ਨਾਮਚਰਚਾ ਘਰ ਸੰਗਰੂਰ ਵਿਖੇ ਟੀਕਾਕਰਨ ਕੈਂਪ ਦੌਰਾਨ ਸੈਂਕੜੇ ਡੇਰਾ ਪ੍ਰੇਮੀਆਂ ਨੇ ਲਗਵਾਇਆ ਕੋਰੋਨਾ ਰੋਕੂ ਟੀਕਾ

ਕੋਰੋਨਾ ਟੀਕਾਕਰਨ ਮੁਹਿੰਮ ਤਹਿਤ ਲਾਇਆ ਗਿਆ ਕੈਂਪ

ਸੰਗਰੂਰ, (ਨਰੇਸ਼ ਕੁਮਾਰ) ਸਿਹਤ ਵਿਭਾਗ ਵੱਲੋਂ ਆਰੰਭ ਕੀਤੇ ਟੀਕਾਕਰਨ ਅਭਿਆਨ ਤਹਿਤ ਸੰਗਰੂਰ ਦੇ ਨਾਮਚਰਚਾ ਘਰ ਵਿਖੇ ਇੱਕ ਟੀਕਾਕਰਨ ਕੈਂਪ ਲਾਇਆ ਗਿਆ ਜਿਸ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਕੜੇ ਡੇਰਾ ਪ੍ਰੇਮੀਆਂ ਦੇ ਕੋਰੋਨਾ ਰੋਕੂ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਸਿਵਲ ਹਸਪਤਾਲ ਸੰਗਰੂਰ ਦੀ ਟੀਮ ਜਿਸ ਵਿੱਚ ਡਾ. ਮੁਹੰਮਦ ਆਸਿਮ ਐਮ.ਬੀ.ਬੀ.ਐਸ., ਫਾਰਮੇਸੀ ਅਫਸਰ ਸੁਖਵਿੰਦਰ ਬਬਲਾ, ਸਟਾਫ ਨਰਸ ਕੁਲਵੀਰ ਕੌਰ ’ਤੇ ਆਸ਼ਾ ਵਰਕਰਾਂ ਲਾਭ ਕੌਰ ਤੇ ਸੋਨਮ ਦੀ ਟੀਮ ਵੱਲੋਂ ਡੇਰਾ ਸੱਚਾ ਸੌਦਾ ਦੇ ਬਲਾਕ ਸੰਗਰੂਰ ਦੇ ਸੈਂਕੜੇ ਡੇਰਾ ਪ੍ਰੇਮੀਆਂ ਨੂੰ ਕੋਰੋਨਾ ਰੋਕੂ ਟੀਕਾ ਲਾਇਆ।

ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਆਸਿਮ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਰੰਭੀ ਟੀਕਾਕਰਨ ਮੁਹਿੰਮ ਤਹਿਤ ਨਾਮਚਰਚਾ ਘਰ ਵਿਖੇ ਕੈਂਪ ਲਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਬਚਾਅ ਲਈ ਹਰੇਕ ਨੂੰ ਵੈਕਸੀਨ ਲਗਵਾਉਣੀ ਬੇਹੱਦ ਜ਼ਰੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਕੋਰੋਨਾ ਤੋਂ ਹਰ ਪੱਖੋਂ ਬਚਾਅ ਤੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣਾ ਬੇਹੱਦ ਜ਼ਰੂਰੀ ਹੋ ਗਿਆ ਹੈ।

ਇਸ ਮੌਕੇ ਫਾਰਮੇਸੀ ਅਫ਼ਸਰ ਸੁਖਵਿੰਦਰ ਬਬਲਾ ਨੇ ਕਿਹਾ ਕਿ ਕੋਰੋਨਾ ਵਰਗੀ ਖਤਰਨਾਕ ਬਿਮਾਰੀ ਨਾਲ ਲੜਨ ਲਈ ਸਾਨੂੰ ਸਾਰਿਆਂ ਨੂੰ ਵੈਕਸੀਨ ਲਗਵਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਮੁਢਲੇ ਤੌਰ ’ਤੇ ਬਚਾਅ ਲਈ ਸਾਨੂੰ ਹੱਥਾਂ ਨੂੰ ਵਾਰ ਵਾਰ ਸਾਫ ਕਰਨਾ ਚਾਹੀਦਾ ਹੈ, ਮਾਸਕ ਪਾਉਣਾ ਚਾਹੀਦਾ ਹੈ ਅਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਅਤਿ ਜ਼ਰੂਰੀ ਹੈ। ਇਸ ਦੌਰਾਨ ਪੰਤਾਲੀ ਮੈਂਬਰ ਹਰਿੰਦਰ ਇੰਸਾਂ ਵੱਲੋਂ ਕੈਂਪ ਦੌਰਾਨ ਸਭ ਤੋਂ ਪਹਿਲਾ ਟੀਕਾ ਲਗਵਾਇਆ ਗਿਆ, ਉਨ੍ਹਾਂ ਕਿਹਾ ਕਿ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਫੈਲ ਰਹੀਆਂ ਅਫਵਾਹਾਂ ਤੋਂ ਸੁਚੇਤ ਹੋ ਕੇ ਕੋਰੋਨਾ ਰੋਕੂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਚਾਹੀਦੀਆਂ ਹਨ।

ਇਸ ਮੌਕੇ ਡੇਰਾ ਪ੍ਰੇਮੀ ਜੀਤੂ ਛਾਬੜਾ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਕੈਂਪ ਦਾ ਲਾਹਾ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਵੱਲੋਂ ਲਿਆ ਗਿਆ ਅਤੇ ਸੈਂਕੜੇ ਡੇਰਾ ਪ੍ਰੇਮੀਆਂ ਵੱਲੋਂ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਖੁਰਾਕ ਲਈ ਗਈ। ਇਸ ਦੌਰਾਨ ਡੇਰਾ ਸੱਚਾ ਸੌਦਾ ਬਲਾਕ ਸੰਗਰੂਰ ਦੇ ਜ਼ਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸੁਜਾਨ ਭੈਣਾਂ ਵੱਲੋਂ ਇਸ ਕੈਂਪ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.