲ ਉਹ ਲੋਕ ਭਲਾਈ ਲਈ ਕਾਰਜਾਂ ਨੂੰ ਤਰਜੀਹ ਦੇਣ ਵਿੱਚ ਬਹੁਤ ਦਿਲਚਸਪੀ ਨਹੀਂ ਲੈਂਦੇ। ਜਿਸ ਕਾਰਨ ਇੱਕ ਵਾਰ ਲਾਲਚ ਪਿੱਛੇ ਪਾਈਆਂ ਵੋਟਾਂ ਬਦਲੇ ਪੂਰੇ ਪੰਜ ਸਾਲ ਸਿਵਾਏ ਪਛਤਾਵੇ ਦੇ ਪੱਲੇ ਕੁੱਝ ਨਹੀਂ ਪੈਂਦਾ। ਇਸ ਲਈ ਆਪਣੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਲਾਲਚ ਪਿੱਛੇ ਵੋਟਾਂ ਪਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਇੱਥੇ ਇਹ ਗੱਲ ਵੀ ਬਹੁਤ ਸਮਝਣ ਵਾਲੀ ਹੈ ਕਿ ਜੇਕਰ ਅਸੀਂ ਜਿਸ ਉਮੀਦਵਾਰ ਤੋਂ ਕੁਝ ਲੈ ਕੇ ਵੋਟ ਪਾਈ ਹੋਊ ਤਾਂ ਉਹ ਉਮੀਦਵਾਰ ਜਿੱਤਣ ਉਪਰੰਤ ਹਮੇਸ਼ਾ ਅਹਿਸਾਨ ਜਿਤਾਉਂਦਾ ਰਹੇਗਾ ਕਿ ਮੈਂ ਤਾਂ ਵੋਟਾਂ ਮੁੱਲ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਨਾ ਕਿ ਲੋਕਾਂ ਦੇ ਖ਼ੁਦ ਦੁਆਰਾ ਪਾਈ ਵੋਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਬਾਕੀ ਜੋ ਹੁਣ ਸਰਬਸੰਮਤੀ ਨਾਲ ਪੰਚਾਇਤ ਚੁਣਨ ਦਾ ਰੁਝਾਨ ਵਧਿਆ ਹੈ। ਇਸ ਨੂੰ ਇੱਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਕਿ ਹਰੇਕ ਪਿੰਡ ਅੰਦਰ ਇਸ ਤਰ੍ਹਾਂ ਹੀ ਪੰਚਾਇਤ ਚੁਣੀ ਜਾਵੇ। ਜਿਸ ਨਾਲ ਸਾਡੇ ਪਿੰਡਾਂ ਦੀ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਨਸ਼ਿਆਂ ਰੂਪੀ ਵਿਛਾਏ ਜਾਂਦੇ ਜਾਲ ਤੋਂ ਬਚ ਸਕੀਏ। ਬਾਕੀ ਸਰਕਾਰਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਲੋਕ ਇਸ ਪਾਸੇ ਵੱਲ ਪ੍ਰੇਰਿਤ ਹੋਣ।

ਧਨੌਲਾ, ਬਰਨਾਲਾ

ਮੋ. 97810-48055

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top