ਵਿਰਾਸਤੀ ਰੀਤੀ-ਰਿਵਾਜ਼ਾਂ ਨੂੰ ਖ਼ਤਮ ਕਰ ਰਿਹੈ ਮੈਰਿਜ-ਪੈਲੇਸ ਕਲਚਰ

Marrige

ਵਿਰਾਸਤੀ ਰੀਤੀ-ਰਿਵਾਜ਼ਾਂ ਨੂੰ ਖ਼ਤਮ ਕਰ ਰਿਹੈ ਮੈਰਿਜ-ਪੈਲੇਸ ਕਲਚਰ

ਕੰਪਿਊਟਰ ਦੇ ਇਸ ਯੁੱਗ ਵਿਚ ਜਿਸ ਤਰ੍ਹਾਂ ਸਭ ਕੁਝ ਤੇਜ਼ ਰਫਤਾਰ ਨਾਲ ਹੋ ਰਿਹਾ ਹੈ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਅਹਿਮ ਕਾਰਜ ਵਿਆਹ ਵੀ ਅੱਜ ਦੇ ਇਸ ਤੇਜ਼ੀ ਦੇ ਯੁੱਗ ਦੀ ਭੇਂਟ ਚੜ੍ਹ ਚੁੱਕਿਆ ਹੈ। ਅਸੀਂ ਦੇਖਦੇ ਹਾਂ ਜ਼ਿਆਦਾਤਰ ਵਿਆਹ ਅੱਜ-ਕੱਲ੍ਹ ਮੈਰਿਜ ਪੈਲੇਸਾਂ ਵਿੱਚ ਹੋ ਰਹੇ ਹਨ। ਮੰਨਦੇ ਹਾਂ ਕਿ ਅੱਜ ਦੇ ਘੱਟ ਸਮੇਂ ਵਾਲੇ ਯੁੱਗ ਵਿੱਚ ਇਹ ਮੈਰਿਜ ਪੈਲੇਸ ਕਾਫ਼ੀ ਹੱਦ ਤੱਕ ਸਹਾਈ ਹੁੰਦੇ ਹਨ ਕਿਉਂਕਿ ਦਿਮਾਗ ’ਤੇ ਕੋਈ ਵਾਧੂ ਬੋਝ ਨਹੀਂ ਰਹਿੰਦਾ। ਪਰ ਅਫਸੋਸ ਇਹ ਸਾਡੀਆਂ ਵਿਰਾਸਤੀ ਵਿਸ਼ੇਸ਼ਤਾਵਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਲੋੜ ਹੈ ਸੋਚਣ ਦੀ ਅਤੇ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਦੀ, ਆਪਣੀ ਵਿਰਾਸਤ ਦਾ ਦੀਵਾ ਜਗਦਾ ਰੱਖਣ ਦੀ।

ਖੈਰ! ਗੱਲ ਹੋ ਰਹੀ ਸੀ ਅੱਜ ਦੇ ਵਿਆਹ ਕਾਰਜਾਂ ਦੀ, ਪਿਛਲੇ ਦਿਨੀਂ ਮੈਂ ਵੀ ਮੈਰਿਜ ਪੈਲੇਸ ਵਿਚ ਹੋਇਆ ਇੱਕ ਵਿਆਹ ਦੇਖਿਆ। ਐਤਵਾਰ ਦਾ ਦਿਨ ਸੀ। ਮੈਂ ਬੜੇ ਚਾਵਾਂ ਨਾਲ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਮੈਰਿਜ ਪੈਲੇਸ ਵਿੱਚ ਪਹੁੰਚਿਆ ਤਾਂ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਸੀ। ਤੇਜ਼ੀ ਦੇ ਇਸ ਯੁੱਗ ਵਿੱਚ ਸਭ ਕੁਝ ਤੇਜ਼ੀ ਨਾਲ ਹੋ ਰਿਹਾ ਸੀ, ਪਤਾ ਹੀ ਨਹੀਂ ਲੱਗਿਆ ਕਿ ਕਦੋਂ ਤੇ ਕਿੱਥੇ ਅਨੰਦ ਕਾਰਜ ਹੋ ਗਏ। ਬੱਸ ਉਦੋਂ ਹੀ ਪਤਾ ਲੱਗਾ ਜਦੋਂ ਲਾੜਾ ਅਤੇ ਲਾੜੀ ਆ ਕੇ ਕੁਰਸੀਆਂ ’ਤੇ ਬਿਰਾਜਮਾਨ ਹੋ ਗਏ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜਾ ਕੁੜੀ ਵਾਲਾ ਹੈ ਅਤੇ ਕਿਹੜਾ ਮੁੰਡੇ ਵਾਲਾ।

ਪੈਂਟ, ਕੋਟ, ਟਾਈ ਵਿੱਚ ਸਜੇ ਲੋਕਾਂ ਨੇ ਸੋਹਣਾ ਹਾਰ-ਸ਼ਿੰਗਾਰ ਕੀਤਾ ਹੋਇਆ ਸੀ। ਹਰ ਮੁਟਿਆਰ ਤੇ ਗੱਭਰੂ ਦੇ ਮਨ ਦੀ ਲਾਲਸਾ ਇਹ ਕਹਿ ਰਹੀ ਸੀ ਕਿ ਸ਼ਾਇਦ ਮੈਂ ਹੀ ਸਭ ਤੋਂ ਸੁੰਦਰ ਹਾਂ। ਥੋੜ੍ਹੇ ਸਮੇਂ ਬਾਅਦ ਸਟੇਜੀ ਪ੍ਰੋਗਰਾਮ ਸ਼ੁਰੂ ਹੋਇਆ ਤੇ ਨਾਲ ਹੀ ਸ਼ਗਨ ਦੇਣ ਦਾ ਦੌਰ ਵੀ ਸ਼ੁਰੂ ਹੋਇਆ। ਸ਼ਰਾਬ ਦੇ ਨਸ਼ੇ ਵਿੱਚ ਗੁੱਟ ਕਈ ਆਦਮੀ ਸ਼ਗਨ ਵਾਲਾ ਕੰਮ ਵੀ ਮਿੰਟਾਂ-ਸਕਿੰਟਾਂ ਵਿੱਚ ਨਿਬੇੜ ਆਏ। ਸਟੇਜ ’ਤੇ ਵਾਰੋ-ਵਾਰੀ ਆਰਕੈਸਟਰਾ ਵਾਲੀਆਂ ਕੁੜੀਆਂ ਆਪਣੇ ਫਨ ਦਾ ਮੁਜ਼ਾਹਰਾ ਕਰ ਰਹੀਆਂ ਸਨ। ਸਭ ਉਨ੍ਹਾਂ ਵੱਲ ਵੇਖ ਕੇ ਖ਼ੁਸ਼ ਹੋ ਰਹੇ ਸਨ।

ਮੈਂ ਪੈਲੇਸ ਦੇ ਕੋਨੇ ਵਿੱਚ ਕੌਫੀ ਦਾ ਕੱਪ ਫੜ ਕੇ ਇਹ ਸਭ ਕੁੱਝ ਵੇਖ ਰਿਹਾ ਸੀ ਤੇ ਨਾਲ ਹੀ ਮੇਰਾ ਦਿਮਾਗ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ ਤੇ ਮੇਰਾ ਖਿਆਲ ਆਪਣੇ ਵਿਰਾਸਤੀ ਰੀਤੀ-ਰਿਵਾਜਾਂ ਵੱਲ ਗਿਆ, ਕਿਉਂਕਿ ਪਿਛਲੇ ਲਗਭਗ ਚਾਰ ਦਹਾਕਿਆਂ ਦੇ ਵਿਆਹ ਤਾਂ ਮੈਂ ਖੁਦ ਦੇਖੇ ਹਨ, ਪਰ ਹਥਲੇ ਲੇਖ ਵਿੱਚ ਜੋ ਕੁਝ ਲਿਖਿਆ ਹੈ ਉਹ ਇਸ ਤੋਂ ਵੀ ਕੁਝ ਦਹਾਕੇ ਪਹਿਲਾਂ ਦੀਆਂ ਗੱਲਾਂ ਵੀ ਹਨ, ਜੋ ਮੇਰੇ ਦਾਦਾ ਜੀ ਦੱਸਦੇ ਹੁੰਦੇ ਸਨ ਕਿ ਉਸ ਵੇਲੇ ਵਿਆਹ ਕਿਵੇਂ ਹੁੰਦੇ ਸਨ। ਸੋਚਿਆ ਕਿ ਉਹ ਵੀ ਸਮਾਂ ਹੁੰਦਾ ਸੀ ਜਦੋਂ ਪਿੰਡਾਂ ਵਿੱਚ ਕਿਸੇ ਦੇ ਵਿਆਹ ਹੁੰਦਾ ਸੀ ਤਾਂ ਸਾਰੇ ਪਿੰਡ ਵਿੱਚ ਇੱਕ ਰੌਣਕ ਜਿਹੀ ਆ ਜਾਂਦੀ ਸੀ। ਪੂਰੇ ਸ਼ਰੀਕੇ ਵਾਲੇ ਕੰਮ ਵਿਚ ਰੁੱਝੇ ਰਹਿੰਦੇ ਸਨ। ਕੜਾਹੀ ਦੇ ਵੱਖ-ਵੱਖ ਪਕਵਾਨਾਂ ਦੀਆਂ ਸੁਗੰਧੀਆਂ ਪਿੰਡ ਵਿੱਚ ਕਿਸੇ ਘਰ ਵਿਆਹ ਹੋਣ ਦਾ ਇੱਕ ਸੰਦੇਸ਼ ਦਿੰਦੀਆਂ ਰਹਿੰਦੀਆਂ ਸਨ

ਫਿਰ ਸ਼ੁਰੂ ਹੁੰਦਾ ਸੀ ਮੇਲ ਗੇਲ ਦਾ ਆਉਣਾ, ਖ਼ਾਸਕਰ ਜਦੋਂ ਨਾਨਕਾ ਮੇਲ ਆਉਂਦਾ ਤਾਂ ਉਨ੍ਹਾਂ ਦੀ ਚਮਕ-ਦਮਕ ਦੇਖਣ ਵਾਲੀ ਹੁੰਦੀ ਸੀ। ਸਿਰਾਂ ’ਤੇ ਸੱਗੀ ਫੁੱਲ, ਸੂਹੀਆਂ ਫੁਲਕਾਰੀਆਂ, ਲੰਮੀਆਂ ਗੁੱਤਾਂ, ਧਰਤੀ ਨੂੰ ਸੁਭਰਦੀ ਘੱਗਰੇ ਦੀ ਲਾਉਣ ਤੇ ਤਿੱਲੇਦਾਰ ਜੁੱਤੀ ਦੀ ਲਿਸ਼ਕਦੀ ਹੋਈ ਨੋਕ, ਵੱਡੇ-ਵੱਡੇ ਨਾਢੂ ਖਾਨਾਂ ਨੂੰ ਸੋਚੀਂ ਪਾ ਦਿੰਦੀ। ਉੱਧਰ ਗੱਭਰੂਆਂ ਦੇ ਧੂੰਵੇਂ ਚਾਦਰੇ, ਗਲਾਂ ਵਿੱਚ ਕੈਂਠੇ, ਕੰਨੀ ਮੁੰਦਰਾਂ ਤੇ ਤੁਰਲੇ ਵਾਲੀਆਂ ਪੱਗਾਂ ਵੀ ਵੇਖਣਯੋਗ ਹੁੰਦੀਆਂ। ਸਾਰੇ ਪਿੰਡ ਦੇ ਲੋਕ ਕੋਠਿਆਂ ’ਤੇ ਚੜ੍ਹ ਕੇ ਇਹ ਸਾਰਾ ਰੰਗ-ਰੂਹਾਨ ਦੇਖਦੇ।

ਸੱਚ ਜਾਣੋ ਤਾਂ ਪੰਜਾਬ ਦੇ ਬਾਂਕੇ ਜੁਆਨਾਂ ਨੂੰ ਪੰਜਾਬੀ ਲਿਬਾਸ ਵਿੱਚ ਸਜੇ-ਧਜੇ ਵੇਖ ਭੁੱਖ ਲਹਿੰਦੀ ਸੀ ਸੱਥ ਵਿਚੋਂ ਲੰਘਦੀਆਂ ਨਾਨਕੇ ਮੇਲ ਦੀਆਂ ਮੁਟਿਆਰਾਂ ਉੱਚੀ-ਉੱਚੀ ਹੇਕ ਵਿੱਚ ਦੋਹੇ ਲਾਉਂਦੀਆਂ, ਪਿੰਡ ਦੇ ਮੁੰਡਿਆਂ ਨੂੰ ਗੱਲੀਂ-ਗੱਲੀਂ ਬੜਾ ਕੁਝ ਕਹਿੰਦੀਆਂ ਜਿਵੇਂ:-
ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਗਹਿਣੇ। ਨੀਂ ਪਿੰਡ ਦੇ ਸ਼ੌਕੀਨ ਗੱਭਰੂ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ।

ਲੋਕ ਸਪੀਕਰ ਦੇ ਗੀਤਾਂ ਉੱਤੇ ਸਿਰ ਹਿਲਾ ਕੇ ਝੂਮਦੇ

ਇਹ ਸਭ ਕੁਝ ਪਿੰਡ ਵਾਲਿਆਂ ਵੱਲੋਂ ਹੱਸ ਕੇ ਸਵੀਕਾਰਿਆ ਜਾਂਦਾ। ਦੋ-ਮੰਜੀਆਂ ਜੋੜ ਕੇ ਉੱਤੇ ਧਰਿਆ ਸਪੀਕਰ ਪਿੰਡਾਂ ਵਿੱਚ ਰੌਣਕ ਲਾਈ ਰੱਖਦਾ। ਪਿੰਡ ਦੀਆਂ ਸੱਥਾਂ ਵਿੱਚ ਬੈਠੇ ਲੋਕ ਸਪੀਕਰ ਦੇ ਗੀਤਾਂ ਉੱਤੇ ਸਿਰ ਹਿਲਾ ਕੇ ਝੂਮਦੇ ਤੇ ਪੂਰਾ ਲੁਤਫ਼ ਲੈਂਦੇ। ਇਸ ਤਰ੍ਹਾਂ ਵਿਆਹ ਦੇ ਚੱਲਦੇ ਦੌਰ ਵਿਚ ਹਰ ਵਿਹਾਰ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾਂਦਾ। ਫਿਰ ਵਾਰੀ ਆਉਂਦੀ ਗਿੱਧੇ ਦੀ, ਜਦ ਗਿੱਧੇ ਦਾ ਪਿੜ ਬੱਝਦਾ ਤਾਂ ਨਾਨਕੀਆਂ ਅਤੇ ਦਾਦਕੀਆਂ ਵਿੱਚ ਬੜਾ ਮੁਕਾਬਲਾ ਹੁੰਦਾ:-
ਊਰੀ-ਊਰੀ-ਊਰੀ, ਨੀ ਇਹ ਦਿਨ ਸ਼ਗਨਾਂ ਦਾ,
ਨੱਚ-ਨੱਚ ਹੋ ਜਾ ਦੂਹਰੀ, ਇਹ ਦਿਨ ਸ਼ਗਨਾਂ ਦਾ।
ਤੋਂ ਲੈ ਕੇ ਬੋਲੀਆਂ ਰਾਹੀਂ ਪੂਰੀਆਂ ਚੋਕਰਾਂ ਲਾਈਆਂ ਜਾਂਦੀਆਂ ਦਾਦਕੀਆਂ ਨਾਨਕੀਆਂ ’ਤੇ ਵਿਅੰਗ ਕਰਦੀਆਂ ਕਿ:-
ਛੋਲੇ-ਛੋਲੇ-ਛੋਲੇ, ਇਨ੍ਹਾਂ ਨਾਨਕੀਆਂ ਦੀ ਰੜੇ ਭੰਬੀਰੀ ਬੋਲੇ।
ਜਾਂ ਛੋਲੇ-ਛੋਲੇ-ਛੋਲੇ। ਇਨ੍ਹਾਂ ਨਾਨਕੀਆਂ ਦੇ ਮੂੰਹ ਚੌੜੇ ਢਿੱਡ ਪੋਲੇ।

ਬੋਲੀਆਂ ਰਾਹੀਂ ਲਾਈਆਂ ਜਾਂਦੀਆਂ ਚੋਭਾਂ ਨੂੰ ਖਿੜੇ ਮੱਥੇ ਸਵੀਕਾਰਿਆ ਜਾਂਦਾ ਗਿੱਧੇ ਵਿੱਚ ਜੇਠ ਅਤੇ ਛੜਿਆਂ ਦਾ ਵੀ ਆਮ ਜ਼ਿਕਰ ਹੁੰਦਾ ਜਿਵੇਂ:-
ਖੱਟੀ ਚੁੰਨੀ ਲੈ ਕੇ ਨੀ ਮੈਂ ਧਾਰ ਚੋਣ ਗਈ ਸੀ,
ਖੱਟੀ ਚੁੰਨੀ ਨੇ ਮੇਰਾ ਗਲ ਘੁੱਟ ਤਾ।
ਨੀ ਮੈਂ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟ ਤਾ।
ਇਸੇ ਤਰ੍ਹਾਂ ਛੱਜ ਭੰਨ੍ਹਿਆ ਜਾਂਦਾ, ਜਾਗੋ ਕੱਢੀ ਜਾਂਦੀ, ਲੋਕਾਂ ਦੇ ਪਰਨਾਲੇ ਤੋੜੇ ਜਾਂਦੇ, ਸੁੱਤੇ ਲੋਕਾਂ ਦੇ ਮੰਜੇ ਮੂਧੇ ਮਾਰੇ ਜਾਂਦੇ, ਇਸ ਤਰ੍ਹਾਂ ਸਭ ਕਾਰਜ ਖੁਸ਼ੀ-ਖੁਸ਼ੀ ਨੇਪਰੇ ਚੜ੍ਹਦੇ। ਜਦੋਂ ਇਹ ਸੋਚਦੇ-ਸੋਚਦੇ ਮੇਰੀ ਸੋਚਾਂ ਦੀ ਲੜੀ ਟੁੱਟੀ ਤਾਂ ਦੇਖਿਆ ਸਟੇਜ ਉੱਪਰ ਨੱਚ ਰਹੀਆਂ ਕੁੜੀਆਂ ਨਾਲ ਸ਼ਰਾਬੀ ਹੋਏ ਲੋਕ ਲੱਤਾਂ-ਬਾਹਾਂ ਮਾਰ-ਮਾਰ ਖੁਸ਼ੀ ਮਨਾ ਰਹੇ ਸੀ। ਮੈਨੂੰ ਇੰਝ ਜਾਪ ਰਿਹਾ ਸੀ, ਜਿਵੇਂ ਵਿਰਸੇ ਦੇ ਵਾਰਸ ਖੁਦ ਹੀ ਆਪਣੇ ਵਿਰਸੇ ਨੂੰ ਲੰਗਾਰ ਕਰੀ ਜਾ ਰਹੇ ਹਨ। ਡੀਜੇ ਉੱਪਰ ਚੱਲ ਰਹੇ ਗੀਤਾਂ ਉੱਪਰ ਨੌਜਵਾਨ ਮੁੰਡੇ ਅਤੇ ਰਿਸ਼ਤੇਦਾਰੀ ਵਿੱਚੋਂ ਕੁੜੀਆਂ ਤੇ ਔਰਤਾਂ ਨੱਚ ਰਹੀਆਂ ਸਨ, ਪਰ ਸ਼ਰਾਬ ਦੇ ਨਸ਼ੇ ਵਿਚ ਟੁੰਨ ਕਈ ਚਿੱਟੀ ਦਾੜ੍ਹੀ ਵਾਲੇ ਬਜੁਰਗ ਵੀ ਆਰਕੈਸਟਰਾ ਵਾਲੀਆਂ ਕੁੜੀਆਂ ਦੇ ਨਾਲ ਇੱਧਰ-ਉੱਧਰ ਲੱਤਾਂ-ਬਾਹਾਂ ਮਾਰ ਕੇ ਨੱਚ ਰਹੇ ਸਨ ਤੇ ਨੋਟਾਂ ਦੀ ਬਰਸਾਤ ਵੀ ਕਰ ਰਹੇ ਸਨ। ਤੇਜ਼ੀ ਦੇ ਯੁੱਗ ਵਿੱਚ ਲੋਕ ਸਭ ਕੁਝ ਮੁਕਾਉਣ ਲੱਗੇ ਹੋਏ ਸਨ।

ਇਸੇ ਤਰ੍ਹਾਂ ਵੇਖਦਿਆਂ-ਵੇਖਦਿਆਂ ਮੇਲਾ ਵਿੱਛੜ ਗਿਆ। ਪੈਲੇਸ ਵਾਲਿਆਂ ਕੁਰਸੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕੁੜੀ ਵੀ ਪੈਲੇਸ ਵਿੱਚੋਂ ਹੀ ਵਿਦਾ ਕੀਤੀ। ਰਿਸ਼ਤੇਦਾਰ ਵੀ ਵਿਦਾਇਗੀ ਲੈ ਰਹੇ ਸਨ। ਸੱਚਮੁੱਚ ਪੈਲੇਸਾਂ ਨੇ ਵਿਆਹ ਦੇ ਉਸ ਰੰਗ ਨੂੰ ਖਤਮ ਕਰ ਦਿੱਤਾ, ਜੋ ਵਿਆਹ ਤੋਂ ਤਿੰਨ-ਚਾਰ ਦਿਨ ਬਾਅਦ ਤੱਕ ਵੀ ਰਹਿੰਦਾ ਸੀ ਹੁਣ ਤਾਂ ਬੱਸ ਜਦੋਂ ਪੈਲੇਸ ’ਚੋਂ ਬਾਹਰ ਹੋਏ ਤਾਂ ਵਿਆਹ ਖਤਮ।
ਸੋ ਪੰਜਾਬੀਓ! ਸਾਡੀ ਇਹ ਵਿਰਾਸਤ ਦੇ ਅਨਮੋਲ ਰੰਗ ਸਾਡੇ ਲਈ ਕਿਤੇ ਯਾਦ ਹੀ ਨਾ ਬਣ ਕੇ ਰਹਿ ਜਾਣ। ਜੋ ਸਾਡੇ ਆਪਸੀ ਭਾਈਚਾਰੇ, ਮਿਲਵਰਤਣ ਅਤੇ ਮੋਹ-ਪਿਆਰ ਦੇ ਪ੍ਰਤੀਕ ਸਨ।

ਬਠਿੰਡਾ
ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ