‘ਰਾਣੇ ਦੀ ਫਿਤਰਤ ਨਹੀਂ ਕਿ ਉਹ ਡਿੱਗੇ ਪਿਆਂ ਦੇ ਠੁੱਡੇ ਮਾਰੇ’

ਸੁਖਪਾਲ ਖਹਿਰਾ ਦੀ ਈਡੀ ਵੱਲੋਂ ਗਿ੍ਰਫ਼ਤਾਰੀ ਬਾਰੇ ਰਾਣਾ ਗੁਰਜੀਤ ਸਿੰਘ ਦਾ ਕਰਾਰਾ ਵਿਅੰਗ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਦੀ ਰਾਜਨੀਤੀ ’ਚ ਤਕੜੇ ਸਿਆਸੀ ਸ਼ਰੀਕ ਗਿਣੇ ਜਾਂਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਆਪਸੀ ਸਿਆਸੀ ਖਿੱਚੋਤਾਣ ਕਿਸੇ ਤੋਂ ਲੁਕੀ ਨਹੀਂ ਅੱਜ ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਪੁੱਜੇ ਰਾਣਾ ਗੁਰਜੀਤ ਸਿੰਘ ਨੇ ਭਾਵੇਂ ਖਹਿਰਾ ਬਾਰੇ ਕੀਤੇ ਸਵਾਲ ਦੇ ਜਵਾਬ ’ਚ ਕੋਈ ਤਲਖ ਟਿੱਪਣੀ ਨਹੀਂ ਕੀਤੀ ਪਰ ਪੋਲੇ ਜਿਹੇ ਸ਼ਬਦਾਂ ’ਚ ਉਹ ਖਹਿਰਾ ’ਤੇ ਕਰਾਰਾ ਵਿਅੰਗ ਕਰ ਗਏ।

ਉਨ੍ਹਾਂ ਕਿਹਾ ਕਿ ‘ਮੈਂ ਖਹਿਰਾ ਨਹੀਂ ਹੋ ਸਕਦਾ’ ‘ਸੱਚ ਕਹੂੰ’ ਦੇ ਇਸ ਪ੍ਰਤੀਨਿਧ ਨੇ ਜਦੋਂ ਤਕਨੀਕੀ ਸਿੱਖਿਆ ਮੰਤਰੀ ਨੂੰ ਸਵਾਲ ਕੀਤਾ ਕਿ ਪਿਛਲੇ ਦਿਨਾਂ ਦੌਰਾਨ ਈਡੀ ਵੱਲੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਬਾਰੇ ਕਾਂਗਰਸ ਵੱਲੋਂ ਕੋਈ ਵੀ ਟਿੱਪਣੀ ਨਹੀਂ ਆਈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ‘ਮੈਂ ਖਹਿਰਾ ਨਹੀਂ ਹੋ ਸਕਦਾ, ਮੇਰੇ ’ਤੇ ਕੁਮੈਂਟ ਹੋ ਸਕਦੇ ਨੇ, ਪਰ ਮੈਂ ਕਦੇ ਨਹੀਂ ਕੀਤਾ’ ਜਦੋਂ ਉਨ੍ਹਾਂ ਨੂੰ ਮੁੜ ਸਵਾਲ ਦੁਹਰਾਇਆ ਕਿ ਕਿਸੇ ਵੀ ਕਾਂਗਰਸੀ ਨੇ ਟਿੱਪਣੀ ਨਹੀਂ ਕੀਤੀ ਤਾਂ ਉਨ੍ਹਾਂ ਕਿਹਾ ਕਿ ‘ਕਾਂਗਰਸੀਆਂ ਨੂੰ ਛੱਡੋ ਪਰ ਜਦੋਂ ਬੰਦਾ ਡਿੱਗਾ ਹੋਵੇ ਤਾਂ ਉਸ ਦੇ ਠੁੱਡੇ ਨਹੀਂ ਮਾਰੀਦੇ, ਰਾਣੇ ਦੀ ਫਿਤਰਤ ਨਹੀਂ ਕਿ ਉਹ ਡਿੱਗੇ ਪਿਆਂ ਦੇ ਠੁੱਡੇ ਮਾਰੇ’ ਖਹਿਰਾ ਵੱਲੋਂ ਉਨ੍ਹਾਂ ਪ੍ਰਤੀ ਕੀਤੀਆਂ ਜਾਂਦੀਆਂ ਟਿੱਪਣੀਆਂ ਨੂੰ ਚੇਤੇ ਕਰਵਾਇਆ ਤਾਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ‘ਜਦੋਂ ਉਹ ਖੜ੍ਹਾ ਹੋਵੇਗਾ ਉਦੋਂ ਵੇਖਾਂਗੇ।

ਪਰ ਡਿੱਗੇ ਪਏ ਦੇ ਠੁੱਡੇ ਨਹੀਂ ਮਾਰੀਦੇ’ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਜਾਂਦੇ ਕੁੱਝ ਬਿਆਨਾਂ ’ਤੇ ਉਲਟ ਟਿੱਪਣੀ ਕਰਨ ਦੇ ਮਾਮਲੇ ਜਿਵੇਂ ਕੇਬਲ ਦਾ ਕਿਰਾਇਆ 100 ਰੁਪਏ ਅਦਾ ਕਰਨ ਦੇ ਦਿੱਤੇ ਬਿਆਨ ਮਗਰੋਂ ਸਿੱਧੂ ਵੱਲੋਂ ਟ੍ਰਾਈ ਦੇ ਹਵਾਲੇ ਨਾਲ ਕਿਹਾ ਗਿਆ ਕਿ 100 ਰੁਪਏ ਹੋ ਹੀ ਨਹੀਂ ਸਕਦਾ ਦੇ ਬਾਰੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਸਵਾਲ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਾਂਗਰਸ ਪਾਰਟੀ ’ਚ
ਜੇਕਰ ਕੁੱਝ ਵਖਰੇਵੇਂ ਨੇ ਤਾਂ ਉਹ ਮਿਲ ਬੈਠਕੇ ਠੀਕ ਕਰ ਲਏ ਜਾਣਗੇ।

ਪ੍ਰਨੀਤ ਕੌਰ ਲਈ ਔਖੀ ਘੜੀ

ਕਾਂਗਰਸ ਹਾਈ ਕਮਾਂਡ ਵੱਲੋਂ ਬੀਤੇ ਦਿਨੀਂ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਸਬੰਧੀ ਪੁੱਛੇ ਜਾਣ ’ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਾਰਟੀ ਅਨੁਸਾਸ਼ਨ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਲਈ ਇਹ ਪ੍ਰੀਖਿਆ ਤੇ ਔਖੀ ਘੜੀ ਹੈ ਕਿਉਂਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਬਣਾਈ ਹੈ ਤੇ ਦੂਜੇ ਪਾਸੇ ਉਹ ਪਾਰਟੀ ਦੇ ਰਿਣੀ ਵੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ