ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ: ਨੰਬਰ ਇੱਕ ਬਣਨ ਨਿੱਤਰੇਗਾ ਭਾਰਤ

ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਂਚ ਕਲੀਨ ਸਵੀਪ ਜਰੂਰੀ

ਨਾਟਿੰਘਮ, 11 ਜੁਲਾਈ

ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ ‘ਚ ਨੰਬਰ ਇੱਕ ਬਣਨ ‘ਤੇ ਵੀ ਲੱਗੀਆਂ ਹੋਣਗੀਆਂ
ਭਾਰਤੀ ਟੀਮ ਨੂੰ ਇੰਗਲੈਂਡ ਹੱਥ੍ਰੋਂ ਆਪਣਾ ਨੰਬਰ ਇੱਕ ਸਥਾਨ  ਮਈ ‘ਚ ਗੁਆਉਣਾ ਪਿਆ ਸੀ ਪਰ ਜੇਕਰ ਉਹ ਇਸ ਲੜੀ ‘ਚ 3-0 ਨਾਲ ਕਲੀਨ ਸਵੀਪ ਕਰ ਲੈਂਦੀ ਹੈ ਤਾਂ ਉਹ ਫਿਰ ਨੰਬਰ ਇੱਕ ਟੀਮ ਬਣ ਜਾਵੇਗੀ ਹਾਲਾਂਕਿ ਇੱਕ ਵੀ ਮੈਚ ਹਾਰਨ ‘ਤੇ ਮੇਜ਼ਬਾਨ ਟੀਮ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਰਹੇਗੀ

ਅਗਲੇ ਸਾਲ ਇੰਗਲੈਂਡ ਵਿਸ਼ਵ ਕੱਪ ਦੇ ਮੱਦੇਨਜ਼ਰ ਖ਼ੁਦ ਨੂੰ ਪਰਖ਼ਣ ਦਾ ਮੌਕਾ

ਸਟਾਰ ਬੱਲੇਬਾਜ਼ ਵਿਰਾਟ ਦੀ ਅਗਵਾਈ ਵਾਲੀ ਭਾਰਤੀ ਟੀਮ ਲਈ ਸਿਰਫ਼ ਨੰਬਰ ਇੱਕ ਬਣਨਾ ਹੀ ਅਹਿਮ ਨਹੀਂ ਸਗੋਂ ਇੰਗਲੈਂਡ ਦੀਆਂ ਸਵਿੰਗ ਪਿੱਚਾਂ ‘ਤੇ ਉਸ ਦੀ ਤਿਆਰੀ ਵੀ ਪਰਖ਼ਣ ਦਾ ਇਹ ਚੰਗਾ ਮੌਕਾ ਹੈ ਜਿੱਥੇ ਇੱਕ ਸਾਲ ਬਾਅਦ ਆਈ.ਸੀ.ਸੀ. ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਣਾ ਹੈ ਭਾਰਤ ਨੇ ਟਵੰਟੀ20 ਲੜੀ ਨੂੰ 2-1 ਨਾਲ ਅਤੇ ਆਇਰਲੈਂਡ ਵਿਰੁੱਧ 2-0 ਨਾਲ ਲੜੀ ਜਿੱਤ ਕੇ ਦੌਰੇ ਦੀ ਚੰਗੀ ਸ਼ੁਰੂਆਤ ਕੀਤੀ ਹੈ ਪਰ ਅਸਲੀ ਚੁਣੌਤੀ ਉਸਦੀ ਹੁਣ ਮੰਨੀ ਜਾ ਰਹੀ ਹੈ

ਬੱਲੇਬਾਜ਼ੀ ਕ੍ਰਮ ਂਚ ਹੋ ਸਕਦਾ ਹੈ ਫੇਰਬਦਲ

ਭਾਰਤ ਦਾ ਟੀ20 ਲੜੀ ਜਿੱਤ ਕੇ ਆਤਮਵਿਸ਼ਵਾਸ ਵੀ ਮਜ਼ਬੂਤ ਹੋਇਆ ਹੈ ਪਿਛਲੀ ਲੜੀ ‘ਚ ਕਪਤਾਨ ਵਿਰਾਟ ਨੇ ਕਈ ਗੱਠਜੋੜ ਪ੍ਰਯੋਗ ਕੀਤੇ ਸਨ ਤਾਂ ਹੁਣ ਇੱਕ ਰੋਜ਼ਾ ਲੜੀ ‘ਚ ਵੀ ਉਸ ਕੋਲ ਮੱਧਕ੍ਰਮ ਲਈ ਸਹੀ ਤਾਲਮੇਲ ਤਲਾਸ਼ਣ ਦਾ ਮੌਕਾ ਹੈ ਜਿਸਨੂੰ ਲੈ ਕੇ ਟੀਮ ਮੈਨੇਜ਼ਮੈਂਟ ਅਤੇ ਕਪਤਾਨ ਦੋਵੇਂ ਹੀ ਫਿਲਹਾਲ ਭਰੋਸੇ ‘ਚ ਨਹੀਂ ਹਨ ਵਿਰਾਟ ਆਮਤੌਰ ‘ਤੇ ਨੰਬਰ 3 ‘ਤੇ ਬੱਲੇਬਾਜ਼ੀ ਕਰਦੇ ਹਨ ਪਰ ਟੀ20 ‘ਚ ਇਸ ਨੰਬਰ ‘ਤੇ ਰਾਹੁਲ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਰਾਟ ਖੁਦ ਚੌਥੇ ਨੰਬਰ ‘ਤੇ ਉੱਤਰ ਸਕਦੇ ਹਨ ਉਹਨਾਂ ਇਸ ਸਥਾਨ ‘ਤੇ ਵੀ ਨਾਬਾਦ 20, 47 ਅਤੇ 43 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਮਹਿੰਦਰ ਸਿੰਘ ਧੋਨੀ ਵੀ ਆਪਣੇ ਛੇਵੇਂ ਸਥਾਨ ‘ਤੇ ਹਮੇਸ਼ਾ ਵਾਂਗ ਉਪਯੋਗੀ ਹੀ ਸਾਬਤ ਹੋ ਰਹੇ ਹਨ

ਮੌਸਮ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਭਾਰਤ ਨੂੰ

ਓਪਨਿੰਗ ਕ੍ਰਮ ‘ਚ ਟੀ20 ‘ਚ ਰੋਹਿਤ ਸ਼ਾਨਦਾਰ ਪ੍ਰਦਰਸ਼ਨ ਨਾਲ ਮੈਨ ਆਫ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਰਹੇ ਸਨ ਜਦੋਂਕਿ ਸ਼ਿਖਰ ਧਵਨ ਨੇ ਤਿੰਨ ਮੈਚਾਂ ‘ਚ 5, 10, 4 ਦੌੜਾਂ ਦੀਆਂ ਪਾਰੀਆਂ ਖੇਡ ਕੇ ਵਿਰਾਟ ਨੂੰ ਥੋੜ੍ਹਾ ਸੋਚਣ ‘ਤੇ ਮਜ਼ਬੂਰ ਕੀਤਾ ਹਾਲਾਂਕਿ ਇੱਕ ਦੋ ਮੈਚਾਂ ‘ਚ ਇਹਨਾਂ ਦੀ ਜੋੜੀ ਸਥਿਰ ਰਹਿਣ ਦੀ ਆਸ ਹੈ ਅਤੇ ਉਮੀਦ ਹੈ ਕਿ ਧਵਨ ਜਿਹਾ ਤਜ਼ਰਬੇਕਾਰ ਬੱਲੇਬਾਜ਼ ਇੱਕ ਰੋਜ਼ਾ ‘ਚ ਆਸ ਮੁਤਾਬਕ ਖੇਡੇਗਾ

ਤਜ਼ਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਟੀਮ ਦੀ ਹੋਰ ਹਮਲਾਵਰ ਗੇਂਦਬਾਜ਼ੀ ਜੋੜੀ ਹਨ ਦੂਸਰੇ ਪਾਸੇ ਚੰਗੀ ਲਾਈਨਅੱਪ ਤੋਂ ਇਲਾਵਾ ਭਾਰਤੀ ਟੀਮ ਨੂੰ ਇਸ ਵਾਰ ਇੰਗਲੈਂਡ ਦੇ ਮੌਸਮ ਦੇ ਹਾਲਾਤਾਂ ਦਾ ਵੀ ਮੇਜ਼ਬਾਨ ਟੀਮ ਦੇ ਮੁਕਾਬਲੇ ਜ਼ਿਆਦਾ ਫ਼ਾਇਦਾ ਮਿਲ ਸਕਦਾ ਹੈ ਜਿੱਥੇ ਇਸ ਵਾਰ ਆਮ ਤੋਂ ਜ਼ਿਆਦਾ ਗਰਮੀ ਹੋਣ ਕਾਰਨ ਪਿੱਚਾਂ ਹਰੀਆਂ ਨਹੀਂ ਸਗੋਂ ਜ਼ਿਆਦਾ ਸੁੱਕੀਆਂ ਹਨ ਅਤੇ ਗਰਮ ਦੇਸ਼ ਤੋਂ ਆਉਣ ਵਾਲੀ ਟੀਮ ਨੂੰ ਫ਼ਾਇਦਾ ਪਹੁੰਚਾ ਸਕਦੀਆਂ ਹਨ

ਭਾਰਤ ਨੇ ਆਖ਼ਰੀ ਵਾਰ ਜਦੋਂ 2014 ‘ਚ ਇੰਗਲੈਂਡ ਦਾ ਦੌਰਾ ਕੀਤਾ ਸੀ ਤਾਂ ਉਸਨੇ ਪੰਜ ਮੈਚਾਂ ਦੀ ਲੜੀ 3-1 ਨਾਲ ਜਿੱਤੀ ਸੀ ਇੰਗਲੈਂਡ ਨੇ ਹਾਲ ਹੀ ‘ਚ ਆਸਟਰੇਲੀਆ ਤੋਂ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੀ ਵਾਰ 5-0 ਨਾਲ ਕਲੀਨ ਸਵੀਪ ਕੀਤੀ ਸੀ ਪਰ ਟੀ20 ਲੜੀ ਗੁਆਉਣ ਨਾਲ ਉਸਦਾ ਹੌਂਸਲਾ ਪਸਤ ਹੋਇਆ ਹੈ ਜਿਸ ਦਾ ਭਾਰਤ ਨੂੰ ਫਾਇਦਾ ਮਿਲ ਸਕਦਾ ਹੈ

ਇੰਗਲਿਸ਼ ਕਪਤਾਨ ਇਆਨ ਮੋਰਗਨ ਚੰਗੇ ਬੱਲੇਬਾਜ਼ ਹਨ ਤੇ ਦੂਸਰੇ ਟੀ20 ‘ਚ ਨਾਬਾਦ 58 ਦੌੜਾਂ ਬਣਾ ਕੇ ਮੈਨ ਆਫ਼ ਦ ਮੈਚ ਰਹੇ ਅਲੇਕਸ ਹੇਲਸ, ਓਪਨਿੰਗ ਬੱਲੇਬਾਜ਼ ਜੋ ਰੂਟ, ਹਰਫ਼ਨਮੌਲਾ ਬੇਨ ਸਟੋਕਸ ਅਤੇ ਜੋਸ ਬਟਲਰ ਤੋਂ ਇਲਾਵਾ ਗੇਂਦਬਾਜ਼ਾਂ ‘ਚ ਆਦਿਲ ਰਾਸ਼ਿਦ, ਡੇਵਿਡ ਵਿਲੀ, ਲਿਆਮ ਪਲੰਕੇਟ ਅਤੇ ਤਜ਼ਰਬੇਕਾਰ ਮੋਈਨ ਅਲੀ ਅਹਿਮ ਹੋਣਗੇ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।