ਮੁਫ਼ਤ ਮੈਡੀਕਲ ਕੈਂਪਾਂ ਰਾਹੀਂ ਜੋਸ਼ੀ ਫਾਊਂਡੇਸ਼ਨ ਕਰ ਰਿਹੈ ਮਨੁੱਖਤਾ ਦੀ ਵੱਡੀ ਸੇਵਾ : ਬਦਨੌਰ

Joshi Foundation, Humanity, Free Medical camps, Badnore

ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਜੋਸ਼ੀ ਫਾਊਂਡੇਸ਼ਨ ਦਾ ਵੱਡਾ ਉੱਦਮ: ਰਾਜਪਾਲ

ਅਗਲੇ ਸਾਲ ਤੋਂ ਹੋਵੇਗਾ ਦੋ ਦਿਨਾਂ ਦਾ ਮੈਡੀਕਲ ਕੈਂਪ: ਵਿਨੀਤ ਜੋਸ਼ੀ

ਅਸ਼ਵਨੀ ਚਾਵਲਾ/ਚੰਡੀਗੜ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਕਿ ਜੋਸ਼ੀ ਫਾਊਂਡੇਸ਼ਨ ਮੁਫ਼ਤ ਮੈਡੀਕਲ ਕੈਂਪਾਂ ਰਾਹੀਂ ਮਨੁੱਖਤਾ ਦੀ ਵੱਡੀ ਸੇਵਾ ਕਰ ਰਿਹਾ ਹੈ। ਉਹ ਅੱਜ ਸਥਾਨਕ ਸੈਕਟਰ 15 ਡੀ ਵਿਖੇ ਫਾਊਂਡੇਸ਼ਨ ਵੱਲੋਂ ਲਾਏ ਚੌਥੇ ਮੁਫਤ ਮੈਗਾ ਮੈਡੀਕਲ ਚੈਕਅੱਪ ਕੈਂਪ ਦੇ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਵੱਡਾ ਉੱਦਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਇੱਕ ਹੀ ਕੈਂਪ ਵਿੱਚ ਜਿੱਥੇ ਐਲੋਪੈਥੀ, ਆਯੁਰਵੈਦਿਕ ਅਤੇ ਹੋਮਿਓਪੈਥੀ ਇਲਾਜ਼ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ, ਉੱਥੇ ਹੀ ਯੋਗਾ, ਦੀ ਸਹੂਲਤ ਵੀ ਇਸ ਕੈਂਪ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਆਰਗੈਨਿਕ ਖੁਰਾਕ ਖਾਣ ਦਾ ਸੁਨੇਹਾ ਦੇਣਾ ਵੀ ਜੋਸ਼ੀ ਫਾਊਂਡੇਸ਼ਨ ਦਾ ਚੰਗਾ ਯਤਨ ਹੈ।

ਜੋਸ਼ੀ ਫਾਊਂਡੇਸ਼ਨ ਦੇ ਚੌਥੇ ਮੁਫਤ ਮੈਗਾ ਮੈਡੀਕਲ ਕੈਂਪ ਤੋਂ ਹਜ਼ਾਰਾਂ ਲੋਕਾਂ ਲਿਆ ਲਾਭ

ਇਸ ਮੌਕੇ ਆਪਣੇ ਸੰਬੋਧਨ ਵਿੱਚ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਕਿਹਾ ਕਿ ਲੋਕਾਂ ਵੱਲੋਂ ਮਿਲਦੇ ਸਹਿਯੋਗ ਨੂੰ ਦੇਖਦਿਆਂ ਉਨ੍ਹਾਂ ਫੈਸਲਾ ਕੀਤਾ ਹੈ ਕਿ ਅਗਲੇ ਸਾਲ ਤੋਂ ਇਹ ਕੈਂਪ ਦੋ ਦਿਨਾਂ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪਿਤਾ ਸਵ: ਜੈ ਰਾਮ ਜੋਸ਼ੀ ਅਤੇ ਭਰਾ ਸਵ: ਨਵਨੀਤ ਜੋਸ਼ੀ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪਰਿਵਾਰ ਦੇ ਸਹਿਯੋਗ ਨਾਲ ਇਸ ਕੈਂਪ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਅੱਠ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਨੇ ਇਸ ਕੈਂਪ ਤੋਂ ਲਾਭ ਲਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੇ ਹਨ।
ਆਪਣੇ ਸੰਬੋਧਨ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਸੌਰਭ ਜੋਸ਼ੀ ਨੇ ਕਿਹਾ ਕਿ ਲੋਕਾਂ ਨੂੰ ਡਾਕਟਰੀ ਸਹੂਲਤਾਂ ਮੁਫ਼ਤ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਸਕੂਨ ਮਿਲਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਧਪੁਰ ਦੇ ਰਾਜਪਾਲ ਕਲਿਆਣ ਸਿੰਘ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਰੈੱਡ ਕਰਾਸ ਦੇ ਵਾਇਸ ਚੇਅਰਮੈਨ ਅਵਿਨਾਸ਼ ਰਾਏ ਖੰਨਾ, ਯੋਗ ਅਚਾਰੀਆ ਪਦਮਸ਼੍ਰੀ ਐਚ. ਆਰ. ਨਗਿੰਦਰਾ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਘੱਟ ਗਿਣਤੀ ਕਮਿਸ਼ਨ ਦੇ ਵਾਇਸ ਚੇਅਰਮੈਨ ਮਨਜੀਤ ਸਿੰਘ ਰਾਏ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਅਬੋਹਰ ਦੇ ਵਿਧਾਇਕ ਅਰੁਣ ਨਾਰੰਗ, ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ, ਪੀ. ਜੀ. ਆਈ. ਦੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ, ਪ੍ਰਸਿੱਧ ਜੋਤਿਸ਼ ਗੁਰੂ ਡਾਕਟਰ ਅਰਚਨਾ, ਪ੍ਰਸਿੱਧ ਵਾਤਾਵਰਨ ਪ੍ਰੇਮੀ ਉਮੇਂਦਰ ਦੱਤ, ਹਾਰਟ ਐਸੋਸੀਏਸ਼ਨ ਦੇ ਚੇਅਰਮੈਨ ਡਾ: ਐਚ. ਕੇ. ਬਾਲੀ, ਧਨਵੰਤਰੀ ਆਯੁਰਵੈਦਿਕ ਕਾਲਜ ਦੇ ਨਰੇਸ਼ ਮਿੱਤਲ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਡਾਇਰੈਕਟਰ ਹੈਲਥ ਡਾ: ਦੀਵਾਨ, ਹਰਿਆਣਾ ਦੇ ਸਾਬਕਾ ਮੰਤਰੀ ਓਮ ਪ੍ਰਕਾਸ਼ ਧਨਖੜ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।