ਕਿਤਾਬੀ ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਜ਼ਰੂਰੀ ਨੁਕਤੇ

0

ਕਿਤਾਬੀ ਪੜ੍ਹਾਈ ਨੂੰ ਰੌਚਿਕ ਬਣਾਉਣ ਲਈ ਜ਼ਰੂਰੀ ਨੁਕਤੇ

ਆਪਾਂ ਕੋਈ ਵੀ ਯਤਨ ਕਰਦੇ ਹਾਂ ਤਾਂ ਉਸ ਪਿੱਛੇ ਸਾਡੀ ਕੋਈ ਨਾ ਕੋਈ ਮਨਸ਼ਾ ਜ਼ਰੂਰ ਜੁੜੀ ਹੁੰਦੀ ਹੈ। ਇਸ ਲਈ ਸਾਡੀਆਂ ਚਾਹਤਾਂ ਦਾ ਸਾਡੇ ਯਤਨਾਂ ਨਾਲ ਸਿੱਧਾ ਸਬੰਧ ਹੁੰਦਾ ਹੈ। ਪਰੰਤੂ ਜੇਕਰ ਸਾਨੂੰ ਫਲ ਦੀ ਮਿਠਾਸ ਦਾ ਪਤਾ ਨਾ ਹੋਵੇ ਤਾਂ ਸਾਡੀਆਂ ਕੋਸ਼ਿਸ਼ਾਂ ਤਾਕਤਵਾਰ ਨਹੀਂ ਰਹਿੰਦੀਆਂ, ਕੰਮ ਕਰਨਾ ਬੋਝਲ ਲੱਗਦਾ ਹੈ। ਭਾਵੇਂ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਕੇਵਲ ਨਿਸ਼ਾਨੇ ਬਾਰੇ ਨਾ ਸੋਚੋ ਸਗੋਂ ਮੰਜਿਲ ਤੱਕ ਜਾਂਦੇ ਵਕਤ ਸਫਰ ਦੀ ਲੱਜ਼ਤ ਲੈਣੀ ਵੀ ਸਿੱਖੋ, ਪਰ ਫਿਰ ਵੀ ਸਾਡੀ ਮਿਹਨਤ ਦਾ ਅਖੀਰ ਕੋਈ ਸਿੱਟਾ ਮਿਲਣਾ ਹੁੰਦਾ ਹੈ।

ਜੇਕਰ ਸਿੱਖਿਆ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਵਿੱਦਿਆ ਦੀਆਂ ਜੜ੍ਹਾਂ ਕੌੜੀਆਂ ਤੇ ਫ਼ਲ ਮਿੱਠਾ ਹੁੰਦਾ ਹੈ। ਇਸ ਦਾ ਸਰਲ ਭਾਸ਼ਾ ਵਿੱਚ ਭਾਵ ਹੈ ਕਿ ਵਿੱਦਿਆ ਪ੍ਰਾਪਤੀ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਸਕੂਲੀ ਪੜ੍ਹਾਈ ਕਰਦੇ ਵਕਤ ਪਾਠਕ੍ਰਮ ਦੀਆਂ ਕਿਤਾਬਾਂ ਨਾਲ ਸੰਘਰਸ਼ ਕਰ ਰਹੇ ਬੱਚਿਆਂ ਦੇ ਮਾਮਲੇ ਵਿੱਚ ਇਹ ਗੱਲ ਹੋਰ ਵੀ ਔਖੀ ਹੈ। ਬੱਚਿਆਂ ਨੂੰ ਪੜ੍ਹਾਈ ਦਾ ਮਹੱਤਵ ਮਹਿਸੂਸ ਕਰਵਾਉਣ ਦੀ ਲੋੜ ਹੁੰਦੀ ਹੈ।

ਇਹ ਕੰਮ ਮਾਪਿਆਂ ਤੇ ਅਧਿਆਪਕਾਂ ਨੇ ਰਲ ਕੇ ਕਰਨਾ ਹੁੰਦਾ ਹੈ। ਪਰ ਮਾਪੇ ਕੰਮਾਂ-ਕਾਰਾਂ ਵਿਚ ਵਿਅਸਤ ਹਨ ਇਸ ਕਰਕੇ ਇਹ ਜ਼ਿੰਮੇਵਾਰੀ ਕੇਵਲ ਅਧਿਆਪਕ ਦੇ ਸਿਰ ‘ਤੇ ਆ ਜਾਂਦੀ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਜਗਦਾ ਦੀਵਾ ਹੀ ਹੋਰ ਦੀਵਿਆਂ ਨੂੰ ਜਗਾ ਸਕਦਾ ਹੈ ਬਿਲਕੁਲ ਇਸੇ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਦੀ ਅਧਿਆਪਕ ਦਾ ਖੁਦ ਉਤਸ਼ਾਹੀ ਹੋਣਾ ਬਹੁਤ ਜ਼ਰੂਰੀ ਹੈ।

ਅਧਿਆਪਕ ਉਹ ਜੁਗਨੂੰ ਹੈ ਜਿਸ ਦੀ ਚਮਕ ਵੇਖ ਕੇ ਬੱਚਿਆਂ ਅੰਦਰ ਨਵੀਂ ਊਰਜਾ ਭਰ ਜਾਂਦੀ ਹੈ। ਅਧਿਆਪਕ ਦੀ ਪ੍ਰੇਰਨਾ ਨਾਲ ਬੱਚੇ ਪੜ੍ਹਨ ਅਤੇ ਨਵਾਂ ਸਿੱਖਣ ਲਈ ਤਿਆਰ ਹੋ ਜਾਂਦੇ ਹਨ। ਅੱਜ ਭਾਵੇਂ ਤਕਨੀਕ ਦਾ ਦੌਰ ਹੈ। ਬੱਚੇ ਡਿਜ਼ੀਟਲ ਕਿਤਾਬਾਂ ਤੇ ਕਿਰਿਆਵਾਂ ਰਾਹੀਂ ਬੜਾ ਕੁਝ ਸਿੱਖ ਰਹੇ ਹਨ ਪਰ ਤਕਨੀਕ ਕਦੇ ਵੀ ਅਧਿਆਪਕ ਦਾ ਬਦਲ ਨਹੀਂ ਬਣ ਸਕਦੀ। ਬੱਚੇ ਨੂੰ ਪੜ੍ਹਨ ਲਈ ਤਿਆਰ ਕਰਨ ਦਾ ਕੰਮ ਅਧਿਆਪਕ ਹੀ ਕਰ ਸਕਦਾ ਹੈ।

ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ। ਬੱਚੇ ਆਪਣੇ ਅਧਿਆਪਕ ਰਾਹੀਂ ਖੁਦ ਨੂੰ ਵੱਡਾ ਹੋਇਆ ਦੇਖਦੇ ਹਨ। ਅਧਿਆਪਕ ਬੱਚਿਆਂ ਰਾਹੀਂ ਆਪਣੀਆਂ ਰਹਿ ਗਈਆਂ ਕਮੀਆਂ ਨੂੰ ਪੂਰਾ ਕਰਨ ਦੀ ਉਮੀਦ ਕਰਦਾ ਹੈ। ਇਸ ਸਾਰੀ ਪ੍ਰਕਿਰਿਆ ਦੀ ਬੁਨਿਆਦ ਵਿੱਦਿਆ ਪ੍ਰਾਪਤੀ ਹੈ। ਹਰ ਸਾਲ ਬੱਚੇ ਅਗਲੀਆਂ ਕਲਾਸਾਂ ਵਿੱਚ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਨਵੀਆਂ ਕਿਤਾਬਾਂ ਨਾਲ ਵਾਹ ਪੈਂਦਾ ਹੈ ਜੋ ਕਿ ਬੱਚਿਆਂ ਨੂੰ ਬੜੀਆਂ ਔਖੀਆਂ ਲੱਗਦੀਆਂ ਹਨ।

ਸਰਕਾਰਾਂ ਤੇ ਸਿੱਖਿਆ ਸ਼ਾਸਤਰੀ ਪੜ੍ਹਾਈ ਨੂੰ ਸੌਖੀ ਤੇ ਰੌਚਿਕ ਬਣਾਉਣ ਲਈ ਯਤਨ ਕਰ ਰਹੇ ਹਨ ਪੜ੍ਹਾਈ ਦਿਨੋ-ਦਿਨ ਜਟਿਲ ਹੁੰਦੀ ਜਾ ਰਹੀ ਹੈ। ਬੱਚਿਆਂ ਅੰਦਰ ਗਿਆਨ ਦੀ ਭੁੱਖ ਪੈਦਾ ਕਰਨ ਲਈ ਅਧਿਆਪਕ ਨੇ ਹੀ ਮੁੱਖ ਭੂਮਿਕਾ ਨਿਭਾਉਣੀ ਹੁੰਦੀ ਹੈ। ਜਮਾਤ ਦੇ ਪਾਠਕ੍ਰਮ ਵਿੱਚੋਂ ਬੱਚੇ ਕੋਲ ਕੀ, ਕਿੰਨਾ ਅਤੇ ਕਿਵੇਂ ਭੇਜਣਾ ਹੈ? ਵੀ ਵਿਸ਼ਾ ਮੁਹਾਰਤ ਦੇ ਨਾਲ-ਨਾਲ ਅਧਿਆਪਕ ਦੀ ਅਸਲ ਯੋਗਤਾ ਹੈ। ਕੇਵਲ ਸ਼ਬਦਾਂ ਰਾਹੀਂ ਕਰਵਾਈ ਜਾ ਰਹੀ ਪੜ੍ਹਾਈ ਬੱਚੇ ਅਕਸਰ ਭੁੱਲ ਜਾਂਦੇ ਹਨ ਕਿਉਂਕਿ ਬੱਚੇ ਕਿਤਾਬਾਂ ਨੂੰ ਕੇਵਲ ਤੇ ਕੇਵਲ ਬੋਝ ਮੰਨ ਕੇ ਪੜ੍ਹਦੇ ਹਨ।

ਕਿਤਾਬੀ ਗਿਆਨ ਬੱਚਿਆਂ ਅੰਦਰ ਭਰਨ ਲਈ ਅਧਿਆਪਕ ਨੇ ਉਸਾਰੂ ਮਾਹੌਲ ਸਿਰਜਣਾ ਹੁੰਦਾ ਹੈ। ਬੱਚੇ ਦੇ ਦਿਮਾਗ ਵਿੱਚ ਜੋ ਵਿਚਾਰ ਪੈਦਾ ਹੁੰਦਾ ਹੈ ਉਸ ਨੂੰ ਪੋਟਿਆਂ ਵਿੱਚ ਫੜੇ ਪੈੱਨ ਰਾਹੀਂ ਲਿਖਵਾਉਣ ਲਈ ਆਲੇ-ਦੁਆਲੇ ਦੇ ਅਸਲ ਸੰਸਾਰ ਦਾ ਬਹੁਤ ਮਹੱਤਵ ਹੈ। ਪਾਠ ਪੜ੍ਹਾਉਂਦੇ ਵਕਤ ਵਿਸ਼ਾ-ਵਸਤੂ ਨਾਲ ਸਬੰਧਤ ਆਲੇ-ਦੁਆਲੇ ‘ਚ ਮੌਜੂਦ ਠੋਸ ਵਸਤੂਆਂ ਨਾਲ ਬੱਚੇ ਦੀ ਜਾਣ-ਪਛਾਣ ਕਰਵਾਉਣੀ ਬਹੁਤ ਜ਼ਰੂਰੀ ਹੈ, ਅਜਿਹਾ ਹੋਣ ਨਾਲ ਉਨ੍ਹਾਂ ਅੰਦਰ ਪੜ੍ਹਾਏ ਗਏ ਕੰਮ ਦੀ ਪੱਕੀ ਮੋਹਰ ਲੱਗ ਜਾਂਦੀ ਹੈ।

ਸਕੂਲ ਕੇਵਲ ਪੜ੍ਹਾਈ ਲਈ ਨਹੀਂ ਸਗੋਂ ਬੱਚੇ ਅੰਦਰ ਸਮਾਜ ਵਿੱਚ ਆਪਣਾ ਥਾਂ ਬਣਾਉਣ ਵਾਲੀ ਸੂਝ ਪੈਦਾ ਕਰਨ ਵਾਲੀ ਸੰਸਥਾ ਹੈ। ਬੱਚਿਆਂ ਨੂੰ ਕਮਰਿਆਂ ਅੰਦਰ ਬੰਦ ਕਰਕੇ ਕੇਵਲ ਪ੍ਰਸ਼ਨ ਉੱਤਰਾਂ ਨੂੰ ਰਟਾ ਦੇਣਾ ਤਾਂ ਬਿਲਕੁਲ ਵੀ ਪੜ੍ਹਾਈ ਨਹੀਂ। ਸਿੱਖਿਆ ਨੇ ਬੱਚੇ ਅੰਦਰੋਂ ਉਸ ਦੇ ਕੁਦਰਤੀ ਮੂਲ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ ਜਿਨ੍ਹਾਂ ਨੂੰ ਹਾਸਲ ਕਰਕੇ ਉਹ ਸਮਾਜ ਦੀ ਕੀਮਤੀ ਪੂੰਜੀ ਬਣ ਜਾਂਦਾ ਹੈ। ਬੱਚਿਆਂ ਨੂੰ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ।

ਪਰ ਇਸ ਮਾਮਲੇ ਵਿੱਚ ਆਮ ਦੇਖਿਆ ਜਾਂਦਾ ਹੈ ਕੇ ਵਿੱਦਿਅਕ ਟੂਰ ਬਹੁਤ ਘੱਟ ਲਗਵਾਏ ਜਾਂਦੇ ਹਨ, ਜਦੋਂ ਕਦੇ ਸਾਲ ਵਿੱਚ ਇੱਕ-ਦੋ ਵਾਰੀ ਟੂਰ ਜਾਂਦਾ ਹੈ ਤਾਂ ਬੱਚੇ ਇਸ ਨੂੰ ਲੈ ਕੇ ਇੰਨੇ ਕੁ ਰੋਮਾਂਚਕ ਹੋਏ ਹੁੰਦੇ ਹਨ ਕਿ ਵਿੱਦਿਅਕ ਫੇਰਾ ਉਨ੍ਹਾਂ ਲਈ ਕੇਵਲ ਮਨੋਰੰਜਨ ਦਾ ਸਾਧਨ ਹੁੰਦਾ ਹੈ ਭਾਵ ਗਿਆਨ ਹਾਸਲ ਕਰਨ ਵਾਲਾ ਪੱਖ ਅਲੋਪ ਹੁੰਦਾ ਹੈ।

ਇਸ ਲਈ ਜਦੋਂ ਵੀ ਸਕੂਲ ਦਾ ਟੂਰ ਜਾਣਾ ਹੋਵੇ ਤਾਂ ਉਸ ਦੀ ਪਹਿਲਾਂ ਤੋਂ ਵਿਉਂਤਬੰਦੀ ਬਹੁਤ ਜ਼ਰੂਰੀ ਹੈ। ਜਿਹੜੀਆਂ ਥਾਵਾਂ ‘ਤੇ ਜਾਣਾ ਹੋਵੇ ਉਨ੍ਹਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾ ਦਿੱਤਾ ਜਾਵੇ ਤਾਂ ਜੋ ਬੱਚੇ ਯਾਤਰਾ ਸਮੇਂ ਵੱਧ ਤੋਂ ਵੱਧ ਗਿਆਨ ਹਾਸਲ ਕਰ ਸਕਣ। ਟੂਰ ਤੋਂ ਬਾਅਦ ਬੱਚਿਆਂ ਦੇ ਅਨੁਭਵ ਲਿਖਤੀ ਰੂਪ ਵਿੱਚ ਲੈਣੇ ਬਹੁਤ ਜ਼ਰੂਰੀ ਹਨ ਤਾਂ ਜੋ ਅਧਿਆਪਕ ਨੂੰ ਪਤਾ ਲੱਗ ਸਕੇ ਕਿ ਬੱਚਿਆਂ ਨੇ ਕੀ ਕੁਝ ਨਵਾਂ ਸਿੱਖਿਆ ਹੈ।

ਟੂਰ ਦਾ ਮਤਲਬ ਕੇਵਲ ਪਹਾੜਾਂ ਜਾਂ ਵੱਡੇ ਸ਼ਹਿਰਾਂ ਵਿੱਚ ਜਾਣਾ ਹੀ ਨਹੀਂ ਹੁੰਦਾ ਸਗੋਂ ਸਕੂਲ ਦੇ ਨੇੜੇ-ਤੇੜੇ ਦੇ ਮਹੱਤਵਪੂਰਨ ਸਥਾਨ ਬੱਚਿਆਂ ਨੂੰ ਦਿਖਾਏ ਜਾ ਸਕਦੇ ਹਨ। ਬੱਚਿਆਂ ਨੂੰ ਨਵਾਂਪਣ ਦੇਣ ਲਈ ਬਾਹਰੋਂ ਬੁਲਾਰਿਆਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਬਾਹਰਲੇ ਸਪੀਕਰ ਦਾ ਭਾਸ਼ਣ ਸੁਣ ਕੇ ਬੱਚੇ ਕਿਤਾਬਾਂ ਵਿੱਚ ਪੜ੍ਹੇ ਜਾਣ ਵਾਲੇ ਤੱਥਾਂ ਦੀ ਨਵੀਂ ਵਿਆਖਿਆ ਹਾਸਲ ਕਰਦੇ ਹਨ। ਬੱਚਿਆਂ ਨੂੰ ਮਹਿਸੂਸ ਹੁੰਦਾ ਹੈ ਕਿ ਬਾਹਰਲਾ ਸੰਸਾਰ ਕਿਤਾਬਾਂ ਨਾਲ ਜੁੜਿਆ ਹੋਇਆ ਹੈ ਅਤੇ ਕਿਤਾਬਾਂ ਪੜ੍ਹਨਾ ਵੀ ਤਜ਼ਰਬਾ ਹਾਸਲ ਕਰਨਾ ਹੈ।

ਇਸ ਤਰ੍ਹਾਂ ਦੇ ਲੈਕਚਰਾਂ ਰਾਹੀਂ ਬੱਚਿਆਂ ਨੂੰ ਪਾਠਕ੍ਰਮ ਸੌਖਾ ਅਤੇ ਰੌਚਿਕ ਲੱਗਣ ਲੱਗ ਜਾਂਦਾ ਹੈ ਅਤੇ ਕਿਤਾਬਾਂ ਉਨ੍ਹਾਂ ਦੀਆਂ ਦੋਸਤ ਬਣ ਜਾਂਦੀਆਂ ਹਨ। ਅਧਿਆਪਕ ਨੂੰ ਸਿੱਧਾ ਪਾਠ ਪੜ੍ਹਾਉਣ ਦੀ ਬਜਾਇ ਬੱਚਿਆਂ ਨਾਲ ਕਰਵਾਏ ਜਾਣ ਵਾਲੇ ਵਿਸ਼ੇ ਨਾਲ ਸਬੰਧਿਤ ਸਰਲ ਗੱਲਾਂ ਤੇ ਸਾਧਾਰਨ ਸਵਾਲ ਕਰਨੇ ਚਾਹੀਦੇ ਹਨ। ਮੰਨ ਲਵੋ ਜੇਕਰ ਅਧਿਆਪਕ ਰੁੱਤਾਂ ਬਾਰੇ ਪੜ੍ਹਾ ਰਿਹਾ ਹੈ ਤਾਂ ਬੱਚਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਨੂੰ ਕਿਹੜੀ ਰੁੱਤ ਵਧੀਆ ਲੱਗਦੀ ਹੈ ? ਕਿਉਂ ਵਧੀਆ ਲੱਗਦੀ ?

ਇਸ ਰੁੱਤ ਦਾ ਕੋਈ ਅਨੁਭਵ ਸਾਂਝਾ ਕਰੋ ਆਦਿ ਪ੍ਰਸ਼ਨਾਂ ਨਾਲ ਜਮਾਤ ਨੂੰ ਆਪਣੇ ਨਾਲ ਜੋੜ ਲੈਣਾ ਚਾਹੀਦਾ ਹੈ। ਜਦੋਂ ਬੱਚਾ ਕਲਾਸ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਕਲਾਸ ਆਪਣਾ ਪਰਿਵਾਰ ਲੱਗਣ ਲੱਗ ਜਾਂਦੀ ਹੈ ਅਤੇ ਆਪਣੀ ਗੱਲ ਬਾਹਰ ਕੱਢਣੀ ਉਸ ਦੀ ਸਹਿਜ ਹੋ ਜਾਂਦੀ ਹੈ। ਅਜਿਹੇ ਮਾਹੌਲ ਵਿੱਚ ਬੱਚਾ ਅਧਿਆਪਕ ਦੁਆਰਾ ਸਾਂਝੇ ਕੀਤੇ ਗੁੰਝਲਦਾਰ ਤੱਥਾਂ ਨੂੰ ਵੀ ਸਹਿਜੇ ਹੀ ਯਾਦ ਕਰ ਲੈਂਦਾ ਹੈ। ਬੱਚਿਆਂ ਨੂੰ ਸਿਖਾਉਣ ਲਈ ਮਾਈਂਡ ਮੈਪ ਵੀ ਦਿਲਚਸਪ ਵਿਧੀ ਹੈ।

ਜਿਸ ਦੀ ਸਬੰਧਿਤ ਵਿਸ਼ਾ ਵਸਤੂ ਦੇ ਪ੍ਰਮੁੱਖ ਤੱਥਾਂ ਨੂੰ ਕਲਾਤਮਿਕ ਢੰਗਾਂ ਨਾਲ ਸੰਖੇਪ ਰੂਪ ਵਿੱਚ ਲਿਖੇ ਬੱਚਿਆਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਸ ਵਿਧੀ ਰਾਹੀਂ ਰੰਗਦਾਰ ਸਿਰਲੇਖ ਦੀ ਵਿਆਖਿਆ ਬੱਚਿਆਂ ਦੁਆਰਾ ਕੀਤੀ ਜਾਂਦੀ ਹੈ। ਇਸ ਵਿਧੀ ਰਾਹੀਂ ਪਾਠ ਦਾ ਵੱਡਾ ਹਿੱਸਾ ਬੱਚੇ ਆਪਣੀ ਸਹਿਭਾਗਿਤਾ ਰਾਹੀਂ ਜਮਾਤ ਦੇ ਕਮਰੇ ਵਿੱਚ ਹੀ ਸਿੱਖ ਲੈਂਦੇ ਹਨ ।

ਮਲਕੀਅਤ ਤੇ ਮਾਲਕੀ ਬਹੁਤ ਵੱਡਾ ਅਹਿਸਾਸ ਹੁੰਦਾ ਹੈ। ਜੇਕਰ ਅਧਿਆਪਕ ਜਮਾਤ ਅੰਦਰ ਇਹ ਅਹਿਸਾਸ ਆਪਣੇ ਵਿਦਿਆਰਥੀਆਂ ਵਿੱਚ ਪੈਦਾ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ ਉਸ ਦਾ ਅਧਿਆਪਨ ਸਿਖਰਾਂ ‘ਤੇ ਪਹੁੰਚ ਜਾਂਦਾ ਹੈ।  ਅਜਿਹੇ ਅਧਿਆਪਕਾਂ ਤੋਂ ਪੜ੍ਹੇ ਵਿਦਿਆਰਥੀ ਸਰਬ ਕਲਾ ਸਮਰੱਥ ਹੋ ਨਿੱਬੜਦੇ ਹਨ। ਕਈ ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਇੰਨਾ ਕਮਾਲ ਦਾ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਹਰ ਵਾਰੀ ਕਲਾਸ ਖਤਮ ਕਰਨ ‘ਤੇ ਬੱਚੇ ਤਾੜੀਆਂ ਮਾਰਦੇ ਹਨ।

ਆਪਣੇ ਗਿਆਨ ਨੂੰ ਗੀਤ ਦਾ ਰੂਪ ਦੇ ਕੇ ਬੱਚਿਆਂ ਤੱਕ ਭੇਜਣ ਵਾਲੇ ਅਜਿਹੇ ਅਧਿਆਪਕ ਮਹਾਨ ਹੁੰਦੇ ਹਨ। ਅਧਿਆਪਕ ਨੂੰ ਕਿਸੇ ਬੱਚੇ ਵੱਲ ਵਾਰ-ਵਾਰ ਵਿਅਕਤੀਗਤ ਤੌਰ ‘ਤੇ ਧਿਆਨ ਦੇਣ ਦੀ ਬਜਾਇ ਸਮੁੱਚੀ ਕਲਾਸ ਨੂੰ ਇਕਾਈ ਦੇ ਤੌਰ ‘ਤੇ ਪੜ੍ਹਾਉਣਾ ਚਾਹੀਦਾ ਹੈ, ਇਸ ਨਾਲ ਕਿਸੇ ਬੱਚੇ ਵਿੱਚ ਹੀਣ ਭਾਵਨਾ ਨਹੀਂ ਆਉਂਦੀ।

ਹਾਂ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲ ਨਿੱਜੀ ਧਿਆਨ ਦੇਣ ਦੀ ਲੋੜ ਹੁੰਦੀ ਹੈ। ਆਮ ਤੌਰ ‘ਤੇ ਕਿਤਾਬਾਂ ਬੱਚਿਆਂ ਲਈ ਅਕਾਊ ਹੁੰਦੀਆਂ ਹਨ, ਇਸੇ ਕਰਕੇ ਬੱਚੇ ਕਿਤਾਬਾਂ ਰਾਹੀਂ ਹਾਸਲ ਕੀਤਾ ਗਿਆਨ ਥੋੜ੍ਹੇ ਸਮੇਂ ਬਾਅਦ ਭੁੱਲ ਜਾਂਦੇ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਬੱਚੇ ਨੂੰ ਦ੍ਰਿਸ਼ਾਂ ਨਾਲ ਜੋੜਿਆ ਜਾਵੇ।

ਇਸ ਲਈ ਫਲੈਸ਼ ਕਾਰਡਾਂ, ਤਸਵੀਰਾਂ ਤੇ ਰੰਗਾਂ ਦਾ ਸਹਾਰਾ ਲਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ਜੇਕਰ ਅਧਿਆਪਕ ਬੱਚੇ ਨੂੰ ਲਾਲਚੀ ਕੁੱਤਾ ਕਹਾਣੀ ਪੜ੍ਹਾਉਂਦੇ ਵਕਤ ਇਸ ਕਹਾਣੀ ਨਾਲ ਸਬੰਧਤ ਤਸਵੀਰਾਂ ਬੱਚਿਆਂ ਨੂੰ ਵਿਖਾਵੇਗਾ ਤਾਂ ਬੱਚਿਆਂ ਨੂੰ ਇਹ ਕਹਾਣੀ ਛੇਤੀ ਤੇ ਸੌਖਿਆਂ ਸਮਝ ਆ ਜਾਵੇਗੀ ਤੇ ਉਹ ਲਿਖਣ ਦੇ ਸਮਰੱਥ ਹੋ ਜਾਣਗੇ। ਅੱਜ-ਕੱਲ੍ਹ ਤਕਨੀਕ ਦੇ ਯੁੱਗ ਵਿਚ ਸਮਾਰਟ ਕਲਾਸ ਰੂਮ ਵਿੱਚ ਬੱਚਿਆਂ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ।

ਬੱਚਿਆਂ ਨੂੰ ਖੇਡਾਂ ਦੇ ਮਹੱਤਵ ਸਿਖਾਉਣ ਲਈ ਕਿਤਾਬ ਤੋਂ ਪੜ੍ਹਾਉਣ ਦੀ ਬਜਾਇ ਖੇਡ ਮੈਦਾਨ ਵਿੱਚ ਲਿਜਾ ਕੇ ਜ਼ਿਆਦਾ ਸਿਖਾਇਆ ਜਾਂਦਾ ਹੈ। ਬੱਚੇ ਟੈਲੀਵਿਜ਼ਨ ‘ਤੇ ਮੈਚਾਂ ਦਾ ਸਿੱਧਾ ਪ੍ਰਸਾਰਨ ਵੇਖ ਕੇ ਲਿਖਣ ਦੇ ਨਾਲ-ਨਾਲ ਖ਼ੁਦ ਖਿਡਾਰੀ ਬਣਨ ਲਈ ਪ੍ਰੇਰਿਤ ਹੁੰਦੇ ਹਨ। ਇਸ ਲਈ ਅਧਿਆਪਕ ਨੂੰ ਕੋਈ ਵੀ ਤੱਥ ਸਮਝਾਉਣ ਲਈ ਸਿੱਧਾ ਕਿਤਾਬ ਦੇ ਪੰਨੇ ਪੜ੍ਹ ਕੇ ਸੁਣਾਉਣ ਦੀ ਥਾਂ ਵਿਸ਼ਾ ਵਸਤੂ ਨਾਲ ਸਬੰਧਿਤ ਆਸੇ-ਪਾਸੇ ਦੀ ਸਹਾਇਕ ਸਮੱਗਰੀ ਨਾਲ ਮਾਹੌਲ ਦੀ ਸਿਰਜਣਾ ਕਰਨੀ ਚਾਹੀਦੀ ਹੈ।

ਰੋਲ ਪਲੇਅ ਵੀ ਬੱਚੇ ਨੂੰ ਸਿਖਾਉਣ ਦਾ ਵਧੀਆ ਤਰੀਕਾ ਹੈ। ਉਦਾਹਰਨ ਦੇ ਤੌਰ ‘ਤੇ ਬੱਚਿਆਂ ਨੂੰ ਮੱਤਦਾਨ ਬਾਰੇ ਸਿਖਾਉਣ ਲਈ ਜਮਾਤ ਵਿੱਚ ਪੋਲਿੰਗ ਬੂਥ ਬਣਾ ਕੇ ਪੜ੍ਹਾਉਣ ਨਾਲੋਂ ਵਧੀਆ ਸਿਖਾਇਆ ਜਾ ਸਕਦਾ ਹੈ। ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਜਮਾਤ ਵਿੱਚ ਕਰਵਾਈ ਜਾ ਸਕਦੀ ਹੈ।

ਹੋਰ ਅਨੇਕਾਂ ਅਜਿਹੇ ਵਿਸ਼ੇ ਹਨ ਜਿਨ੍ਹਾਂ ਨੂੰ ਪੜ੍ਹਾਉਣ ਦੀ ਥਾਂ ਕਲਾਸ ਵਿੱਚ ਕਰਕੇ ਵਿਖਾਇਆ ਜਾ ਸਕਦਾ ਹੈ।
ਜਿਵੇਂ ਕਿ ਪਹਿਲਾਂ ਗੱਲ ਕੀਤੀ ਹੈ ਪੜ੍ਹਾਉਣ ਨਾਲੋਂ ਪੜ੍ਹਨ ਲਈ ਪ੍ਰੇਰਿਤ ਕਰਨਾ ਵੱਡੀ ਗੱਲ ਹੈ। ਇਸ ਤਰ੍ਹਾਂ ਅਧਿਆਪਕ ਕੋਲ ਹੋਰ ਅਨੇਕਾਂ ਅਜਿਹੀਆਂ ਜੁਗਤਾਂ ਹਨ ਜਿਨ੍ਹਾਂ ਨਾਲ ਬੱਚੇ ਦਾ ਜਮਾਤ ਦੇ ਕਮਰੇ ਨਾਲ ਸਨੇਹ ਪੈਦਾ ਕੀਤਾ ਜਾ ਸਕਦਾ ਹੈ। ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ, ਬਾਤਾਂ, ਬੁਝਾਰਤਾਂ, ਚਿੱਤਰਕਾਰੀ ਕਿਰਤਾਂ ਨੂੰ ਅਖ਼ਬਾਰ ਵਿੱਚ ਛਪਵਾ ਦੇਣ ਨਾਲ ਬੱਚਿਆਂ ਅੰਦਰ ਕਮਾਲ ਦਾ ਉਤਸ਼ਾਹ ਪੈਦਾ ਹੁੰਦਾ ਹੈ। ਕਲਾਸ ਵਿੱਚ ਬੱਚਿਆਂ ਦੇ ਗਰੁੱਪ ਬਣਾ ਕੇ ਮੁਕਾਬਲੇ ਕਰਵਾਏ ਜਾ ਸਕਦੇ ਹਨ।

ਸਕੂਲ ਵਿਖੇ ਹਾਊਸ ਵਾਈਜ਼ ਕੁਇਜ਼ ਕਰਵਾਇਆ ਜਾ ਸਕਦਾ ਹੈ। ਜੇਤੂ ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਸਨਮਾਨਿਤ ਕਰਨ ਨਾਲ ਉਨ੍ਹਾਂ ਅੰਦਰ ਹੋਰ ਵਧੀਆ ਕਰਨ ਅਤੇ ਅੱਗੇ ਵਧਣ ਦੀ ਚਾਹਤ ਪੈਦਾ ਹੋ ਜਾਂਦੀ ਹੈ। ਬੱਚਿਆਂ ਨੂੰ ਟੀਚੇ ਦੇਣੇ ਹੀ ਕਾਫੀ ਨਹੀਂ ਸਗੋਂ ਉਨ੍ਹਾਂ ਨੂੰ ਪੂਰੇ ਕਰਨ ਲਈ ਉਨ੍ਹਾਂ ਅੰਦਰ ਉਤਸ਼ਾਹ ਭਰਨਾ ਜ਼ਿਆਦਾ ਜ਼ਰੂਰੀ ਹੈ।

ਪਾਠਕ੍ਰਮ ਨਾਲ ਸਬੰਧਤ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡ ਕੇ ਬੱਚਿਆਂ ਦੇ ਜਮਾਤ ਜਾਂ ਸਕੂਲ ਪੱਧਰ ਦੇ ਮੁਕਾਬਲੇ ਕਰਵਾਉਣ ਨਾਲ ਹੈਰਾਨੀਜਨਕ ਨਤੀਜੇ ਨਿੱਕਲਦੇ ਹਨ। ਸਿੱਖਿਆ ਨੀਤੀਆਂ ਵਿੱਚ ਵੀ ਸਹਿ-ਅਕਾਦਮਿਕ ਗਤੀਵਿਧੀਆਂ ਦੇ ਨੰਬਰ ਰੱਖੇ ਗਏ ਹਨ। ਬੱਚਿਆਂ ਦੇ ਲਗਾਤਾਰ ਸਰਬ ਵਿਆਪਕ ਮੁਲਾਂਕਣ ਦੇ ਨੰਬਰ ਹਨ ਜਿਸ ਨੂੰ ਸੀ. ਸੀ.ਈ. ਕਿਹਾ ਜਾਂਦਾ ਹੈ ਪਰ ਸਮੇਂ ਦੀ ਘਾਟ ਅਤੇ ਇਸ ਇਸ ਸਬੰਧੀ ਸਹੀ ਦਿਸ਼ਾ-ਨਿਰਦੇਸ਼ ਨਾ ਹੋਣ ਕਰਕੇ ਇਹ ਕੰਮ ਕੇਵਲ ਕਾਗਜ਼ਾਂ-ਪੱਤਰਾਂ ਤੱਕ ਹੀ ਰਹਿ ਜਾਂਦਾ ਹੈ।

ਜੇਕਰ ਅਧਿਆਪਕ ਪਾਠ ਪੜ੍ਹਾਉਂਦੇ ਸਮੇਂ ਆਲੇ-ਦੁਆਲੇ ਦੇ ਅਸਲ ਸੰਸਾਰ ਦੀਆਂ ਉਦਾਹਰਨਾਂ ਬੱਚਿਆਂ ਨਾਲ ਸਾਂਝੀਆਂ ਕਰੇਗਾ ਤਾਂ ਵਿਦਿਆਰਥੀ ਸੁਭਾਵਿਕ ਤੌਰ ‘ਤੇ ਹੀ ਜ਼ਿਆਦਾ ਸਿੱਖਣਗੇ।

ਅਧਿਆਪਕ ਪੜ੍ਹਾਉਣ ਲਈ ਸਾਰਾ ਜ਼ੋਰ ਖੁਦ ਲਾਉਣ ਦੀ ਥਾਂ ਬੱਚਿਆਂ ਨੂੰ ਪਾਠ ਵਿੱਚ ਸ਼ਾਮਲ ਕਰਦੇ ਹੋਏ ਉਨ੍ਹਾਂ ਤੋਂ ਪੁੱਛੇ ਕਿ ਇਸ ਪਾਠ ਨਾਲ ਸਬੰਧਤ ਹੁਣ ਗੱਲਾਂ ਤੁਸੀਂ ਹੋਰ ਕਿੱਥੇ ਦੇਖਦੇ ਹੋ? ਤਾਂ ਬੱਚਿਆਂ ਦਾ ਜਵਾਬ ਹੋਵੇਗਾ ਮੋਬਾਇਲ ਫੋਨ, ਟੈਲੀਵਿਜ਼ਨ ,ਅਖ਼ਬਾਰ, ਰਸਾਲੇ, ਦੋਸਤਾਂ ਤੇ ਮਾਤਾ-ਪਿਤਾ ਨਾਲ ਗੱਲਾਂ-ਬਾਤਾਂ ਆਦਿ।

ਬੱਚਿਆਂ ਦੇ ਇਸ ਤਰ੍ਹਾਂ ਦੇ ਜਵਾਬਾਂ ਵਿੱਚੋਂ ਸਿੱਖਣ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਇਸ ਰੌਸ਼ਨੀ ‘ਚ ਅਧਿਆਪਕ ਬੱਚਿਆਂ ਕੋਲ ਪਹਿਲਾਂ ਤੋਂ ਹੀ ਮੌਜੂਦ ਗਿਆਨ ਨੂੰ ਤਹਿਦਾਰ ਅਤੇ ਬੱਝਵੇਂ ਤਰੀਕੇ ਵਿੱਚ ਲਿਖਣ ਲਈ ਪ੍ਰੇਰਿਤ ਕਰਨ। ਬਦਲ ਰਹੇ ਸੰਸਾਰ ਵਿੱਚ ਬੱਚਿਆਂ ਦੀਆਂ ਸਿੱਖਣ ਤਰਜੀਹਾਂ ਵੀ ਬਦਲ ਚੁੱਕੀਆਂ ਹਨ। ਬੱਚਿਆਂ ਨੂੰ ਤਣਾਅ ਮੁਕਤ ਰੱਖਣ ਲਈ ਕੇਵਲ ਕਿਤਾਬਾਂ ਰਾਹੀਂ ਸਿਖਾਉਣ ਦੀ ਪਰੰਪਰਾਗਤ ਪਹੁੰਚ ਵਿੱਚ ਸੋਧ ਕਰਕੇ ਨਵੀਆਂ ਸਿੱਖਣ ਸਿਖਾਉਣ ਦੀਆਂ ਵਿਧੀਆਂ ਦਾ ਵਿਕਾਸ ਕਰਨਾ ਸਮੇਂ ਦੀ ਮੁੱਖ ਲੋੜ ਹੈ ।
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ, ਬਠਿੰਡਾ
ਮੋ. 94630-24575

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।