ਜੇ ਚਾਹੁੰਦੇ ਹੋ ਲੰਮੀ ਤੰਦਰੁਸਤ ਉਮਰ ਭੋਗਣਾ ਤਾਂ ਧਰਤੀ ਨਾਲ ਬਣਾ ਕੇ ਰੱਖੋ ਸਿੱਧਾ ਸੰਪਰਕ

0
232

ਜੇ ਚਾਹੁੰਦੇ ਹੋ ਲੰਮੀ ਤੰਦਰੁਸਤ ਉਮਰ ਭੋਗਣਾ ਤਾਂ ਧਰਤੀ ਨਾਲ ਬਣਾ ਕੇ ਰੱਖੋ ਸਿੱਧਾ ਸੰਪਰਕ

ਜੇ ਤੁਸੀਂ ਲੰਬੀ ਤੰਦਰੁਸਤ ਉਮਰ ਭੋਗਣਾ ਚਾਹੁੰਦੇ ਹੋ, ਵੱਡੇ-ਛੋਟੇ ਰੋਗਾਂ ਤੋਂ ਬਚਣਾ ਚਾਹੁੰਦੇ ਹੋ ਤੇ ਜ਼ਿੰਦਗੀ ਦਾ ਪੂਰਾ ਅਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਤੁਹਾਡੇ ਹੀ ਹੱਥ ਹੈ ਤੇ ਸੰਭਵ ਵੀ ਹੈ। ਅਸਲ ਵਿੱਚ ਹਰ ਇੱਕ ਜੀਵ ਬਾਇਓਇਲੈਕਟ੍ਰੀਕਲ ਪ੍ਰਾਣੀ ਹੈ। ਜਿਸ ਧਰਤੀ ’ਤੇ ਆਪਾਂ ਰਹਿ ਰਹੇ ਹਾਂ, ਇਹ ਵੀ ਇੱਕ ਇਲੈਕਟ੍ਰੀਕਲ ਪਲਾਨੈਟ ਹੈ। ਇੱਕ ਇਨਸਾਨ ਕਰੀਬ 3720000000000 (ਸੈਂਤੀ ਖਰਬ ਤੋਂ ਵੀ ਵੱਧ) ਸੈੱਲਾਂ ਦਾ ਬਣਿਆ ਹੋਇਆ ਹੈ।

ਇਹ ਵੀ ਸਾਰੇ ਸੈੱਲ ਮਲਟੀਪਲ ਫਰੀਕੁਐਂਸੀਜ ਛੱਡਦੇ ਹਨ। ਤਾਂ ਹੀ ਨਰਵਸ ਸਿਸਟਮ, ਮਾਸਪੇਸ਼ੀਆਂ, ਦਿਲ, ਜਿਗਰ, ਇਮਿਊਨ ਸਿਸਟਮ ਆਦਿ ਸਹੀ ਤਰ੍ਹਾਂ ਕੰਮ ਕਰਦੇ ਹਨ। ਕੋਈ ਸੈੱਲ ਜਿਸ ਵੀ ਅੰਗ ਦਾ ਹਿੱਸਾ ਹੁੰਦਾ ਹੈ ਉਸਨੂੰ ਉਸੇ ਅੰਗ ਮੁਤਾਬਕ ਕੰਮ ਕਰਨਾ ਪੈਂਦਾ ਹੈ। ਅਜਿਹਾ ਵਧੀਆ ਤਾਲਮੇਲ ਬਣਾਉਣ ਲਈ ਸਭ ਸੈੱਲ ਆਪਸ ਵਿੱਚ ਸੰਪਰਕ ਕਰਨ ਲਈ ਇੱਕ ਤਰ੍ਹਾਂ ਦੀਆਂ ਇਲੈਕਟ੍ਰੀਕਲ ਇੰਪਲਸਜ ਰਾਹੀਂ ਸੰਬੰਧ ਬਣਾਉਂਦੇ ਹਨ। ਜਿਸ ਵਿਅਕਤੀ ਦੇ ਸੈੱਲਾਂ ਦਾ ਆਪਸੀ ਸੰਪਰਕ ਵਧੀਆ ਹੁੰਦਾ ਹੈ। ਜਾਂ ਜਿਸਦੇ ਸੈੱਲ ਵਧੀਆ ਤਰੀਕੇ ਨਾਲ ਅਪਣੀ ਡਿਊਟੀ ਨਿਭਾਉਂਦੇ ਹਨ ਉਹ ਵਿਅਕਤੀ ਹੀ ਲੰਬੀ ਉਮਰ ਭੋਗਦਾ ਹੈ। ਪ੍ਰੰਤੂ ਜੋ ਵਿਅਕਤੀ ਧਰਤੀ ਦੇ ਸੰਪਰਕ ’ਚ ਜ਼ਿਆਦਾ ਰਹਿੰਦਾ ਹੈ ਉਸਦੇ ਸੈੱਲ ਹੀ ਜ਼ਿਆਦਾ ਵਧੀਆ ਤਰਾਂ ਕੰਮ ਕਰਦੇ ਹਨ।

ਕੋਈ ਕਿੰਨੀ ਵੀ ਵਧੀਆ ਖੁਰਾਕ, ਵਰਜਿਸ਼ ਤੇ ਸਾਫ ਵਾਤਾਵਰਣ ’ਚ ਰਹਿ ਲਵੇ ਫਿਰ ਵੀ ਉਹਦੇ ਸੈੱਲ ਜ਼ਿਆਦਾ ਲੰਬੇ ਸਮੇਂ ਤੱਕ ਤੰਦਰੁਸਤ ਨਹੀਂ ਰਹਿੰਦੇ ਜੇ ਉਹ ਰੋਜ਼ਾਨਾ ਧਰਤੀ ਦੇ ਸਿੱਧੇ ਸੰਪਰਕ ’ਚ ਨਹੀਂ ਆਉਂਦਾ ਹੈ। ਧਰਤੀ ਦੇ ਸਿੱਧੇ ਸੰਪਰਕ ’ਚ ਆਉਣ ਨੂੰ ‘ਗ੍ਰਾਊਂਡਿੰਗ’ ਅਤੇ ‘ਅਰਥਿੰਗ’ ਕਹਿੰਦੇ ਹਨ। ਯਾਨੀ ਕਿ ਆਨੇ-ਬਹਾਨੇ ਨੰਗੇ ਪੈਰੀਂ ਚੱਲਣਾ, ਧਰਤੀ ’ਤੇ ਬਿਨਾਂ ਕੁੱਝ ਵਿਛਾਇਆਂ ਬੈਠਣਾ, ਲੇਟਣਾ, ਸੌਣਾ, ਲੰਗਰ ਛਕਣਾ, ਕਿਚਨ ਗਾਰਡਨ ’ਚ ਕੁੱਝ ਦੇਰ ਬਿਤਾਉਣਾ ਜਾਂ ਖੇਤੀ ਕਰਨਾ, ਮਜ਼ਦੂਰੀ ਕਰਨਾ ਆਦਿ ਧਰਤੀ ਦੇ ਸਿੱਧੇ ਸੰਪਰਕ ’ਚ ਆਉਣਾ ਭਾਵ ਗ੍ਰਾਊਂਡਿੰਗ ਦਾ ਲਾਭ ਲੈਣਾ ਹੈ। ਇਉਂ ਹਰ ਬਾਰਾਂ ਕੁ ਘੰਟੇ ਬਾਅਦ ਹਰ ਵਿਅਕਤੀ ਨੂੰ ਘੱਟੋ-ਘੱਟ ਅੱਧੇ ਘੰਟੇ ਲਈ ਧਰਤੀ ਦੇ ਸਿੱਧੇ ਸੰਪਰਕ ’ਚ ਜਰੂਰ ਆਉਣਾ ਚਾਹੀਦਾ ਹੈ।

ਉਂਜ ਧਰਤੀ ਦੇ ਸੰਪਰਕ ਵਿੱਚ ਵਧੇਰੇ ਰਹਿਣ ਵਾਲਾ ਵਿਅਕਤੀ ਮਾਨਸਿਕ ਅਤੇ ਸਰੀਰਕ ਤੌਰ ’ਤੇ ਵਧੇਰੇ ਤਾਕਤਵਰ ਹੁੰਦਾ ਹੈ। ਅਜਿਹੇ ਵਿਅਕਤੀ ਨੂੰ ਹਰ ਖੁਰਾਕ ਹਜ਼ਮ ਹੁੰਦੀ ਹੈ ਤੇ ਹਰ ਤਰ੍ਹਾਂ ਦਾ ਵਾਤਾਵਰਣ ਵੀ ਫਿੱਟ ਬੈਠ ਜਾਂਦਾ ਹੈ। ਕਿਉਂਕਿ ਉਹਦੇ ਸੈੱਲ ਜ਼ਿਆਦਾ ਚਾਰਜਿਡ ਹੁੰਦੇ ਹਨ। ਉਂਜ ਇਨ੍ਹਾਂ ਸੈੱਲਾਂ ਦੀ ਤੰਦਰੁਸਤੀ ਵਾਸਤੇ ਖੁੱਲ੍ਹੇ ਵਾਤਾਵਰਨ ’ਚ ਵੱਧ ਤੋਂ ਵੱਧ ਰਹਿਣਾ, ਧੁੱਪੇ ਵੀ ਰੋਜ਼ਾਨਾ ਨਿੱਕਲਣਾ, ਧਰਤੀ ਹੇਠਲਾ ਪਾਣੀ ਪੀਣਾ, ਧਰਤੀ ’ਚ ਉੱਗੀਆਂ ਵਸਤਾਂ ਜ਼ਿਆਦਾ ਵਰਤਣਾ ਲੇਕਿਨ ਬਾਜ਼ਾਰੂ ਚੀਜਾਂ ਘੱਟ ਤੋਂ ਘੱਟ ਵਰਤਣਾ ਜਰੂਰੀ ਹੁੰਦਾ ਹੈ। ਸੁੱਚਮ, ਸਫਾਈ ਰੱਖਣੀ ਵੀ ਜਰੂਰੀ ਹੁੰਦੀ ਹੈ ਤਾਂ ਕਿ ਇਨਫੈਕਸ਼ਨਜ਼ ਨਾ ਹੋਣ ਜਾਂ ਘੱਟ ਤੋਂ ਘੱਟ ਹੋਣ। ਪ੍ਰੰਤੂ ਇਹਨਾਂ ਸਭ ਤੋਂ ਜਰੂਰੀ ਧਰਤੀ ਨਾਲ ਵੱਧ ਤੋਂ ਵੱਧ ਸਪੱਰਸ਼ ਜਰੂਰੀ ਹੁੰਦਾ ਹੈ। ਕਿਉਂਕਿ ਹਰ ਜੀਵ ਧਰਤੀ ਦੀ ਕੁਦਰਤੀ ਇਲੈਕਟਿ੍ਰਕ ਐਨਰਜੀ ਨਾਲ ਹੀ ਜੀਵਤ ਹੈ। ਜੀਵਨ ਵੀ ਇੱਕ ਤਰ੍ਹਾਂ ਦੀ ਇਲੈਟਿ੍ਰਕ ਐਨਰਜੀ ਹੈ।

ਜਿਹੜੇ ਲੋਕ ਜ਼ਿਆਦਾ ਨੰਗੇ ਪੈਰੀਂ ਰਹਿੰਦੇ ਹਨ, ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਹਨ ਜਾਂ ਭੁੰਜੇ ਬੈਠ ਕੇ ਖਾਣਾ ਖਾਂਦੇ, ਸੌਂਦੇ ਹਨ ਉਹਨਾਂ ਨੂੰ ਇਨਫੈਕਸ਼ਨਜ ਵੀ ਘੱਟ ਹੁੰਦੀਆਂ ਹਨ ਤੇ ਜੇ ਇਨਫੈਕਸ਼ਨਜ ਹੋ ਵੀ ਜਾਣ ਤਾਂ ਬਗੈਰ ਦਵਾਈਆਂ ਜਾਂ ਬਹੁਤ ਘੱਟ ਦਵਾਈ ਨਾਲ ਹੀ ਜਲਦੀ ਠੀਕ ਵੀ ਹੋ ਜਾਂਦੇ ਹਨ। ਇਸਦੀ ਉਦਾਹਰਨ ਭਿਖਾਰੀ ਤੇ ਝੁੱਗੀ-ਝੌਂਪੜੀ ਵਾਲੇ ਹਨ। ਇਹਨਾਂ ਨੂੰ ਬਹੁਤ ਘੱਟ ਇਨਫੈਕਸ਼ਨਜ ਹੁੰਦੀਆਂ ਹਨ।
ਇਸਦੇ ਉਲਟ ਜੋ ਲੋਕ ਬਹੁਤ ਘੱਟ ਪੈਦਲ ਚੱਲਦੇ ਹਨ, ਨੰਗੇ ਪੈਰੀਂ ਕਦੇ ਵੀ ਨਹੀਂ ਰਹਿੰਦੇ, ਹਰ ਵੇਲੇ ਸੂਟਿਡ-ਬੂਟਿਡ ਰਹਿੰਦੇ ਹਨ, ਬਹੁਤਾ ਸਮਾਂ ਕਾਰਾਂ ਜੀਪਾਂ ’ਚ ਰਹਿੰਦੇ ਹਨ, ਕਦੇ ਵੀ ਥੱਲੇ ਬੈਠ ਕੇ ਖਾਣਾ ਨਹੀਂ ਖਾਂਦੇ ਹਨ, ਉਹਨਾਂ ਨੂੰ ਇਨਫੈਕਸ਼ਨਜ ਵੀ ਵਧੇਰੇ ਹੁੰਦੀਆਂ ਹਨ ਤੇ ਉਹਨਾਂ ਦੀ ਸਧਾਰਨ ਬਿਮਾਰੀ ਵੀ ਵਿਗੜ ਕੇ ਲਾਇਲਾਜ ਹੋ ਜਾਂਦੀ ਹੈ।

ਇਸੇ ਲਈ ਬਹੁਤੇ ਅਮੀਰ ਲੋਕ ਦਵਾਈਆਂ ਹੀ ਖਾਂਦੇ ਰਹਿੰਦੇ ਹਨ। ਹਸਪਤਾਲ ਤੇ ਡਾਇਲਸਿਸ ਸੈਂਟਰ ਵਿੱਚ ਵੀ ਅਮੀਰ ਹੀ ਜ਼ਿਆਦਾ ਹੁੰਦੇ ਹਨ। ਕਿਉਂਕਿ ਉਹ ਧਰਤੀ ਦੇ ਇਲੈਕਟ੍ਰੀਕਲ ਕਾਨਟੈਕਟ ਵਿੱਚ ਨਹੀਂ ਰਹਿੰਦੇ। ਪਲਾਸਟਿਕ ਜਾਂ ਰਬੜ ਦੀਆਂ ਚੱਪਲਾਂ, ਬੂਟ, ਸੈਂਡਲ ਆਦਿ ਪਹਿਨਣ ਵਾਲੇ ਲੋਕ ਵੀ ਧਰਤੀ ਦੀ ਐਨਰਜੀ ਤੋਂ ਵਾਂਝੇ ਹੋਣ ਕਾਰਨ ਜ਼ਿਆਦਾ ਜਲਦੀ ਰੋਗੀ ਹੁੰਦੇ ਹਨ ਤੇ ਲੰਬੀ ਉਮਰ ਵਾਲੇ ਨਹੀਂ ਹੁੰਦੇ। ਇਸੇ ਤਰ੍ਹਾਂ ਜਿਨ੍ਹਾਂ ਘਰਾਂ ਵਿੱਚ ਪੱਥਰ, ਸੰਗਮਰਮਰ, ਲੱਕੜ ਜਾਂ ਪੱਕੀਆਂ ਇੱਟਾਂ, ਸੀਮਿੰਟ, ਬੱਜਰੀ ਆਦਿ ਦੀਆਂ ਹੀ ਫਰਸ਼ਾਂ ਹੁੰਦੀਆਂ ਹਨ, ਉਹ ਵੀ ਬਹੁਤਾ ਤੰਦਰੁਸਤ ਨਹੀਂ ਹੁੰਦੇ। ਕਿਉਂਕਿ ਇਹ ਸਭ ਤਰ੍ਹਾਂ ਦੀਆਂ ਫਰਸ਼ਾਂ ਸੋਹਣੀਆਂ ਤਾਂ ਬਹੁਤ ਹਨ ਪਰ ਸਿਹਤਵਰਧਕ ਨਹੀਂ ਹਨ। ਇਸੇ ਕਰਕੇ ਪੱਕੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਵੇਰੇ ਆਲਸ ਚੜਿ੍ਹਆ ਹੁੰਦਾ ਹੈ ਜਦੋਂਕਿ ਕੱਚੇ ਘਰਾਂ ਵਿੱਚ ਰਹਿਣ ਵਾਲੇ ਤੇ ਭੁੰਜੇ ਸੌਣ ਵਾਲੇ ਲੋਕ ਬਹੁਤ ਜ਼ਲਦੀ ਜਾਗ ਜਾਂਦੇ ਹਨ।

ਪੱਕੀਆਂ ਫਰਸ਼ਾਂ ’ਤੇ ਰਹਿਣ ਵਾਲਿਆਂ ਨੂੰ ਬਹੁਤ ਤਰ੍ਹਾਂ ਦੀਆਂ ਤਕਲੀਫਾਂ ਬਣੀਆਂ ਹੀ ਰਹਿੰਦੀਆਂ ਹਨ। ਜਦੋਂਕਿ ਨੰਗੇ ਪੈਰੀਂ ਵਧੇਰੇ ਰਹਿਣ ਵਾਲੇ ਵਿਅਕਤੀਆਂ ਨੂੰ ਛੋਟੇ-ਮੋਟੇ ਰੋਗ ਤਾਂ ਹੁੰਦੇ ਹੀ ਨਹੀਂ ਤੇ ਖਤਰਨਾਕ ਰੋਗਾਂ ਤੋਂ ਵੀ ਬਚੇ ਰਹਿੰਦੇ ਹਨ। ਉਹਨਾਂ ਦੇ ਵਾਲ ਜਲਦੀ ਸਫੈਦ ਨਹੀਂ ਹੁੰਦੇ, ਉਹਨਾਂ ਦੇ ਦੰਦ ਜਾੜ੍ਹਾਂ ਖਰਾਬ ਬਹੁਤ ਘੱਟ ਹੁੰਦੇ ਹਨ, ਉਹਨਾਂ ਦੀ ਨਜ਼ਰ ਨਹੀਂ ਘਟਦੀ, ਉਹ ਜ਼ਿਆਦਾ ਸਮਾਂ ਜਵਾਨ ਰਹਿੰਦੇ ਹਨ। ਉਨ੍ਹਾਂ ਦਾ ਹਾਜ਼ਮਾ, ਨੀਂਦ, ਭੁੱਖ, ਪਿਆਸ ਆਦਿ ਵਧੀਆ ਰਹਿੰਦੇ ਹਨ। ਇਸੇ ਕਾਰਨ ਪੱਕੇ ਘਰਾਂ, ਬੰਗਲਿਆਂ, ਕੋਠੀਆਂ, ਫਲੈਟਾਂ ’ਚ ਰਹਿਣ ਵਾਲੇ ਵਧੀਆ ਖਾਣ ਪੀਣ ਵਾਲੇ ਅਮੀਰਾਂ ਨਾਲੋਂ ਕੱਚੀਆਂ ਝੌਂਪੜੀਆਂ ਜਾਂ ਫੁੱਟਪਾਥਾਂ ’ਤੇ ਰਹਿਣ ਵਾਲਿਆਂ ਦੀ ਉਮਰ ਵੀ ਲੰਬੀ ਹੁੰਦੀ ਹੈ, ਹਾਜ਼ਮਾ ਵੀ ਵਧੀਆ ਹੁੰਦਾ ਹੈ ਤੇ ਕਿਸੇ ਵੀ ਬਿਮਾਰੀ ਕਾਰਨ ਉਨ੍ਹਾਂ ਦੀ ਸਿਹਤ ਜਲਦੀ ਨਹੀਂ ਵਿਗੜਦੀ। ਕਿਉਂਕਿ ਉਹਨਾਂ ਦੇ ਸੈੱਲ ਧਰਤੀ ਤੋਂ ਜ਼ਿਆਦਾ ਐਨਰਜੀ ਲੈਂਦੇ ਰਹਿੰਦੇ ਹਨ।

ਨਤੀਜੇ ਵਜੋਂ ਉਹਨਾਂ ਦੇ ਸੈੱਲਾਂ ਦਾ ਲਾਈਫ ਸਪੈਨ ਲੰਬਾ ਹੋ ਜਾਂਦਾ ਹੈ। ਸੈੱਲ ਜ਼ਿਆਦਾ ਚੁਸਤ-ਦਰੁਸਤ ਹੋਣ ਕਾਰਨ ਉਹਨਾਂ ਦੇ ਜੀਨਜ਼, ਹਾਰਮੋਨਜ਼ ਤੇ ਐਂਜ਼ਾਈਮਜ਼ ਵਧੀਆ ਕੁਆਲਿਟੀ ਦੇ ਬਣੇ ਰਹਿੰਦੇ ਹਨ। ਧਰਤੀ ਦੇ ਜ਼ਿਆਦਾ ਸੰਪਰਕ ’ਚ ਰਹਿਣ ਵਾਲੇ ਲੋਕ ਜ਼ਿਆਦਾ ਤਾਕਤਵਰ ਹੁੰਦੇ ਹਨ, ਜ਼ਿਆਦਾ ਚਿਰ ਜਵਾਨ ਰਹਿੰਦੇ ਹਨ ਤੇ ਉਮਰ ਵੀ ਲੰਬੀ ਭੋਗਦੇ ਹਨ। ਇਉਂ ਉਹ ਸਾਰੀ ਉਮਰ ਜ਼ਿੰਦਗੀ ਦੇ ਸਭ ਰੰਗਾਂ ਨੂੰ ਬਹੁਤ ਹੀ ਵਧੀਆ ਤਰ੍ਹਾਂ ਮਾਣਦੇ ਹਨ। ਕਾਫੀ ਲਾਪ੍ਰਵਾਹੀਆਂ, ਬੇਪ੍ਰਹੇਜ਼ੀਆਂ ਵੀ ਉਹਨਾਂ ਨੂੰ ਰਾਸ ਆ ਜਾਂਦੀਆਂ ਹਨ। ਉਹ ਸਲਾਦ, ਫਲ, ਡਰਾਈ ਫਰੂਟਸ, ਦੁੱਧ ਦਹੀਂ ਵੀ ਬਹੁਤ ਘੱਟ ਵਰਤਦੇ ਹਨ ਲੇਕਿਨ ਫਿਰ ਵੀ ਉਹਨਾਂ ਦੇ ਵਾਲ, ਅੱਖਾਂ, ਚਮੜੀ, ਦੰਦ ਜ਼ਿਆਦਾ ਸਮਾਂ ਤੰਦਰੁਸਤ ਰਹਿੰਦੇ ਹਨ।

ਇਸਦੇ ਉਲਟ ਸਿਰਫ ਧਰਤੀ ਦੇ ਸਿੱਧਾ ਸੰਪਰਕ ਚ ਨਾ ਰਹਿਣ ਵਾਲੇ ਲੋਕਾਂ ਨੂੰ ਵਧੀਆ ਖੁਰਾਕਾਂ ਖਾਣ ਦੇ ਬਾਵਜੂਦ, ਫੁੱਲ ਪ੍ਰਹੇਜ ਰੱਖਣ ਅਤੇ ਸਫਾਈ ਸੁੱਚਮ ਰੱਖਣ ਦੇ ਬਾਵਜੂਦ ਵੀ ਖਤਰਨਾਕ ਰੋਗ ਬਹੁਤ ਜਲਦੀ ਘੇਰਦੇ ਹਨ। ਉਹਨਾਂ ਦੀ ਜਵਾਨੀ ’ਚ ਵੀ ਉਨਾ ਜੋਸ਼ ਨਹੀਂ ਹੁੰਦਾ ਤੇ ਬੁਢਾਪਾ ਵੀ ਬਹੁਤ ਤਕਲੀਫਦੇਹ ਹੁੰਦਾ ਹੈ। ਇਸੇ ਤਰ੍ਹਾਂ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਨਾਲੋਂ ਪਿੰਡਾਂ ਵਾਲੇ ਵਧੇਰੇ ਤੰਦਰੁਸਤ ਤੇ ਤਾਕਤਵਰ ਹੁੰਦੇ ਹਨ, ਜਦੋਂਕਿ ਪਿੰਡਾਂ ਵਾਲਿਆਂ ਨਾਲੋਂ ਜੰਗਲਾਂ ’ਚ ਰਹਿਣ ਵਾਲੇ ਵਧੇਰੇ ਸਿਹਤਮੰਦ ਹੁੰਦੇ ਹਨ।

ਇਵੇਂ ਹੀ ਕੁਦਰਤੀ ਜੀਵਨਜਾਪਨ ਵੀ ਵਿਅਕਤੀ ਦੀ ਉਮਰ ਲੰਬੀ ਕਰਦਾ ਹੈ। ਜਿਵੇਂ ਕਿ ਚੁੱਲ੍ਹੇ ਦੀ ਬਜਾਏ ਤੰਦੂਰ ਦੀ ਰੋਟੀ ਸਿਹਤਵਰਧਕ ਹੁੰਦੀ ਹੈ। ਕੜਾਹੀ ਦੀ ਬਿਜਾਏ ਕੁੱਜੇ ਦੀ ਸਬਜ਼ੀ, ਕੁੱਕਰ ਦੇ ਬਜਾਏ ਤੌੜੀ ਦੀ ਦਾਲ, ਪਤੀਲੇ ਦੀ ਬਜਾਏ ਕਾੜ੍ਹਨੀ ਦਾ ਦੁੱਧ, ਕਿਸੇ ਪਿੱਤਲ, ਸਟੀਲ ਆਦਿ ਧਾਤੂ ਦੇ ਬਰਤਨ ਦੇ ਬਜਾਏ ਮਿੱਟੀ ਦੀ ਬਠਲੀ ’ਚ ਦਹੀਂ ਜਮਾਉਣਾ ਵੀ ਫਾਇਦੇਮੰਦ ਹਨ। ਇਵੇਂ ਹੀ ਗਰਾਈਂਡਰ ਵਿੱਚ ਬਣਾਈ ਚਟਣੀ ਨਾਲੋਂ ਕੂੰਡੇ ਦੀ ਚਟਣੀ ਵੀ ਵਧੇਰੇ ਪੌਸ਼ਟਿਕ ਤੇ ਸੁਆਦੀ ਹੁੰਦੀ ਹੈ।

ਤੁਸੀਂ ਵੀ ਜੇ ਜ਼ਿਆਦਾ ਤੰਦਰੁਸਤ ਰਹਿਣਾ ਚਾਹੁੰਦੇ ਹੋ, ਲੰਬੀ ਉਮਰ ਭੋਗਣੀ ਚਾਹੁੰਦੇ ਹੋ ਤਾਂ ਕੁਦਰਤੀ ਸਾਦਾ ਜੀਵਨ ਜਿਉਣ ਦੀ ਕੋਸ਼ਿਸ਼ ਕਰੋ, ਪਰਮਾਤਮਾ ਦੀਆਂ ਜਿਵੇਂ ਦੀਆਂ ਹੀ ਬਣਾਈਆਂ ਚੀਜਾਂ ਹਨ ਉਵੇਂ ਹੀ ਵਧੇਰੇ ਖਾਉ, ਬੰਦੇ ਦੀਆਂ ਬਣਾਈਆਂ ਚੀਜਾਂ ਘੱਟ ਖਾਉ। ਜਿਵੇਂ ਕਿ ਪਰਮਾਤਮਾ ਨੇ ਫਲ ਬਣਾਏ ਹਨ ਜਦੋਂਕਿ ਮਨੁੱਖ ਨੇ ਜੂਸ ਜੈਮ ਬਣਾ ਲਏ। ਪਰਮਾਤਮਾ ਨੇ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਬਣਾਏ ਹਨ ਜਦੋਂਕਿ ਮਨੁੱਖ ਨੇ ਮਠਿਆਈਆਂ ਬਣਾ ਲਈਆਂ ਹਨ। ਦੁੱਧ, ਦਹੀਂ, ਲੱਸੀ ’ਚ ਵੀ ਮਨੁੱਖ ਨੇ ਹੀ ਖੰਡ, ਗੁੜ, ਸ਼ੱਕਰ, ਸ਼ਹਿਦ, ਨਮਕ, ਮਿਰਚ ਆਦਿ ਪਾਉਣਾ ਸ਼ੁਰੂ ਕੀਤਾ ਹੈ। ਪਰਮਾਤਮਾ ਨੇ ਆਂਵਲੇ ਬਣਾਏ ਸੀ ਮਨੁੱਖ ਨੇ ਮੁਰੱਬੇ ਬਣਾ ਲਏ। ਇਵੇਂ ਹੀ ਪਰਮਾਤਮਾ ਨੇ ਧਰਤੀ ਕੱਚੀ ਬਣਾਈ ਸੀ ਮਨੁੱਖ ਨੇ ਫਰਸ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਮਾਤਮਾ ਨੇ ਪਹਾੜ ਬਣਾਏ ਸੀ ਵਾਤਾਵਰਨ ਦੇ ਸੰਤੁਲਨ ਲਈ ਲੇਕਿਨ ਮਨੁੱਖ ਨੇ ਪਹਾੜ ਤੋੜ ਕੇ ਪੱਥਰ ਨੂੰ ਹੋਰ ਕੰਮਾਂ ’ਚ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਅਸਲ ਵਿੱਚ ਗੱਲ ਬਹੁਤ ਲੰਬੀ ਹੋ ਜਾਣੀ ਹੈ। ਕੁਦਰਤ ਦੇ ਤੋਹਫਿਆਂ ਤੇ ਮਨੁੱਖ ਦੀਆਂ ਗਲਤੀਆਂ ਦਾ ਬਿਉਰਾ ਨਹੀਂ ਮੁੱਕਣਾ। ਤੁਹਾਨੂੰ ਇੱਕ ਹੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਧਰਤੀ ਨੂੰ ਵੱਧ ਤੋਂ ਵੱਧ ਹਰਿਆ-ਭਰਿਆ ਰੱਖਣ ਦੀ ਕੋਸ਼ਿਸ਼ ਕਰੋ। ਹਰ ਸਾਲ ਹਰ ਮਨੁੱਖ ਨੂੰ ਘੱਟੋ-ਘੱਟ 100 ਰੁੱਖ ਲਾਉਣੇ ਚਾਹੀਦੇ ਹਨ। ਰੁੱਖ ਵੀ ਖੇਤਰੀ ਲਾਉਣੇ ਚਾਹੀਦੇ ਹਨ ਵਿਦੇਸ਼ੀ ਨਹੀਂ। ਤੁਸੀਂ ਆਪ ਵੀ ਪਰਿਵਾਰ ਸਮੇਤ ਵੱਧ ਤੋਂ ਵੱਧ ਧਰਤੀ ਦੇ ਸਿੱਧੇ ਸੰਪਰਕ ’ਚ ਰਹਿਣ ਦੀ ਕੋਸ਼ਿਸ਼ ਕਰੋ। ਘਰ ’ਚ ਸਬਜ਼ੀਆਂ, ਸਲਾਦ ਤੇ ਫਲਦਾਰ ਰੁੱਖ ਜਰੂਰ ਲਾਉ। ਧਰਤੀ ਹੇਠਲਾ ਪਾਣੀ ਪੀਉ। ਖੁੱਲ੍ਹੀ ਹਵਾ, ਧੁੱਪ ’ਚ ਰੋਜ਼ਾਨਾ ਥੋੜ੍ਹੀ ਦੇਰ ਜਰੂਰ ਨਿੱਕਲੋ। ਪੈਦਲ ਵੱਧ ਤੋਂ ਵੱਧ ਚੱਲਣ ਦੀ ਆਦਤ ਪਾਉ। ਹੱਥੀਂ ਕੰਮ ਕਰੋ। ਰਲ-ਮਿਲ ਕੇ ਰਹੋ। ਰਲ-ਮਿਲ ਕੇ ਕੰਮ ਕਰੋ। ਰਲ-ਮਿਲ ਕੇ ਖਾਉ-ਪੀਉ। ਹਰ ਪਲ ਉਮਰ ਮੁਤਾਬਕ ਹੰਢਾਉਣ ਦੀ ਕੋਸ਼ਿਸ਼ ਕਰੋ।
ਡਾ. ਬਲਰਾਜ ਬੈਂਸ, ਡਾ. ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।