ਬਿਨਾਂ ਹਥਿਆਰਾਂ ਤੋਂ ਕਿਵੇਂ ਜੰਗ ਲੜੇਗੀ ਹਰਿਆਣਾ ਵਿਧਾਨ ਸਭਾ, ਵੰਡ ਦਾ ਇੱਕ ਵੀ ਨਹੀਂ ਦਸਤਾਵੇਜ਼ ਮੌਜੂਦ

0
Punjab Vidhan Sabha

ਆਰਟੀਆਈ ਵਿੱਚ ਹੋਇਆ ਖ਼ੁਲਾਸਾ, ਹਵਾ ਵਿੱਚ ਹੀ ਗੱਲਾਂ ਕਰਨ ਵਿੱਚ ਲਗੀ ਹੋਈ ਐ ਹਰਿਆਣਾ ਵਿਧਾਨ ਸਭਾ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਵਿਧਾਨ ਸਭਾ ਕੰਪਲੈਕਸ ਦੇ ਬਟਵਾਰੇ ਨੂੰ ਲੈ ਕੇ ਪੂਰੀ ਤਰਾਂ ਜੰਗ ਲੜਨ ਦੇ ਮੂਡ ਵਿੱਚ ਨਜ਼ਰ ਆ ਰਹੀਂ ਹਰਿਆਣਾ ਵਿਧਾਨ ਸਭਾ ਇਸ ਜੰਗ ਨੂੰ ਕਿਸ ਤਰੀਕੇ ਨਾਲ ਲੜੇਗੀ, ਇਹ ਹੀ ਸਮਝ ਤੋਂ ਬਾਹਰ ਨਜ਼ਰ ਆ ਰਿਹਾ ਹੈ, ਕਿਉਂਕਿ ਇਸ ਜੰਗ ਵਿੱਚ ਇਸਤੇਮਾਲ ਹੋਣ ਵਾਲੇ ਹਰਿਆਣਾ ਵਿਧਾਨ ਸਭਾ ਦੇ ਕੋਲ ਮੌਜੂਦ ਨਹੀਂ ਹਨ। ਸਿੱਧੇ ਢੰਗ ਨਾ ਆਖੀਏ ਤਾਂ ਪੰਜਾਬ-ਹਰਿਆਣਾ ਵਿਧਾਨ ਸਭਾ ਕੰਪਲੈਕਸ ਦੇ ਬਟਵਾਰੇ ਨੂੰ ਲੈ ਕੇ ਹੋਏ ਸਮਝੌਤੇ ਅਤੇ ਬਟਵਾਰੇ ਦੀ ਕਾਪੀ ਹਰਿਆਣਾ ਵਿਧਾਨ ਸਭਾ ਦੇ ਕੋਲ ਮੌਜੂਦ ਹੀ ਨਹੀਂ ਹੈ ਅਤੇ ਨਾ ਹੀ ਇਸ ਬਟਵਾਰੇ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਕੋਲ ਕੋਈ ਇਹੋ ਜਿਹਾ ਦਸਤਾਵੇਜ਼ ਹੈ, ਜਿਸ ਨਾਲ ਇਹ ਸਾਬਤ ਕੀਤਾ ਜਾ ਸਕੇ ਕਿ ਦੋਹੇ ਵਿਧਾਨ ਸਭਾ ਵਿੱਚ ਜਦੋਂ ਬਟਵਾਰਾ ਹੋ ਰਿਹਾ ਸੀ ਤਾਂ ਕਿੰਨੀ ਥਾਂ ਹਰਿਆਣਾ ਦੇ ਹਿੱਸੇ ਆਈ ਸੀ ਅਤੇ ਕਿੰਨੀ ਥਾਂ ਪੰਜਾਬ ਦੇ ਹਿੱਸੇ ਵਿੱਚ ਆਈ ਸੀ।

ਹਰਿਆਣਾ ਵਿਧਾਨ ਸਭਾ ਕੋਲ ਦਸਤਾਵੇਜ਼ ਮੌਜੂਦ ਨਹੀਂ ਹੋਣ ਦੀ ਪੁਸ਼ਟੀ ਕੋਈ ਹੋਰ ਨਹੀਂ ਸਗੋਂ ਹਰਿਆਣਾ ਵਿਧਾਨ ਸਭਾ ਖ਼ੁਦ ਹੀ ਪੁਸ਼ਟੀ ਕਰ ਰਹੀਂ ਹੈ। ਹਰਿਆਣਾ ਵਿਧਾਨ ਸਭਾ ਵਿੱਚ ਮੌਜੂਦ ਦਸਤਾਵੇਜ਼ਾਂ ਦੀ ਕਾਪੀ ਮੰਗਵਾਉਣ ਲਈ ਆਰਟੀਆਈ ਕਾਨੂੰਨ ਦਾ ਸਹਾਰਾ ਲਿਆ ਗਿਆ ਸੀ ਤਾਂ ਕਿ ਇਹ ਜਾਣਕਾਰੀ ਮਿਲ ਸਕੇ ਕਿ ਹਰਿਆਣਾ ਵਿਧਾਨ ਸਭਾ ਵਲੋਂ ਜਿਹੜੀ ਜਿਆਦਾ ਥਾਂ ਦੇਣ ਦੀ ਮੰਗ ਕੀਤੀ ਜਾ ਰਹੀਂ ਹੈ, ਉਸ ਵਿੱਚ ਕਿੰਨੀ ਕੂ ਸਚਾਈ ਹੈ। ਹਰਿਆਣਾ ਵਿਧਾਨ ਸਭਾ ਵਲੋਂ ਆਰਟੀਆਈ ਤਹਿਤ ਭੇਜੇ ਗਏ ਜੁਆਬ ਵਿੱਚ ਸਾਫ਼ ਤੌਰ ‘ਤੇ ਕਿਹਾ ਗਿਆ ਹੈ ਕਿ ਹਰਿਆਣਾ ਵਿਧਾਨ ਸਭਾ ਵਿੱਚ ਇਸ ਤਰਾਂ ਦੀ ਕੋਈ ਜਾਣਕਾਰੀ ਹੀ ਮੌਜੂਦ ਨਹੀਂ ਹੈ।  ਜਿਸ ਦਾ ਸਿੱਧਾ ਮਤਲਬ ਕੱਢਿਆ ਜਾ ਸਕਦਾ ਹੈ ਕਿ ਹਰਿਆਣਾ ਵਿਧਾਨ ਸਭਾ ਕੋਲ ਇਹੋ ਜਿਹਾ ਕੋਈ ਦਸਤਾਵੇਜ਼ ਹੀ ਨਹੀਂ ਹੈ, ਜਿਸ ਰਾਹੀਂ ਉਹ ਅਗਲੀ ਜੰਗ ਨੂੰ ਲੜ ਸਕੇ।

Punjab Vidhan Sabha

ਆਰਟੀਆਈ ਵਿੱਚ ਹੋਏ ਇਸ ਖ਼ੁਲਾਸੇ ਤੋਂ ਬਾਅਦ ਇਹ ਸੁਆਲ ਉੱਠਦਾ ਹੈ ਕਿ ਜਦੋਂ ਹਰਿਆਣਾ ਵਿਧਾਨ ਸਭਾ ਕੋਲ ਇਸ ਤਰਾਂ ਦਾ ਕੋਈ ਦਸਤਾਵੇਜ਼ ਹੀ ਮੌਜੂਦ ਨਹੀਂ ਹੈ ਤਾਂ ਉਹ ਪੰਜਾਬ ਵਿਧਾਨ ਸਭਾ ਨਾਲ ਇਸ ਤਰਾਂ ਦੀ ਵੱਡੀ ਜੰਗ ਕਿਸ ਤਰੀਕੇ ਨਾਲ ਲੜਦੇ ਹੋਏ ਜਿੱਤ ਹਾਸਲ ਕਰ ਪਾਏਗਾ। ਕਿਉਂਕਿ ਸਕੱਤਰ ਪੱਧਰ ‘ਤੇ ਮੀਟਿੰਗ ਦੀ ਗੱਲਬਾਤ ਕੀਤੀ ਜਾਵੇ ਜਾਂ ਫਿਰ ਅਦਾਲਤਾਂ ਵਿੱਚ ਕੇਸ ਲੜਨ ਦੀ ਗੱਲਬਾਤ ਕੀਤੀ ਜਾਵੇ, ਹਰ ਥਾਂ ‘ਤੇ ਇਹ ਦਸਤਾਵੇਜ਼ ਹੀ ਮੁੱਖ ਭੂਮਿਕਾ ਨਿਭਾਉਣ ਵਾਲੇ ਹਨ ਪਰ ਇਸ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਇਹ ਸਾਰੇ ਦਸਤਾਵੇਜ਼ ਹਰਿਆਣਾ ਵਿਧਾਨ ਸਭਾ ਕੋਲ ਮੌਜੂਦ ਹੀ ਨਹੀਂ ਹਨ।

ਵਿਧਾਨ ਸਭਾ ਦੇ ਬਟਵਾਰੇ ਨੂੰ ਲੈ ਕੇ ਦਿੱਲੀ ਤੱਕ ਜਾਣ ਦੀ ਤਿਆਰੀ ਵਿੱਚ ਐ ਹਰਿਆਣਾ

ਵਿਧਾਨ ਸਭਾ ਕੰਪਲੈਕਸ ਵਿੱਚ ਜਿਆਦਾ ਥਾਂ ਲੈਣ ਲਈ ਹਰਿਆਣਾ ਵਿਧਾਨ ਸਭਾ ਸਕੱਤਰੇਤ ਵਲੋਂ ਕੁਝ ਮਹੀਨੇ ਤੋਂ ਕਾਫ਼ੀ ਵੱਡੇ ਪੱਧਰ ‘ਤੇ ਬਿਆਨਬਾਜ਼ੀ ਤੋਂ ਲੈ ਕੇ ਕਾਰਵਾਈ ਤੱਕ ਕੀਤੀ ਜਾ ਰਹੀਂ ਹੈ। ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਇਸ ਸਾਰੇ ਮਾਮਲੇ ਵਿੱਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਤੱਕ ਪਹੁੰਚ ਕਰ ਚੁੱਕੇ ਹਨ ਤਾਂ ਇਥੇ ਕਿਸੇ ਤਰਾਂ ਦੀ ਰਾਹਤ ਨਹੀਂ ਮਿਲਣ ‘ਤੇ ਦਿੱਲੀ ਦਰਬਾਰ ਤੱਕ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਣ ਦੀ ਗਲ ਹਰਿਆਣਾ ਵਿਧਾਨ ਸਭਾ ਵਲੋਂ ਕੀਤੀ ਜਾ ਰਹੀਂ ਹੈ। ਇਥੇ ਮੁੜ ਇਹ ਸੁਆਲ ਉੱਠਦਾ ਹੈ ਕਿ ਜਦੋਂ ਹਰਿਆਣਾ ਕੋਲ ਕੋਈ ਦਸਤਾਵੇਜ਼ ਹੀ ਨਹੀਂ ਹਨ ਤਾਂ ਦਿੱਲੀ ਦਰਬਾਰ ਵਿੱਚ ਪੁੱਜ ਕੇ ਵੀ ਕਿਹੜੇ ਆਧਾਰ ‘ਤੇ ਆਪਣੇ ਹੱਕ ਦੀ ਲੜਾਈ ਲੜੀ ਜਾਏਗੀ।

ਇਹ ‘ਸੱਚ’, ਸਾਡੇ ਕੋਲ ਨਹੀਂ ਐ ਕੋਈ ਦਸਤਾਵੇਜ਼ : ਗਿਆਨ ਚੰਦ ਗੁਪਤਾ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਇਸ ‘ਸੱਚ’ ਹੈ ਕਿ ਸਾਡੇ ਕੋਲ ਬਟਵਾਰੇ ਸਮੇਂ ਦੇ ਕੋਈ ਵੀ ਦਸਤਾਵੇਜ਼ ਮੌਜੂਦ ਨਹੀਂ ਹਨ ਪਰ ਸਾਨੂੰ ਵਿਸ਼ਵਾਸ ਹੈ ਕਿ ਚੰਡੀਗੜ ਪ੍ਰਸ਼ਾਸਨ ਕੋਲ ਇਹ ਸਾਰੇ ਦਸਤਾਵੇਜ਼ ਮੌਜੂਦ ਹੋਣਗੇ, ਕਿਉਂਕਿ ਇਹ ਬਿਲਡਿੰਗ ਚੰਡੀਗੜ ਪ੍ਰਸ਼ਾਸਨ ਦੀ ਹੈ। ਇਸ ਲਈ ਚੰਡੀਗੜ ਪ੍ਰਸ਼ਾਸਨ ਕੋਲ ਇਹ ਸਾਰੇ ਦਸਤਾਵੇਜ਼ ਲੈਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ