ਜਲੇਬੀਆਂ

ਜਲੇਬੀਆਂ

ਸੰਤੋਖ ਸਿੰਘ ਦਾ ਅੱਜ ਭੋਗ ਸੀ। ਦੂਰ-ਨੇੜੇ ਦੇ ਰਿਸ਼ਤੇਦਾਰ ਅਤੇ ਦੋਸਤਾਂ-ਮਿੱਤਰਾਂ ਦੀਆਂ ਕਾਰਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਵਿਹੜੇ ਵਿੱਚ ਲੱਗੇ ਬੰਗਾਲੀ ਟੈਂਟ ਨੇ ਵੇਖਣ ਵਾਲਿਆਂ ਦੇ ਮੂੰਹ ਵਿੱਚ ਉਂਗਲਾਂ ਪਵਾ ਦਿੱਤੀਆਂ ਸੀ। ਪਿੰਡ ਵਿੱਚ ਇਹੋ-ਜਿਹਾ ਟੈਂਟ ਤਾਂ ਅੱਜ ਤੱਕ ਕਿਸੇ ਨੇ ਆਪਣੇ ਪੁੱਤ-ਧੀ ਦੇ ਵਿਆਹ ਵੇਲੇ ਨਹੀਂ ਲਵਾਇਆ ਸੀ ਜਿਹੋ-ਜਿਹਾ ਸੰਤੋਖ ਦੇ ਭੋਗ ’ਤੇ ਲੱਗਾ ਸੀ। ਕਰੀਬ ਤਿੰਨ ਦਿਨ ਹੋ ਗਏ ਸਨ ਟੈਂਟ ਲੱਗਦੇ ਨੂੰ ਹੀ ਅਤੇ ਕਰੀਬ ਦੋ-ਤਿੰਨ ਦਿਨ ਵਿੱਚ ਹੀ ਸਾਰਾ ਮੁੜਕੇ ਇਕੱਠਾ ਕਰਨ ’ਤੇ ਲੱਗਣੇ ਸਨ। ਟੈਂਟ ਵਿੱਚ ਵੜਦਿਆਂ ਹੀ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੀਆਂ ਖੁਸ਼ਬੋਆਂ ਆ ਰਹੀਆਂ ਸਨ। ਹਰ ਪਾਸੇ ਖੁਸੀ ਦਾ ਮਹੌਲ ਸੀ। ਇੱਕ ਵਾਰੀ ਤਾਂ ਹਰ ਇੱਕ ਸੋਚਦਾ ਸੀ ਕਿ ਭੁਲੇਖੇ ਨਾਲ ਉਹ ਕਿਤੇ ਕਿਸੇ ਦੇ ਵਿਆਹ ’ਤੇ ਨਾ ਆ ਗਏ ਹੋਣ ਕਿਉਂਕਿ ਚੱਲ ਰਹੇ ਸ਼ਾਹੀ ਪਕਵਾਨਾਂ ਅਤੇ ਸਟਾਲਾਂ ਕਿਸੇ ਵਿਆਹ ਦਾ ਭੁਲੇਖਾ ਪਾਉਂਦੇ ਸਨ।

‘‘ਬਈ ਮੁੰਡਿਆਂ ਨੇ ਪਿਉ ਦੇ ਭੋਗ ਆਲੀ ਤਾਂ ਅਖੀਰ ਹੀ ਕਰਵਾ ਦਿੱਤੀ, ਆਪਾਂ ਤਾਂ ਅੱਜ ਤੱਕ ਕਿਸੇ ਨੂੰ ਇੰਨੇ ਚੋਜ਼ ਕਰਦੇ ਨਹੀਂ ਵੇਖਿਆ ਸਾਰੀ ਉਮਰ, ਬਾਕੀ ਕਰਨ ਵੀ ਕਿਉਂ ਨਾ ਬਥੇਰੀ ਜਾਇਦਾਦ ਬਣਾ ਕੇ ਗਿਆ ਸੰਤੋਖ, ਅੱਗ ਲਾਈ ਨੀ ਲੱਗਦੀ, ਨਾਲੇ ਦੋਵੇਂ ਛੋਰ ਵਧੀਆ ਅਫਸਰ ਲੱਗੇ ਨੇ, ਕੀ ਹੁੰਦਾ ਜੇ ਪੰਜ-ਚਾਰ ਲੱਖ ਲਾ ਦੇਣਗੇ। ਬਾਕੀ ਇੱਕ ਗੱਲ ਹੋਰ ਆ ’ਕੱਲੇ ਇਹੀ ਨਹੀਂ ਸਗੋਂ ਸਾਰੇ ਲੋਕ ਹੀ ਰੱਜਿਆਂ ਨੂੰ ਰਜਾਉਣ ਆਲੀ ਤਾਂ ਕੋਈ ਕਸਰ ਨਹੀਂ ਛੱਡਦੇ, ਵਿਆਹਾਂ ਭੋਗਾਂ ’ਤੇ ਲੱਖਾਂ ਕਰੋੜਾਂ ਲਾ ਦਿੰਦੇ ਆ, ਪਰ ਇਨ੍ਹਾਂ ਨੂੰ ਕਹਿ ਕੇ ਵੇਖ ਲਈਂ ਕਿ ਬਈ ਕੋਈ ਜਰੂਰਤਮੰਦ ਪਰਿਵਾਰ ਆ ਤੁਸੀਂ ਕੋਈ ਮੱਦਦ ਕਰਦੋ ਉਹਨਾਂ ਨੂੰ ਖਾਣ ਲਈ ਰਾਸ਼ਨ-ਪਾਣੀ ਦੇ ਦੇਵੋ ਦੋ-ਚਾਰ ਮਹੀਨਿਆਂ ਦਾ ਜਾਂ ਕਿਸੇ ਬਿਮਾਰ ਦੀ ਬਿਮਾਰੀ ਦਾ ਇਲਾਜ਼ ਕਰਵਾਦੋ ਪਤੰਦਰਾਂ ਨੂੰ ਸੱਪ ਸੁੰਘ ਜਾਂਦਾ, ਉਦੋਂ ਤਾਂ ਇਨ੍ਹਾਂ ਲੋਕਾਂ ਦੀਆਂ ਜੇਬ੍ਹਾਂ ਵਿੱਚੋਂ ਜਿਆਦਾ ਤੋਂ ਜਿਆਦਾ ਸੌ ਰੁਪਈਆ ਮਸਾਂ ਹੀ ਨਿੱਕਲਦਾ’’

ਸੰਤੋਖ ਦੇ ਭੋਗ ਨੂੰ ਵੇਖਦਿਆਂ ਹਰ ਕਿਸੇ ਦੇ ਆਪੋ-ਆਪਣੇ ਵਿਚਾਰ ਸਨ। ਕਿਉਂਕਿ ਸੰਤੋਖ ਸਿੰਘ ਦੇ ਭੋਗ ’ਤੇ ਉਸਦੇ ਪੁੱਤਰਾਂ ਨੇ ਬੜਾ ਖੁੱਲ੍ਹਾ-ਡੁੱਲਾ ਖਰਚ ਕੀਤਾ ਸੀ ਖੈਰ ਉਹ ਤਾਂ ਅਗਲੇ ਦੀ ਮਰਜੀ ਸੀ ਕਿਉਂਕਿ ਵੱਡਾ ਪੁੱਤ ਜਸਪਾਲ ਛੋਟਾ ਤਹਿਸੀਲਦਾਰ ਸੀ ਅਤੇ ਛੋਟਾ ਮੁੰਡਾ ਗੁਰਦੀਪ ਪੁਲਿਸ ਵਿੱਚ ਚੰਗੇ ਅਹੁਦੇ ’ਤੇ ਤਾਇਨਾਤ ਸੀ। ਦੋਵਾਂ ਨੂੰ ਸ਼ਾਹੀ ਕੰਮ ਮਿਲੇ ਹੋਏ ਸਨ ਤਨਖਾਹਾਂ ਚੰਗੀਆਂ ਸੀ ਉੱਪਰੋਂ ਤਨਖਾਹਾਂ ਤੋਂ ਦੁੱਗਣੇ-ਚੌਗਣੇ ਨੋਟ ਤਾਂ ਉਹ ਪਾਸਿਆਂ ਤੋਂ ਹੀ ਛਾਪ ਲੈਂਦੇ ਸਨ। ਸੰਤੋਖ ਨੇ ਵੀ ਬੜੀਆਂ ਮਿਹਨਤਾਂ ਤੇ ਤੰਗੀਆਂ ਕੱਟ-ਕੱਟ ਪੰਜਾਂ ਤੋਂ ਪੱਚੀ ਕਿੱਲੇ ਜਮੀਨ ਬਣਾ ਲਈ ਸੀ।

ਘਰੇ ਗੁਰਬਤ ਸੀ ਇਸ ਕਰਕੇ ਉਹ ਨਿੱਕੀ ਉਮਰੇ ਹੀ ਕੰਮਾਂ ਵਿੱਚ ਪੈ ਗਿਆ ਸੀ। ਘਰਦਿਆਂ ਨੇ ਸੰਤੋਖ ਦਾ ਵਿਆਹ ਛੋਟੀ ਉਮਰੇ ਹੀ ਕਰ ਦਿੱਤਾ ਸੀ ਪੜਿ੍ਹਆ ਤਾਂ ਭਾਵੇਂ ਉਹ ਮਸੀਂ ਪੰਜ ਜਮਾਤਾਂ ਸੀ ਪਰ ਅੱਖਰੀ ਗਿਆਨ ਉਸਨੂੰ ਚੰਗਾ ਸੀ ਇਸ ਕਰਕੇ ਪਿੰਡ ਦੇ ਹਿਸਾਬ-ਕਿਤਾਬ ਜਾਂ ਚਿੱਠੀਆਂ-ਪੱਤਰ ਲੋਕ ਉਸ ਕੋਲੋਂ ਹੀ ਲਿਖਵਾਉਂਦੇ ਸਨ। ਖੇਤੀ ਦੇ ਨਾਲ-ਨਾਲ ਉਹ ਹੋਰ ਵੀ ਆਸੇ-ਪਾਸੇ ਦੇ ਕੰਮਾਂ-ਧੰਦਿਆਂ ਵਿੱਚ ਪਿਆ ਰਹਿੰਦਾ ਸੀ। ਮਗਰੋਂ ਘਰਦਿਆਂ ਉਸਦਾ ਵਿਆਹ ਜੰਗੀਰ ਕੌਰ ਨਾਲ ਕਰ ਦਿੱਤਾ। ਘਰੇ ਦੋ ਪੁੱਤਰਾਂ ਤੇ ਇੱਕ ਧੀ ਨੇ ਜਨਮ ਲਿਆ। ਘਰੇ ਤੰਗੀ-ਤਰੁੱਟੀ ਹੋਣ ਕਰਕੇ ਵੀ ਉਸਨੇ ਆਪਣੇ ਤਿੰਨਾਂ ਜਵਾਕਾਂ ਨੂੰ ਵਧੀਆ ਪੜ੍ਹਾਇਆ-ਲਿਖਾਇਆ ਸੀ।

ਉਸਦਾ ਇਹੋ ਮੰਨਣਾ ਸੀ ਕਿ ਸੀਮਤ ਜਮੀਨ ਕਰਕੇ ਤਾਂ ਜਵਾਕਾਂ ਤੋਂ ਟਾਈਮਪਾਸ ਵੀ ਨਹੀਂ ਹੋਣਾ ਇਸ ਕਰਕੇ ਹੁਣ ਚਾਹੇ ਤੰਗੀ ਕੱਟ ਕੇ ਰੋਟੀ ਘੱਟ ਖਾ ਲਈਏ ਪਰ ਬੱਚਿਆਂ ਨੂੰ ਜਰੂਰ ਪੜ੍ਹਾਉਣਾ ਚਾਹੀਦਾ। ਸੰਤੋਖ ਦੇ ਤਿੰਨੋ ਜਵਾਕ ਪੜ੍ਹਨ ਵਿੱਚ ਹੁਸ਼ਿਆਰ ਸਨ ਇਸ ਕਰਕੇ ਸੰਤੋਖ ਵੀ ਕਦੇ ਜਵਾਕਾਂ ਦੇ ਖਰਚਿਆਂ ਨੂੰ ਵੇਖ ਕੇ ਘਬਰਾਇਆ ਨਹੀਂ ਸੀ। ਆਪ ਭਾਵੇਂ ਇੱਕ ਡੰਗ ਰੋਟੀ ਘੱਟ ਵੀ ਖਾ ਲੈਂਦਾ ਸੀ ਪਰ ਉਸ ਨੇ ਜਵਾਕਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਿਕ ਡਿਗਰੀਆਂ ਮਿਲਣ ਤੱਕ ਪੜ੍ਹਾਇਆ ਤੇ ਪਰਮਾਤਮਾ ਨੇ ਉਸਦੀ ਮਿਹਨਤ ਨੂੰ ਅਜਿਹਾ ਫਲ ਲਾਇਆ ਕਿ ਪੜ੍ਹਾਈ ਪੂਰੀ ਕਰਦਿਆਂ-ਕਰਦਿਆਂ ਲਗਭਗ ਸਾਲ ਦੋ ਸਾਲਾਂ ਵਿੱਚ ਹੀ ਤਿੰਨਾਂ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਮਿਲ ਗਈਆਂ ਸਨ।

ਜਿਹੜੇ ਪਿੰਡ ਵਾਲੇ ਅਕਸਰ ਸੰਤੋਖ ਨੂੰ ਬੱਚਿਆਂ ਦੀ ਪੜ੍ਹਾਈ ’ਤੇ ਨਜਾਇਜ ਖਰਚ ਕਰਨ ਕਰਕੇ ਟੋਕਦੇ ਸਨ ਉਹ ਹੁਣ ਉਸ ਦੀ ਮਿਹਨਤ ਅਤੇ ਸਬਰ ਦੀਆਂ ਉਦਾਹਰਨਾਂ ਦੇਣ ਲੱਗ ਪਏ ਸਨ। ਪਿੰਡ ਵਿੱਚ ਹੁਣ ਲੋਕ ਸੰਤੋਖ ਦੇ ਪਰਿਵਾਰ ਨੂੰ ਅਫਸਰਾਂ ਦਾ ਟੱਬਰ ਆਖ ਕੇ ਬੁਲਾਉਣ ਲੱਗੇ ਸਨ ਕਿਉਂਕਿ ਪਿੰਡ ਵਿੱਚ ਹਾਲੇ ਤੱਕ ਕਿਸੇ ਵੀ ਪਰਿਵਾਰ ਦੇ ਇੰਨੇ ਮੈਂਬਰ ਕਿਸੇ ਸਰਕਾਰੀ ਨੌਕਰੀ ’ਤੇ ਨਹੀਂ ਲੱਗੇ ਸਨ। ਹੌਲੀ-ਹੌਲੀ ਖਸਤਾ ਹਾਲਤ ਘਰ ਨੇ ਕੋਠੀ ਦਾ ਰੂਪ ਧਾਰਨ ਕਰ ਲਿਆ, ਸੰਤੋਖ ਦੇ ਟੁੱਟੇ ਸਾਈਕਲ ਤੋਂ ਮੋਟਰਸਾਈਕਲ ਤੇ ਕਾਰ ਬਣ ਗਏ ਜੋ ਜਮੀਨ ਸ਼ਾਹੂਕਾਰਾਂ ਕੋਲ ਤੰਗੀਆਂ ਵੇਲੇ ਗਹਿਣੇ ਧਰੀ ਹੋਈ ਸੀ ਉਹ ਵੀ ਛੁਡਵਾ ਲਈ ਗਈ ਅਤੇ ਹੁਣ ਹਰ ਸਾਲ ਨਾਲ ਲੱਗਦੀ ਜ਼ਮੀਨ ਜੇਕਰ ਕੋਈ ਵੇਚਦਾ ਤਾਂ ਸੰਤੋਖ ਹੀ ਖਰੀਦ ਲੈਂਦਾ ਸੀ। ਕੁੱਲ ਮਿਲਾ ਕੇ ਜਿੰਨਾ ਕੁ ਤੰਗ ਹੋ ਕੇ ਉਸਨੇ ਪਹਿਲਾਂ ਗੁਜ਼ਾਰਾ ਕੀਤਾ ਸੀ ਉਨਾ ਹੀ ਹੁਣ ਉਹ ਸੌਖਾ ਹੋ ਰਿਹਾ ਸੀ।

ਦੋ ਕੁ ਸਾਲ ਬਾਅਦ ਹੀ ਸੰਤੋਖ ਸਿੰਘ ਨੇ ਇੱਕ ਚੰਗਾ ਪਰਿਵਾਰ ਵੇਖ ਕੇ ਆਪਣੀ ਧੀ ਦਾ ਵਿਆਹ ਕਰ ਦਿੱਤਾ। ਮਗਰੋਂ ਸਾਲ ਬਾਅਦ ਹੀ ਉਸਨੇ ਆਪਣੇ ਦੋਵਾਂ ਪੁੱਤਰਾਂ ਦੇ ਵੀ ਵਿਆਹ ਕਰ ਦਿੱਤੇ। ਦੋਵੇਂ ਨੂੰਹਾਂ ਮਾਸਟਰਨੀਆਂ ਲੱਗੀਆਂ ਹੋਈਆਂ ਸਨ। ਸਮਾਂ ਵਧੀਆ ਗੁਜ਼ਰ ਰਿਹਾ ਸੀ ਘਰੇ ਸੁੱਖ ਨਾਲ ਨਿਆਣੇ ਵੀ ਆ ਗਏ ਸਨ ਹਰ ਪਾਸਿਉਂ ਲਗਭਗ ਸੰਤੋਖ ਸਿੰਘ ਨੂੰ ਸੌਖ ਸੀ ।

ਕਹਿੰਦੇ ਨੇ ਕਿ ਜੇਕਰ ਜਿੰਦਗੀ ਹੈ ਤਾਂ ਕਦੇ ਵੀ ਇੱਕੋ-ਜਿਹੀ ਨਹੀਂ ਰਹਿੰਦੀ ਨਾ ਹੀ ਹਮੇਸ਼ਾ ਲਈ ਜਿੰਦਗੀ ਵਿੱਚ ਸੁਖ ਰਹਿੰਦੇ ਨੇ ਅਤੇ ਨਾ ਹੀ ਹਮੇਸ਼ਾ ਦੁੱਖ ਰਹਿੰਦੇ ਨੇ ਸ਼ਾਇਦ ਇਹੀ ਸੰਤੋਖ ਨਾਲ ਹੋਇਆ ਸੀ। ਅਚਾਨਕ ਚੜ੍ਹੇ ਬੁਖਾਰ ਨੇ ਸੰਤੋਖ ਦੀ ਪਤਨੀ ਨੂੰ ਸੁਰਗਵਾਸ ਕਰ ਦਿੱਤਾ ਸੀ। ਪਤਨੀ ਦੀ ਮੌਤ ਨੇ ਸੰਤੋਖ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਉਹ ਲਗਭਗ ਹੁਣ ਇੱਕਦਮ ਇਕੱਲਾ ਹੋ ਗਿਆ ਸੀ। ਘਰੇ ਬਾਕੀ ਸਾਰੇ ਨੂੰਹਾਂ-ਪੁੱਤ ਮੁਲਾਜਮ ਹੋਣ ਕਰਕੇ ਸਵੇਰੇ ਹੀ ਡਿਊਟੀਆਂ ’ਤੇ ਚਲੇ ਜਾਂਦੇ ਸਨ ਤੇ ਸ਼ਾਮ ਨੂੰ ਵਾਪਸ ਆਉਂਦੇ ਸਨ। ਬੱਚੇ ਵੀ ਸਵੇਰੇ ਸਕੂਲ ਜਾਂਦੇ ਤਾਂ ਸ਼ਾਮ ਨੂੰ ਵਾਪਸ ਆਉਂਦੇ ਸਨ। ਇਕੱਲੇਪਣ ਨੇ ਸੰਤੋਖ ਦੇ ਸੁਭਾਅ ਨੂੰ ਚਿੜਚਿੜਾ ਕਰ ਦਿੱਤਾ ਸੀ। ਉਹ ਹੁਣ ਨਿੱਕੀ-ਨਿੱਕੀ ਗੱਲ ’ਤੇ ਹੀ ਘਰੇ ਕਲੇਸ਼ ਕਰਨ ਲੱਗ ਪਿਆ ਸੀ। ਇਸ ਰੋਕਟੋਕ ਨੇ ਘਰੇ ਕਲੇਸ਼ ਦਾ ਰੂਪ ਧਾਰਨ ਕਰ ਲਿਆ ਸੀ। ਛੋਟਾ ਮੁੰਡਾ ਘਰਵਾਲੀ ਦੇ ਕਹਿਣ ’ਤੇ ਸ਼ਹਿਰ ਰਹਿਣ ਲੱਗ ਪਿਆ ਸੀ।

ਵੱਡਾ ਮੁੰਡਾ ਅਤੇ ਨੂੰਹ ਹਾਲੇ ਆਪਣਾ ਫਰਜ਼ ਸਮਝਦੇ ਸਨ। ਖੈਰ! ਕਿਵੇਂ ਨਾ ਕਿਵੇਂ ਸਮਾਂ ਬੀਤ ਰਿਹਾ ਸੀ। ਸੰਤੋਖ ਸਿੰਘ ਲਗਭਗ ਆਪਣੀ ਉਮਰ ਦੇ ਆਖਰੀ ਪੜਾਅ ’ਤੇ ਪਹੁੰਚ ਚੁੱਕਾ ਸੀ ਸਿਹਤ ਵੀ ਲਗਭਗ ਠੀਕ ਸੀ। ਉਸ ਦਿਨ ਮੀਂਹ ਪੈ ਕੇ ਹਟਿਆ ਸੀ ਕਿਸੇ ਕੰਮ ਲਈ ਸੰਤੋਖ ਸਿੰਘ ਜਦ ਅੰਦਰੋਂ ਬਾਹਰ ਆਇਆ ਤਾਂ ਅਚਾਨਕ ਫਰਸ਼ ’ਤੇ ਤਿਲਕ ਗਿਆ। ਇੱਕ ਵਾਰ ਤਾਂ ਉਸਨੂੰ ਕੁਝ ਖਾਸ ਮਹਿਸੂਸ ਨਹੀਂ ਹੋਇਆ ਪਰ ਮਗਰੋਂ ਚੂਲੇ ਵਿੱਚ ਦਰਦ ਉੱਠ ਖੜ੍ਹਾ ਸੀ ਲੱਤਾਂ ਵਿੱਚ ਉੱਠ ਕੇ ਤੁਰਨ ਦੀ ਹਿੰਮਤ ਵੀ ਨਹੀਂ ਸੀ।
ਫੋਨ ਕਰਕੇ ਮੁੰਡੇ ਨੂੰ ਬੁਲਾਇਆ ਗਿਆ ਜਦ ਹਸਪਤਾਲ ਚੈਕਅਪ ਕਰਵਾਇਆ ਗਿਆ ਤਾਂ ਡਾਕਟਰ ਨੇ ਚੂਲਾ ਟੁੱਟਿਆ ਹੋਣ ਬਾਰੇ ਦੱਸਿਆ। ਪਰ ਸ਼ੂਗਰ ਜਿਆਦਾ ਹੋਣ ਕਰਕੇ ਸੰਤੋਖ ਦਾ ਅਪਰੇਸ਼ਨ ਵੀ ਨਹੀਂ ਹੋ ਸਕਦਾ ਸੀ। ਅਖੀਰ ਮਹੀਨੇ ਵਿੱਚ ਦਵਾਈਆਂ ਦੇ ਸਹਾਰੇ ਪਹਿਲਾਂ ਉਸਦਾ ਸ਼ੂਗਰ ਕੰਟਰੋਲ ਕੀਤਾ ਗਿਆ

ਫਿਰ ਕਿਤੇ ਉਸਦੇ ਚੂਲੇ ਦਾ ਅਪਰੇਸ਼ਨ ਕੀਤਾ ਗਿਆ। ਘਰੇ ਨੂੰਹ-ਪੁੱਤ ਕੋਲ ਇੰਨਾ ਟਾਈਮ ਨਹੀਂ ਸੀ ਕਿ ਉਹ ਸੰਤੋਖ ਕੋਲ ਸਾਰਾ ਦਿਨ ਬੈਠੇ ਰਹਿਣ ਇਸ ਕਰਕੇ ਉਹਨਾਂ ਨੇ ਸੰਤੋਖ ਦੀ ਸੰਭਾਲ ਕਰਨ ਲਈ ਪਿੰਡੋਂ ਇੱਕ ਬੰਦੇ ਨੂੰ ਪੱਕੇ ਤੌਰ ’ਤੇ ਹੀ ਰੱਖ ਲਿਆ ਸੀ। ਅਪਰੇਸ਼ਨ ਭਾਵੇਂ ਹੋ ਗਿਆ ਸੀ ਪਰ ਸੰਤੋਖ ਨੂੰ ਸ਼ੂਗਰ ਤੇ ਕਮਜ਼ੋਰੀ ਹੋਣ ਕਰਕੇ ਉਹ ਡਾਕਟਰ ਦੇ ਕਹੇ ਅਨੁਸਾਰ ਤੋਰਾ-ਫੇਰਾ ਨਾ ਕਰ ਸਕਿਆ ਅਤੇ ਉਹ ਲਗਭਗ ਮੰਜੇ ਦਾ ਆਦੀ ਹੋ ਕੇ ਹੀ ਰਹਿ ਗਿਆ ਸੀ। ਬੱਸ ਸਹਾਰੇ ਦੇ ਨਾਲ ਅੰਦਰੋਂ ਬਾਹਰ ਤੇ ਬਾਹਰੋਂ ਮਸੀਂ ਅੰਦਰ ਆਉਂਦਾ-ਜਾਂਦਾ ਸੀ। ਪਿਛਲੇ ਕਈ ਮਹੀਨਿਆਂ ਤੋਂ ਦੱਸਦੇ ਨੇ ਕੇ ਉਸਦੀ ਹਾਲਤ ਕਾਫੀ ਬਦਤਰ ਸੀ।
ਦੀਵਾਲੀ ਵੇਲੇ ਜਦ ਮੁੰਡਿਆਂ ਨੇ ਚਾਹ ਨਾਲ ਉਸਨੂੰ ਮਹਿੰਗੀ ਮਠਿਆਈ ਖਾਣ ਨੂੰ ਦਿੱਤੀ ਤਾਂ ਸੰਤੋਖ ਨੇ ਉਨ੍ਹਾਂ ਕੋਲ ਜਲੇਬੀਆਂ ਖਾਣ ਦੀ ਇੱਛਾ ਜਾਹਿਰ ਕੀਤੀ ਸੀ।

‘‘ਬਾਪੂ ਆਹ ਇੰਨੀ ਮਹਿੰਗੀ ਮਠਿਆਈ ਨਹੀਂ ਜੇ ਤੈਨੂੰ ਵਧੀਆ ਲੱਗੀ ਫਿਰ ਜਲੇਬੀਆਂ ਕਿੱਥੋਂ ਚੰਗੀਆਂ ਲੱਗਣਗੀਆਂ, ਚੱਲ ਕੋਈ ਨਾ ਮੈਂ ਵੇਖੂੰ ਜਿਸ ਦਿਨ ਕੰਮ ਤੋਂ ਆਉਣ ਵੇਲੇ ਟਾਈਮ ਹੋਇਆ ਤੇਰੇ ਵਾਸਤੇ ਜਲੇਬੀਆਂ ਵੀ ਲਿਆਊਂ!’’

ਖੈਰ ਨਾ ਕੰਮਾਂ-ਧੰਦਿਆਂ ਵਿੱਚ ਮੁੰਡਿਆਂ ਨੂੰ ਪਿਉ ਦੀ ਇੱਛਾ ਪੂਰੀ ਕਰਨ ਲਈ ਵਿਹਲ ਮਿਲੀ ਤੇ ਨਾ ਹੀ ਜਾਂਦੀ ਵਾਰੀ ਸੰਤੋਖ ਸਿੰਘ ਨੂੰ ਜਲੇਬੀਆਂ ਨਸੀਬ ਹੋਈਆਂ। ਹਾਂ ਪਰ ਉਸਦੀ ਅੰਤਿਮ ਅਰਦਾਸ ਵੇਲੇ ਚੱਲ ਰਹੇ ਸ਼ਾਹੀ ਪਕਵਾਨਾਂ ਵਿੱਚ ਜਲੇਬੀਆਂ ਜਰੂਰ ਸ਼ਾਮਲ ਸਨ ਕਾਰਨ ਪੁੱਛਣ ’ਤੇ ਮੁਡਿਆਂ ਨੇ ਦੱਸਿਆ ਕਿ ਬਾਪੂ ਨੂੰ ਜਲੇਬੀਆਂ ਬਹੁਤ ਪਸੰਦ ਸੀ।
ਸ਼ਾਇਦ ਅੱਜ ਲੋਕਾਂ ਰਾਹੀਂ ਜਲੇਬੀਆਂ ਸੰਤੋਖ ਸਿੰਘ ਕੋਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਸੁਖਵਿੰਦਰ ਚਹਿਲ,
ਸੰਗਤ ਕਲਾਂ (ਬਠਿੰਡਾ)
ਮੋ. 998815-58844

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ