ਸੰਪਾਦਕੀ

ਸ਼ਾਨਮੱਤੇ ਇਤਿਹਾਸ ਦੀ ਬੇਕਦਰੀ

Insult, Glorious, History

ਜਦੋਂ ਮੰਤਰੀ ਅਧਿਕਾਰੀਆਂ ਦੀ ਚਲਾਕੀ ਜਾਂ ਨਾਲਾਇਕੀ ਨੂੰ ਹੀ ਨਾ ਸਮਝ ਸਕੇ ਤਾਂ ਮਾਮਲਾ ਉਲਝੇਗਾ ਹੀ

ਪੰਜਾਬ ਦਾ ਇਤਿਹਾਸ ਮਨੁੱਖਤਾ ਲਈ ਸਮੱਰਪਣ, ਸੱਚ ‘ਤੇ ਪਹਿਰੇਦਾਰੀ ਤੇ ਜ਼ੁਲਮ ਖਿਲਾਫ਼ ਮਰ-ਮਿਟਣ ਵਾਲਿਆਂ ਮਹਾਂਯੋਧਿਆਂ ਦੀਆਂ ਸ਼ਹਾਦਤਾਂ ਨਾਲ ਭਰਿਆ ਪਿਆ ਹੈ ਪਰ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਜਿੰਨਾ ਇਹ ਇਤਿਹਾਸ ਮਾਣ ਕਰਨ ਵਾਲਾ ਹੈ| ਇਸ ਨੂੰ ਸਾਂਭਣ ਦੇ ਯਤਨ ਓਨੇ ਹੀ ਗੈਰਜਿੰਮੇਵਾਰਾਨਾ ਤੇ ਅਗਿਆਨਤਾ ਭਰੇ ਹਨ ਅਜ਼ਾਦ ਦੇਸ਼ ਦੀ ਆਪਣੀ ਸਰਕਾਰ, ਆਪਣਾ ਸਿੱਖਿਆ ਵਿਭਾਗ, ਵਿਦਵਾਨਾਂ ਦੀ ਜ਼ਮਾਤ, ਅਰਬਾਂ ਰੁਪਏ ਖਰਚਣ ਵਾਲੀਆਂ ਯੂਨੀਵਰਸਿਟੀਆਂ ਦੇ ਬਾਵਜ਼ੂਦ ਹਾਲ ਇਹ ਹੈ ਕਿ ਦੋ ਜ਼ਮਾਤਾਂ ਦੇ ਇਤਿਹਾਸ ਦੀ ਪੁਸਤਕ ਅਜਿਹੀ ਪੁਸਤਕ ਨਹੀਂ ਛਾਪੀ ਜਾ ਸਕੀ ਕਿ ਜਿਸ ਨੂੰ ਪੜ੍ਹਨ ਨਾਲ ਵਿਦਿਆਰਥੀਆਂ ‘ਚ ਵਿਦਵਤਾ ਦੇ ਨਾਲ-ਨਾਲ ਨੈਤਿਕਤਾ, ਸਦਾਚਾਰ, ਧਰਮ ਤੇ ਦੇਸ਼ ਲਈ ਜ਼ਜਬਾ ਪੈਦਾ ਹੋ ਸਕੇ|

ਕਦੇ ਕਮੇਟੀ ਬਣਦੀ ਹੈ ਕਦੇ ਕਮੇਟੀ ਦੇ ਮੈਂਬਰ ਵਾਪਸ ਲਏ ਜਾਂਦੇ ਹਨ| ਸਿੱਖਿਆ ਮੰਤਰੀ ਤੇ ਅਧਿਕਾਰੀ ਗਲਤੀਆਂ ਲਈ ਇੱਕ-ਦੂਜੇ ਸਿਰ ਭਾਂਡਾ ਭੰਨ੍ਹ ਰਹੇ ਹਨ| ਅਜਿਹਾ ਸਿੱਖਿਆ ਪ੍ਰਬੰਧ ਕਿਹੋ ਜਿਹੇ ਵਿਦਿਆਰਥੀਆਂ ਦਾ ਨਿਰਮਾਣ ਕਰੇਗਾ, ਇਸ ਦਾ ਕਿਸੇ ਨੂੰ ਭੁਲੇਖਾ ਨਹੀਂ ਸਿੱਖਿਆ ਮੰਤਰੀ ਦੀ ਵਿਦਵਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਉਹ ਕਹਿ ਰਹੇ ਹਨ, ਅਧਿਕਾਰੀਆਂ ਕਾਰਨ ਹੀ ਉਹ ਫਸ ਗਏ ਹਨ| ਦਰਅਸਲ ਮਹਿਕਮੇ ਵੰਡਣ ਲਈ ਮੰਤਰੀ ਦੀ ਯੋਗਤਾ ਦਾ ਕੋਈ ਪੈਮਾਨਾ ਹੀ ਨਹੀਂ ਰੱਖਿਆ ਜਾਂਦਾ ਹੈ| ਡਿਗਰੀ ਜ਼ਰੂਰੀ ਨਹੀਂ ਬਿਨਾ ਡਿਗਰੀ ਤੋਂ ਵੀ ਕੋਈ ਵਿਧਾਇਕ ਸਿੱਖਿਆ ਵਿਭਾਗ ਦੀ ਕਮਾਨ ਸਹੀ ਤਰੀਕੇ ਨਾਲ ਸੰਭਾਲ ਸਕਦਾ ਹੈ|

ਬਸ਼ਰਤੇ ਵਿਧਾਇਕ ਦੀ ਸਬੰਧਿਤ ਵਿਭਾਗ ਬਾਰੇ ਜਾਣਕਾਰੀ, ਤਜ਼ਰਬਾ ਤੇ ਰੁਚੀ ਕਿਸੇ ਨਾ ਕਿਸੇ ਅਧਾਰ ਨੂੰ ਜ਼ਰੂਰ ਵਿਚਾਰਿਆ ਜਾਣਾ ਚਾਹੀਦਾ ਹੈ| ਜਦੋਂ ਮੰਤਰੀ ਅਧਿਕਾਰੀਆਂ ਦੀ ਚਲਾਕੀ ਜਾਂ ਨਾਲਾਇਕੀ ਨੂੰ ਹੀ ਨਾ ਸਮਝ ਸਕੇ ਤਾਂ ਮਾਮਲਾ ਉਲਝੇਗਾ ਹੀ ਬਿਨਾਂ ਸ਼ੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਗਈ| ਇਤਿਹਾਸ ਦੀ ਪੁਸਤਕ ‘ਚ ਗਲਤੀਆਂ ਦਾ ਮਾਮਲਾ ਅਕਾਦਮਿਕ ਤੇ ਭਾਸ਼ਾਈ ਹੈ ਪਰ ਅਕਾਲੀ ਦਲ ਨੇ ਇਸ ਨੂੰ ਸਿਆਸੀ ਤੇ ਧਾਰਮਿਕ ਬਣਾ ਦਿੱਤਾ ਹੈ| ਪੁਸਤਕ ‘ਚ ਸੁਧਾਰ ਲਈ ਸਿਰਫ਼ ਧਰਨਿਆਂ ਦੀ ਜ਼ਰੂਰਤ ਨਹੀਂ ਸਗੋਂ ਅਜਿਹੇ ਵਿਦਵਾਨਾਂ ਦੇ ਨਾਂਅ ਗਿਣਵਾਉਣ ਦੀ ਜ਼ਰੂਰਤ ਸੀ ਜੋ ਇਤਿਹਾਸ ਲਿਖਣ ਬਾਰੇ ਵਧੀਆ ਸੇਵਾਵਾਂ ਦੇ ਸਕਦੇ ਹਨ|

ਗਲਤੀ ਉਛਾਲਣ ਨਾਲੋਂ ਜ਼ਿਆਦਾ ਗਲਤੀ ਸੁਧਾਰਨ ‘ਚ ਸਹਿਯੋਗ ਚਾਹੀਦਾ ਸੀ ਪੁਸਤਕ ਤਿਆਰ ਕਰਨ ਵਾਲੇ ਸਾਰੇ ਵਿਦਵਾਨਾਂ ਦੀ ਜਿੰਮੇਵਾਰੀ ਨਾ ਸਿਰਫ਼ ਧਰਮ ਕਰਕੇ ਸਗੋਂ ਇਤਿਹਾਸ ਲਿਖਣ ਦੇ ਵਿਗਿਆਨਕ ਨੁਕਤੇ ਕਰਕੇ ਵੀ ਹੈ ਤਾਂ ਕਿ ਨਦੀਆਂ ਦੇ ਇਤਿਹਾਸ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਸ਼ੁੱਧ, ਸਪੱਸ਼ਟ ਤੇ ਯਥਾਰਥਕ ਰੂਪ ‘ਚ ਪੇਸ਼ ਕੀਤਾ ਜਾ ਸਕੇ| ਮਾਮਲਾ ਸਿਰਫ਼ ਸਿੱਖਿਆ ਮੰਤਰੀ ਦੀ ਗਲਤੀ ਕਰਕੇ ਨਹੀਂ ਵਿਗੜਿਆ ਸਗੋਂ ਇਸ ਲਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਸਿਆਸੀ ਤੇ ਸਿੱਖਿਆ ਸਿਸਟਮ ਜਿੰਮੇਵਾਰ ਹੈ ਜਿੱਥੇ ‘ਸਿੱਖਿਆ’ ਤੇ ਇਤਿਹਾਸ ਨੂੰ ਵਾਧੂ ਦੀ ਚੀਜ਼ ਸਮਝਿਆ ਜਾਂਦਾ ਹੈ| ਜਦੋਂ ਸਿੱਖਿਆ ਸ਼ਬਦ ਦੇ ਮਹੱਤਵ ਨੂੰ ਸਮਝਿਆ ਜਾਵੇਗਾ ਉਦੋਂ ਮਹਿਕਮਾ ਦੇਣ ਲੱਗਿਆ ਮੰਤਰੀ, ਡਾਇਰੈਕਟਰ ਤੇ ਹੋਰ ਅਧਿਕਾਰੀਆਂ ਤੇ ਪੁਸਤਕ ਲਿਖਣ ਵਾਲੇ ਵਿਦਵਾਨਾਂ ਦੀ ਕਾਬਲੀਅਤ ਦੀ ਵੀ ਨਿਰਖ-ਪਰਖ ਹੋਵੇਗਾ| ਵੱਡਿਆਂ ਦੀ ਗਲਤੀ ਬੱਚਿਆਂ ਨੂੰ ਭੁਗਤਣੀ ਪੈ ਰਹੀ ਹੈ| ਸਰਕਾਰ ਸਿੱਖਿਆ ਵਿਭਾਗ ਦੀ ਅਹਿਮੀਅਤ ਨੂੰ ਸਮਝੇ|

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top