ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ

ਮਾਂ-ਬੋਲੀ ਪੰਜਾਬੀ ਪ੍ਰਤੀ ਅਵੇਸਲਾਪਣ ਚਿੰਤਾਜਨਕ

ਅਜੋਕੇ ਸਮੇਂ ਵਿੱਚ ਬਿਜਲਈ ਮੀਡੀਆ, ਪੱਛਮੀ ਸੱਭਿਅਤਾ ਅਤੇ ਪੰਜਾਬੀ ਦੇ ਹੋ ਰਹੇ ਗੈਰ-ਭਾਸ਼ਾਈਕਰਨ ਨੇ ਬੇਸ਼ੱਕ ਪੰਜਾਬੀ ’ਤੇ ਮਾਰੂ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਮਾਂ-ਬੋਲੀ ਪੰਜਾਬੀ ਦੀ ਸਮਰੱਥਾ ’ਤੇ ਪੂਰਨ ਭਰੋਸਾ ਹੈ ਕਿ ਇਹ ਇਨ੍ਹਾਂ ਦੇ ਪ੍ਰਭਾਵਾਂ ਦੀ ਮਾਰ ਹੇਠਾਂ ਆਉਣ ਵਾਲੀ ਨਹੀਂ। ਅੱਜ-ਕੱਲ੍ਹ ਮਾਡਰਨ ਕਹਾਉਣ ਵਾਲੇ ਮਾਪੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜੀ ਵਿੱਚ ਬੋਲਣ ਵਿੱਚ ਆਪਣੀ ਸ਼ਾਨ ਸਮਝਦੇ ਹਨ।

ਪੱਛਮੀ ਸੱਭਿਅਤਾ ਦੀ ਰੀਸ ਨਾਲ ਚਾਚੇ, ਤਾਏ, ਮਾਮੇ, ਮਾਸੜ, ਫੁੱਫੜ ਅਤੇ ਚਾਚੀ, ਤਾਈ, ਮਾਮੀ, ਮਾਸੀ, ਭੂਆ ਆਦਿ ਨਜ਼ਦੀਕੀ ਰਿਸ਼ਤਿਆਂ ਦੀ ਥਾਂ ਅੰਕਲ ਤੇ ਆਂਟੀ ਨੇ ਲੈ ਲਈ ਹੈ ਜੋ ਪਿਆਰ ਤੇ ਨਿੱਘ ਵਿਹੂਣੇ ਹਨ। ਵੇਖਿਆ ਜਾਵੇ ਤਾਂ ਅੱਜ ਬਹੁਗਿਣਤੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਮਾਂ-ਬੋਲੀ ਪੰਜਾਬੀ ਵਿੱਚ ਗੱਲ ਕਰਨ ਦੀ ਮਨਾਹੀ ਹੈ। ਬੱਚਿਆਂ ਨੂੰ ਜ਼ੁਰਮਾਨੇ ਕੀਤੇ ਜਾਂਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬੀ ਪੇਂਡੂ ਲੋਕਾਂ ਦੀ ਬੋਲੀ ਹੈ। ਘਰਾਂ ਵਿੱਚ ਮਾਵਾਂ ਵੀ ਮਾਂ-ਬੋਲੀ ਪੰਜਾਬੀ ਨੂੰ ਛੱਡ ਕੇ ਦੂਜੀਆਂ ਬੋਲੀਆਂ ਵਿੱਚ ਬੱਚਿਆਂ ਨਾਲ ਗੱਲਬਾਤ ਕਰਦੀਆਂ ਹਨ ਅਤੇ ਅਚੇਤ ਹੀ ਬੱਚੇ ਨੂੰ ਮਾਂ-ਬੋਲੀ ਤੋਂ ਦੂਰ ਲੈ ਜਾਂਦੀਆਂ ਹਨ। ਮਾਵਾਂ ਦੀ ਤਾਂ ਖ਼ਾਸ ਭੂਮਿਕਾ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੱਭਿਅਕ ਅਤੇ ਸਲੀਕੇ ਵਾਲੇ ਬਣਾਉਣ ਲਈ ਮਾਤ-ਭਾਸ਼ਾ ਪੰਜਾਬੀ ਦੇ ਸ਼ਬਦਾਂ ਨਾਲ ਜੋੜੀ ਰੱਖਣ।

ਬੱਚੇ ਦੇ ਪਹਿਲੇ ਕੁੱਝ ਸਾਲ ਮਾਂ ਦੇ ਬਹੁਤ ਨੇੜੇ ਬੀਤਦੇ ਹਨ ਅਤੇ ਇਨ੍ਹਾਂ ਸਾਲਾਂ ਵਿੱਚ ਬੱਚਾ ਅਨੇਕ ਸ਼ਬਦਾਂ, ਸੰਕਲਪਾਂ ਅਤੇ ਚਿੰਨ੍ਹਾਂ ਬਾਰੇ ਜਾਣ ਜਾਂਦਾ ਹੈ। ਉਸ ਦੀ ਮਾਂ ਦੇ ਮੂੰਹੋਂ ਨਿੱਕਲੇ ਸ਼ਬਦ ਉਸ ਦਾ ਪਾਠ ਹੁੰਦੇ ਹਨ ਅਤੇ ਘਰ ਉਸ ਦੀ ਪਹਿਲੀ ਪਾਠਸ਼ਾਲਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਬੱਚੇ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਅਤੇ ਬਹੁਪੱਖੀ ਵਿਕਾਸ ਲਈ ਮਾਂ ਆਪਣੇ ਬੱਚੇ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜਨ ਦਾ ਯਤਨ ਕਰੇ।

ਮਾਤ-ਭਾਸ਼ਾ ਤੋਂ ਬਿਨਾਂ ਨਾ ਆਨੰਦ ਮਿਲਦਾ ਹੈ, ਨਾ ਹੀ ਕਿਸੇ ਗੱਲ ਦਾ ਵਿਸਥਾਰ ਹੁੰਦਾ ਹੈ ਅਤੇ ਨਾ ਹੀ ਸਾਡੀਆਂ ਯੋਜਨਾਵਾਂ ਪ੍ਰਫੁੱਲਤ ਹੁੰਦੀਆਂ ਹਨ। ਮਾਂ-ਬੋਲੀ ਤੋਂ ਬਿਨਾਂ ਮਨੁੱਖ ਦੇ ਅੰਦਰ ਜਜ਼ਬਿਆਂ ਦੇ ਭੰਡਾਰ ਬੰਦ ਪਏ ਰਹਿੰਦੇ ਹਨ। ਜਿਹੜੀ ਗੱਲ ਤੇ ਭਾਵਨਾਵਾਂ ਅਸੀਂ ਆਪਣੀ ਮਾਂ-ਬੋਲੀ ਰਾਹੀਂ ਪ੍ਰਗਟਾ ਸਕਦੇ ਹਾਂ, ਉਹ ਕਿਸੇ ਹੋਰ ਬੋਲੀ ਰਾਹੀਂ ਨਹੀਂ ਕਰ ਸਕਦੇ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੇ ਵਿਸ਼ਵੀਕਰਨ ਦੇ ਯੁੱਗ ਵਿੱਚ ਅੰਗਰੇਜ਼ੀ ਦਾ ਗਿਆਨ ਹੋਣਾ ਜ਼ਰੂਰੀ ਹੈ ਪਰ ਇਹ ਵੀ ਸੱਚ ਹੈ ਕਿ ਆਪਣੀ ਮਾਂ-ਬੋਲੀ ਦੇ ਗਿਆਨ ਤੋਂ ਬਗੈਰ ਕਿਸੇ ਵੀ ਵਿਦੇਸ਼ੀ ਭਾਸ਼ਾ ਵਿੱਚ ਮੁਹਾਰਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਬੱਚੇ ਦੀ ਮੁੱਢਲੀ ਪੜ੍ਹਾਈ ਹਮੇਸ਼ਾ ਮਾਂ-ਬੋਲੀ ਵਿੱਚ ਹੀ ਹੋਣੀ ਚਾਹੀਦੀ ਹੈ। ਜਦੋਂ ਮਾਂ-ਬੋਲੀ ਵਿੱਚ ਮੁਹਾਰਤ ਹੋ ਜਾਵੇ, ਫਿਰ ਬੱਚੇ ਨੂੰ ਦੂਜੀਆਂ ਬੋਲੀਆਂ ਸਿੱਖਣ ਲਈ ਪ੍ਰੇਰਿਆ ਜਾਵੇ।

ਹੋਰ ਭਾਸ਼ਾਵਾਂ ਪੜ੍ਹੀਏ ਪਰ ਪੰਜਾਬੀ ਨਾ ਭੁੱਲ ਜਾਈਏ।
ਇਸ ਨਾਲ ਵਿਤਕਰਾ ਕਰਕੇ ਕਿਧਰੇ ਇਸ ਤੋਂ ਵਿਸਰ ਨਾ ਜਾਈਏ।
ਮਾਂ ਬੋਲੀ ਪੰਜਾਬੀ ਸਾਡੀ ਇਸ ਤੋਂ ਸਦਕੇ ਜਾਈਏ।

ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਵਿੱਚ ਲਿਖੇ ਗਏ। ਪੰਜਾਬੀ ਏਨੀ ਸਮਰੱਥ ਭਾਸ਼ਾ ਹੈ ਕਿ ਇਸ ਨੂੰ ਮਾਧਿਅਮ ਬਣਾ ਕੇ ਸੂਫ਼ੀ ਸੰਤ ਫ਼ਰੀਦ ਜੀ, ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਆਦਿ ਨੇ ਆਪਣੀਆਂ ਰਚਨਾਵਾਂ ਰਚੀਆਂ। ਸਮਰੱਥ ਮਾਂ-ਬੋਲੀ ਪੰਜਾਬੀ ਵਿੱਚ ਹੀ ‘ਇਸ਼ਕ-ਹਕੀਕੀ’ ਦੀਆਂ ਗੂੜ੍ਹੀਆਂ ਰਮਜ਼ਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ। ਪੰਜਾਬੀ ਉਹ ਭਾਸ਼ਾ ਹੈ ਜਿਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਲਿਖੀ ਹੈ। ਜੇਕਰ ਅਸੀਂ ਪੰਜਾਬੀ ਦਾ ਮੁੱਲ ਨਾ ਪਾਇਆ ਤਾਂ ਅਸੀਂ ਜਾਂ ਸਾਡੇ ਬੱਚੇ ਬਾਣੀ ਤੇ ਆਪਣੇ ਸੱਭਿਆਚਾਰ ਤੋਂ ਹਮੇਸ਼ਾ ਲਈ ਟੁੱਟ ਜਾਣਗੇ ਤੇ ਇਹ ਲੜੀ ਇਸ ਤਰ੍ਹਾਂ ਹੀ ਅੱਗੇ ਚੱਲਦੀ ਜਾਵੇਗੀ।

ਗੁਰੂਆਂ ਪੀਰਾਂ ਅਤੇ ਫ਼ਕੀਰਾਂ ਦੀ ਹੈ ਲਾਡਲੀ ਪਿਆਰੀ,
ਉੱਚਾ ਸੁੱਚਾ ਰੁਤਬਾ ਇਸਦਾ ਇਹ ਹੈ ਸਭ ਤੋਂ ਨਿਆਰੀ। ਇਸਦਾ ਹੋਰ ਪਸਾਰਾ ਕਰਕੇ ਨਵੀਆਂ ਪਿਰਤਾਂ ਪਾਈਏ,
ਮਾਂ-ਬੋਲੀ ਪੰਜਾਬੀ ਸਾਡੀ ਇਸ ਤੋਂ ਸਦਕੇ ਜਾਈਏ।

ਸਾਡੀ ਮਾਂ ਤਾਂ ਅਮੀਰ ਬਹੁਤ ਹੈ। ਇਸ ਦੀ ਗੋਦੀ ਵਿੱਚ ਬਾਬਾ ਨਾਨਕ ਜੀ ਹਨ, ਬਾਬਾ ਫ਼ਰੀਦ ਜੀ ਹਨ, ਬੁੱਲ੍ਹੇ ਸ਼ਾਹ ਹਨ, ਵਾਰਿਸ ਸ਼ਾਹ ਹਨ ਤੇ ਹੋਰ ਬਹੁਤ ਸਾਰੇ ਨਵੇਂ ਪੁਰਾਣੇ ਲੇਖਕ ਹਨ। ਸਾਨੂੰ ਅਜਿਹੀ ਮਾਂ ’ਤੇ ਮਾਣ ਹੋਣਾ ਚਾਹੀਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਪਣੀਆਂ ਜੜ੍ਹਾਂ, ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਨਾ ਹੋਣ ਤਾਂ ਸਾਡਾ ਫ਼ਰਜ਼ ਹੈ ਕਿ ਆਪਣੇ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਬੋਲਣ, ਸਮਝਣ, ਪੜ੍ਹਨ ਤੇ ਲਿਖਣ ਦੇ ਸਮਰੱਥ ਬਣਾਈਏ। ਅਸੀਂ ਆਪਣੇ ਕੀਮਤੀ ਖ਼ਜਾਨੇ ਨੂੰ ਜਿੰਦਰਾ ਮਾਰ ਕੇ ਨਾ ਰੱਖੀਏ ਸਗੋਂ ਵਿਰਾਸਤ ਸਮਝ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਈਏ।

ਆਪਣੀ ਮਾਂ-ਬੋਲੀ ਨਾਲ ਪਿਆਰ ਕਰਨ ਵਾਲਾ ਵਿਅਕਤੀ ਹੀ ਸਹੀ ਅਰਥਾਂ ਵਿੱਚ ਆਪਣੇ-ਆਪ ਨਾਲ, ਆਪਣੇ ਘਰ ਨਾਲ ਤੇ ਆਪਣੇ ਦੇਸ਼ ਨਾਲ ਪਿਆਰ ਕਰ ਸਕਦਾ ਹੈ। ਆਓ! ਸਾਰੇ ਆਪਣੀ ਮਾਂ-ਬੋਲੀ ਪੰਜਾਬੀ ਉੱਤੇ ਮਾਣ ਕਰੀਏ, ਇਸ ਨਾਲ ਆਤਮ-ਵਿਸ਼ਵਾਸ ਦਿੜ੍ਹ ਹੋਵੇਗਾ। ਗਿਆਨ, ਵਿਗਿਆਨ ਤੇ ਤਕਨੀਕੀ ਖੇਤਰ ਵਿੱਚ ਮੌਲਿਕ ਅਤੇ ਉੱਚੀਆਂ ਉਡਾਰੀਆਂ ਮਾਰ ਸਕਾਂਗੇ। ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜੀਏ। ਇਸ ਰਾਹੀਂ ਉਹ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਜੁੜ ਸਕਣਗੇ। ਉਨ੍ਹਾਂ ਦੀ ਸ਼ਖ਼ਸੀਅਤ ਦਾ ਹਰ ਪੱਖੋਂ ਵਿਕਾਸ ਹੋਵੇਗਾ। ਮਾਂ-ਬੋਲੀ ਦੀ ਕਦਰ ਕਰਨਾ ਮਾਂ ਦੀ ਕਦਰ ਕਰਨ ਦੇ ਬਰਾਬਰ ਹੈ।
ਮੋ. 97816-60021
ਸੰਦੀਪ ਕੌਰ ਹਿਮਾਂਯੂੰਪੁਰਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ