ਲੇਖ

ਬਹੁਤ ਜ਼ਰੂਰੀ ਹੈ ਮਨੁੱਖ ਦਾ ਸੰਵੇਦਨਸ਼ੀਲ ਹੋਣਾ

Important, Sensitive, Human

ਦਰਦ ਦਿਲਾਂ ਵਿਚ ਉਪਜਦਾ ਦਿਲ ਅੱਜ ਕਿੱਥੇ ਰਹੇ ਨੇ ਦਿਮਾਗਾਂ ਦੀ ਦੁਨੀਆਂ ਹੋ ਗਈ ਹਰ ਕਿਤੇ ਦਿਮਾਗ ਦਾ ਵਰਤਾਰਾ ਦਰਦ ਉਪਜਦਾ ਹੀ ਸੰਵੇਦਨਸ਼ੀਲਤਾ ਵਿੱਚੋਂ ਹੈ, ਮਨੁੱਖ ਸੰਵੇਦਨਸ਼ੀਲ ਨਹੀਂ ਰਿਹਾ ਉਹ ਬੇਰਹਿਮ, ਬੇਕਿਰਕ, ਬੇਦਰਦ ਜਿਹਾ ਹੋ ਗਿਆ ਮਨੁੱਖ ਬੁੱਤ ਜਿਹਾ ਬਣਿਆ ਪਿਆ ਬੁੱਤ ਕਦੇ ਸੰਵੇਦਨਸ਼ੀਲ ਨਹੀਂ ਹੁੰਦੇ ।

ਪੱਥਰ ‘ਤੇ ਕਦੇ ਪਾਣੀ ਦੀਆਂ ਬੂੰਦਾਂ ਅਸਰ ਨਹੀਂ ਕਰਦੀਆਂ ‘ਬਿੱਲੀ ਦੇਖ ਅੱਖਾਂ ਮੀਚਦੀ ਸਾਰੀ ਦੁਨੀਆਂ ਕਬੂਤਰਖਾਨਾ’ ਮੁਤਾਬਿਕ ਮਨੁੱਖ ਕਬੂਤਰ ਬਣ ਗਿਆ ਮਨੁੱਖਤਾ ਦੇ ਪ੍ਰਤੀਕੂਲ ਬਹੁਤ ਕੁਝ ਵਾਪਰ ਰਿਹਾ ਹੈ ਸੜਕਾਂ ‘ਤੇ ਚਿਪੇ ਪੰਛੀ ਤੇ ਜਾਨਵਰ ਸਾਡੇ ਮਨਾਂ ‘ਤੇ ਚਿਪਕ ਨਹੀਂ ਰਹੇ ਇੱਥੇ ਸੰਵੇਦਨਸ਼ੀਲਤਾ ਮਰਨ ਦੀ ਸ਼ੁਰੂਆਤ ਹੁੰਦੀ ਹੈ ਸੰਵੇਦਨਾ ਮਨੁੱਖਤਾਵਾਦੀ ਸਮਾਜ ਦਾ ਅਧਾਰ ਹੈ ਸੰਵੇਦਨਹੀਣ ਹੋਣਾ ਸਮਾਜ ਲਈ ਸਭ ਤੋਂ ਵੱਡੇ ਖਤਰੇ ਦੀ ਘੰਟੀ ਹੈ ਚੰਗੇ-ਮਾੜੇ ਪ੍ਰਤੀ ਸਾਡੀ ਪਹੁੰਚ ਸੰਵੇਦਨਸ਼ੀਲਤਾ ਹੁੰਦੀ ਹੈ ਚੰਗੇ ਨੂੰ ਸਲਾਹੁਣਾ ਤੇ ਮਾੜੇ ਨੂੰ ਨਿੰਦਣਾ ਹਰ ਇੱਕ ਦਾ ਨੈਤਿਕ ਫਰਜ਼ ਹੈ ਇਸ ਨਾਲ ਚੰਗੇ ਨੂੰ ਹੌਂਸਲਾ ਤੇ ਮਾੜੇ ਨੂੰ ਨਸੀਹਤ ਮਿਲਦੀ ਹੈ ਇਹ ਚੰਗੇ ਸਮਾਜ ਦੀ ਸਿਰਜਣਾ ਦਾ ਸਿੱਧਾ ਰਾਹ ਹੈ ਪਰ ਸਾਰੀ ਕਾਇਨਾਤ ਦੀ ਬਦਲੀ ਫਿਜ਼ਾ ਦਾ ਵਰਤਾਰਾ ਅਜ਼ੀਬ ਹੈ ਕਿ ਮਨ ਨਾਲ ਹਾਦਸੇ ਵਾਪਰਨੋਂ ਹਟ ਗਏ ਹਨ ਮਨ ‘ਤੇ ਸੱਟ ਲੱਗਦੀ ਹੀ ਨਹੀਂ ਮਨ ਦੇ ਹਾਦਸੇ ਸੰਵੇਦਨਸ਼ੀਲਤਾ ਕਾਰਨ ਉਪਜਦੇ ਹਨ ਮਨ ਦੇ ਹਾਦਸੇ ਸਰੀਰਕ ਹਾਦਸਿਆਂ ਨਾਲੋਂ ਕਿਤੇ ਖਤਰਨਾਕ ਹੁੰਦੇ ਹਨ ਤਨ ਦੀ ਸੱਟ ਠੀਕ ਹੋ ਜਾਂਦੀ ਹੈ ਪਰ ਮਨ ਦੀ ਸੱਟ ਮਰਦੇ ਦਮ ਤੱਕ ਰਿਸਦੀ ਰਹਿੰਦੀ ਹੈ ਮਾੜਾ ਕਰਕੇ ਪਛਤਾਵਾ ਕਰਨ ਵਾਲੀ ਮਾਨਸਿਕਤਾ ਦੀ ਮੌਤ ਹੋ ਚੁੱਕੀ ਹੈ ਸਮਾਜ ਦੇ ਨਿਘਾਰ ਦੀ ਇਹ ਸਿਖ਼ਰ ਹੈ।

ਸਮਾਜ ਵਿੱਚ ਖੇਖਣ ਵਾਲਾ ਤੇ ਬਨਾਉਟੀ ਸੱਭਿਆਚਾਰ ਵਿਕਸਿਤ ਹੋ ਗਿਆ ਹੈ ਦਿਖਾਵਾ ਮਨੁੱਖਤਾ ਪ੍ਰਤੀ ਹਮਦਰਦੀ ਦਾ ਕੀਤਾ ਜਾਂਦਾ ਪਰ ਵਿਵਹਾਰਿਕ ਜੀਵਨ ਇਸ ਤੋਂ ਉਲਟ ਵਰਤਾਓ ਕਰਦਾ ਹੈ ਮਨੁੱਖ ਦੇ ਨਾਲ-ਨਾਲ ਭਾਈਚਾਰੇ ਵਿੱਚੋਂ ਸੰਵੇਦਨਾ ਖੁਰੀ ਹੈ ਕਿਸਾਨੀ ਖੁਦਕੁਸ਼ੀਆਂ ਰੁਕ ਸਕਦੀਆਂ ਹਨ ਜੇ ਭਾਈਚਾਰੇ ਵਿਚ ਸਮਾਜਿਕ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਸੋਸ਼ਲ ਸ਼ੈਲਟਰ ਟੁੱਟ ਗਿਆ ਹੈ ਮਰੇ ਦਾ ਮਾਸ ਖਾਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ ਖੁਦਗਰਜ਼ੀ ਦਾ ਆਲਮ ਇਸ ਕਦਰ ਭਾਰੂ ਹੈ ਕਿ ਕਿਸੇ ਦੀਆਂ ਦੁੱਖ-ਤਕਲੀਫਾਂ ਨਾਲ ਸਾਨੂੰ ਕੋਈ ਬਹੁਤਾ ਸਰੋਕਾਰ ਨਹੀਂ ਰਿਹਾ ‘ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ’ ਦੀ ਧਾਰਨਾ ‘ਤੇ ਅਸੀਂ ਖਰੇ ਉੱਤਰ ਰਹੇ ਹਾਂ ਗੁਰੂ ਦੇ ਫਲਸਫੇ ‘ਵੰਡ ਛਕੋ’ ਤੋਂ ਅਸੀਂ ਮੁਨਕਰ ਹੋ ਗਏ ਹਾਂ ਦੀਨ-ਦੁਖੀਆਂ ਦੀ ਮੱਦਦ ਵਾਲੇ ਪਾਸੇ ਤੁਰਨ ਦੀ ਲੋੜ ਹੈ ਜੋ ਸਾਰੇ ਧਰਮਾਂ ਦੀ ਫਿਲਾਸਫੀ ਹੈ ਸੰਵੇਦਨਸ਼ੀਲ ਬਣਕੇ ਇਹ ਹੋ ਸਕਦਾ ਹੈ।

ਸੰਵੇਦਨਾ ਤੇ ਅਧਿਆਪਨ ਦਾ ਗੂੜ੍ਹਾ ਰਿਸ਼ਤਾ ਹੈ ਅਧਿਆਪਕ ਦਾ ਸਭ ਤੋਂ ਵੱਡਾ ਗੁਣ ਸੰਵੇਦਨਸ਼ੀਲ ਹੋਣਾ ਹੈ ਵਿਦਿਆਰਥੀਆਂ ਦੇ ਮਨ ਦੀ ਪੜ੍ਹਤ ਸੰਵੇਦਨਸ਼ੀਲ ਹੋ ਕੇ ਹੀ ਪੜ੍ਹੀ ਜਾ ਸਕਦੀ ਹੈ ਜਿੰਨਾ ਚਿਰ ਮਨ ਨਹੀਂ ਪਿਘਲਦੇ ਮਨੁੱਖਤਾਵਾਦੀ ਸੋਚ ਪੈਦਾ ਨਹੀਂ ਹੁੰਦੀ ਸਫਲ ਅਧਿਆਪਨ ਲਈ ਅਧਿਆਪਕ ਦਾ ਸੰਵੇਦਨਸ਼ੀਲ ਹੋਣਾ, ਵਿਸ਼ੇ ਦਾ ਗਿਆਨ ਤੇ ਗਿਆਨ ਦੀ ਪੇਸ਼ਕਾਰੀ ਜਰੂਰੀ ਹੈ ਬੱਚੇ ਪੜ੍ਹਦੇ ਨਹੀਂ, ਗਰੀਬ ਘਰਾਂ ਦੇ ਹਨ ਆਦਿ ਸੰਵੇਦਨਹੀਣਤਾ ਦੀਆਂ ਲਖਾਇਕ ਸੋਚਾਂ ਹਨ ਸੋਚੋ ਇਹ ਸਭ ਵਿਦਿਆਰਥੀ ਤੁਹਾਡੇ ਆਪਣੇ ਹਨ ਸਿੱਖਿਆ ਤੇ ਸੇਧ ਦੇਣੀ ਹੀ ਹੈ ਵਿਦਿਆਰਥੀਆਂ ਦੇ ਅਹਿਸਾਸ ਫੜਨ ਦੀ ਲੋੜ ਹੈ ਅਹਿਸਾਸ ਫੜਨ ਲਈ ਸੰਵੇਦਨਸ਼ੀਲ ਹੋਣਾ ਪਵੇਗਾ।

ਸਭ ਤੋਂ ਖਤਰਨਾਕ ਅੱਜ ਦਫਤਰੀ ਸੰਵੇਦਨਹੀਣਤਾ ਬਣ ਰਹੀ ਹੈ ਫਾਇਲਾਂ ਨੂੰ ਬਰੇਕਾਂ ਲੱਗ ਰਹੀਆਂ ਹਨ ਕੁਝ ਫਾਇਲਾਂ ਗ੍ਰੀਸ ਨਾਲ ਚਲਦੀਆਂ ਹਨ ਅਨਪੜ੍ਹ ਤੇ ਅਣਜਾਣ ਬੰਦੇ ਦਫਤਰਾਂ ਨੇ ਬਿਰਖ ਬਣਾ ਦਿੱਤੇ ਹਨ ਦਫਤਰੀ ਮੂੰਹ ਕੁਝ ਵੀ ਦੱਸਣ ਤੋਂ ਇਨਕਾਰੀ ਹਨ ਫਾਇਲ ਦੀ ਦਿਸ਼ਾ ਤੇ ਦਸ਼ਾ ਤੈਅ ਨਹੀਂ ਹੋ ਰਹੀ ਕਿੱਧਰ ਜਾਵੇ ਆਮ ਆਦਮੀ? ਮੰਥਨ ਕਰਨਾ ਬਣਦਾ ਕਿ ਜੋ ਬਾਹਰ ਖੜ੍ਹਾ, ਸਾਡੀ ਜਗ੍ਹਾ ਓਥੇ ਵੀ ਤਾਂ ਹੋ ਸਕਦੀ ਹੈ ਇੱਕ ਬੰਦਾ ਦੁਖੀ, ਦੂਜਾ ਕੰਮ ਨਹੀਂ ਹੋ ਰਿਹਾ ਦਿਲਾਂ ‘ਚ ਦਰਦ ਤਾਂ ਹੈ ਲਾਵਾ ਇਕੱਠਾ ਹੋਣ ‘ਤੇ ਵਿਸਫੋਟ ਤਾਂ ਹੋਵੇਗਾ ਇੱਕ ਚੰਗਾ ਕੰਮ ਬਹੁਤ ਸਕੂਨ ਦਿੰਦਾ ਹੈ ਪੈਸਾ ਸਕੂਨ ਨਹੀਂ ਦੇ ਸਕਦਾ ਇਸ ਲਈ ਬੇਚੈਨੀ ਤੇ ਬੇਅਰਾਮੀ ਦਾ ਆਲਮ ਹੈ ਦਿਸ਼ਾਹੀਣ ਸੜਕ ‘ਤੇ ਦੌੜ ਰਿਹਾ ਹੈ ਆਦਮੀ ਨਾ ਖਤਮ ਹੋਣ ਵਾਲੀ ਦੌੜ ‘ਤੇ ਤੁਰ ਪਿਆ ਭੁੱਲ ਗਿਆ ਕਿ ਰੋਟੀ, ਕੱਪੜਾ ਤੇ ਮਕਾਨ ਉਸਦੀ ਜਰੂਰਤ ਹੈ ਤੇ ਮਰਨ ਸਮੇਂ ਕੱਦ ਦੇ ਬਰਾਬਰ ਜ਼ਮੀਨ ਜਰੂਰਤ ਲਾਲਸਾ ਵਿੱਚ ਤਬਦੀਲ ਹੋ ਰਹੀ ਹੈ ਰਿਸ਼ਤਿਆਂ ਵਿੱਚੋਂ ਮਰੀ ਸੰਵੇਦਨਸ਼ੀਲਤਾ ਨੇ ਸਮਾਜ ਤੇ ਘਰਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ ਆਪਹੁਦਰੇ ਰਿਸ਼ਤੇ ਉਤਪੰਨ ਹੋ ਰਹੇ ਹਨ ਬਚਪਨ ਭਾਵ ਭੋਲ਼ਾਪਣ ਤੇ ਬੁਢਾਪਾ ਭਾਵ ਸਿਆਣਪ ਹਾਸ਼ੀਏ ‘ਤੇ ਕਰ ਦਿੱਤੇ ਗਏ ਹਨ ਜਵਾਨੀ ਜਾਣੀ ਜੋਸ਼ ਹੀ ਤਾਂਡਵ ਨਾਚ ਨੱਚ ਰਿਹਾ ਹੈ ਬਚਪਨ ਰੁਲ਼ ਰਿਹਾ ਤੇ ਬੁਢਾਪਾ ਬੇਸਹਾਰਾ ਹੋ ਰਿਹਾ ਹਰ ਮਨੁੱਖ ਖੁਦ ਤੇ ਮੋਬਾਇਲ ‘ਚ ਐਨਾ ਉਲਝ ਗਿਆ ਕਿ ਉਸ ਕੋਲ ਕਿਸੇ ਲਈ ਸਮਾਂ ਹੀ ਨਹੀਂ ਘਰਾਂ ਦੇ ਜ਼ਿੰਦਰੇ ਬਿਰਧ ਆਸ਼ਰਮਾਂ ਵੱਲ ਤੋਰੇ ਜਾ ਰਹੇ ਹਨ ਰਿਸ਼ਤਿਆਂ ਵਿੱਚੋਂ ਮੋਹ ਖੁਰਿਆ ਹੈ ਅੱਜ ਘਰਾਂ ਵਿੱਚ ਜਿੰਨੇ ਜੀਅ ਓਨੇ ਹੀ ਕਮਰੇ ਤੇ ਟੀ. ਵੀ. ਲੱਗਦਾ ਹਰ ਕੋਈ ਆਪਣੇ ਘਰ ਵਿੱਚ ਬਨਵਾਸ ਕੱਟ ਰਿਹਾ ਘਰਾਂ ਵਿੱਚ ਹਾਸੇ ਨਹੀਂ ਫੁੱਟ ਰਹੇ ਸਗੋਂ ਗੂੰਗੀ ਚੁੱਪ ਹੈ ਰਿਸ਼ਤਿਆਂ ਵਿੱਚ ਸੰਵੇਦਨਾ ਦਾ ਪ੍ਰਵਾਹ ਜਰੂਰੀ ਹੈ ਸੋ, ਸੰਵੇਦਨਸ਼ੀਲ ਮਨੁੱਖ ਬਣਦੇ ਹੋਏ, ਮਨੁੱਖਤਾਵਾਦੀ ਪਹੁੰਚ ਦੀ ਵਰਤੋਂ ਕਰਦੇ ਹੋਏ ਅਜਿਹਾ ਸਮਾਜ ਸਿਰਜਣ ਦਾ ਅਹਿਦ ਕਰੀਏ ਜਿੱਥੇ ਸਾਰੇ ਹੀ ਇੱਕ-ਦੂਜੇ ਦਾ ਸਹਾਰਾ ਬਣਦੇ ਹੋਏ ਸਕੂਨ ਭਰੀ ਜ਼ਿੰਦਗੀ ਬਸਰ ਕਰਦੇ ਹੋਏ ਹੱਸਣ, ਖੇਡਣ ਤੇ ਜਸ਼ਨ ਮਨਾਉਣ।

ਗੁਰਨੇ ਕਲਾਂ,

ਬੁਢਲਾਡਾ (ਮਾਨਸਾ)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top