ਸੰਪਾਦਕੀ

ਫਿਰਕਾਪ੍ਰਸਤੀ ਤੋਂ ਉੱਪਰ ਉਠ ਕੇ ਹੋਵੇ ਬੇਅਦਬੀ ਘਟਨਾਵਾਂ ਦੀ ਜਾਂਚ

Investigations, Incidents, Racial Incidents, Rise, Above Communalism

ਪੰਜਾਬ ਵਿਧਾਨ ਸਭਾ ‘ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੰਜਾਬ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਤਿਆਰ ਰਿਪੋਰਟ ਪੇਸ਼ ਹੋਈ, ਜਿਸ ‘ਚ ਵਿਧਾਨ ਸਭਾ ‘ਚ ਜੋ ਹੋਇਆ ਉਹ ਲਗਭਗ ਪੂਰੇ ਪੰਜਾਬ ਨੇ ਦੇਖਿਆ ਇਸ ਰਿਪੋਰਟ ਦੇ ਲੀਕ ਹੋਣ, ਇਸ ‘ਚ ਦੱਸੇ ਗਏ ਤੱਥਾਂ ਤੇ ਰਿਪੋਰਟ ਨਾਲ ਜੁੜੇ ਗਵਾਹਾਂ ਦੇ ਬਿਆਨਾਂ ਤੋਂ ਸਪੱਸ਼ਟ ਜ਼ਾਹਿਰ ਹੈ ਕਿ ਇਸ ਰਿਪੋਰਟ ਦੀ ਭਰੋਸੇਯੋਗਤਾ ਪੂਰੀ ਤਰ੍ਹਾਂ ਨਾਲ ਸ਼ੱਕ ਦੇ ਘੇਰੇ ‘ਚ ਹੈ।

ਜਿੱਥੇ ਸਰਕਾਰ ਨੂੰ ਮੁੜ ਜਾਂਚ ਕਰਾਉਣ ਦੀ ਲੋੜ ਹੈ ਇਹ ਵੀ ਹੈ ਕਿ ਇਹ ਰਿਪੋਰਟ ਇੱਕ ਸੰਸਥਾ ਤੇ ਸੰਗਠਨ ਨੂੰ ਜਿੱਥੇ ਬਦਨਾਮ ਕਰਨ ਦੀ ਬੇਸ਼ਰਮ ਕੋਸ਼ਿਸ਼ ਹੈ ਉੱਥੇ ਇਹ ਧਾਰਮਿਕ ਕੱਟੜਪੰਥੀਆਂ ਨੂੰ ਖੁਸ਼ ਕਰਨ ਦਾ ਪੈਂਤਰਾ ਵੀ ਹੈ। ਪੰਜਾਬ ਵਿਧਾਨ ਸਭਾ ‘ਚ ਹੋ ਰਹੀ ਬਹਿਸ ‘ਚ ਆਪ ਆਗੂ ਫੂਲਕਾਂ ਤੇ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਦੀ ਭਾਸ਼ਾ ਤੇ ਤਰਕ ਕਿਸੇ ਵੀ ਰੂਪ ‘ਚ ਇੱਕ ਇਮਾਨਦਾਰ ਬੌਧਿਕ ਆਗੂ ਦੇ ਨਹੀਂ ਕਹੇ ਜਾ ਸਕਦੇ।

ਇਸ ਬਹਿਸ ‘ਚ ਭਗਵਤ ਗੀਤਾ ਤੇ ਪਵਿੱਤਰ ਕੁਰਾਨ ਦੀ ਬੇਅਦਬੀ ਦਾ ਕਿਤੇ ਜ਼ਿਕਰ ਨਹੀਂ ਜਦੋਂਕਿ ਪੰਜਾਬ ‘ਚ ਇਨ੍ਹਾਂ ਪਵਿੱਤਰ ਗ੍ਰੰਥਾਂ ਦਾ ਵੀ ਅਪਮਾਨ ਕੀਤਾ ਗਿਆ ਸੀ। ਇੱਥੇ ਸਭ ਫਿਰਕਿਆਂ ਨਾਲ ਬਰਾਬਰ ਵਿਹਾਰ ਕੀਤਾ ਜਾਣਾ ਚਾਹੀਦਾ ਹੈ। ਬੇਅਦਬੀ ਦੀਆਂ ਘਟਨਾਵਾਂ ਪੂਰੇ ਪੰਜਾਬ ਲਈ ਦੁਖਦਾਈ ਹਨ ਪਰ ਦੇਸ਼ ਦੀ ਸਿਆਸਤ ਦਾ ਚਿਹਰਾ-ਮੋਹਰਾ ਅਜਿਹਾ ਹੋ ਗਿਆ ਹੈ ਕਿ ਜੇਕਰ ਕਿਸੇ ਮੁੱਦੇ ‘ਚ ਧਰਮ ਜਾਂ ਜਾਤੀ ਦਾ ਤੜਕਾ ਨਾ ਲੱਗਾ ਹੋਵੇ ਤਾਂ ਉਹ ਮੁੱਦਾ ਬੇਸੁਆਦਾ ਹੀ ਨਹੀਂ ਬੇਮਤਲਬ ਦਾ ਮੰਨਿਆ ਜਾਂਦਾ ਹੈ, ਜਿਸ ਦੀ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦਾ ਕਾਂਗਰਸੀ ਆਗੂ ਕਮਿਸ਼ਨ ਦੀ ਰਿਪੋਰਟ ਦੇ ਨਾਂਅ ‘ਤੇ ਉੱਚੀ-ਉੱਚੀ ਅਵਾਜ਼ ‘ਚ ਕੂੜ ਪ੍ਰਚਾਰ ਕਰ ਰਹੇ ਹਨ।

ਅਕਾਲੀ ਦਲ ਇਸ ‘ਤੇ ਕੀ ਕਹਿ ਰਿਹਾ ਹੈ ਕੋਈ ਸੁਣਨਾ ਨਹੀਂ ਚਾਹੁੰਦਾ, ਕਿਉਂਕਿ ਉਸ ਨੂੰ ਪ੍ਰਮਾਣ ਪੱਤਰ ਦੇ ਦਿੱਤਾ ਗਿਆ ਹੈ ਕਿ ਇਹ ਡੇਰਾ ਸੱਚਾ ਸੌਦਾ ਦੇ ਨਾਲ ਡੀਲ ‘ਚ ਹੈ ਜਦੋਂਕਿ ਡੇਰਾ ਸੱਚਾ ਸੌਦਾ ਨੂੰ ਮੰਨਣ ਵਾਲਿਆਂ ਨੇ ਕਾਂਗਰਸ ਨੂੰ ਵੀ ਵੋਟਾਂ ਪਾਈਆਂ ਹਨ, ਫਿਰ ਤਾਂ ਕਾਂਗਰਸ ਦੀ ਵੀ ਨਹੀਂ ਸੁਣੀ ਜਾਣੀ ਚਾਹੀਦੀ।

ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਪੰਜਾਬ ਦੀਆਂ ਹੀ ਅਜਿਹੀਆਂ ਕਾਲੀਆਂ ਭੇਡਾਂ ਹਨ, ਜਿਨ੍ਹਾਂ ਦਾ ਸਿੱਖ ਧਰਮ, ਪੰਜਾਬ, ਡੇਰਾ ਜਾਂ ਕਾਂਗਰਸ, ਅਕਾਲੀ ਦਲ ਨਾਲ ਕੋਈ ਸ਼ਾਇਦ ਲੈਣਾ-ਦੇਣਾ ਨਹੀਂ ਹੈ, ਉਨ੍ਹਾਂ ਨੂੰ  ਲੋਕਾਂ ਨੂੰ ਲੜਦੇ ਮਰਦੇ ਦੇਖਣ ‘ਚ ਮਜ਼ਾ ਆਉਂਦਾ ਹੈ, ਉਨ੍ਹਾਂ ਨੂੰ ਹੋ ਸਕਦਾ ਹੈ ਕਿ ਇਸ ਸਭ ਲਈ ਮੋਟਾ ਪੈਸਾ ਵੀ ਮਿਲ ਰਿਹਾ ਹੈ।

ਇੱਥੇ ਪੰਜਾਬ ਕਾਂਗਰਸ ਦਾ ਇੱਕ ਹੋਰ ਰੂਪ ਵੀ ਸਾਹਮਣੇ ਆ ਗਿਆ ਹੈ ਕਿ ਉਹ ਕਿਸ ਹੱਦ ਤੱਕ ਫ਼ਿਰਕਾਪ੍ਰਸਤ ਹੋ ਚੁੱਕੀ ਹੈ ਜਦੋਂਕਿ ਉਹ ਸੰਵਿਧਾਨਿਕ ਸਦਨ ‘ਚ ਬੈਠੇ ਤੇ ਇੱਕ ਧਰਮ ਨਿਰਪੱਖ ਪਾਰਟੀ ਦੇ ਪੰਜਾਬ ਵਾਸੀਆਂ ਦੇ ਚੁਣੇ ਹੋਏ ਵਿਧਾਇਕ ਹਨ। ਪੰਜਾਬ ਨੂੰ ਜ਼ਰੂਰਤ ਹੈ ਇੱਕ ਸਦਭਾਵਨਾ ਭਰੇ ਸਮਾਜ ਦੀ, ਜਿਸ ‘ਚ ਲੋਕ ਨੁਮਾਇੰਦੇ ਤਾਂ ਘੱਟ ਤੋਂ ਘੱਟ ਸਦਨਾਂ ‘ਚ ਬੈਠ ਕੇ ਤਰੱਕੀ ਤੇ ਖੁਸ਼ਹਾਲੀ ‘ਤੇ ਚਰਚਾ ਕਰਨ ਪੰਜਾਬ ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਡੇਰਾ ਸੱਚਾ ਸੌਦਾ ਦੀ ਸਿੱਖਿਆ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ, ਇਹ ਮੇਰਾ ਪੂਰਾ ਵਿਸ਼ਵਾਸ ਹੈ।

ਡੇਰਾ ਸੱਚਾ ਸੌਦਾ ਦੀ ਸਿੱਖਿਆ ਸਭ ਧਰਮਾਂ ਨੂੰ ਜੋੜਨ ਦੀ ਹੈ ਜਦੋਂ ਗੱਲ ਸਰਵ ਸਾਂਝੀ ਬਾਣੀ ਦੀ ਹੋਵੇ ਉਦੋਂ ਉਹ ਡੇਰਾ ਸੱਚਾ ਸੌਦਾ ‘ਚ ਵੀ ਸਤਿਕਾਰਯੋਗ ਹੈ। ਅਫਸੋਸ ਇਹ ਹੈ ਕਿ ਪੰਜਾਬ ‘ਚ ਗੁਰੂ ਤੇ ਗੁਰਬਾਣੀ ਨੂੰ ਵੀ ਸਿਆਸਤ ਦਾ ਵਿਸ਼ਾ ਬਣਾ ਲਿਆ ਗਿਆ ਹੈ, ਜਿਸ ਨੂੰ ਇਹ ਸਿਆਸਤ ਕਿੱਥੇ ਲੈ ਕੇ ਜਾਵੇਗੀ ਸੋਚ ਕੇ ਹੀ ਖੌਫ਼ ਆਉਂਦਾ ਹੈ।

ਪ੍ਰਕਾਸ਼ ਸਿੰਘ ਸਰਵਾਰਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top