ਪੰਜਾਬ ਅੰਦਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਲਾਇਆ ਬਹੁਤ ਵੱਡਾ ਰਗੜਾ

0
241

ਇੱਕ ਵਿਘੇ ਪਿੱਛੇ ਸਾਢੇ ਤਿੰਨ ਕੁਇੰਟਲ ਦਾ ਹੀ ਰਿਹਾ ਔਸਤਨ ਝਾੜ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਣਕ ਦੇ ਘਟੇ ਝਾੜ ਨੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਰਗੜਾ ਲਾ ਦਿੱਤਾ ਹੈ। ਇਸ ਵਾਰ ਕਣਕ ਦਾ ਝਾੜ ਔਸਤਨ ਸਾਢੇ ਤਿੰਨ ਕੁਇੰਟਲ ਦੇ ਨੇੜੇ-ਤੇੜੇ ਹੀ ਰਹਿ ਰਿਹਾ ਹੈ। ਜਦਕਿ ਪਿਛਲੇ ਸਾਲ ਕਣਕ ਦਾ ਔਸਤਨ ਝਾੜ ਪੰਜ ਕੁਇੰਟਲ ਤੋਂ ਉੱਪਰ ਢੁੱਕਿਆ ਸੀ। ਇੱਧਰ ਆਪਣੇ ਘਰ-ਬਾਰ ਤਿਆਗ ਕੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਬਚਾਉਣ ਲਈ ਭਾਰੀ ਖਰਚਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ, ਇਸ ਵਾਰ ਲੰਮੀ ਠੰਢ ਚੱਲਣ ਦੇ ਬਾਵਜੂਦ ਵੀ ਸੂਬੇ ਦੇ ਕਿਸਾਨਾਂ ਨੂੰ ਕਣਕ ਦੇ ਨਿੱਕਲੇ ਘੱਟ ਝਾੜ ਤੋਂ ਭਾਰੀ ਨਿਰਾਸ਼ਾ ਹੱਥ ਲੱਗੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਵੱਡੀ ਆਸ ਸੀ ਕਿ ਹਾੜੀ ਦੀ ਫਸਲ ਉਨ੍ਹਾਂ ਦੇ ਭੜੋਲੇ ਭਰ ਦੇਵੇਗੀ। ਮੰਡੀਆਂ ਅੰਦਰ ਕਣਕ ਦੀਆਂ ਢੇਰੀਆਂ ’ਤੇ ਬੈਠੇ ਕਿਸਾਨਾਂ ਵਿੱਚ ਕਣਕ ਦੇ ਘਟੇ ਝਾੜ ਦੀ ਹੀ ਚਰਚਾ ਚੱਲ ਰਹੀ ਹੈ।

ਇਸ ਵਾਰ ਇੱਕ ਵਿਘੇ ਵਿੱਚੋਂ ਤਿੰਨ ਤੋਂ ਲੈ ਕੇ ਸਾਢੇ ਤਿੰਨ ਕੁਇੰਟਲ ਦੇ ਵਿਚਕਾਰ ਹੀ ਕਣਕ ਦਾ ਝਾੜ ਨਿੱਕਲਿਆ ਹੈ ਜਦਕਿ ਪਿਛਲੇ ਵਾਰ ਇਹ ਝਾੜ ਪੰਜ ਕੁਇੰਟਲ ਤੋਂ ਸਾਢੇ ਪੰਜ ਕੁਇੰਟਲ ਦੇ ਵਿਚਕਾਰ ਸੀ। ਕਿਸਾਨਾਂ ਨੂੰ ਇੱਕ ਏਕੜ ਪਿੱਛੇ ਹੀ ਪੰਜ ਹਜਾਰ ਤੋਂ ਵੱਧ ਦਾ ਨੁਕਸਾਨ ਝੱਲਣਾ ਪਿਆ ਹੈ। ਕਿਸਾਨਾਂ ਨੂੰ ਇਸ ਵਾਰ ਦੂਹਰੀ ਮਾਰ ਇਹ ਪਈ ਕਿ ਆਪਣੀ ਕਣਕ ’ਤੇ ਕਈ ਵਾਰ ਸਪਰੇਆਂ ਕਰਨ ਨੂੰ ਮਜ਼ਬੂਰ ਹੋਣਾ ਪਿਆ। ਕਿਸਾਨ ਹੈਪੀ ਸਿੰਘ, ਜਗਵਿੰਦਰ ਸਿੰਘ, ਅਮਰ ਸਿੰਘ, ਲਾਭ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਠੰਢ ਲੰਮੀ ਚੱਲਣ ਕਾਰਨ ਵੱਡੀ ਆਸ ਸੀ ਕਿ ਕਣਕ ਘਾਟੇ-ਵਾਧੇ ਪੂਰੇ ਕਰ ਦੇਵੇਗੀ, ਪਰ ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨਾਂ ਦਾ ਤਾ ਖਰਚਾ ਵੀ ਨਹੀਂ ਮੁੜਿਆ।

ਉਨ੍ਹਾਂ ਦੱਸਿਆ ਕਿ ਕਣਕ ਦਾ ਦਾਣਾ ਪੱਕਣ ਮੌਕੇ ਚੱਲੀ ਤੇਜ ਹਵਾ ਨੇ ਦਾਣੇ ਨੂੰ ਮਾਜੂ ਪਾ ਦਿੱਤਾ ਹੈ, ਇੱਥੋਂ ਤੱਕ ਕਿ ਕਣਕਾਂ ਬੂਰੀ ਤਰ੍ਹਾਂ ਲਿਟਾ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰ ਸਭ ਤੋਂ ਵੱਧ ਝਾੜ ਚਾਰ ਕੁਇੰਟਲ ਵਾਲੇ ਕਿਸਾਨ ਦਾ ਹੀ ਕਿਹਾ ਜਾ ਸਕਦਾ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਖੇਤੀ ਕਾਨੁੂੰਨਾਂ ਕਰਕੇ ਕਿਸਾਨਾਂ ਵੱਲੋਂ ਘਰ-ਘਰ ’ਚੋਂ ਪੈਸੇ ਇਕੱਠੇ ਕਰਕੇ ਮੋਦੀ ਸਰਕਾਰ ਨਾਲ ਲੜਾਈ ਲੜਨੀ ਪੈ ਰਹੀ ਹੈ, ਉੱਪਰੋਂ ਕਣਕ ਦੇ ਝਾੜ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ।

ਕਿਸਾਨੀ ’ਤੇ ਚਾਰੇ ਪਾਸਿਓਂ ਪੈ ਰਹੀ ਐ ਮਾਰ : ਕਿਸਾਨ ਆਗੂ

ਇੱਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਢਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕਿਸਾਨਾਂ ਨੂੰ ਚਾਰੇ ਪਾਸਿਓਂ ਹੀ ਮਧੋਲਿਆ ਜਾ ਰਿਹਾ ਹੈ। ਸਾਢੇ ਤਿੰਨ ਕੁਇੰਟਲ ਦੇ ਕਰੀਬ ਝਾੜ ਕਾਰਨ ਸੂਬੇ ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਚਪਤ ਲੱਗੀ ਹੈ। ਉੱਪਰੋਂ ਖਾਦਾਂ, ਡੀਜ਼ਲ ਅਤੇ ਦਵਾਈਆਂ ’ਚ ਵਾਧਾ ਕਰਕੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਖੂੰਜੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਤੇ ਕਿਸਾਨਾਂ ਦੇ ਅਰਬਾਂ ਰੁਪਏ ਖਰਚ ਹੋ ਰਹੇ ਹਨ।

ਪੈਸਟੀਸਾਈਡ ਕੰਪਨੀਆਂ ’ਤੇ ਹੋਵੇ ਕਾਰਵਾਈ : ਕੁਲਵਿੰਦਰ ਸਿੰਘ

ਕਿਸਾਨ ਆਗੂ ਕੁਲਵਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨਦੀਨਨਾਸ਼ਕ ਕੰਪਨੀਆਂ ਦੇ ਕਾਰਵਾਈ ਕਰੇ, ਕਿਉਂਕਿ ਤਿੰਨ-ਤਿੰਨ ਸਪਰੇਆਂ ਕਰਨ ਦੇ ਬਾਵਜੂਦ ਵੀ ਗੁੱਲੀ ਡੰਡਾ ਨਹੀਂ ਮਰਿਆ। ਇਸ ਕਾਰਨ ਵੀ ਕਣਕ ਦੇ ਝਾੜ ’ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮਾਰਕਿਟ ਵਿੱਚ ਜਾਅਲੀ ਨਦੀਨਨਾਸ਼ਕਾਂ ਕਾਰਨ ਕਿਸਾਨਾਂ ਨੂੰ ਵੱਡੀ ਚਪਤ ਵੀ ਲੱਗੀ ਹੈ। ਇੱਥੋਂ ਤੱਕ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਨਾਮੀ ਕੰਪਨੀਆਂ ਦੇ ਸੈਂਪਲ ਖਰੇ ਨਹੀਂ ਉੱਤਰੇ। ਖੇਤੀਬਾੜੀ ਵਿਭਾਗ ਦੱਸੇ ਕਿ ਉਨ੍ਹਾਂ ਦੇ ਅਧਿਕਾਰੀਆਂ ਵੱਲੋਂ ਕਿਹੜੀਆਂ ਕੰਪਨੀਆਂ ’ਤੇ ਕਾਰਵਾਈ ਕੀਤੀ ਗਈ ਹੈ।

ਮੌਸਮ ਦੇ ਉਤਾਰ-ਚੜ੍ਹਾਅ ਨੇ ਝਾੜ ’ਤੇ ਪਾਇਆ ਫਰਕ : ਜਸਵਿੰਦਰਪਾਲ ਸਿੰਘ

ਜ਼ਿਲ੍ਹਾ ਸੰਗਰੂਰ ਦੇ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ, ਜਿਨ੍ਹਾਂ ਕੋਲ ਪਟਿਆਲਾ ਜ਼ਿਲ੍ਹੇ ਦਾ ਵੀ ਚਾਰਜ ਹੈ, ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦੇ ਉਤਾਰ-ਚੜ੍ਹਾਅ ਨੇ ਝਾੜ ’ਤੇ ਅਸਰ ਪਾਇਆ ਹੈ। ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ਵਿੱਚ ਇੱਕਦਮ ਮੌਸਮ ਉੱਪਰ ਹੋ ਗਿਆ, ਜਦਕਿ ਮਾਰਚ ਮਹੀਨੇ ਦੌਰਾਨ ਮੁੜ ਠੰਢਾ ਪੈ ਗਿਆ। ਇਸ ਮੌਸਮ ਨੇ ਕਣਕ ਦੇ ਦਾਣੇ ’ਤੇ ਵੱਡਾ ਅਸਰ ਪਾਇਆ ਹੈ। ਉਂਜ ਉਨ੍ਹਾਂ ਕਿਹਾ ਕਿ ਕੁੱਲ 156 ਐਕਸਪੈਰੀਮੈਂਟ ’ਚੋਂ ਅਜੇ 23 ਦਾ ਰਿਜਲਟ ਆਇਆ ਹੈ ਜਦਕਿ 133 ਦਾ ਪੈਂਡਿੰਗ ਪਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.