ਏਦਾਂ ਪੰਜਾਬ ਨੂੰ ਰੇਗਿਸਤਾਨ ਬਣਦਿਆਂ ਬਹੁਤੀ ਦੇਰ ਨ੍ਹੀਂ ਲੱਗਣੀ

0
93
Water Crisis Sachkahoon

ਏਦਾਂ ਪੰਜਾਬ ਨੂੰ ਰੇਗਿਸਤਾਨ ਬਣਦਿਆਂ ਬਹੁਤੀ ਦੇਰ ਨ੍ਹੀਂ ਲੱਗਣੀ

ਪੰਜਾਬ ਦਾ ਧਰਤੀ ਹੇਠਲਾ ਪਾਣੀ ਖਤਮ ਹੋਣ ਕਾਰਨ ਪੰਜਾਬੀਆਂ ਲਈ ਖਤਰੇ ਦੀ ਘੰਟੀ ਵੱਜਣ ਨੂੰ ਤਿਆਰ ਹੈ ਸਮੁੱਚੇ ਪੰਜਾਬ ਅੰਦਰ ਸਾਇੰਸਦਾਨਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਅਨੁਸਾਰ ਪੰਜਾਬ ਦਾ ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਅਗਲੇ ਦਹਾਕੇ ਤੱਕ ਪੀਣ ਵਾਲੇ ਪਾਣੀ ਤੋਂ ਵਾਂਝਾ ਹੋ ਜਾਵੇਗਾ। ਪੂਰੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਡਾਰਕ ਜ਼ੋਨ ਵਿੱਚ ਚਲਾ ਗਿਆ ਹੈ, ਜਿਸ ਬਾਰੇ ਸਾਇੰਸਦਾਨਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਸਰਕਾਰਾਂ ਨੂੰ ਚਿਤਾਵਨੀਆਂ ਜਾਰੀ ਹੋ ਜਾਣ ਦੇ ਬਾਵਜ਼ੂਦ ਵੀ ਸਰਕਾਰਾਂ ਵੱਲੋਂ ਅਮਲੀ ਤੌਰ ’ਤੇ ਪਾਣੀ ਨੂੰ ਬਚਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ। ਕਿਸਾਨੀ ਲਈ ਝੋਨੇ ਦੀ ਜਗ੍ਹਾ ’ਤੇ ਜੇਕਰ ਕਿਸੇ ਹੋਰ ਫ਼ਸਲ ਦਾ ਬਦਲਵਾਂ ਪ੍ਰਬੰਧ ਅਤੇ ਗਰਾਊਂਡ ਵਾਟਰ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਹੀਲਾ ਨਾ ਕੀਤਾ ਗਿਆ ਤਾਂ ਪੂਰੇ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ।

ਭਾਵੇਂ ਸਰਕਾਰਾਂ ਅਤੇ ਪ੍ਰਸ਼ਾਸਨਾਂ ਵੱਲੋਂ ਬਗੈਰ ਪ੍ਰਵਾਨਗੀ ਦੇ ਨਵੇਂ ਬੋਰਬੈੱਲ ਲਾਉਣ ’ਤੇ ਪਾਬੰਦੀ ਲਾਈ ਗਈ ਹੈ, ਪ੍ਰੰਤੂ ਫਿਰ ਵੀ ਚੋਰੀ-ਛਿਪੇ ਖੇਤੀਬਾੜੀ ਖੇਤਰ, ਇੰਡਸਟ੍ਰੀਅਲ ਖੇਤਰ, ਸਰਵਿਸ ਸਟੇਸ਼ਨਾਂ ਅਤੇ ਹੋਰ ਕਈ ਗੈਰ-ਜਰੂਰੀ ਕੰਮਾਂ ਲਈ ਬੋਰਵੈੱਲ ਲਾ ਕੇ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਅਤੇ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣੀਆਂ ਲਗਾਤਾਰ ਜਾਰੀ ਹਨ। ਪਿੰਡਾਂ ਅੰਦਰ ਪਸ਼ੂਆਂ ਨੂੰ ਨਹਾਉਣ, ਗੱਡੀਆਂ ਧੋਣ ਇੱਥੋਂ ਤੱਕ ਕਿ ਸੁਆਣੀਆਂ ਵੱਲੋਂ ਗੋਹੇ ਨੂੰ ਚੁੱਕ ਕੇ ਬਾਹਰ ਰੂੜੀਆਂ ਉਪੱਰ ਸੁੱਟਣ ਦੀ ਬਜਾਏ ਧਰਤੀ ਹੇਠਲੇ ਪਾਣੀ ਨਾਲ ਧੋ ਕੇ ਹੀ ਨਾਲੀਆਂ ਵਿੱਚ ਰੋੜ੍ਹਿਆ ਜਾ ਰਿਹਾ ਹੈ। ਜਿਸ ਕਾਰਨ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਜਾਰੀ ਹੈ।

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ ਦਸ ਤੋਂ ਵੀਹ ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲਗਭਗ ਸੌ ਤੋਂ ਦੋ ਸੌ ਫੁੱਟ ਉੱਤੇ ਹੈ ਇਹ ਵੀ ਦਸ ਸਾਲ ਪਹਿਲਾਂ ਸੁੱਕ ਚੁੱਕੀ ਹੈ। ਹੁਣ ਪੰਜਾਬ ਤੀਜੀ ਪਰਤ, ਜੋ ਕਿ ਤਿੰਨ ਸੌ ਪੰਜਾਹ ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ। ਜੋ ਕਿ ਅਗਲੇ ਦਹਾਕੇ ਤੱਕ ਖਾਲੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਦੋ ਦਹਾਕਿਆਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਰਹੇਗੀ। ਸਾਇੰਸਦਾਨ ਦੱਸਦੇ ਹਨ ਕਿ ਤਿੰਨਾਂ ਪਰਤਾਂ ਵਿੱਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਹੱਦ ਤੱਕ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਤੱਕ ਪੀਣ ਯੋਗ ਨਹੀਂ ਹੋਵੇਗਾ। ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਪਕਾ-ਤੁਪਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਦਿੱਤਾ ਹੋਇਆ ਤੋਹਫਾ ਹੈ।

ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਹਨ, ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗਾਂ ਲਈ ਦਰਿਆਈ ਪਾਣੀਆਂ ਦੀ ਵਰਤੋਂ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਇਹ ਵੀ ਇੱਕ ਸੱਚਾਈ ਹੈ ਕਿ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਧਰਤੀ ਹੇਠਲਾ ਪਾਣੀ ਹੋਰ ਕੰਮਾਂ ਵਾਸਤੇ ਵਰਤਣ ਲਈ ਮਜ਼ਬੂਰ ਹੋ ਗਏ ਹਨ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧੀ ਸਦੀ ਪਹਿਲਾਂ ਪਤਾ ਲੱਗ ਚੁੱਕਾ ਸੀ ਕਿ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਚਿੰਤਾ ਇਹ ਨਹੀਂ ਕਿ ਪੰਜਾਬ ਰੇਗਿਸਤਾਨ ਬਣੇਗਾ, ਚਿੰਤਾ ਇਹ ਹੈ ਕਿ ਕਿੰਨੀ ਛੇਤੀ ਬਣੇਗਾ।

ਪੰਜਾਬ ਦੇ ਤੇਰਾਂ ਲੱਖ ਟਿਊਬਵੈੱਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜੇ ਅਨੁਸਾਰ ਅਗਲੇ ਪੰਦਰਾਂ ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ, ਅਤੇ ਪੰਜਾਬ ਦੇ ਵੱਡੀ ਗਿਣਤੀ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰ੍ਹਾਂ ਦੇ ਵੱਖੋ-ਵੱਖਰੇ ਮਿਨਰਲ ਅਤੇ ਸੈਡੀਮੈਂਟ ਹੁੰਦੇ ਹਨ। ਜੋ ਕਿ ਕੁਦਰਤੀ ਤੌਰ ’ਤੇ ਵਧੀਆ ਫਸਲਾਂ ਲੈਣ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦੇ ਹਨ। ਦਰਿਆਈ ਪਾਣੀ ਦੀ ਅਣਹੋਂਦ ਕਾਰਨ ਪੰਜਾਬ ਨੂੰ ਇਹ ਘਾਟ ਖਾਦਾਂ ਅਤੇ ਦਵਾਈਆਂ ਨਾਲ ਪੂਰੀ ਕਰਨੀ ਪੈਂਦੀ ਹੈ। ਪੰਜਾਬ ਇੱਕ ਪਾਸੇ ਤਾਜੇ ਪਾਣੀ ਦਾ ਅਣਮੁੱਲਾ ਜਖੀਰਾ ਖਤਮ ਕਰ ਚੁੱਕਾ ਹੈ, ਦੂਜੇ ਪਾਸੇ ਦਵਾਈਆਂ ਨਾਲ ਜ਼ਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਚੁੱਕਾ ਹੈ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਣੇਗਾ, ਬਲਕਿ ਜ਼ਹਿਰੀਲਾ ਰੇਗਿਸਤਾਨ ਬਣੇਗਾ, ਜੋ ਕਿ ਅੱਜ ਦੀ ਪੀੜ੍ਹੀ ਸਾਹਮਣੇ ਹੀ ਬਣੇਗਾ।

ਜੇਕਰ ਸਰਕਾਰਾਂ ਵੱਲੋਂ ਹੁਣ ਵੀ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਕੋਈ ਉਚੇਚੇ ਪ੍ਰਬੰਧ ਨਾ ਕੀਤੇ ਗਏ ਤਾਂ ਇਸ ਤੋਂ ਬਾਅਦ ਪਛਤਾਵੇ ਤੋਂ ਇਲਾਵਾ ਕੋਈ ਰਸਤਾ ਨਹੀਂ ਬਚੇਗਾ। ਫਿਰ ਲੋਕਾਂ ਵੱਲੋਂ ਸਰਕਾਰਾਂ ਨੂੰ ਕੋਸਣ ਅਤੇ ਪਛਤਾਵੇ ਤੋਂ? ਇਲਾਵਾ ਕੁਝ ਨਹੀਂ ਬਚੇਗਾ।

ਰਾਜਿੰਦਰ ਸ਼ਰਮਾ ਰਾਏਸਰੀਆ
ਮੋ. 94635 -12563

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।