ਪੰਜਾਬ

ਫ਼ੌਜ ਭਰਤੀ ਰੈਲੀ : ਨੌਜਵਾਨਾਂ ਲਈ ਟੇਢੀ ਖੀਰ ਸਾਬਤ ਹੋਇਆ ਸਰੀਰਕ ਟੈਸਟ

  • ਚਾਰ ਦਿਨਾਂ ਵਿੱਚ 11575 ਨੌਜਵਾਨਾਂ ਵਿਚੋਂ ਸਿਰਫ਼ 1689 ਨੇ ਪਾਸ ਕੀਤਾ ਸਰੀਰਕ ਟੈਸਟ
  • ਟੈਟੂ ਕਾਰਨ ਪੰਜ ਉਮੀਦਵਾਰ ਅਯੋਗ ਕਰਾਰ 
  • ਡੋਪ ਟੈਸਟ ਵਿੱਚ 5 ਕੇਸ ਪਾਜਿਟਿਵ ਮਿਲੇ

ਪਟਿਆਲਾ,  (ਖੁਸ਼ਵੀਰ ਤੂਰ)।  ਪਟਿਆਲਾ  ਵਿਖੇ ਪੰਜ ਜ਼ਿਲਿਆਂ ਦੀ ਚੱਲ ਰਹੀ ਫੌਜ ਦੀ ਭਰਤੀ ਵਿੱਚ ਵੱਡੀ ਗਿਣਤੀ ਨੌਜਵਾਨਾਂ ਲਈ ਸਰੀਰਕ ਟੈਸਟ ਤੋਂ ਪਾਰ ਪਾਉਣਾ ਟੇਢੀ ਖੀਰ ਸਾਬਤ ਹੋ ਰਿਹਾ ਹੈ। ਭਾਵੇਂ ਨੌਜਵਾਨਾਂ ਵਿੱਚ ਫੌਜ ਦੀ ਭਰਤੀ ਸਬੰਧੀ ਭਾਰੀ ਉਤਸਾਹ ਹੈ, ਪਰ ਦੌੜ, ਛਾਲ ਅਤੇ ਸਰੀਰਕ ਡੀਲ ਡੋਲ ਇਨ੍ਹਾਂ ਨੌਜਵਾਨਾਂ ਦੇ ਹੋਸਲਿਆਂ ਨੂੰ ਪਸਤ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਮਿਲਟਰੀ ਏਰੀਏ ਵਿਖੇ ਪੰਜਾਬ ਦੇ ਪੰਜ ਜ਼ਿਲਿਆਂ ਪਟਿਆਲਾ, ਫਤਹਿਗੜ ਸਾਹਿਬ, ਸੰਗਰੂਰ, ਬਰਨਾਲਾ ਅਤੇ ਮਾਨਸਾ ਦੇ ਨੌਜਵਾਨਾਂ ਦੀ ਫੌਜ ਵਿੱਚ ਭਰਤੀ ਰੈਲੀ ਚੱਲ ਰਹੀ ਹੈ। ਇਸ ਭਰਤੀ ਰੈਲੀ ਸਬੰਧੀ 33, 911 ਉਮੀਦਵਾਰਾਂ ਨੇ ਆਨਲਾਈਨ ਦਰਖ਼ਾਸਤਾਂ ਦਿੱਤੀਆਂ ਹਨ । ਭਰਤੀ ਰੈਲੀ ਦੇ ਪਹਿਲੇ ਦਿਨ ਸ੍ਰੀ ਫਤਹਿਗੜ ਸਾਹਿਬ ਜ਼ਿਲ੍ਹੇ ਦੇ 2514 ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਗਈ ਜਿਨ੍ਹਾਂ ਵਿਚੋਂ 1717 ਉਮੀਦਵਾਰਾਂ ਨੇ ਸਰੀਰਕ ਫਿਟਨੈੱਸ ਟੈਸਟ ਦਿੱਤਾ। ਇਸ ਸਰੀਰਕ ਫਿਟਨਸ ਵਿੱਚੋਂ 362 ਨੌਜਵਾਨ ਹੀ ਸਫਲ ਰਹੇ ਅਤੇ 3 ਉਮੀਦਵਾਰ ਡੋਪ ਟੈਸਟ ਵਿਚ ਫੇਲ ਹੋ ਗਏ। ਇਸੇ ਤਰਾਂ  ਹੀ 2 ਅਗਸਤ ਨੂੰ ਪਟਿਆਲਾ ਜ਼ਿਲ੍ਹੇ ਦੀ ਸਮਾਣਾ, ਪਾਤੜਾਂ ਅਤੇ ਨਾਭਾ ਤਹਿਸੀਲ ਦੇ 2964 ਉਮੀਦਵਾਰਾਂ ਨੇ ਆਪਣਾ ਸਰੀਰਕ ਫਿਟਨੈਸ ਟੈਸਟ ਦਿੱਤਾ ਜਿਨ੍ਹਾਂ ਵਿਚੋਂ 562 ਨੌਜਵਾਨ ਹੀ ਪਾਰ ਪਾ ਸਕੇ ਜਦਕਿ 1 ਡੋਪ ਟੈੱਸਟ ਦੀ ਭੇਟ ਚੜ੍ਹ ਗਿਆ। 3 ਅਗਸਤ ਨੂੰ ਪਟਿਆਲਾ ਅਤੇ ਰਾਜਪੁਰਾ ਤਹਿਸੀਲ ਦੇ 3291 ਉਮੀਦਵਾਰਾਂ ਵੱਲੋਂ ਸਰੀਰਕ ਟੈਸਟ ਦਿੱਤਾ ਗਿਆ ਜਿਸ ਵਿੱਚੋਂ 320 ਜਣੇ ਹੀ ਪਾਸ ਹੋਏ।
ਅੱਜ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲਾ, ਧੂਰੀ ਤਹਿਸੀਲ ਦੇ 2806 ਉਮੀਦਵਾਰਾਂ ਨੇ ਸਰੀਰਕ ਟੈਸਟ ਦਿੱਤਾ,  ਜਿਸ ਵਿੱਚੋਂ 445 ਉਮੀਦਵਾਰ ਹੀ ਸਫਲ ਹੋ ਸਕੇ। ਹਾਲਾਂਕਿ 1 ਨੂੰ ਡੋਪ ਅਤੇ 5 ਨੂੰ ਟੈਟੂ ਕਰ ਕੇ ਫੇਲ੍ਹ ਕੀਤਾ ਗਿਆ ਹੈ । ਇਸ ਤਰ੍ਹਾਂ ਚਾਰ ਦਿਨਾਂ ਵਿੱਚ 11575 ਨੌਜਵਾਨਾਂ ਵਿੱਚੋਂ ਸਿਰਫ਼ 1689 ਉਮੀਦਵਾਰ ਹੀ ਸਰੀਰਕ ਟੈਸਟ ਪਾਸ ਕਰ ਸਕੇ ਹਨ।
ਫੌਜ ਅਧਿਕਾਰੀਆਂ ਕਰਨਲ ਵਿਨੀਤ ਮਹਿਤਾ, ਕਰਨਲ ਸੰਜੇ ਸੂਦ ਅਤੇ ਜਮੂ ਕਸ਼ਮੀਰ ਰੀਜਨ ਦੇ ਡਾਇਰੈਕਟਰ ਕਰਨਲ ਸੁਮਨ ਦੱਤਾ ਦਾ ਕਹਿਣਾ ਹੈ ਕਿ ਫ਼ੌਜ ਵਿਚ ਚੱਲ ਰਹੀ ਭਰਤੀ ਪ੍ਰਕਿਰਿਆ ਸਹੀ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚੜ੍ਹਾਈ ਜਾ ਰਹੀ ਹੈ। ਭਰਤੀ ਲਈ ਆਉਣ ਵਾਲੇ ਉਮੀਦਵਾਰਾਂ ਲਈ ਹਰ ਤਰਾਂ ਦੇ ਪ੍ਰਬੰਧ ਮੁਕੰਮਲ ਤੌਰ ‘ਤੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਉਮੀਦਵਾਰ ਕਿਸੇ ਬਾਹਰੀ ਵਿਅਕਤੀ ਦੇ ਝਾਂਸੇ ਵਿਚ ਆ ਕੇ ਸਿਫ਼ਾਰਿਸ਼ ਜਾਂ ਕੁਰੱਪਸ਼ਨ ਦੀ ਕੋਸ਼ਿਸ਼ ਨਾ ਕਰੇ। ਜੇ ਕਰ ਕੋਈ ਵਿਅਕਤੀ ਇਸ ਤਰਾਂ ਦੀ ਕੋਸ਼ਿਸ਼ ਕਰਦਾ ਮਿਲਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪ੍ਰਸ਼ਾਸਨ ਜਾਂ ਪੁਲਿਸ ਨੂੰ ਦਿੱਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।

ਨੌਜਵਾਨ ਹਿੰਮਤ ਹਾਰਨ ਦੀ ਥਾਂ ਕੋਸ਼ਿਸ ਕਰਨ: ਡੀਸੀ
ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਚੱਲ ਰਹੀ ਫੌਜ ਦੀ ਭਰਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਜਿੱਥੇ ਸਫਲ ਰਹੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਰੀਅਰ ਵਜੋਂ ਫ਼ੌਜ ਨੂੰ ਚੁਣਨਾ ਦੇਸ਼ ਦੀ ਸੇਵਾ ਕਰਨ ਦਾ ਸਭ ਤੋਂ ਵਧੀਆ ਉਪਰਾਲਾ ਹੈ। ਉਨ੍ਹਾਂ ਸਰੀਰਕ ਟੈੱਸਟ ਪਾਸ ਨਾ ਕਰ ਸਕਣ ਵਾਲੇ ਨੌਜਵਾਨਾਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਕੋਸ਼ਿਸ਼ ਕਰਦੇ ਰਹੋ, ਕਦੇ ਵੀ ਹੌਸਲਾ ਨਾ ਛੱਡੋ ਅਤੇ ਸਫਲਤਾ ਜ਼ਰੂਰ ਮਿਲੇਗੀ। ਉਨ੍ਹਾਂ ਨੌਜਵਾਨਾਂ ਸਿਹਤ-ਖ਼ੁਰਾਕ ਦਾ ਹਮੇਸ਼ਾ ਧਿਆਨ ਰੱਖਣ ਸਮੇਤ ਕਸਰਤ ਲਈ ਕਿਹਾ।
ਫੋਟੋ ਵੀ

ਪ੍ਰਸਿੱਧ ਖਬਰਾਂ

To Top