ਪਤੀ ਹੀ ਨਿਕਲਿਆ ਪਤਨੀ ਦਾ ਕਾਤਲ

0
Husband, Wife, Murder

ਪਤਨੀ ਨੂੰ ਰਸਤੇ ਤੋਂ ਹਟਾਉਣ ਲਈ ਹਮਲੇ ਅਤੇ ਲੁੱਟ-ਖੋਹ ਦੀ ਘੜੀ ਸੀ ਸਾਜਿਸ਼

ਪਟਿਆਲਾ (ਖੁਸ਼ਵੀਰ ਸਿੰਘ ਤੂਰ) ।  ਰਾਤ ਨੂੰ ਸੈਰ ਕਰਨ ਗਏ ਪਤੀ-ਪਤਨੀ ਤੇ ਕੀਤਾ ਗਿਆ ਹਮਲਾ ਲੁੱਟ ਦੀ ਨੀਅਤ ਨਾਲ ਨਹੀਂ, ਸਗੋਂ ਪਤੀ ਵੱਲੋਂ ਆਪਣੀ ਸ਼ਾਜਿਸ ਅਧੀਨ ਹੀ ਕਰਵਾਇਆ ਗਿਆ ਹਮਲਾ ਸੀ। ਇਸ ਹਮਲੇ ਵਿੱਚ ਪਤਨੀ ਦੀ ਮੌਤ ਹੋ ਗਈ ਸੀ ਅਤੇ ਹੁਣ ਪੁਲਿਸ ਵੱਲੋਂ ਆਪਣੀ ਪਤਨੀ ਦੇ ਕਤਲ ਵਿੱਚ ਪਤੀ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਦਾ ਖੁਲਾਸਾ ਕਰਦਿਆ ਐਸਪੀ ਸਿਟੀ ਵਰੂਣ ਸ਼ਰਮਾ ਨੇ ਦੱਸਿਆ ਕਿ 25 ਸਤੰਬਰ ਦੀ ਰਾਤ ਨੂੰ ਮਨਿੰਦਰ ਸਿੰਘ ਪੁੱਤਰ ਹਰਮੇਸ ਸਿੰਘ ਤੇ ਉਸਦੀ ਪਤਨੀ ਪੂਨਮ ਰਾਣੀ ਸੈਰ ਕਰਨ ਗਏ ਤਾਂ ਉਨ੍ਹਾਂ ਉੱਪਰ ਕਿਸੇ ਵੱਲੋਂ ਹਮਲਾ ਕਰ ਦਿੱਤਾ ਗਿਆ। ਜਿਨ੍ਹਾਂ ਨੂੰ ਪਰਿਵਾਰ ਵੱਲੋਂ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਉਸ ਦੀ ਪਤਨੀ ਪੂਨਮ ਰਾਣੀ ਦੀ ਮੌਤ ਹੋ ਗਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹਮਲਾ ਕਿਸੇ ਹੋਰ ਨੇ ਨਹੀਂ ਬਲਕਿ ਮਨਿੰਦਰ ਸਿੰਘ ਵੱਲੋਂ ਪਹਿਲਾਂ ਰਚੀ ਸਾਜਿਸ਼ ਤਹਿਤ ਹੀ ਆਪਣੇ ਬੰਦਿਆਂ ਵੱਲੋਂ ਹੀ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਭਰਾ ਸੰਨੀ ਸਿੰਘ ਨੇ ਆਪਣੇ ਜੀਜੇ ਮਨਿੰਦਰ ਸਿੰਘ ਵਿਰੁੱਧ ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦਾ ਜਿਕਰ ਕਰਕੇ ਇਸ ਦੀ ਕੀਤੀ ਗਈ ਡੁੰਘਾਈ ਨਾਲ ਪੜਤਾਲ ਮਗਰੋਂ ਸਾਰੀ ਸਚਾਈ ਸਾਹਮਣੇ ਆ ਗਈ ਹੈ। ਐਸ.ਪੀ. ਨੇ ਦੱਸਿਆ ਕਿ ਮਨਿੰਦਰ ਸਿੰਘ ਹਸਪਤਾਲ ‘ਚੋਂ ਚਲਾਕੀ ਨਾਲ ਡਿਸਚਾਰਜ ਹੋਕੇ ਫਰਾਰ ਹੋ ਗਿਆ ਪਰੰਤੂ ਪੁਲਿਸ ਨੇ 30 ਸਤੰਬਰ ਨੂੰ ਪੀ.ਆਰ.ਟੀ.ਸੀ ਵਰਕਸ਼ਾਪ ਨੇੜਿਓਂ ਮਨਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

ਮਨਿੰਦਰ ਸਿੰਘ ਨੇ ਪੁੱਛਗਿੱਛ ਤੋਂ ਅਹਿਮ ਖੁਲਾਸੇ ਕੀਤੇ ਕਿ ਪੂਨਮ ਰਾਣੀ ਉਸ ‘ਤੇ ਸ਼ੱਕ ਕਰਦੀ ਸੀ ਜਿਸ ਕਰਕੇ ਘਰ ਵਿੱਚ ਝਗੜਾ ਰਹਿੰਦਾ ਸੀ  ਪਰ ਉਹ ਆਪਣੀ ਪਤਨੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ। ਇਸੇ ਦੌਰਾਨ ਉਸਨੇ ਆਪਣੇ ਇੱਕ ਜਾਣਕਾਰ 42 ਸਾਲਾ ਅਨਪੜ੍ਹ ਤੇ ਮਜ਼ਦੂਰੀ ਕਰਦੇ ਉਤਮ ਸਿੰਘ (ਨੇਪਾਲੀ) ਵਾਸੀ ਕਰਤਾਰ ਕਲੋਨੀ ਅਤੇ 20 ਸਾਲਾ ਅਨਪੜ੍ਹ ਤੇ ਮਜ਼ਦੂਰੀ ਕਰਦੇ ਕਰਮਵੀਰ ਸਿੰਘ ਉਰਫ ਕਾਕਾ ਵਾਸੀ ਆਦਰਸ਼ ਕਾਲੋਨੀ ਨਾਲ ਸੰਪਰਕ ਕੀਤਾ। ਇਨ੍ਹਾਂ ਨੇ 1.50 ਲੱਖ ਰੁਪਏ ਦੇ ਲਾਲਚ ‘ਚ ਆ ਕੇ ਮਨਿੰਦਰ ਸਿੰਘ ਦੀ ਯੋਜਨਾ ਮੁਤਾਬਕ ਇਸ ਹਮਲੇ ਨੂੰ ਅੰਜਾਮ ਦਿੱਤਾ। ਉਸ ਤੋਂ ਉਤਮ ਸਿੰਘ ਨੇ 21 ਹਜਾਰ ਤੇ ਕਰਮਵੀਰ ਸਿੰਘ ਕਾਕਾ ਨੇ 17 ਹਜਾਰ ਲੈ ਲਏ ਸਨ।

ਉਨ੍ਹਾਂ ਦੱਸਿਆ ਕਿ ਮਨਿੰਦਰ ਸਿੰਘ ਨੇ ਪਹਿਲਾਂ ਬਣਾਈ ਸਾਜਿਸ਼ ਤਹਿਤ ਬੈਕ ਸਾਇਡ ਥਾਪਰ ਯੂਨੀਵਰਸਿਟੀ ਨੇੜੇ ਸੁੰਨ ਸਾਨ ਜਗ੍ਹਾ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਤਮ ਸਿੰਘ ਤੇ ਕਰਮਵੀਰ ਸਿੰਘ ਕਾਕਾ ਨੇ ਇਕ ਬੇਸਬਾਲ ਨਾਲ ਪੂਨਮ ਰਾਣੀ ਦੇ ਸਿਰ ‘ਤੇ ਵਾਰ ਕੀਤਾ ਅਤੇ ਕਿਸੇ ਸ਼ੱਕ ਤੋਂ ਬਚਣ ਲਈ ਇਕ ਵਾਰ ਮਨਿੰਦਰ ਸਿੰਘ ਦੇ ਸਿਰ ‘ਤੇ ਵੀ ਕੀਤਾ।  ਇੱਥੋਂ ਦੋਵੇਂ ਜਣੇ ਪੂਨਮ ਰਾਣੀ ਦੇ ਪਾਏ ਹੋਏ ਸੋਨੇ ਦੇ ਗਹਿਣੇ ਅਤੇ ਮਨਿੰਦਰ ਸਿੰਘ ਦਾ ਮੋਬਾਇਲ ਲੈਕੇ ਫਰਾਰ ਹੋ ਗਏ। ਬਾਅਦ ਵਿੱਚ ਮਨਿੰਦਰ ਸਿੰਘ ਨੇ ਇਹ ਸਾਰੀ ਵਾਰਦਾਤ ਦਾ ਡਰਾਮਾ ਰੱਚਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਮੌਕੇ ‘ਤੇ ਬੁਲਾਇਆ ਅਤੇ ਦੋਵਾਂ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਅਤੇ ਖੋਹ ਕੀਤੇ ਗਏ ਸੋਨੇ ਦੇ ਗਹਿਣੇ ਬਰਾਮਦ ਕਰਵਾਏ ਜਾਣਗੇ। ਇਸ ਮੌਕੇ ਡੀ.ਐਸ.ਪੀ. ਸਿਟੀ-1 ਯੁਗੇਸ ਸਰਮਾ, ਇੰਚਾਰਜ ਸੀ.ਆਈ.ਏ ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਮੁੱਖ ਅਫਸਰ ਥਾਣਾ ਸਿਵਲ ਲਾਇਨ ਇੰਸਪੈਕਟਰ ਰਾਹੁਲ ਕੌਸ਼ਿਸ਼ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।