ਜ਼ਰੂਰੀ ਹੈ ਕਿ ਅਸੀਂ ਖੁਦ ਚੜ੍ਹਦੀ ਕਲਾ ’ਚ ਰਹੀਏ, ਤੇ ਦੂਜਿਆਂ ਨੂੰ ਵੀ ਚੜ੍ਹਦੀ ਕਲਾ ’ਚ ਰਹਿਣ ’ਚ ਮੱਦਦ ਕਰੀਏ

ਜ਼ਰੂਰੀ ਹੈ ਕਿ ਅਸੀਂ ਖੁਦ ਚੜ੍ਹਦੀ ਕਲਾ ’ਚ ਰਹੀਏ, ਤੇ ਦੂਜਿਆਂ ਨੂੰ ਵੀ ਚੜ੍ਹਦੀ ਕਲਾ ’ਚ ਰਹਿਣ ’ਚ ਮੱਦਦ ਕਰੀਏ

ਡਾਕਟਰਾਂ ਅਤੇ ਵਿਗਿਆਨੀਆਂ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਅਤੇ ਅਸੀਂ ਜ਼ਿਆਦਾਤਰ ਸਮਝ ਵੀ ਗਏ ਹਾਂ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਸੀਂ ਮਾਸਕ ਪਹਿਨਣੇ ਹਨ, ਆਪਣੇ ਘਰਾਂ ਵਿਚ ਰਹਿਣਾ ਹੈ, ਸਾਬਣ ਨਾਲ ਵਾਰ-ਵਾਰ ਹੱਥ ਧੋਣੇ ਹਨ, ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਹੈ, ਪੌਸ਼ਟਿਕ ਭੋਜਨ ਖਾਣਾ ਹੈ, ਵਗੈਰਾ-ਵਗੈਰਾ। ਇੱਕ ਚੀਜ ਜਿਸ ਉੱਪਰ ਹਾਲੇ ਸਰਕਾਰਾਂ ਦਾ ਜ਼ਿਆਦਾ ਧਿਆਨ ਨਹੀਂ ਗਿਆ ਹੈ ਉਹ ਹੈ ਇਸ ਮਹਾਂਮਾਰੀ ਦੌਰਾਨ ਸਾਡੇ ਸਾਰਿਆਂ ਦਾ ਸਕਾਰਾਤਮਕ ਰਹਿਣਾ।

ਜੱਦ ਮੈਂ ਸਕਾਰਾਤਮਕਤਾ ਦੀ ਗੱਲ ਲਿਖ ਰਿਹਾ ਹਾਂ ਤਾਂ ਮੇਰਾ ਭਾਵ ਸਮਾਜਿਕ ਸਕਾਰਾਤਮਕਤਾ ਦਾ ਹੈ ਕਿਉਂ ਜੋ ਅਸਾਂ ਸਾਰੇ ਇਸ ਸਮਾਜਿਕ ਤਾਣੇ-ਬਾਣੇ ’ਚ ਇੱਕ-ਦੂਜੇ ਨਾਲ ਜੁੜੇ ਹਾਂ, ਜਿਵੇਂ ਇੱਕ ਜਣੇ ਦਾ ਉਤਸ਼ਾਹ ਦੂਸਰੇ ਨੂੰ ਉਤਸ਼ਾਹਿਤ ਕਰਦਾ ਹੈ ਉਂਜ ਹੀ ਸਮਾਜ ਵਿੱਚ ਇੱਕ ਜਣੇ ਦੀ ਨਿਰਾਸ਼ਾ ਜਾਂ ਢਹਿੰਦੀ ਕਲਾ ਪੂਰੇ ਸਮਾਜ ’ਚ ਨਿਰਾਸ਼ਾ ਫੈਲਾਉਂਦੀ ਹੈ। ਚੜ੍ਹਦੀ ਕਲਾ ’ਚ ਰਹਿਣ ਦੇ ਨਾਲ ਸਰੀਰ ’ਚ ਬਿਮਾਰੀਆਂ ਖਿਲਾਫ ਪ੍ਰਤੀਰੋਧਕ ਸਮਰੱਥਾ ਵਧਦੀ ਹੈ, ਨਿਰਾਸ਼ਾ ਅਤੇ ਡਿਪ੍ਰੈਸ਼ਨ ਦੇ ਨਾਲ ਸਰੀਰ ਦੀ ਪ੍ਰਤੀਰੋਧਕ ਤਾਕਤ ਘਟਦੀ ਹੈ।

ਇਹ ਅਸਪੱਸ਼ਟ ਹੈ ਕਿ ਉਸਾਰੂ ਸੋਚ ਵਿਚ ਰੁੱਝੇ ਲੋਕ ਸਿਹਤ ਲਾਭਾਂ ਦਾ ਅਨੁਭਵ ਕਿਉਂ ਕਰਦੇ ਹਨ। ਇੱਕ ਸਿਧਾਂਤ ਇਹ ਹੈ ਕਿ ਸਕਾਰਾਤਮਕ ਨਜ਼ਰੀਆ ਰੱਖਣ ਨਾਲ ਤੁਸੀਂ ਤਣਾਅਪੂਰਨ ਸਥਿਤੀਆਂ ਦਾ ਬਿਹਤਰ ਮੁਕਾਬਲਾ ਕਰਨ ਦੇ ਯੋਗ ਹੋ ਜਾਂਦੇ ਹੋ, ਜੋ ਤੁਹਾਡੇ ਸਰੀਰ ’ਤੇ ਤਣਾਅ ਦੇ ਨੁਕਸਾਨਦੇਹ ਸਿਹਤ ਪ੍ਰਭਾਵਾਂ ਨੂੰ ਘਟਾਉਂਦਾ ਹੈ । ਇਹ ਵੀ ਸੋਚਿਆ ਜਾਂਦਾ ਹੈ ਕਿ ਸਕਾਰਾਤਮਕ ਅਤੇ ਆਸ਼ਾਵਾਦੀ ਲੋਕ ਸਿਹਤਮੰਦ ਜੀਵਨਸ਼ੈਲੀ ਜਿਉਂਦੇ ਹਨ।

ਕੋਰੋਨਾ ਦੌਰ ’ਚ ਆਸ਼ਾਵਾਦੀ ਕੀਵੇਂ ਰਹੀਏ?

ਕੋਰੋਨਾ ਵਾਇਰਸ ਦੁਨੀਆ ਭਰ ਦੇ ਆਸ਼ਾਵਾਦ ਨੂੰ ਇੱਕ ਚੁਣੌਤੀ ਬਣੀ ਹੈ, ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਤੁਸੀਂ ਆਸ਼ਾਵਾਦੀ ਰਹਿਣ ਲਈ ਕਰ ਸਕਦੇ ਹੋ:

1. ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਨੈਗੇਟਿਵ ਖਬਰਾਂ/ਪ੍ਰਚਾਰ ਤੋਂ ਦੂਰ ਰਹੋ

2. ਸੋਚ ਬਦਲਣ ਲਈ ਖੇਤਰਾਂ ਦੀ ਪਛਾਣ ਕਰੋ: ਜੇ ਤੁਸੀਂ ਵਧੇਰੇ ਆਸ਼ਾਵਾਦੀ ਬਣਨਾ ਚਾਹੁੰਦੇ ਹੋ ਅਤੇ ਵਧੇਰੇ ਸਕਾਰਾਤਮਕ ਸੋਚ ਵਿੱਚ ਬਣੇ ਰਹਿਣਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੇ ਜੀਵਨ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕਰੋ ਜਿਨ੍ਹਾਂ ਬਾਰੇ ਤੁਸੀਂ ਆਮ ਤੌਰ ’ਤੇ ਨਕਾਰਾਤਮਕ ਸੋਚਦੇ ਹੋ, ਭਾਵੇਂ ਇਹ ਕੰਮ ਦਾ ਹੋਵੇ, ਤੁਹਾਡਾ ਰੋਜ਼ਾਨਾ ਸਫਰ ਜਾਂ ਕਿਸੇ ਇੱਕ ਸਬੰਧ ਸਬੰਧੀ। ਵਧੇਰੇ ਸਕਾਰਾਤਮਕ ਬਣਨ ਲਈ ਤੁਸੀਂ ਕਿਸੇ ਵੀ ਇੱਕ ਪਹਿਲੂ ਨੂੰ ਲੈ ਕੇ ਇੱਕ ਛੋਟੀ ਸ਼ੁਰੂਆਤ ਕਰ ਸਕਦੇ ਹੋ

3. ਹਾਸੇ-ਮਜ਼ਾਕ ਲਈ ਆਪਣੇ ਦਿਮਾਗ ਦੇ ਦਰਵਾਜੇ ਖੁੱਲ੍ਹੇ ਰੱਖੋ । ਆਪਣੇ-ਆਪ ਨੂੰ ਮੁਸਕਰਾਉਣ ਜਾਂ ਹੱਸਣ ਦੀ ਆਗਿਆ ਦਿਓ, ਖਾਸਕਰ ਮੁਸ਼ਕਲ ਸਮੇਂ ਵਿਚ। ਹਰ ਰੋਜ਼ ਵਾਪਰਨ ਵਾਲੀਆਂ ਗੱਲਾਂ ਵਿਚ ਹਾਸੇ-ਮਜ਼ਾਕ ਦੀ ਭਾਲ ਕਰੋ। ਜਦੋਂ ਤੁਸੀਂ ਜਿੰਦਗੀ ’ਤੇ ਹੱਸ ਸਕਦੇ ਹੋ, ਤੁਸੀਂ ਘੱਟ ਤਣਾਅ ਮਹਿਸੂਸ ਕਰਦੇ ਹੋ।

4. ਸਿਹਤਮੰਦ ਜੀਵਨਸ਼ੈਲੀ ਦੀ ਪਾਲਣਾ ਕਰੋ। ਹਫਤੇ ਦੇ ਜ਼ਿਆਦਾਤਰ ਦਿਨਾਂ ਵਿੱਚ ਘੱਟੋ-ਘੱਟ 35-40-ਮਿੰਟ ਕਸਰਤ ਕਰਨ ਦਾ ਟੀਚਾ ਰੱਖੋ। ਤੁਸੀਂ ਇਸ ਨੂੰ ਦਿਨ ਦੇ 10 ਮਿੰਟ ਦੇ ਸਮੇਂ ਵਿੱਚ ਤੋੜ ਵੀ ਸਕਦੇ ਹੋ। ਕਸਰਤ ਸਕਾਰਾਤਮਕ ਮੂਡ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਤਣਾਅ ਨੂੰ ਘਟਾ ਸਕਦੀ ਹੈ। ਆਪਣੇ ਮਨ ਅਤੇ ਸਰੀਰ ਨੂੰ ਤੇਜ ਕਰਨ ਲਈ ਸਿਹਤਮੰਦ ਖੁਰਾਕ ਦੀ ਵਰਤੋਂ ਕਰੋ ਅਤੇ ਤਣਾਅ ਦੇ ਸਹੀ ਪ੍ਰਬੰਧਨ ਦੀਆਂ ਤਕਨੀਕਾਂ ਸਿੱਖੋ।

5. ਸਕਾਰਾਤਮਕ ਸਵੈ-ਗੱਲਬਾਤ ਦਾ ਅਭਿਆਸ ਕਰੋ। ਇੱਕ ਸਧਾਰਨ ਨਿਯਮ ਦੀ ਪਾਲਣਾ ਕਰਕੇ ਅਰੰਭ ਕਰੋ: ਆਪਣੇ-ਆਪ ਨੂੰ ਅਜਿਹਾ ਕੁਝ ਨਾ ਕਹੋ ਕਿ ਤੁਸੀਂ ਕਿਸੇ ਨੂੰ ਨਹੀਂ ਕਹੋਗੇ। ਆਪਣੇ-ਆਪ ਨਾਲ ਨਰਮ ਅਤੇ ਉਤਸ਼ਾਹਜਨਕ ਬਣੋ। ਜੇ ਤੁਹਾਡੇ ਦਿਮਾਗ ਵਿਚ ਕੋਈ ਨਕਾਰਾਤਮਕ ਸੋਚ ਪ੍ਰਵੇਸ਼ ਕਰਦੀ ਹੈ, ਤਾਂ ਇਸ ਦਾ ਤਰਕਸ਼ੀਲ ਤੌਰ ’ਤੇ ਮੁਲਾਂਕਣ ਕਰੋ ਅਤੇ ਤੁਹਾਡੇ ਬਾਰੇ ਜੋ ਚੰਗਾ ਹੈ ਉਸ ਦੀ ਪੁਸ਼ਟੀ ਨਾਲ ਜਵਾਬ ਦਿਓ। ਉਨ੍ਹਾਂ ਚੀਜਾਂ ਬਾਰੇ ਸੋਚੋ ਜਿਨ੍ਹਾਂ ਦੇ ਤੁਸੀਂ ਆਪਣੀ ਜਿੰਦਗੀ ਵਿਚ ਸੁਕਰਗੁਜ਼ਾਰ ਹੋ।

6. ਜੇ ਤੁਹਾਨੂੰ ਆਉਣ ਵਾਲੇ ਸਮੇ ਬਾਰੇ ਕੁਝ ਦੁਚਿੱਤੀ ਹੈ ਕਿ ਉਹ ਸਮਾਂ ਚੰਗਾ ਵੀ ਹੋ ਸਕਦਾ ਹੈ ਮਾੜਾ ਵੀ ਤਾਂ ਬਿਹਤਰ ਹੈ ਕਿ ਆਪਣੇ-ਆਪ ਨੂੰ ਵੀ ਅਤੇ ਦੂਸਰਿਆਂ ਨੂੰ ਵੀ ਉਸ ਸਮੇਂ ਬਾਰੇ ਚੰਗਾਂ ਹੋਣ ਦੀ ਆਸ ਜਤਾਓ: ਇਸ ਤਰ੍ਹਾਂ ਇੱਕ ਉਸਾਰੂ ਸੋਚ ਵਾਲਾ ਵਾਤਾਵਰਨ ਬਣੇਗਾ ਜੋ ਤੁਹਾਨੂੰ, ਤੁਹਾਡੇ ਆਸ-ਪਾਸ ਵਾਲਿਆਂ ਨੂੰ ਅਤੇ ਸਮਾਜ ਨੂੰ ਬਿਮਾਰੀ ਨਾਲ ਲੜਨ ਦੀ ਮਜਬੂਤ ਪ੍ਰਤੀਰੋਧਕ ਤਾਕਤ ਬਣਾਉਣ ’ਚ ਮੱਦਦ ਕਰੇਗਾ ।

ਅਣਗਿਣਤ ਉਤਾਰ-ਚੜ੍ਹਾਅ ਆਏ ਤੇ ਚਲੇ ਗਏ, ਮਹਾਂਮਾਰੀਆਂ ਆਈਆਂ ਅਤੇ ਚਲੀਆਂ ਗਈਆਂ, ਮਨੁੱਖਤਾ ਨੂੰ, ਹਿੰਦੁਸਤਾਨ ਨੂੰ ਅਤੇ ਹਿੰਦੁਸਤਾਨੀਆਂ ਦੇ ਜ਼ਜ਼ਬੇ ਦਾ ਕੋਈ ਕੁਝ ਵਿਗਾੜ ਨਹੀਂ ਸਕਿਆ। ਯਕੀਨ ਕਰੋ ਇਹ ਕੋਰੋਨਾ ਵਾਇਰਸ ਵੀ ਭਾਰਤੀਆਂ ਕੋਲੋਂ ਹਾਰ ਜਾਣੈ। ਬੱਸ ਘਰ ਵਿਚ ਰਹੋ, ਸੁਰੱਖਿਅਤ ਰਹੋ, ਚੜ੍ਹਦੀ ਕਲਾ ਵਿੱਚ ਰਹੋ।
ਡਾ. ਅਮਨਦੀਪ ਅਗਰਵਾਲ,
ਪ੍ਰੋਫੈਸਰ ਆਰ ਡੀ ਅਗਰਵਾਲ ਮੈਮੋਰੀਅਲ ਹਸਪਤਾਲ, ਸੰਗਰੂਰ
ਮੋ. 98721-92793

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ