ਮੈਂ ਕਰਵਾਈ ਸੀ ਵਿਜੈਇੰਦਰ ਸਿੰਗਲਾ ਦੀ ਜ਼ਮਾਨਤ ਜ਼ਬਤ : ਧੀਮਾਨ

0
VijenderSingla, confiscation, Bail, Dhiman

ਕਿਹਾ, ‘ਪਿੱਠ ‘ਤੇ ਨਹੀਂ ਸਿੱਧਾ ਹਿੱਕ ‘ਚ ਮਾਰਿਆ ਸੀ ਛੁਰਾ’

ਸੰਗਰੂਰ, ਗੁਰਪ੍ਰੀਤ ਸਿੰਘ

ਕਾਂਗਰਸ ਦੇ ਬਾਗੀ ਰੁਖ਼ ਦਿਖਾਉਣ ਵਾਲੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ 2014 ਵਿੱਚ ਮੈਂ ਸਿੰਗਲਾ ਦੀ ਜ਼ਮਾਨਤ ਜ਼ਬਤ ਕਰਵਾਈ ਸੀ ਅਤੇ ਇਸ ਨੂੰ ਕਹਿ ਕੇ ਸਿੱਧਾ ਛੁਰਾ ਇਸ ਦੀ ਪਿੱਠ ‘ਤੇ ਨਹੀਂ ਛਾਤੀ ‘ਤੇ ਮਾਰਿਆ ਸੀ।

ਸਿੰਗਲਾ ‘ਤੇ ਲੋਹੇ ਲਾਖੇ ਹੁੰਦਿਆਂ ਧੀਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੈਂ ਸਿੰਗਲਾ ਦੇ ਗਲਤ ਬੋਲਣ ਕਾਰਨ ਉਨ੍ਹਾਂ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿੱਧਾ ਕਹਿ ਕੇ ਵਿਰੋਧ ਕੀਤਾ ਸੀ ਅਤੇ ਉਸ ਦੀ ਜ਼ਮਾਨਤ ਜ਼ਬਤ ਕਰਵਾਈ ਸੀ ਉਨ੍ਹਾਂ ਕਿਹਾ ਕਿ ਸਿੰਗਲਾ ਸਾਡੇ ਪਰਿਵਾਰ ਬਾਰੇ ਕੀ ਜਾਣਦਾ ਹੈ, ਮੈਂ ਤਾਂ ਸਿੰਗਲਾ ਨੂੰ ਲੋਹੇ ਦੀ ਚਨੇ ਚਬਾ ਦਿੱਤੇ ਸਨ ਧੀਮਾਨ ਨੇ ਸਿੰਗਲਾ ‘ਤੇ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਸਾਡੇ ਕਰਕੇ ਹੀ ਸਿੰਗਲਾ ਦੇ ਨਾਂਅ ਇੱਕ ਅਜਿਹਾ ਰਿਕਾਰਡ ਬਣਾ ਦਿੱਤਾ ਹੈ, ਜਿਹੜਾ ਪੂਰੇ ਭਾਰਤ ਵਿੱਚ ਕਿਸੇ ਵੀ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਨਹੀਂ ਸੀ ਹੋਈ ਉਨ੍ਹਾਂ ਕਿਹਾ ਕਿ ਉਸ ਸਮੇਂ ਆਜ਼ਾਦ ਤੌਰ ‘ਤੇ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ ਉਨ੍ਹਾਂ ਕਿਹਾ ਕਿ ਹੁਣ ਵੀ ਜੇਕਰ ਲੋਕ ਸਭਾ ਹਲਕੇ ਦੇ ਲੋਕ ਜਸਵਿੰਦਰ ਧੀਮਾਨ ਨੂੰ ਆਜ਼ਾਦ ਚੋਣ ਲੜਨ ਲਈ ਕਹਿਣਗੇ ਤਾਂ ਇਸ ਵਿੱਚ ਉਹ ਵੀ ਆਪਣੇ ਪੁੱਤਰ ਜਸਵਿੰਦਰ ਧੀਮਾਨ ਦੀ ਹਮਾਇਤ ਕਰਨਗੇ ਅਤੇ ਉਹ ਚੋਣ ਲੜਨ ਵਿੱਚ ਜਸਵਿੰਦਰ ਦੀ ਪੂਰੀ ਮੱਦਦ ਕਰਨਗੇ।

ਉਨ੍ਹਾਂ ਗੱਲਬਾਤ ਕਰਦਿਆਂ ਹੋਰ ਕਿਹਾ ਕਿ ਸਮੁੱਚੇ ਪੰਜਾਬ ਵਿੱਚ 34 ਫੀਸਦੀ ਓਬੀਸੀ ਭਾਈਚਾਰਾ ਹੈ ਪਰ ਕਾਂਗਰਸ ਵਿੱਚ ਭਾਈਚਾਰੇ ਨੂੰ ਯੋਗ ਮਾਨਤਾ ਨਹੀਂ ਦਿੱਤੀ ਗਈ ਜਿਸ ਕਾਰਨ ਸਮੁੱਚੇ ਭਾਈਚਾਰੇ ਵਿੱਚ ਰੋਸ ਹੈ ਧੀਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਕੈਬਨਿਟ ਵਿੱਚ ਵਿਸਥਾਰ ਹੋਇਆ ਉਦੋਂ ਹੀ ਓਬੀਸੀ ਨੂੰ ਅਣਗੌਲਿਆ ਗਿਆ ਅਤੇ ਹੁਣ ਵੀ ਅਸੀਂ ਓਬੀਸੀ ਭਾਈਚਾਰੇ ਲਈ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕੀਤੀ ਸੀ ਪਰ ਇਸ ਵਾਰ ਫਿਰ ਸਮੁੱਚੇ ਭਾਈਚਾਰੇ ਨੂੰ ਅਣਦੇਖਿਆ ਕਰ ਦਿੱਤਾ ਗਿਆ।

ਮੈਂ ਇਸ ਸਬੰਧੀ ਕੁਝ ਨਹੀਂ ਕਹਿਣਾ : ਵਿਜੈਇੰਦਰ ਸਿੰਗਲਾ

ਜਦੋਂ ਇਸ ਸਬੰਧੀ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਿਰਫ਼ ਏਨਾ ਹੀ ਕਿਹਾ ਕਿ ਧੀਮਾਨ ਸਾਹਿਬ ਜਿਸ ਤਰ੍ਹਾਂ ਨਾਲ ਬਿਆਨਬਾਜ਼ੀ ਕਰ ਰਹੇ ਹਨ, ਉਸ ਬਾਰੇ ਉਨ੍ਹਾਂ ਨੇ ਕੁਝ ਨਹੀਂ ਕਹਿਣਾ ਧੀਮਾਨ ਨੇ ਜੋ ਵੀ ਕੁਝ ਕਿਹਾ ਹੈ ਉਸ ਬਾਰੇ ਅਨੁਸਾਸ਼ਨੀ ਕਮੇਟੀ ਨੂੰ ਵੇਖਣਾ ਚਾਹੀਦਾ ਹੈ ਉਨ੍ਹਾਂ ਇਹ ਕਿਹਾ ਕਿ ਮੈਂ ਫਿਲਹਾਲ ਚੋਣਾਂ ਵਿੱਚ ਵਿਅਸਤ ਹਾਂ ਅਤੇ ਇਸ ਮਾਮਲੇ ‘ਤੇ ਮੇਰਾ ਕੋਈ ਵੀ ਧਿਆਨ ਨਹੀਂ ਹੈ।

ਜਸਵਿੰਦਰ ਧੀਮਾਨ ਨੇ ਸ਼ੁਰੂ ਕੀਤਾ ਹੋਇਆ ਸਮਰਥਕਾਂ ਨੂੰ ਮਿਲਣਾ

ਸੰਗਰੂਰ : ਸੁਰਜੀਤ ਸਿੰਘ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਵੱਲੋਂ ਪਿਛਲੇ ਦਿਨਾਂ ਤੋਂ ਸਮਰਥਕਾਂ ਨੂੰ ਮਿਲਣਾ ਸ਼ੁਰੂ ਕੀਤਾ ਹੋਇਆ ਹੈ ਪਿਛਲੇ ਦਿਨੀਂ ਉਨ੍ਹਾਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਕਈ ਪਿੰਡਾਂ ਵਿੱਚ ਆਪਣੇ ਸਮਰਥਕਾਂ ਨਾਲ ਰਾਇ-ਮਸ਼ਵਰਾ ਕੀਤਾ ਇਸ ਸਬੰਧੀ ਗੱਲਬਾਤ ਕਰਦਿਆਂ ਜਸਵਿੰਦਰ ਧੀਮਾਨ ਨੇ ਕਿਹਾ ਕਿ ਉਹ ਚੋਣ ਲੜਨ ਲਈ ਆਪਣੇ ਸਮਰਥਕਾਂ ਨਾਲ ਗੱਲਬਾਤ ਕਰ ਰਹੇ ਹਨ ਜੇਕਰ ਲੋਕ ਕਹਿਣਗੇ ਤਾਂ ਉਹ ਜ਼ਰੂਰ ਚੋਣ ਲੜਨਗੇ  ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਨੇ ਓਬੀਸੀ ਭਾਈਚਾਰੇ ਨੂੰ ਅਣਗੌਲਿਆਂ ਕੀਤਾ ਹੈ, ਜਿਸ ਕਾਰਨ ਸਮੁੱਚੇ ਭਾਈਚਾਰੇ ਵਿੱਚ ਭਾਰੀ ਰੋਸ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।