ਮੈਂ ਹਰੀਗੜ੍ਹ ਨੇੜੇ ਨਹਿਰ ਵਾਲਾ ਘਰਾਟ ਬੋਲਦੈਂ

ਮੈਂ ਹਰੀਗੜ੍ਹ ਨੇੜੇ ਨਹਿਰ ਵਾਲਾ ਘਰਾਟ ਬੋਲਦੈਂ

ਜ਼ਿਲ੍ਹਾ ਬਰਨਾਲਾ ਦੇ ਪਿੰਡ ਹਰੀਗੜ੍ਹ ਕੋਲ ਦੀ ਲੰਘਦੇ ਕੋਟਲਾ ਬਰਾਂਚ ਝਾਲ ਬੁਰਜੀ ਨੰਬਰ 185000 ਨਹਿਰ ਦੇ ਚਲਦੇ ਪਾਣੀ ਵੱਲ ਮੁੱਖ ਮਾਰਗ ’ਤੇ ਬਣੇ ਪੁਲ ਤੋਂ ਥੋੜ੍ਹੀ ਦੂਰ ਤੇ ਮੇਰਾ ਸਥਾਨ ਹੈ । ਅੰਗਰੇਜ਼ਾਂ ਦੇ ਰਾਜ ਸਮੇਂ ਮੈਂ ਹੋਂਦ ’ਚ ਆਇਆ। ਜਾਣਕਾਰਾਂ ਤੋਂ ਪਤਾ ਲੱਗੇ ਅਨੁਮਾਨ ਅਨੁਸਾਰ ਲਗਭਗ 1890 ’ਚ ਮੇਰੀ ਸਥਾਪਨਾ ਦਾ ਵਿਸਥਾਰ ਹੋਇਆ। ਮੇਰੀ ਇੱਥੇ ਸਥਾਪਨਾ ਹੋਣੀ ਅੰਗਰੇਜ਼ਾਂ ਦੀ ਕਾਢ ਜਾਂ ਸਮੇਂ ਦੀ ਲੋੜ ਇਹ ਤਾਂ ਉਸ ਸਮੇਂ ਦੇ ਲੋਕ ਹੀ ਜਾਣਦੇ ਹੋਣਗੇ।

ਪੁਲ ਤੋਂ ਹਰੀਗੜ੍ਹ ਵਾਲੇ ਪਾਸੇ ਨਹਿਰ ’ਚੋਂ ਝਾਲ ਲੱਗੀ। ਇੱਥੋਂ ਦੋ ਸੂਏ ਨਿਕਲਦੇ ਹਨ। ਇਹ ਜੋਗਾ ਰਜਵਾਹਾ ਜਿਸਨੂੰ ਆਲੇ ਕਾ ਸੂਆ ਵੀ ਕਹਿੰਦੇ ਹਨ, ਜਿਸਦਾ ਪਾਣੀ ਸੰਚਾਈ ਲਈ ਵਰਤਿਆ ਜਾਂਦਾ ਹੈ। ਦੂਸਰਾ; ਸੂਆ ਜੋ ਜੋਗੇ ਰਜਵਾਹੇ ਤੇ ਨਹਿਰ ਦੇ ਵਿਚਕਾਰ ਹੈ, ਜਿਸਨੂੰ ਘਰਾਟਾਂ ਵਾਲਾ ਸੂਆ ਕਹਿੰਦੇ ਹਨ। ਉਸਦਾ ਪਾਣੀ ਮੇਰੀਆਂ ਚੱਕੀਆਂ ਚਲਾਉਣ ਲਈ ਵਰਤਿਆ ਜਾਂਦਾ ਰਿਹਾ।

ਜਿੱਥੋਂ ਪਾਣੀ ਚੱਕੀਆਂ ਲਈ ਜਾਂਦਾ ਉੱਥੇ ਠੱਲ ਲਾ ਕੇ ਪਾਣੀ ਦਾਬ ਨਾਲ ਡਿੱਗਦਾ ਕੀਤਾ ਹੋਇਆ ਸੀ ਅੰਦਰ ਲੱਗੀਆਂ ਦਸ ਚੱਕੀਆਂ ਲਈ ਅਲੱਗ ਅਲੱਗ ਪਾਣੀ ਜਾਣ ਲਈ ਠੱਲ ਉੱਪਰ ਬੁਰਜੀਆਂ ਲਾ ਕੇ ਵਿਚ ਲੋਹੇ ਦੇ ਫੱਟੇ ਜਿਨ੍ਹਾਂ ਨੂੰ ਚੂੜੀ ਵਾਲਾ ਮੋਟਾ ਸਰੀਆ ਲੱਗਿਆ ਹੋਏ ਸੀ ਚਾਬੀ ਨਾਲ ਉੱਪਰ ਹੇਠਾਂ ਕੀਤੇ ਜਾਂਦੇ। ਉਹ ਫੱਟੇ ਵੀ ਇੱਕ ਚੱਕੀ ਲਈ ਇੱਕ ਦਸ ਸਨ। ਚੂਨੇਂ ਨਾਲ ਬਣੀ ਇਮਾਰਤ ਚੱਕੀਆਂ ਲਈ ਮੋਟੇ ਗਾਡਰਾਂ ਵਾਲੀ ਛੱਤ ਹੇਠ ਹਾਲ ’ਚ ਲੱਗੀਆਂ ਹੋਈਆਂ ਸਨ । ਇੱਕ ਚੱਕੀ ਹੇਠ ਇੱਕ ਲੱਕੜ ਦੇ ਫਰਾਂ ਵਾਲਾ ਪੱਖਾ ਨੁਮਾ ਗਾਰਡ ਕਹਿੰਦੇ ਸਨ । ਗਾਰਡ ਨੂੰ ਘੁੰਮਣ ਦੀ ਜਗ੍ਹਾ ਛੱਡ ਕੇ ਦੋਵਾਂ ਪਾਸੇ ਕੰਧਾਂ ਲੱਗੀਆਂ ਹੋਈਆਂ ਸਨ ਤਾਂ ਕਿ ਪਾਣੀ ਇਕੱਠਾ ਹੋ ਕੇ ਨਿਕਲਦਾ ਰਹੇ ।

ਗਾਰਡ ਦੇ ਇੱਕ ਫਰ ’ਤੇ ਪਾਣੀ ਡਿੱਗਦਾ ਤਾਂ ਪਾਣੀ ਦੇ ਦਬਾਅ ਨਾਲ ਉਹ ਘੁੰਮਦਾ ਰਹਿੰਦਾ ਚੱਕੀ ਦੇ ਉਪਰਲੇ ਪੁਲ ਮੰਨਵੀ ’ਚ ਲੰਮੀ ਗੋਲ ਲੱਕੜ ਦੀ ਧੁਰ ਦੀ ਸਹਾਇਤਾ ਨਾਲ ਫਿੱਟ ਕੀਤਾ ਹੁੰਦਾ। ਜਦੋਂ ਚਾਬੀ ਨਾਲ ਫੱਟਾ ਚੱਕ ਦਿੱਤਾ ਜਾਂਦਾ ਤਾਂ ਪਾਣੀ ਗਾਰਡ ਉੱਪਰ ਡਿੱਗਦਾ ਤਾਂ ਪੁੜ ਨੂੰ ਥੋੜ੍ਹਾ ਜਿਹਾ ਘੁਮਾਉਣ ’ਤੇ ਚੱਕੀ ਚੱਲ ਪੈਂਦੀ। ਫਿਰ ਫੱਟੇ ਨਾਲ ਪਾਣੀ ਬੰਦ ਕਰਨ ’ਤੇ ਹੀ ਬੰਦ ਹੁੰਦੀ। ਦਸੇ ਚੱਕੀਆਂ ਚਲਾਉਣ ਲਈ ਦਸੇ ਫੱਟੇ ਅੱਡੋ ਅੱਡੀ ਚੱਕ ਦਿੱਤੇ ਜਾਂਦੇ । ਚੱਕੀ ਉੱਪਰ ਲੱਕੜ ਦੇ ਫਰੇਮ ’ਚ ਲੋਹੇ ਦਾ ਪਾੜਸਾ (ਕੀਪ) ਲੱਗਿਆ ਹੁੰਦਾ, ਜਿਸ ਵਿੱਚ ਕਣਕ ਮੱਕੀ ਬਾਜਰਾ ਵੀ ਪਿਸਾਉਣਾ ਹੁੰਦਾ ਦਾਣੇ ਪਾਏ ਜਾਂਦੇ।

ਦਾਣੇ ਚੱਕੀ ਵਿੱਚ ਡਿੱਗਣ ਲਈ ਕੀਪ ਦੇ ਹੇਠ ਪੰਤਾਲਾ (ਗਲਾ) ਲੱਗਿਆ ਹੁੰਦਾ। ਦਾਣੇ ਵੱਧ ਘੱਟ ਕਰਨ ਜਾਣੀ ਆਟੇ ਨੂੰ ਮੋਟਾ ਬਰੀਕ ਕਰਨ ਲਈ ਪਾੜਸੇ ਨਾਲ ਰੱਸੀ ਬੰਨ੍ਹ ਕੇ ਕੀਲੀ ਘੁੰਮਦੀ ਕੀਤੀ ਹੁੰਦੀ। ਦਾਣੇ ਵੱਧ ਕਰਨੇ ਹੁੰਦੇ ਤਾਂ ਕੀਲੀ ਘੁੰਮਾ ਕੇ ਰੱਸੀ ਢਿੱਲੀ ਕਰ ਦਿੱਤੀ ਜਾਂਦੀ । ਜੇਕਰ ਦਾਣੇ ਘੱਟ ਕਰਨੇ ਹੁੰਦੇ ਤਾਂ ਕੀਲੀ ਘੁੰਮਾ ਕੇ ਰੱਸੀ ਕਸ ਦਿੱਤੀ ਜਾਂਦੀ । ਫਰਸ ਲੱਕੜੀ ਦੇ ਫੱਟਿਆਂ ਦਾ ਲੱਗਿਆ ਹੋਇਆ ਸੀ। ਜੇਕਰ ਗਾਰਡ ਵਿਚ ਕੁਝ ਫਸ ਜਾਂਦਾ ਜਾਂ ਕਿਸੇ ਕਾਰਨ ਚੱਕੀ ਖੜ ਜਾਂਦੀ ਉਸਨੂੰ ਠੀਕ ਕਰਨ ਲਈ ਫੱਟੇ ਚੱਕ ਕੇ ਪਾਣੀ ਵਿਚ ਉੱਤਰਿਆ ਜਾਂਦੀ ।

ਚੱਕੀਆਂ ਚਲਾਉਣ ਲਈ ਵਰਤਿਆ ਜਾਣ ਵਾਲਾ ਪਾਣੀ ਮੁੜ ਨਹਿਰ ’ਚ ਹੀ ਪੈ ਜਾਂਦਾ। ਪੰਤਾਲੇ (ਗਲੇ) ’ਚ ਰੱਸੀ ਪਾ ਕੇ ਲੱਕੜੀ ਦੀ ਫੱਟੀ ਜਿਹੀ ਜਿਸਨੂੰ ਕਾਟੋ ਕਹਿੰਦੇ ਚੱਕੀ ਦੇ ਉੱਪਰ ਘਸਰਦੀ ਹਿਲਦੀ ਰਹਿੰਦੀ, ਜਿਸ ਨਾਲ ਪੰਤਾਲਾ ਹਿਲਦਾ ਰਹਿੰਦਾ ਦਾਣੇ ਡਿੱਗਦੇ ਰਹਿੰਦੇ। ਚੱਕੀਆਂ ਵਾਲੇ ਹਾਲ ਸਮੇਤ ਘਰਾਂਟਾਂ ਦੀ ਸਾਰੀ ਇਮਾਰਤ ਦੁਆਲੇ ਪੱਕੀ ਖਾਲੀ ਬਣੀ ਹੋਈ ਸੀ।

ਉਸ ਵਿਚ ਹਰ ਸਮੇਂ ਵਾਧੂ ਪਾਣੀ ਚੱਲਦਾ ਰਹਿੰਦਾ ਤਾਂ ਕਿ ਕੋਈ ਕੀੜਾ ਮਕੌੜਾ ਅੰਦਰ ਨਾ ਜਾ ਸਕੇ ਉਹ ਪਾਣੀ ਵੀ ਮੁੜ ਨਹਿਰ ਵਿਚ ਹੀ ਪੈ ਜਾਂਦਾ ਅੱਗੇ ਫਿਰ ਤੋਂ ਵਰਤਿਆ ਜਾਂਦਾ। ਧੀਮੀ ਗਤੀ ਨਾਲ ਚੱਕੀਆਂ ਚਲਦੀਆਂ ਰਹਿੰਦੀਆਂ। ਦੂਰੋਂ ਦੂਰੋਂ ਲੋਕ ਗੱਡਿਆਂ ਰੇੜੀਆਂ ਖੱਚਰ ਰੇਹੜੇ ਜਾਂ ਖੱਚਰਾਂ ਤੇ ਪਾਈਆਂ ਖੁਰਜੀਆਂ ਵਿੱਚ ਲੱਦ ਕੇ ਜਾਂ ਸਾਈਕਲਾਂ ਅਤੇ ਸਿਰਾਂ ’ਤੇ ਆਟਾ ਦਾਣਾ ਪਿਸਾਉਣ ਆਉਂਦੇ। ਹਰ ਟਾਈਮ ਭੀੜ ਲੱਗੀ ਰਹਿੰਦੀ। ਕਈ ਵਾਰੀ ਭੀੜ ਜਿਆਦਾ ਹੋਣ ਕਰਕੇ ਵਾਰੀ ਦੀ ਦੋ- ਦੋ ਦਿਨ ਉਡੀਕ ਕਰਨੀ ਪੈਂਦੀ ।

ਦਫਤਰ ਵਿਚ ਬੈਠਾ ਮੁਨੀਮ ਤੱਕੜ ਕੰਡੇ ਤੇ ਨਗ ਤੋਲ ਕੇ ਰਜਿਸਟਰ ਵਿਚ ਨਾਮ ਆਟਾ ਦਾਣਾ ਨਗ ਦਾ ਨੰਬਰ ਲਿਖ ਦਿੰਦਾ । ਪਰਚੀ ਤੇ ਨਗ ਦਾ ਨੰਬਰ ਲਿਖ ਕੇ ਦੇ ਦਿੰਦਾ । ਨਗ ਚੱਕ ਕੇ ਲਿਆਉਣ ਵੇਲੇ ਨਗ ਤੇ ਲਿਖੇ ਨੰਬਰ ਨਾਲ ਪਰਚੀ ਮਿਲਾ ਕੇ ਨਗ ਚਕਾਇਆ ਜਾਂਦਾ। ਜੇਕਰ ਕੋਈ ਨਗ ਰੱਖ ਕੇ ਆਉਂਦਾ ਉਸਨੂੰ ਘਰਾਟੀਏ ਨਗ ਦੀ ਚਕਾਈ ਸਮੇਂ ਦੇ ਹਿਸਾਬ ਨਾਲ ਪੈਸੇ ਲੈਂਦੇ । ਆਟੇ ਦਾਣੇ ਦੀ ਸਿਰਫ ਪਿਸਾਈ ਹੁੰਦੀ ਕਾਟ ਕੋਈ ਨਹੀਂ ਸੀ ਹੁੰਦੀ।

ਹਰ ਸਾਲ ਬੋਲੀ ਹੁੰਦੀ ਠੇਕੇਦਾਰ ਬੋਲੀ ਦੇ ਕੇ ਸਾਲ ਭਰ ਚੱਕੀਆਂ ਚਲਾਉਂਦਾ । ਠੇਕੇ ਦਾ ਪੈਸਾ ਨਹਿਰੀ ਮਹਿਕਮੇਂ ਕੋਲ ਰੋਜ ਦਾ ਰੋਜ ਭਰਨਾ ਹੁੰਦਾ। ਜੇਕਰ ਸੂਏ ਵਿਚ ਲੱਗੀ ਗੇਜ ਤੋ¿; ਪਾਣੀ ਹੇਠਾਂ ਰਹਿ¿; ਜਾਂਦਾ ਉਨ੍ਹਾਂ ਦਿਨਾਂ ਵਿੱਚ ਤਾਂ ਫਿਰ ਠੇਕਾ ਅੱਧਾ ਵੀ ਲਿਆ ਜਾਂਦਾ ਜਾਂ ਫਰੀ ਵੀ ਹੁੰਦਾ। ਜਿਸ ਦੀ ਕਮਾਈ ਠੇਕੇਦਾਰ ਨੂੰ ਹੁੰਦੀ। ਧੀਮੀ ਗਤੀ ਨਾਲ ਚਲਦੀਆਂ ਚੱਕੀਆਂ ਦਾ ਆਟਾ ਠੰਢਾ ਲੇਸਦਾਰ ਸੁਆਦਿਸ਼ਟ ਬਣਦਾ ਸਮਾਂ ਬਦਲਿਆ ਪਿੰਡਾਂ ’ਚ ਬਿਜਲੀ ਵਾਲੀਆਂ ਚੱਕੀਆਂ ਲੱਗ ਗਈਆਂ। ਦੂਰੋਂ ਆਉਣ ਵਾਲੇ ਲੋਕ ਪਿੰਡਾਂ ’ਚ ਹੀ ਆਟਾ ਪਿਸਾਉਣ ਲੱਗੇ। ਸਿਰਫ ਨੇੜੇ ਪਿੰਡਾਂ ਵਾਲੇ ਹੀ ਮੇਰੇ ਤੱਕ ਆਉਂਦੇ।

ਮੇਰੇ ਹੱਸਦੇ-ਵੱਸਦੇ ’ਤੇ ਅਚਾਨਤ ਆਫਤ ਆ ਗਈ। ਕਾਰਨ ਕੋਈ ਵੀ ਹੋਵੇ ਜਾਂ ਤਾਂ ਮੂਹਰਲੇ ਸਾਹੋਕੇ ਪੁਲ ਤੇ ਪਾਵਰ ਹਾਊਸ ਬਣਨ ਕਾਰਨ ਨਹਿਰ ’ਚ ਪਾਣੀ ਦੀ ਡਾਫ ਲੱਗ ਗਈ ਮੇਰੇ ਵਿਚਲੇ ਪਾਣੀ ਦਾ ਦਬਾਅ ਘੱਟ ਗਿਆ ਜਾਂ ਨਹਿਰ ਪੱਕੀ ਹੋਣ ਦਾ ਕਾਰਨ। ਇਹ ਤਾਂ ਨਹਿਰੀ ਮਹਿਕਮਾਂ ਹੀ ਜਾਣਦਾ ਹੈ।

ਲਗਭਗ ਦੋ ਹਜ਼ਾਰ ਤੋਂ ਲੈ ਕੇ ਦੋ ਹਜ਼ਾਰ ਪੰਜ ਤੱਕ ਮੇਰਾ ਉਜਾੜਾ ਹੋਣਾ ਸ਼ੁਰੂ ਹੋ ਗਿਆ ਤਾਂ ਕਿਸੇ ਸਮੇਂ ਮੇਰੀ ਰਮਣੀਕ ਜਗ੍ਹਾ ਨੂੰ ਲੋਕ ਦੇਖਣ ਆਉਂਦੇ ਸਨ। ਅੱਜ ਖੰਡਰ ਹੋ ਗਿਆ ਹਾਂ । ਦੇਖਣ ਤਾਂ ਕੀ ਆਉਣਾ ਸੀ ਉਜਾੜ ਜਗ੍ਹਾ ਦੇਖ ਕੇ ਲੋਕ ਡਰ ਕੇ ਲੰਘਦੇ ਹਨ। ਭਾਂਵੇ ਹੁਣ ਮੇਰੀ ਹੋਂਦ ਖਤਮ ਹੋ ਚੁੱਕੀ ਹੈ । ਪਰ ਇੱਕ ਗੱਲ ਜਰੂਰ ਹੈ ਕਿ ਮੇਰੇ ਨਾਮ (ਘਰਾਂਟਾਂ) ਤੇ ਮੱਕੀ ਦਾ ਆਟਾ ਵੇਚ ਕੇ ਆਸ-ਪਾਸ ਦੇ ਪਿੰਡਾ ਦੇ ਬਹੁਤ ਬੰਦੇ ਆਪਣੇ ਪਰਿਵਾਰ ਦਾ ਗੁਜਾਰਾ ਚਲਾ ਰਹੇ ਹਨ। ਲਗਭਗ ਸੱਤ-ਅੱਠ ਕਿਲੋਮੀਟਰ ਨੈਸ਼ਨਲ ਹਾਈਵੇਅ ਦੇ ਦੋਨਾਂ ਪਾਸੇ ਮੱਕੀ ਦੇ ਆਟੇ ਦੀਆਂ ਸਟਾਲਾਂ ਲਾ ਲੈਦੇ ਹਨ। ਆਟੇ ਦੀ ਥੈਲੀ ਉੱਪਰ ਘਰਾਂਟਾਂ ਦਾ ਆਟਾ ਵਗੈਰਾ ਮਾਰਕਾ ਲੱਗਿਆ¿; ਹੁੰਦਾ ਹੈ। ਸਿਆਲੋ ਸਿਆਲ ਕਈ ਮਹੀਨੇ ਮੱਕੀ ਦੇ ਆਟੇ ਦੀ ਵਿਕਰੀ ਜੋਰਾਂ ਤੇ ਚਲਦੀ ਰਹਿੰਦੀ ਹੈ ।

ਸਰੂਪ ਚੰਦ ਹਰੀਗੜ੍ਹ (ਬਰਨਾਲਾ)
ਮੋ: 99143-85202

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here