ਨਸ਼ੇ ’ਚ ਧੁੱਤ ਨੌਜਵਾਨਾਂ ਨੂੰ ਮੋਟਰਸਾਈਕਲ ਹਟਾਉਣ ਨੂੰ ਕਿਹਾ ਤਾਂ ਪੁਲਿਸ ਮੁਲਾਜ਼ਮ ਦੇ ਮਾਰੀ ਕਿਰਪਾਨ

 ਫੱਟੜ ਪੁਲਿਸ ਕਰਮਚਾਰੀ ਨਾਭਾ ਸਿਵਲ ਹਸਪਤਾਲ ਵਿਖੇ ਦਾਖਲ

(ਤਰੁਣ ਕੁਮਾਰ ਸ਼ਰਮਾ) ਨਾਭਾ। ਰਿਆਸਤੀ ਸ਼ਹਿਰ ਨਾਭਾ ਵਿਖੇ ਗੁੰਡਾਗਰਦੀ ਦਾ ਸਿਖਰ ਉਸ ਸਮੇਂ ਨਜ਼ਰ ਆਇਆ ਜਦੋਂ ਨਸ਼ੇ ’ਚ ਧੁੱਤ ਨੌਜਵਾਨਾਂ ਨੇ ਇੱਕ ਪੁਲਿਸ ਕਰਮਚਾਰੀ ’ਤੇ ਜਾਨਲੇਵਾ ਹਮਲਾ (Attacked The Policeman) ਕਰ ਦਿੱਤਾ। ਜਖਮੀ ਪੁਲਿਸ ਕਰਮਚਾਰੀ ਨੂੰ ਨਾਭਾ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਤਾਇਨਾਤ ਮੈਡੀਕਲ ਸਟਾਫ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ।

ਜ਼ਖਮੀ ਪੁਲੀਸ ਕਰਮਚਾਰੀ ਦੀ ਪਛਾਣ ਅਨਿਲ ਪਾਲ ਵਜੋਂ ਹੋਈ ਹੈ ਜੋ ਕਿ ਪਟਿਆਲਾ ਵਿਖੇ ਪੁਲਿਸ ਕਰਮਚਾਰੀ ਵਜੋਂ ਸੇਵਾਵਾਂ ਨਿਭਾ ਰਿਹਾ ਹੈ। ਹਸਪਤਾਲ ਵਿਖੇ ਜ਼ੇਰੇ ਇਲਾਜ ਪੁਲਿਸ ਕਰਮਚਾਰੀ ਅਨਿਲ ਪਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਜਦੋਂ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਆਪਣੇ ਘਰ ਵੱਲ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਅੱਧੀ ਦਰਜਨ ਨੌਜਵਾਨ ਨਸ਼ੇ ਵਿੱਚ ਧੁੱਤ ਹੋ ਕੇ ਮੋਟਰਸਾਈਕਲ ਰਾਹ ਵਿੱਚ ਖੜ੍ਹੇ ਕਰਕੇ ਬੈਠੇ ਸਨ। ਜਦੋਂ ਉਸ ਨੇ ਰਸਤੇ ’ਚੋਂ ਮੋਟਰਸਾਈਕਲ ਹਟਾਉਣ ਨੂੰ ਕਿਹਾ ਤਾਂ ਉਨ੍ਹਾਂ ਨੇ ਬਿਨਾਂ ਕੁਝ ਕਹੇ ਉਸ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਸ ਦੇ ਸਿਰ ’ਤੇ ਕਾਫੀ ਗੰਭੀਰ ਸੱਟਾਂ ਆਈਆਂ।

ਡਿਊਟੀ ’ਤੇ ਮੌਜੂਦ ਸਰਕਾਰੀ ਮਹਿਲਾ ਡਾਕਟਰ ਨੇ ਦੱਸਿਆ ਕਿ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਪੀੜਤ ਇੱਕ ਵਿਅਕਤੀ ਨੂੰ ਸਥਾਨਕ ਐਮਰਜੈਂਸੀ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਉਸ ਦੇ ਸਿਰ ’ਤੇ ਟਾਂਕੇ ਲਗਾਏ ਗਏ ਹਨ। ਐਮਰਜੈਂਸੀ ਵਾਰਡ ਬਾਹਰ ਖੜ੍ਹੇ ਜ਼ਖਮੀ ਪੁਲਿਸ ਕਰਮਚਾਰੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਮੌਕੇ ’ਤੇ ਪੁੱਜੇ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਫਿਲਹਾਲ ਮਾਮਲੇ ਵਿੱਚ ਕੁਝ ਸਮਝ ਨਹੀਂ ਆ ਰਿਹਾ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here