ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਘਰ ਸਮੇਤ ਅੱਧੀ ਦਰਜਨ ਟਿਕਾਨਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ

0
110
Income Tax Raid Sachkahoon

ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਘਰ ਸਮੇਤ ਅੱਧੀ ਦਰਜਨ ਟਿਕਾਨਿਆਂ ’ਤੇ ਇਨਕਮ ਟੈਕਸ ਦੀ ਛਾਪੇਮਾਰੀ

ਛਾਪੇਮਾਰੀ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸਿਆ, ਕਿਸਾਨ ਅੰਦੋਲਨ ਦੀ ਹਮਾਇਤ ਕਰਨ ’ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ- ਸਮਰਥਕ

(ਸੱਚ ਕਹੂੰ ਨਿਊਜ਼) ਲੁਧਿਆਣਾ। ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੁੱਲਾਂਪੁਰ ਦਾਖਾ ਤੋਂ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਸਮੇਤ ਅੱਧੀ ਦਰਜਨ ਸਥਾਨਾਂ ਉੱਪਰ ਆਮਦਨ ਕਰ ਦਾ ਛਾਪਾ ਪੈਣ ਦੀ ਖ਼ਬਰ ਹੈ। ਇਸ ਛਾਪੇਮਾਰੀ ਵਿਚ ਜਿੱਥੇ ਅੱਧੀ ਦਰਜਨ ਇਨਕਮ ਟੈਕਸ ਦੀਆਂ ਟੀਮਾਂ ਨੇ ਵਿਧਾਇਕ ਇਯਾਲੀ ਦੇ ਇਆਲੀ ਖੁਰਦ ਰਿਹਾਇਸ਼ੀ ਕੋਠੀ, ਮੁੱਲਾਂਪੁਰ ਦਾਖਾ ਸਥਿਤ ਉਨਾਂ ਦੇ ਰਾਜਸੀ ਦਫਤਰ, ਹੰਬੜਾ ਰੋਡ ਗੋਲਫ ਲਿੰਕ ਦਫਤਰ, ਅਪਾਰਟਮੈਂਟ, ਭੂੰਦੜੀ ਫਾਰਮ ਅਤੇ ਬੀਰਮੀ ਫਾਰਮ ਵਿੱਚ ਇਕਦਮ ਛਾਪੇਮਾਰੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਨਾਂ ਨਾਲ ਵੱਡੀ ਗਿਣਤੀ ਵਿੱਚ ਸੀਆਰਪੀ ਦੇ ਮੁਲਾਜਮ ਵੀ ਹਾਜ਼ਰ ਸਨ, ਖਬਰ ਲਿਖੇ ਜਾਣ ਤਕ ਛਾਪੇਮਾਰੀ ਕੰਮ ਜਾਰੀ ਸੀ।ਸ: ਇਆਲੀ ਨਿੱਜੀ ਸਕੱਤਰ ਮਨੀ ਸ਼ਰਮਾ ਅਨੁਸਾਰ ਸ: ਇਆਲੀ ਦੇ ਇਆਲੀ ਖੁਰਦ ਸਥਿਤ ਘਰ, ਫਾਰਮ ਹਾਊਸ, ਦਫਤਰਾਂ, ਰਾਜਸੀ ਦਫ਼ਤਰਾਂ ਆਦਿ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹਰ ਜਗ੍ਹਾ 50-60 ਆਮਦਨ ਕਰ ਅਧਿਕਾਰੀ ਅਤੇ ਪੈਰਾ ਮਿਲਟਰੀ ਫੋਰਸ ਸ਼ਾਮਲ ਹਨ।

ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਇਨਕਮ ਟੈਕਸ ਦੀਆਂ ਇਹਨਾ ਟੀਮਾਂ ਵਿੱਚ ਦਿੱਲੀ ਚੰਡੀਗੜ ਅਤੇ ਲੁਧਿਆਣਾ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਹਨ, ਜਿਨਾਂ ਵੱਲੋਂ ਰਿਕਾਰਡ ਖੰਗਾਲਿਆ ਜਾ ਰਿਹਾ ਹੈ, ਬੇਸ਼ੱਕ ਇਸ ਛਾਪੇ ਦੌਰਾਨ ਕਿਸੇ ਨੂੰ ਵੀ ਛਾਪੇ ਵਾਲੀ ਥਾਂ ਦੇ ਅੰਦਰ ਜਾਂ ਬਾਹਰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਪ੍ਰੰਤੂ ਉਨਾਂ ਦੇ ਮੁੱਲਾਂਪੁਰ ਦਾਖਾ ਸਥਿਤ ਦਫ਼ਤਰ ਵਿੱਚ ਕੰਪਿਊਟਰ ਅਪਰੇਟਰ ਵਜੋਂ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ ਅਤੇ ਹਰਮਨ ਸਿੰਘ ਨੂੰ ਦੁਪਹਿਰ ਸਵਾ 12 ਵਜੇ ਜਰੂਰ ਦਫ਼ਤਰ ਵਿਚ ਦਾਖਲ ਹੋਣ ਦਿੱਤਾ ਗਿਆ ਉਮੀਦ ਹੈ ਕਿ ਉਨਾਂ ਤੋਂ ਵੀ ਦਫਤਰ ’ਚ ਲੱਗੇ ਕੰਪਿਊਟਰਾਂ ਦੇ ਰਿਕਾਰਡ ਦੀ ਛਾਣਬੀਣ ਕਰਵਾਈ ਜਾ ਰਹੀ ਹੈ।

ਇਆਲੀ ਖੁਰਦ ਵਿਖੇ ਵਿਧਾਇਕ ਇਯਾਲੀ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਪੀਏ ਮਨੀ ਸ਼ਰਮਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੋ ਸਕਦੀ ਹੈ ਕਿਉਂਕਿ ਜਿੱਥੇ ਵਿਧਾਨ ਸਭਾ ਹਲਕਾ ਦੇ ਕਰੀਬ 8 ਕਿਸਾਨ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੂੰ ਵਿਧਾਇਕ ਇਆਲੀ ਵੱਲੋਂ ਆਪਣੀ ਨਿੱਜੀ ਜੇਬ ਵਿੱਚੋਂ ਮੱਦਦ ਕੀਤੀ ਗਈ ਹੈ ਅਤੇ ਬੀਤੇ ਕੱਲ ਵੀ ਇਕ ਹਰਨੇਕ ਸਿੰਘ ਨਾਮਕ ਕਿਸਾਨ ਦੀ ਵੀ ਵਿਧਾਇਕ ਇਆਲੀ ਵੱਲੋਂ ਆਰਥਿਕ ਤੌਰ ਤੇ ਮੱਦਦ ਕਰਨ ਦੇ ਨਾਲ ਨਾਲ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ੍ਰੀ ਮਨੀ ਸਰਮਾ ਨੇ ਇਹ ਵੀ ਦੱਸਿਆ ਕਿ 1999 ਵਿੱਚ ਵੀ ਕੌਮੀ ਪੱਧਰ ‘ਤੇ ਸ: ਇਆਲੀ ਦੇ ਆਮਦਨ ਕਰ ਛਾਪਾ ਪਿਆ ਸੀ। ਉਨਾਂ ਕਿਹਾ ਕਿ ਕੁਝ ਸਮਾਂ ਪਰੇਸਾਨੀ ਤਾਂ ਝੱਲਣੀ ਪਈ ਸੀ ਪਰ ਇਸ ਰੇਡ ਦਾ ਵੀ ਜੀਰੋ ਟੈਕਸ ਨਾਲ ਹੀ ਨਿਪਟਾਰਾ ਹੋਇਆ ਸੀ ਅਤੇ ਇਸ ਵਾਰ ਵੀ ਜੋ ਵੀ ਆਮਦਨ ਕਰ ਵਿਭਾਗ ਮੰਗ ਰਿਹਾ ਹੈ, ਉਹ ਦਿੱਤਾ ਜਾਵੇਗਾ।

ਉੱਧਰ ਵਿਧਾਇਕ ਇਆਲੀ ਦੇ ਘਰ ਦੇ ਬਾਹਰ ਪੁੱਜੇ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਵੀ ਇਸ ਇਨਕਮ ਟੈਕਸ ਦੀ ਰੇਡ ਨੂੰ ਰਾਜਨੀਤਕ ਸਾਜਿਸ਼ ਦੱਸਿਆ। ਉਧਰ ਇਆਲੀ ਦੇ ਘਰ ਅਤੇ ਦਫਤਰ ਦੇ ਬਾਹਰ ਪੁੱਜੇ ਸਮਰਥਕਾਂ ਨੇ ਕਿਹਾ ਕਿ ਵਿਧਾਇਕ ਇਆਲੀ ਵੱਲੋਂ ਲਗਾਤਾਰ ਕਿਸਾਨ ਸ਼ੰਘਰਸ ਦੀ ਡਟਵੀ ਹਿਮਾਇਤ ਕੀਤੀ ਗਈ ਹੈ ਜਿਸ ਕਰਕੇ ਹੀ ਸਰਕਾਰ ਵੱਲੋਂ ਇਹ ਛਾਪੇਮਾਰੀ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ