ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?

ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਤੇ ਫਾਰਮ ਦੀ ਸ਼ੁਰੂਆਤ ਕਿਵੇਂ ਕਰੀਏ?

ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਦੇ ਨਾਲ ਹੋਰਨਾਂ ਧੰਦਿਆਂ ਵਾਂਗ ਸਹਾਇਕ ਧੰਦੇ ਵਜੋਂ ਸ਼ਹਿਦ ਦੀ ਮੱਖੀ ਪਾਲਣ ਦਾ ਕੰਮ ਵੀ ਚਲਾਇਆ ਗਿਆ ਸੀ। ਜਿਸ ਦੌਰਾਨ ਕਿਸਾਨ 10-20 ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਆਪਣੇ ਖੇਤਾਂ ’ਚ ਰੱਖਦੇ ਸਨ ਅਤੇ ਸਾਲ ਵਿੱਚ ਵਿਹਲੇ ਸਮੇਂ ਦੀ ਵਰਤੋਂ ਕਰਨ ਦੇ ਮਕਸਦ ਨਾਲ ਸ਼ਹਿਦ ਕੱਢ ਕੇ ਵੇਚ ਦਿੰਦੇ ਸਨ। ਪਰ ਸਾਲ 2000 ਤੋਂ ਬਾਅਦ ਇਸ ਧੰਦੇ ਵਿੱਚ ਬਹੁਤ ਵੱਡੀ ਤਬਦੀਲੀ ਆਉਣ ਕਰਕੇ ਇਸ ਨੂੰ ਕਿਸਾਨਾਂ ਅਤੇ ਹੋਰ ਲੋਕਾਂ ਨੇ ਵਪਾਰਕ ਤੌਰ ’ਤੇ ਅਪਣਾ ਲਿਆ। ਜਿਸ ਸਦਕਾ ਵੱਡੇ-ਵੱਡੇ ਸ਼ਹਿਦ ਦੀ ਮੱਖੀ ਫਾਰਮ ਖੁੱਲ੍ਹਣੇ ਸ਼ੁਰੂ ਹੋ ਗਏ।

ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਰੱਖੇ ਜਾਣ ਲੱਗੇ ਅਤੇ ਸ਼ਹਿਦ ਪੰਜਾਬ ਤੋਂ ਬਾਹਰ ਦੂਸਰੇ ਰਾਜਾਂ ਨੂੰ ਸਪਲਾਈ ਹੋਣ ਲੱਗ ਪਿਆ।ਮੱਖੀ ਪਾਲਣ ਦੀ ਸੁਰੂਆਤ: ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਫਰਵਰੀ/ਮਾਰਚ ਅਤੇ ਸਤੰਬਰ/ਅਕਤੂਬਰ ਦੇ ਮਹੀਨਿਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਆਮ ਤੌਰ ’ਤੇ ਫਰਵਰੀ-ਮਾਰਚ ਦਾ ਮਹੀਨਾ ਹੀ ਠੀਕ ਮੰਨਿਆ ਜਾਂਦਾ ਹੈ ਕਿਉਂਕਿ ਬਹਾਰ ਰੁੱਤ ਹੋਣ ਕਰਕੇ ਫੁੱਲਾਂ ਦੀ ਬਹੁਤਾਤ ਹੁੰਦੀ ਹੈ ਅਤੇ ਸ਼ਹਿਦ ਦੀਆਂ ਮੱਖੀਆਂ ’ਚ ਪਰਿਵਾਰਕ ਵਾਧਾ ਹੋਣ ਦੇ ਨਾਲ ਹੀ ਸ਼ਹਿਦ ਦੀ ਆਮਦ ਵੀ ਖੂਬ ਹੁੰਦੀ ਹੈ। ਛੋਟੇ ਪੱਧਰ ’ਤੇ ਧੰਦਾ ਸ਼ੁਰੂ ਕਰਨ ਲਈ 10 ਬਕਸੇ ਰੱਖਣੇ ਚਾਹੀਦੇ ਹਨ। ਜੇਕਰ ਵੱਡੇ ਪੱਧਰ ’ਤੇ ਸ਼ੁਰੂਆਤ ਕਰਨੀ ਹੋਵੇ ਤਾਂ 50 ਜਾਂ 100 ਬਕਸੇ ਵੀ ਰੱਖੇ ਜਾ ਸਕਦੇ ਹਨ।

ਸ਼ਹਿਦ ਦੀ ਮੱਖੀ ਪਾਲਣ ਲਈ ਸਰਕਾਰ ਵੱਲੋਂ ਸਬਸਿਡੀ ਅਤੇ ਬੈਕਾਂ ਵੱਲੋਂ ਕਰਜੇ ਵੀ ਦਿੱਤੇ ਜਾਂਦੇ ਹਨ। ਸ਼ਹਿਦ ਦੀ ਮੱਖੀ ਦੀਆਂ ਕਿਸਮਾਂ: ਸ਼ਹਿਦ ਦੀ ਮੱਖੀ ਨਾਲ ਸਬੰਧਤ ਸਾਡੇ ਦੇਸ਼ ਅੰਦਰ ਪਹਿਲਾਂ ਦੋ ਕਿਸਮ ਦੀਆਂ ਮੱਖੀਆਂ ਆਮ ਵੇਖੀਆਂ ਜਾਂਦੀਆਂ ਸਨ। ਜਿਨ੍ਹਾਂ ਵਿੱਚ ਇੱਕ ਝਾੜੀਆਂ/ ਡੱਕਿਆਂ/ ਛਟੀਆਂ/ ਬੇਰੀਆਂ ਆਦਿ ਵਰਗੇ ਰੁੱਖਾਂ ’ਤੇ ਸ਼ਹਿਦ ਬਣਾਉਣ ਵਾਲੀ ਛੋਟੀ ਮੱਖੀ ਜਿਹੜੀ ਹੁਣ ਬਹੁਤ ਘੱਟ ਥਾਵਾਂ ’ਤੇ ਨਜ਼ਰ ਆਉਂਦੀ ਹੈ ਕਿਉਂਕਿ ਕੀੜੇਮਾਰ ਦਵਾਈਆਂ ਅਤੇ ਝਾੜੀਆਂ ਆਦਿ ਦਾ ਸਫਾਇਆ ਹੋਣ ਕਾਰਨ ਕਿਤੇ-ਕਿਤੇ ਹੀ ਇਹ ਮੱਖੀ ਨਜ਼ਰ ਆੳਂੁਦੀ ਹੈ। ਜਿਸ ਰਾਹੀਂ ਲੋਕ ਆਪਣੀ ਘਰੇਲੂ ਵਰਤੋਂ ਲਈ ਸ਼ਹਿਦ ਪ੍ਰਾਪਤ ਕਰਦੇ ਸਨ।

ਦੂਸਰੀ ਕਿਸਮ ਨੂੰ ਖੱਡੂ ਮਖਿਆਲ ਕਿਹਾ ਜਾਂਦਾ ਹੈ । ਇਸ ਕਿਸਮ ਦੀ ਮੱਖੀ ਆਮ ਤੌਰ ’ਤੇ ਹਨ੍ਹੇਰੇ ਵਿੱਚ ਸ਼ਹਿਦ ਦੀ ਪੈਦਾਵਾਰ ਕਰਦੀ ਹੈ। ਇਸ ਦਾ ਛੱਤਾ ਖਾਲੀ ਪਏ ਮਿੱਟੀ ਦੇ ਘੜੇ, ਟਾਇਰ, ਖੁੱਡਾਂ ਆਦਿ ਵਿੱਚ ਲੱਗਦਾ ਹੈ। ਫਿਰ ਇਸ ਮੱਖੀ ਨੂੰ ਲੱਕੜੀ ਦੇ ਬਕਸਿਆਂ ਅੰਦਰ ਪਾਲਿਆ ਗਿਆ ਪਰ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਮੱਖੀ ਵਪਾਰਕ ਤੌਰ ’ਤੇ ਸ਼ਹਿਦ ਦੀ ਪੈਦਾਵਾਰ ਦੇ ਕਾਬਲ ਨਹੀਂ ਹੈ। ਜਿਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਟੀ ਵੱਲੋਂ ਸਾਲ 1975 ਦੇ ਕਰੀਬ ਇਟਲੀ ਤੋਂ ਇਟਾਲੀਅਨ ਮੱਖੀ ਲਿਆ ਕੇ ਪਾਲਣ ਦੀ ਕੋਸ਼ਿਸ਼ ਕੀਤੀ ਗਈ ਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਰਾਣੀ ਮੱਖੀ ਆਪਣੇ ਪਰਿਵਾਰ ’ਚ ਵਾਧਾ ਕਰਨ ਅਤੇ ਸਾਡੇ ਮੌਸਮ ਵਿੱਚ ਰਹਿਣ ਲੱਗ ਪਈ।

ਜਿਸ ਦੀ ਸ਼ਹਿਦ ਦੀ ਪੈਦਾਵਾਰ ਸਲਾਨਾ 40 ਤੋਂ 50 ਕਿੱਲੋ ਪ੍ਰਤੀ ਬਕਸਾ ਸੀ।ਮੱਖੀਆਂ ਦੀ ਦੇਖ-ਭਾਲ: ਸ਼ਹਿਦ ਦੀਆਂ ਮੱਖੀਆਂ ਦੀ ਦੇਖਭਾਲ ਕਰਨ ਲਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਸਿਰਫ ਮੌਸਮ ਦੇ ਮੁਤਾਬਿਕ ਬਕਸੇ ਧੁੱਪ/ਛਾਂ ਆਦਿ ਵਿੱਚ ਰੱਖਣੇ ਪੈਂਦੇ ਹਨ ਜਾਂ ਫਿਰ ਬਰਸਾਤਾਂ ਦੇ ਮੌਸਮ ਵਿੱਚ ਜੇਕਰ ਬਕਸਿਆਂ ਅੰਦਰ ਸ਼ਹਿਦ ਨਾ ਹੋਵੇ ਤਾਂ ਖੰਡ ਦਾ ਘੋਲ ਰੱਖਣਾ ਪੈਂਦਾ ਹੈ। ਬਕਸਿਆਂ ਦੇ ਨੇੜੇ-ਤੇੜੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਪਾਣੀ ਵਾਲੇ ਭਾਂਡਿਆਂ ਅੰਦਰ ਛੋਟੇ-ਛੋਟੇ ਡੱਕੇ ਸੁੱਟ ਕੇ ਰੱਖਣੇ ਚਾਹੀਦੇ ਹਨ। ਜਿਨ੍ਹਾਂ ’ਤੇ ਬੈਠ ਕੇ ਮੱਖੀਆਂ ਪਾਣੀ ਪੀ ਸਕਦੀਆਂ ਹਨ। ਗਰਮੀ ਦੇ ਮੌਸਮ ਵਿੱਚ ਬਕਸਿਆਂ ਨੂੰ ਰੁੱਖਾਂ ਦੀ ਛਾਂ ਹੇਠ ਅਤੇ ਸਰਦੀ ਦੇ ਮੌਸਮ ਦੌਰਾਨ ਧੁੱਪ ’ਚ ਰੱਖਣੇ ਚਾਹੀਦੇ ਹਨ।

ਜੇਕਰ ਬਕਸੇ ਮੌਸਮ ਦੇ ਅਨੁਕੂਲ ਨਾ ਹੋਣ ਤਾਂ ਮੱਖੀਆਂ ਬਕਸਿਆਂ ਦਾ ਤਾਪਮਾਨ ਬਣਾ ਕੇ ਰੱਖਣ ਲਈ ਮਿਹਨਤ ਕਰਦੀਆਂ ਰਹਿੰਦੀਆਂ ਹਨ ਤੇ ਸ਼ਹਿਦ ਦੀ ਪੈਦਾਵਾਰ ਘਟ ਜਾਂਦੀ ਹੈ। ਜਿਸ ਕਰਕੇ ਮੌਸਮ ਦੇ ਮੁਤਾਬਿਕ ਦੇਖਰੇਖ ਜਰੂਰੀ ਹੈ।ਸ਼ਹਿਦ ਦੀ ਮੱਖੀ ਲਈ ਆਰਥਿਕ ਮੱਦਦ: ਸੂਬੇ ਦੇ ਕਿਸਾਨਾਂ ਨੂੰ ਵੱਖ-ਵੱਖ ਸਹਾਇਕ ਧੰਦਿਆਂ ਨਾਲ ਜੋੜ ਕੇ ਵੱਡੇ ਪੱਧਰ ’ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮਧੂ ਮੱਖੀਆਂ ਪਾਲਣ ਦਾ ਕੰਮ ਕਾਫ਼ੀ ਲਾਹੇਵੰਦ ਹੋਣ ਕਰਕੇ ਕਿਸਾਨਾਂ ਨੂੰ ਖੇਤੀ ਦੇ ਮੁਕਾਬਲੇ ਮਧੂ ਮੱਖੀਆਂ ਦੇ ਕਿੱਤੇ ਨਾਲ ਘੱਟ ਮਿਹਨਤ ਬਦਲੇ ਕਾਫ਼ੀ ਲਾਭ ਹੁੰਦਾ ਹੈ।

ਮਧੂ ਮੱਖੀ ਦੇ 50 ਬਕਸੇ ਖਰੀਦਣ ’ਤੇ ਤਕਰੀਬਨ 2 ਲੱਖ ਰੁਪਏ ਖਰਚਾ ਆਉਂਦਾ ਹੈ, ਜਿਸ ’ਤੇ ਬਾਗਬਾਨੀ ਵਿਭਾਗ ਵੱਲੋਂ 40 ਫ਼ੀਸਦੀ ਦੇ ਹਿਸਾਬ ਨਾਲ 80 ਹਜ਼ਾਰ ਰੁਪਏ ਸਬਸਿਡੀ ਵੱਜੋਂ ਮੁਹੱਈਆ ਕਰਵਾਏ ਜਾਂਦੇ ਹਨ। ਕਿਸਾਨ ਇਨ੍ਹਾਂ ਮੱਖੀਆਂ ਦੇ ਬਕਸਿਆਂ ਨੂੰ ਫੁੱਲਾਂ ਦੇ ਸੀਜਨ ਦੇ ਹਿਸਾਬ ਨਾਲ ਰਾਜਸਥਾਨ, ਯੂ. ਪੀ., ਗੁਜਰਾਤ, ਹਿਮਾਚਲ ਪ੍ਰਦੇਸ਼ ਆਦਿ ਲੈ ਕੇ ਜਾਂਦੇ ਹਨ, ਜਿੱਥੇ ਮੱਖੀਆਂ ਚੰਗੀ ਕਿਸਮ ਦਾ ਸ਼ਹਿਦ ਇਕੱਠਾ ਕਰਦੀਆਂ ਹਨ ਅਤੇ ਇਸ ਸ਼ਹਿਦ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ।

ਮੱਖੀਆਂ ਦੇ ਪਰ-ਪਰਾਗਣ ਕਰਨ ਨਾਲ ਖੇਤੀ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਸਾਲ ਵਿੱਚ ਤਕਰੀਬਨ ਪੰਜ ਵਾਰ ਇੱਕ ਬਕਸੇ ਵਿੱਚੋਂ ਸ਼ਹਿਦ ਕੱਢਿਆ ਜਾਂਦਾ ਹੈ। ਮਧੂ-ਮੱਖੀਆਂ ਵਾਲੇ ਬਕਸੇ ਇੱਕ ਥਾਂ ਤੋਂ ਦੂਜੀ ਥਾਂ ’ਤੇ ਲਿਜਾ ਕੇ ਮਧੂ-ਮੱਖੀਆਂ ਦੇ ਸ਼ਹਿਦ ਬਣਾਉਣ ਦੀ ਸਮਰੱਥਾ ਵਿਚ ਵਾਧਾ ਹੁੰਦਾ ਹੈ ਅਤੇ ਅਜਿਹਾ ਕਰਨ ਨਾਲ 20 ਤੋਂ 25 ਕਿੱਲੋ ਦੇ ਕਰੀਬ ਸ਼ਹਿਦ ਇੱਕ ਬਕਸੇ ਵਿਚੋਂ ਪ੍ਰਾਪਤ ਹੋ ਜਾਂਦਾ ਹੈ। ਸ਼ਹਿਦ ਦੀਆਂ ਮੱਖੀਆਂ ਦੇ ਪੰਜ ਸੌ ਬਕਸਿਆਂ ’ਤੇ 7 ਲੱਖ 85 ਹਜਾਰ ਰੁਪਏ ਦੀ ਸਬਸਿਡੀ ਦੇਣ ਤੋਂ ਬਿਨਾਂ ਕੀਟਨਾਸ਼ਕ ਤੇ ਉੱਲੀਨਾਸ਼ਕ ਦਵਾਈਆਂ ’ਤੇ ਵੀ ਸਬਸਿਡੀ ਦਿੱਤੀ ਜਾਂਦੀ ਹੈ।

ਹੋਰ ਧੰਦਿਆਂ ’ਤੇ ਮਿਲਣ ਵਾਲੀ ਸਬਸਿਡੀ

ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਪਿੰਡਾਂ ਵਿੱਚ ਦੇਸੀ ਨਸਲ ਦੀਆਂ ਗਾਵਾਂ ਦੇ ਯੂਨਿਟ ਸਥਾਪਿਤ ਕਰਨ ਲਈ ਖਾਸ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਹੂਲਤਾਂ ਵਿੱਚ ਦੋ ਹਫਤੇ ਦੀ ਮੁਫਤ ਸਿਖਲਾਈ, ਦੇਸੀ ਨਸਲ ਦੀਆਂ ਗਾਂਵਾਂ ਦੀ ਖਰੀਦ, ਕੈਟਲ ਸ਼ੈੱਡ, ਦੁੱਧ ਚੁਆਈ ਮਸ਼ੀਨ, ਫੋਡਰ ਹਾਰਵੈਸਟਰ ਤੇ ਫੋਰੇਜ ਕਟਰ ’ਤੇ 50 ਪ੍ਰਤੀਸ਼ਤ ਸਬਸਿਡੀ ਮਿਲਦੀ ਹੈ।

ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲਵਾਏ ਜਾਂਦੇ ਹਨ। ਜਿਸ ਤਹਿਤ ਜਨਰਲ ਵਰਗ ਦੇ ਲੋਕਾਂ ਲਈ 40 ਬੱਕਰੀਆਂ ਅਤੇ 2 ਬੱਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੂੰ 33330/- ਰੁਪਏ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਕਿਸਾਨਾਂ ਨੂੰ ਕਣਕ ਝੋਨੇ ਦੇ ਚੱਕਰ ਵਿੱਚੋਂ ਕੱਢ ਕੇ ਨਵੀਂ ਤਕਨੀਕ ਨਾਲ ਸੁਰੱਖਿਅਤ ਖੇਤੀ (ਪ੍ਰੋਟੈਕਟਿਡ ਕਲਟੀਵੇਸ਼ਨ) ’ਤੇ 50 ਫ਼ੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।

ਪੰਜਾਬ ’ਚ ਦਿਨੋ-ਦਿਨ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਤੁਪਕਾ ਸਿੰਚਾਈ ਸਕੀਮ ਤਹਿਤ ਕਿਸਾਨਾਂ ਨੂੰ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਂਦੀ ਹੈ। ਜ਼ਮੀਨਦੋਜ਼ ਪਾਣੀ ਦੀ ਉਚਿਤ ਵਰਤੋਂ ਦੇ ਨਾਲ-ਨਾਲ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਕਰਨ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ ਕਿਸਾਨਾਂ ਦੇ ਖੇਤਾਂ ਵਿੱਚ ਸਾਂਝੇ ਜ਼ਮੀਨਦੋਜ਼ ਨਾਲਿਆਂ ਦੇ ਪ੍ਰੋਜੈਕਟ ਤਿਆਰ ਕਰਨ ਲਈ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ।

ਬ੍ਰਿਸ਼ਭਾਨ ਬੁਜਰਕ,ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ

ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।