ਵਧਦੀਆਂ ਜਾ ਰਹੀਆਂ ਪੁਲਿਸ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ

ਵਧਦੀਆਂ ਜਾ ਰਹੀਆਂ ਪੁਲਿਸ ਨਾਲ ਹੱਥੋਪਾਈ ਹੋਣ ਦੀਆਂ ਘਟਨਾਵਾਂ

ਕੋਰੋਨਾ ਕਾਲ ਵਿੱਚ ਪਟਿਆਲਾ ਵਿਖੇ ਗੱਡੀ ਰੋਕਣ ਤੋਂ ਔਖੇ ਹੋ ਕੇ ਇੱਕ ਥਾਣੇਦਾਰ ਦਾ ਗੁੱਟ ਵੱਢ ਦਿੱਤਾ ਸੀ। ਕੁਝ ਦਿਨ ਪਹਿਲਾਂ ਜ਼ੀਰਕਪੁਰ ਵਿੱਚ ਹੋਈ ਕੁਝ ਇਸੇ ਤਰ੍ਹਾਂ ਦੀ ਘਟਨਾ ਦੀ ਵਾਇਰਲ ਵੀਡੀਉ ਲੱਖਾਂ ਲੋਕਾਂ ਨੇ ਵੇਖੀ ਹੈ ਕਿ ਕਿਵੇਂ ਇੱਕ ਬੇਹੱਦ ਮਾਮੂਲੀ ਮਸਲੇ ਤੋਂ ਸ਼ੁਰੂ ਹੋਈ ਤਕਰਾਰ ਭਿਆਨਕ ਲੜਾਈ-ਝਗੜੇ ਵਿੱਚ ਬਦਲ ਗਈ। ਇਲਾਕੇ ਵਿੱਚ ਰਾਤ ਨੂੰ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਸ਼ੱਕ ਪੈਣ ’ਤੇ ਇੱਕ ਲੜਕੇ ਤੇ ਲੜਕੀ ਨੂੰ ਆਪਣਾ ਬੈਗ ਚੈੱਕ ਕਰਵਾਉਣ ਲਈ ਕਿਹਾ ਸੀ ਕਿਉਂਕਿ ਪੰਜਾਬ ਵਿੱਚ ਵਧਦੇ ਜਾ ਰਹੇ ਗੈਂਗਵਾਦ ਤੇ ਡਰੱਗਜ਼ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਅਜਿਹੀਆਂ ਤਲਾਸ਼ੀਆਂ ਆਮ ਜਿਹੀ ਗੱਲ ਹੈ।

ਪਰ ਉਸ ਜੋੜੇ ਨੇ ਆਪਣੇ ਬਜਾਏ ਬੈਗ ਦੀ ਤਲਾਸ਼ੀ ਦੇਣ ਦੇ ਪੁਲਿਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਫੋਨ ਕਰਕੇ ਆਪਣੇ ਹਮਾਇਤੀਆਂ ਨੂੰ ਬੁਲਾ ਲਿਆ। ਵੀਡੀਉ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਹੁੱਲੜਬਾਜ਼ਾਂ ਨੇ ਥਾਣੇਦਾਰ ਨੂੰ ਗਲਮੇ ਤੋਂ ਪਕੜਿਆ ਹੋਇਆ ਸੀ ਨੇ ਨਾ ਸੁਣਨਯੋਗ ਗੰਦੀਆਂ ਗਾਲ੍ਹਾਂ ਕੱਢ ਰਹੇ ਹਨ। ਇਹ ਵੀ ਦੁਖਦਾਈ ਗੱਲ ਹੈ ਕਿ ਉਸ ਥਾਣੇਦਾਰ ਦੇ ਸਾਥੀ ਪੁਲਿਸ ਵਾਲੇ ਅਰਾਮ ਨਾਲ ਪਾਸੇ ਖੜ੍ਹੇ ਹਨ ਤੇ ਉਸ ਦੀ ਕੋਈ ਮੱਦਦ ਨਹੀਂ ਕਰ ਰਹੇ। ਜਦੋਂ ਪਾਣੀ ਸਿਰ ਤੋਂ ਲੰਘਦਾ ਜਾਪਿਆ ਤਾਂ ਥਾਣੇਦਾਰ ਨੇ ਸਭ ਤੋਂ ਵੱਧ ਗੁੰਡਾਗਰਦੀ ਕਰ ਰਹੇ ਵਿਅਕਤੀ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਪਰ ਗੋਲੀ ਮਾਰਨ ਤੋਂ ਬਾਅਦ ਵੀ ਹੁੱਲੜਬਾਜ਼ ਬਾਜ ਨਾ ਆਏ ਸਗੋਂ ਲਗਾਤਾਰ ਥਾਣੇਦਾਰ ਨਾਲ ਹੱਥੋਪਾਈ ਕਰਦੇ ਰਹੇ ਤੇ ਸਰਕਾਰੀ ਗੱਡੀ ਦੀ ਭੰਨ੍ਹ-ਤੋੜ ਵੀ ਕਰ ਦਿੱਤੀ।

ਅੱਜ-ਕੱਲ੍ਹ ਦੇ ਹਾਲਾਤਾਂ ਅਨੁਸਾਰ ਵਾਰ-ਵਾਰ ਪੁਲਿਸ ਨੂੰ ਗੋਲੀ ਚਲਾਉਣ ਤੋਂ ਬਚਣ ਦੀ ਹਦਾਇਤ ਕੀਤੀ ਜਾਂਦੀ ਹੈ ਪਰ ਇਹ ਸਿੱਖਿਆ ਉਸ ਵੇਲੇ ਧਰੀ-ਧਰਾਈ ਰਹਿ ਜਾਂਦੀ ਹੈ ਜਦੋਂ ਬੰਦੇ ਨੂੰ ਆਪਣੀ ਇੱਜ਼ਤ ਤੇ ਜਾਨ ਦੇ ਲਾਲੇ ਪੈ ਜਾਂਦੇ ਹਨ। ਹਰ ਵਿਅਕਤੀ ਦਾ ਸੁਭਾਅ ਇੱਕੋ-ਜਿਹਾ ਨਹੀਂ ਹੁੰਦਾ, ਕਈ ਨਰਮ ਹੁੰਦੇ ਹਨ ਤੇ ਕਈ ਗੁੱਸੇਖੋਰ। ਕਈ ਵੱਡੀ ਤੋਂ ਵੱਡੀ ਬੇਇੱਜ਼ਤੀ ਪਾਣੀ ਵਾਂਗ ਪੀ ਜਾਂਦੇ ਹਨ ਤੇ ਕਈ ਥੋੜ੍ਹੀ ਜਿਹੀ ਗੱਲ ’ਤੇ ਵੀ ਮਰਨ-ਮਾਰਨ ਨੂੰ ਤਿਆਰ ਹੋ ਜਾਂਦੇ ਹਨ।

ਉਸ ਵੇਲੇ ਥਾਣੇਦਾਰ ਦੀ ਹਾਲਤ ਵੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣੀ ਹੋਈ ਸੀ। ਜੇ ਉਹ ਵਰਦੀ ਪੜਵਾ ਕੇ ਕੰਨ ਝਾੜ ਕੇ ਤੁਰ ਜਾਂਦਾ ਤਾਂ ਨਾਲ ਦਿਆਂ ਨੇ ਹੀ ਨਹੀਂ ਸੀ ਜਿਊਣ ਦੇਣਾ, ਜੇ ਕੁੱਟ ਹੀ ਖਾਣੀ ਸੀ ਤਾਂ ਫਿਰ ਆਹ ਡੇਢ ਕਿੱਲੋ ਦਾ ਪਿਸਤੌਲ ਕਿਉਂ ਬੰਨ੍ਹੀ ਫਿਰਦਾ ਸੀ ਲੱਕ ਨਾਲ? ਫਿਲਹਾਲ ਥਾਣੇਦਾਰ ਨੂੰ ਮੁਅੱਤਲ ਕਰਕੇ ਉਸ ਦੇ ਖਿਲਾਫ ਮੁਕੱਦਮਾ ਦਰਜ਼ ਕਰ ਦਿੱਤਾ ਗਿਆ ਹੈ ਤੇ ਜਾਂਚ-ਪੜਤਾਲ ਚੱਲ ਰਹੀ ਹੈ। ਜੋ ਵੀ ਸੱਚਾਈ ਹੈ, ਉਹ ਆਖਰ ਬਾਹਰ ਆ ਜਾਣੀ ਹੈ। ਪਰ ਵੀਡੀਉ ਵੇਖ ਕੇ ਪਹਿਲੀ ਨਜ਼ਰੇ ਗੋਲੀ ਚਲਾਉਣਾ ਥਾਣੇਦਾਰ ਦੀ ਮਜ਼ਬੂਰੀ ਲੱਗਦੀ ਹੈ।

ਇਹੋ-ਜਿਹੀ ਇੱਕ ਹੋਰ ਘਟਨਾ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਆਈ. ਏ. ਐਸ. ਅਫਸਰ ਸੰਜੇ ਪੋਪਲੀ ਦੇ ਘਰ ਵਾਪਰੀ ਹੈ। ਜਦੋਂ ਵਿਜੀਲੈਂਸ ਟੀਮ ਉਸ ਦੇ ਘਰ ਹੈਰਾਨੀਜਨਕ ਮਾਤਰਾ ਵਿੱਚ ਸੋਨਾ, ਚਾਂਦੀ ਅਤੇ ਇਲੈਕਟ੍ਰੋਨਿਕ ਦਾ ਸਾਮਾਨ ਆਦਿ ਬਰਾਮਦ ਕਰ ਕੇ ਵਾਪਸ ਪਰਤ ਰਹੀ ਸੀ ਤਾਂ ਪੋਪਲੀ ਦੇ ਬੇਟੇ ਨੇ ਕੁਝ ਨਾਮਾਲੂਮ ਕਾਰਨਾਂ ਕਰਕੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਪੋਪਲੀ ਦੇ ਪਰਿਵਾਰ ਨੇ ਇੱਕਦਮ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਿ ਉਸ ਨੂੰ ਵਿਜੀਲੈਂਸ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਉਹ ਸ਼ਾਇਦ ਇਹ ਗੱਲ ਨਹੀਂ ਜਾਣਦੇ ਹੋਣੇ ਕਿ ਪੁਲਿਸ ਕੋਲ ਜਿਹੜੇ ਹਥਿਆਰ ਹੁੰਦੇ ਹਨ, ਉਨ੍ਹਾਂ ਦਾ ਬੋਰ ਪਬਲਿਕ ਦੇ ਲਾਇਸੈਂਸੀ ਹਥਿਆਰਾਂ ਨਾਲੋਂ ਬਿਲਕੁਲ ਅਲੱਗ ਹੁੰਦਾ ਹੈ। ਵਿਜੀਲੈਂਸ ’ਤੇ ਲਾਏ ਗਏ ਇਸ ਇਲਜ਼ਾਮ ਦੀ ਇਸ ਲਈ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਹੈ ਕਿਉਂਕਿ ਵਿਜੀਲੈਂਸ ਵਾਲੇ ਆਮ ਤੌਰ ’ਤੇ ਹਥਿਆਰ ਨਹੀਂ ਰੱਖਦੇ। ਉਂਜ ਵੀ ਵਿਜੀਲੈਂਸ ਵੱਲੋਂ ਪੋਪਲੀ ਦੇ ਲੜਕੇ ਨੂੰ ਮਾਰਨ ਦੀ ਕਿਸੇ ਕਿਸਮ ਦੀ ਕੋਈ ਤੁੱਕ ਨਹੀਂ ਬਣਦੀ। ਇਹ ਦਰਜ਼ ਹੋਏ ਭਿ੍ਰਸ਼ਟਾਚਾਰ ਦੇ ਮੁਕੱਦਮੇ ਵਿੱਚ ਪੁਲਿਸ ’ਤੇ ਦਬਾਅ ਪਾਉਣ ਦਾ ਇੱਕ ਬੇਹੱਦ ਘਟੀਆ ਹੱਥਕੰਡਾ ਲੱਗਦਾ ਹੈ।

ਪੋਸਟ ਮਾਰਟਮ ਰਿਪੋਰਟ ਵਿੱਚ ਵੀ ਇਹ ਗੱਲ ਸਾਬਤ ਹੋ ਗਈ ਹੈ ਕਿ ਲੜਕੇ ਵੱਲੋਂ ਆਪਣੇ-ਬਾਪ ਦੇ ਲਾਇਸੈਂਸੀ ਪਿਸਤੌਲ ਨਾਲ ਖੁਦਕੁਸ਼ੀ ਕੀਤੀ ਗਈ ਹੈ। ਵੇਖਣ ਵਿੱਚ ਆਇਆ ਹੈ ਕਿ ਕੁਝ ਵਰਗ ਦੇ ਲੋਕ ਆਪਣੇ-ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ ਤੇ ਪੁਲਿਸ ਦੀ ਡਿਊਟੀ ਵਿੱਚ ਅੜਿੱਕੇ ਢਾਹੁਣੇ ਸ਼ਾਨ ਦੀ ਗੱਲ ਸਮਝਦੇ ਹਨ। ਕਈ ਸਾਲ ਪਹਿਲਾਂ ਮੇਰੀ ਇੱਕ ਸ਼ਹਿਰ ਵਿੱਚ ਬਤੌਰ ਐਸ. ਪੀ. ਪੋਸਟਿੰਗ ਸੀ ਜਿਸ ਦੇ ਵਪਾਰੀਆਂ ਬਾਰੇ ਮਸ਼ਹੂਰ ਸੀ ਕਿ ਉਹ ਪੁਲਿਸ ਨਾਲ ਹੱਥੋਪਾਈ ਹੋਣ ਲੱਗਿਆਂ ਮਿੰਟ ਲਾਉਂਦੇ ਹਨ। ਉਨ੍ਹਾਂ ਨੇ ਕਈ ਵਾਰ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ ਸੀ ਤੇ ਸ਼ਹਿਰ ਬੰਦ ਕਰਨ ਦੀ ਧਮਕੀ ਦੇ ਕੇ ਕਾਰਵਾਈ ਤੋਂ ਵੀ ਬਚ ਗਏ ਸਨ।

ਸ਼ਹਿਰਾਂ ਵਿੱਚ ਆਮ ਵੇਖਿਆ ਗਿਆ ਹੈ ਕਿ ਖਾਸ ਤੌਰ ’ਤੇ ਟਰੈਫਿਕ ਪੁਲਿਸ ਨੂੰ ਆਪਣਾ ਕੰਮ ਨਹੀਂ ਕਰਨ ਦਿੱਤਾ ਜਾਂਦਾ। ਇਨ੍ਹਾਂ ਦੀ ਦੁਕਾਨ ’ਤੇ ਗ੍ਰਾਹਕ ਆਉਣਾ ਚਾਹੀਦਾ ਹੈ, ਭਾਵੇਂ ਉਸ ਦੀ ਗੱਡੀ ਨਾਲ ਸਾਰੇ ਬਜ਼ਾਰ ਦੀ ਟਰੈਫਿਕ ਬੰਦ ਹੋ ਜਾਵੇ। ਖੁਦ ਹੀ ਇਹ ਲੋਕ ਐਸ. ਐਸ. ਪੀ. ਨੂੰ ਸ਼ਹਿਰ ਵਿੱਚ ਟਰੈਫਿਕ ਦੀ ਬੁਰੀ ਹਾਲਤ ਦਾ ਰੋਣਾ ਰੋਣਗੇ ਤੇ ਫਿਰ ਆਪ ਹੀ ਦੂਸਰੇ ਪਾਸੇ ਹੋ ਜਾਣਗੇ।

ਕੁਦਰਤੀ ਉੱਥੇ ਇੱਕ ਕੁਰੱਖਤ ਜਿਹੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਬਤੌਰ ਟਰੈਫਿਕ ਇੰਚਾਰਜ ਪੋਸਟਿੰਗ ਹੋ ਗਈ ਜਿਸ ਨੇ ਆਉਂਦੇ ਸਾਰ ਪੂਰੀ ਸਖਤੀ ਨਾਲ ਟਰੈਫਿਕ ਸੁਧਾਰ ਦਾ ਕੰਮ ਸ਼ੁਰੂ ਕਰ ਦਿੱਤਾ। ਗਲਤ ਜਗ੍ਹਾ ’ਤੇ ਖੜ੍ਹੀਆਂ ਗੱਡੀਆਂ ਦੇ ਚਲਾਨ ਤੇ ਬਿਨਾਂ ਕਾਗਜ਼ਾਤ ਵਹੀਕਲ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ ਵਪਾਰੀਆਂ ਨੇ ਆਪਣੇ ਘੈਂਟ ਸਮਝੇ ਜਾਣ ਵਾਲੇ ਇੱਕ ਪ੍ਰਧਾਨ ਨੂੰ ਲੈ ਕੇ ਪਰਮਿੰਦਰ ਸਿੰਘ ਨੂੰ ਘੇਰ ਲਿਆ। ਜਦੋਂ ਪਰਮਿੰਦਰ ਸਿੰਘ ਪ੍ਰਧਾਨ ਦੀਆਂ ਬਾਂਦਰ ਭਬਕੀਆਂ ਤੋਂ ਨਾ ਦੱਬਿਆ ਤਾਂ ਗੱਲ ਗੰਭੀਰ ਰੁਖ ਅਖਤਿਆਰ ਕਰ ਗਈ। ਪ੍ਰਧਾਨ ਨੇ ਆਪਣੇ ਪੁਰਾਣੇ ਆਕੜਖੋਰ ਅੰਦਾਜ਼ ਵਿੱਚ ਦਬਕਾ ਮਾਰਿਆ, ਤੈਨੂੰ ਪਤਾ ਈ ਹੋਣਾ ਪਰਮਿੰਦਰ ਸਿਆਂ, ਅਸੀਂ ਪੁਲਿਸ ਨੂੰ ਚਿੰਬੜਦੇ ਵੀ ਹੁੰਨੇ ਆਂ।

ਇੰਸਪੈਕਟਰ ਨੇ ਬਿਨਾਂ ਘਬਰਾਏ ਹੋਲਸਟਰ ਦਾ ਬਟਨ ਖੋਲ੍ਹ ਕੇ ਆਪਣਾ ਖੱਬਾ ਹੱਥ ਪਿਸਤੌਲ ’ਤੇ ਰੱਖ ਲਿਆ, ਸਭ ਪਤਾ ਮੈਨੂੰ ਪ੍ਰਧਾਨ। ਪਰ ਸ਼ਾਇਦ ਤੈਨੂੰ ਇਹ ਨਹੀਂ ਪਤਾ ਕਿ ਮੈਂ ਅੱਗੋਂ ਗੋਲੀ ਵੀ ਮਾਰਦਾ ਹੁੰਨਾਂ ਆਂ।
ਥਾਣੇਦਾਰ ਦਾ ਨਾਨਕਸ਼ਾਹੀ ਇੱਟ ਵਰਗਾ ਜਵਾਬ ਮੱਥੇ ਵਿੱਚ ਵੱਜਿਆ ਤਾਂ ਪ੍ਰਧਾਨ ਕੁਝ ਢਿੱਲਾ ਜਿਹਾ ਪੈ ਗਿਆ, ਜੇ ਗੋਲੀ ਮਾਰੇਂਗਾ ਤਾਂ ਜੇਲ੍ਹ ਨਈਂ ਜਾਵੇਂਗਾ ਫਿਰ? ਇੰਸਪੈਕਟਰ ਸਮਝ ਗਿਆ ਕਿ ਪ੍ਰਧਾਨ ਦੀਆਂ ਲੱਤਾਂ ਕੰਬਣ ਲੱਗ ਪਈਆਂ ਹਨ। ਉਹ ਹੋਰ ਜੋਸ਼ ਵਿੱਚ ਆ ਗਿਆ, ਉਹ ਤਾਂ ਚੱਲ ਬਾਅਦ ਦੀਆਂ ਗੱਲਾਂ ਨੇ ਕੀ ਬਣਨਾ ਕੀ ਨਈਂ ਬਣਨਾ, ਤੂੰ ਤਾਂ ਜਾਏਂਗਾ ਨਾ ਜਹਾਨੋਂ।

ਮਿੰਟਾਂ ਸਕਿੰਟਾਂ ਵਿੱਚ ਲਾਲੇ ਤਿਤਰ-ਬਿਤਰ ਹੋ ਗਏ। ਹਥਿਆਰ ਪੁਲਿਸ ਨੂੰ ਜਨਤਾ ਦੀ ਅਤੇ ਖੁਦ ਦੀ ਰਾਖੀ ਲਈ ਦਿੱਤੇ ਜਾਂਦੇ ਹਨ। ਕਈ ਵਾਰ ਪੁਲਿਸ ਵਾਲੇ ਦਿਲਸ਼ਾਦ ਅਖਤਰ ਦੇ ਕਤਲ ਵਾਂਗ ਗਲਤੀ ਵੀ ਕਰ ਜਾਂਦੇ ਹਨ। ਇਸ ਲਈ ਇਨ੍ਹਾਂ ਦੀ ਵਰਤੋਂ ਬਹੁਤ ਸੋਚ-ਸਮਝ ਕੇ ਤੇ ਆਖਰੀ ਹੀਲੇ ਵਜੋਂ ਹੀ ਕਰਨੀ ਚਾਹੀਦੀ ਹੈ। ਜੇ ਕੋਈ ਪੁਲਿਸ ਵਾਲਾ ਜ਼ਿਆਦਾ ਹੀ ਗੁੱਸੇਖੋਰ ਹੈ ਤਾਂ ਉਸ ਨੂੰ ਸਰਕਾਰੀ ਅਸਲਾ ਨਹੀਂ ਦੇਣਾ ਚਾਹੀਦਾ।
ਪੰਡੋਰੀ ਸਿੱਧਵਾਂ, ਮੋ. 95011-00062
ਬਲਰਾਜ ਸਿੰਘ ਸਿੱਧੂ ਕਮਾਂਡੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ