ਪੰਜਾਬ

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸੁਖਪਾਲ ਖਹਿਰਾ ਰਾਹੀਂ ਲੀਕ ਹੋਈ: ਚੀਮਾ

Justice, Ranjit Singh, Report Leaked, Sukhpal Khaira, Cheema

 ਇਸ ਬੋਗਸ ਰਿਪੋਰਟ ਨੂੰ ਕੂੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ: ਚੀਮਾ

ਚੰਡੀਗੜ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਰਣਜੀਤ ਸਿੰਘ ਕਮਿਸ਼ਨ ਦੀ ਲਗਾਤਾਰ ਲੀਕ ਹੋ ਰਹੀ ਰਿਪੋਰਟ ‘ਤੇ ਸਦਨ ਦੀ ਮਰਿਆਦਾ ਦਾ ਉਲੰਘਣ ਕਰਾਰ ਦਿੰਦੇ ਹੋਏ ਸਾਬਕਾ ਮੰਤਰੀ ਦਲਜੀਤ ਚੀਮਾ ਨੇ ਕਿਹਾ ਕਿ ਜਿਸ ਤਰਾਂ ਕਿ ਵਿਰੋਧੀ ਧਿਰ ਦੇ ਹਟਾਏ ਜਾ ਚੁੱਕੇ ਆਗੂ ਸੁਖਪਾਲ ਖਹਿਰਾ ਵੱਲੋਂ ਕੀਤੇ ਗਏ ਟਵੀਟ ਤੋਂ ਜ਼ਾਹਰ ਹੈ, ਜਸਟਿਸ ਰਣਜੀਤ ਸਿੰਘ ਗਿੱਲ ਰਿਪੋਰਟ ਦਾ ਦੂਜਾ ਹਿੱਸਾ ਸਰਕਾਰ ਨੂੰ ਸੌਂਪੇ ਜਾਣ ਤੋਂ 24 ਘੰਟਿਆਂ ਤੋਂ ਵੀ ਪਹਿਲਾਂ ਲੀਕ ਕਰ ਦਿੱਤਾ ਗਿਆ ਹੈ ਇਹ ਸਭ ਕਾਂਗਰਸ, ਜਸਟਿਸ ਰਣਜੀਤ ਸਿੰਘ ਅਤੇ ਉਨਾਂ ਦੇ ਕਰੀਬੀ ਰਿਸ਼ਤੇਦਾਰ ਖਹਿਰਾ ਵੱਲੋਂ ਰਲ ਕੇ ਕੀਤੀ ਗਈ ਇੱਕ ਗੰਭੀਰ ਸਿਆਸੀ ਸਾਜ਼ਿਸ਼ ਜਾਪਦੀ ਹੈ

ਸੱਤਾਧਾਰੀ ਪਾਰਟੀ, ਖਹਿਰਾ ਅਤੇ ਜਸਟਿਸ ਰਣਜੀਤ ਸਿੰਘ ਉੱਤੇ ਇਸ ਮਾਮਲੇ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਸ ਰਿਪੋਰਟ ਦੇ 195 ਪੰਨਿਆਂ ਦੇ ਪਹਿਲੇ ਭਾਗ ਨੂੰ ਲੀਕ ਕੀਤਾ ਗਿਆ ਸੀ ਅਤੇ ਸਰਕਾਰ ਨੇ ਉਸ ਘਟਨਾ ਦੀ ਜਾਂਚ ਲਈ ਅਜੇ ਕੱਲ ਇੱਕ ਵਜ਼ਾਰਤੀ ਉਪ ਕਮੇਟੀ ਕਾਇਮ ਕੀਤੀ ਹੈ

ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਨੇ ਟਵਿੱਟਰ ਉੱਤੇ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵੱਲੋਂ ਬੇਅਦਬੀ ਦੇ ਮਾਮਲਿਆਂ ਬਾਰੇ ਦਿੱਤੇ ਗਏ ਹਲਫੀਆ ਬਿਆਨ ਬਾਰੇ ਸੱਚ ਦੱਸਣ ਦੀ ਅਪੀਲ ਕੀਤੀ ਹੈ ਇਸ ਤੋਂ ਸਪੱਸ਼ਟ ਹੈ ਕਿ ਖਹਿਰਾ ਨੂੰ ਰਿਪੋਰਟ ਦੇ ਦੂਜੇ ਹਿੱਸੇ ਦੀ ਵੀ ਕਾਪੀ ਦਿੱਤੀ ਜਾ ਚੁੱਕੀ ਹੈ ਅਤੇ ਇਹ ਵੀ ਸ਼ੱਕ ਹੁੰਦਾ ਹੈ ਕਿ ਉਸ ਨੂੰ ਅਗਾਊਂ ਹੀ ਕਾਪੀ ਸੌਂਪੀ ਗਈ ਹੈ

ਡਾਕਟਰ ਚੀਮਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਤੋਂ ਪਹਿਲਾਂ ਕਿ ਵਜ਼ਾਰਤੀ ਉਪ ਕਮੇਟੀ ਜਾਂਚ ਦਾ ਡਰਾਮਾ ਸ਼ੁਰੂ ਕਰਦੀ, ਇਸ ਰਿਪੋਰਟ ਦਾ ਦੂਜਾ ਹਿੱਸਾ ਵੀ ਖਹਿਰਾ ਦੇ ਰਾਹੀਂ ਲੀਕ ਕਰ ਦਿੱਤਾ ਗਿਆ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਜਾਂ ਤਾਂ ਸਰਕਾਰ ਜਾਣਬੁੱਝ ਕੇ ਇਸ ਰਿਪੋਰਟ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਫਿਰ ਰਣਜੀਤ ਸਿੰਘ ਨੇ ਖੁਦ ਖਹਿਰਾ ਨੂੰ ਖੁਸ਼ ਕਰਨ ਅਤੇ ਉਸ ਡੁੱਬ ਰਹੇ ਸਿਆਸੀ ਕਰੀਅਰ ਨੂੰ ਹੁਲਾਰਾ ਦੇਣ ਵਾਸਤੇ ਇਸ ਰਿਪੋਰਟ ਅੰਦਲੀਆਂ ਗੱਲਾਂ ਉਸ ਨੂੰ ਦੱਸ ਦਿੱਤੀਆਂ ਹਨ

ਅਕਾਲੀ ਆਗੂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਅਤੇ ਕੀਤੀ ਜਾਣ ਵਾਲੀ ਕਾਰਵਾਈ ਦੀ ਸਿਫਾਰਿਸ਼ ਸਮੇਤ ਅਗਲੇ ਹਫਤੇ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਥਸ਼ਨ ਵਿਚ ਰੱਖੀ ਜਾਣੀ ਹੈ, ਪਰੰਤੂ ਸਰਕਾਰ ਨੇ ਨਾ ਸਿਰਫ ਇਸ ਰਿਪੋਰਟ ਦੀ ਪਵਿੱਤਰਤਾ ਨੂੰ ਤੀਲਾ ਤੀਲਾ ਕਰ ਦਿੱਤਾ ਹੈ, ਸਗੋਂ ਸਦਨ ਦੀ ਮਰਿਆਦਾ ਨਾਲ ਵੀ ਖ਼ਿਲਵਾੜ ਕੀਤਾ ਹੈ ਉਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਦਨ ਵਿਚ ਰੱਖੀਆਂ ਜਾਣੀਆਂ ਹੁੰਦੀਆਂ ਹਨ ਅਤੇ ਇਹਨਾਂ ਨੂੰ ਚੁੱਪ-ਚੁਪੀਤੇ ਜਾਂ ਖੁੱਲੇਆਮ ਲੀਕ ਕਰਨਾ ਵਿਧਾਨ ਸਭਾ ਦੀ ਮਰਿਆਦਾ ਦੀ ਉਲੰਘਣਾ ਦੇ ਬਰਾਬਰ ਹੁੰਦਾ ਹੈ, ਜਿਸ ਵਾਸਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ

ਡਾਕਟਰ ਚੀਮਾ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਇਸ ਰਿਪੋਰਟ ਨੂੰ ਬੇਇਨਸਾਫੀ ਦੀ ਰਿਪੋਰਟ ਕਹਿ ਕੇ ਰੱਦ ਕਰ ਚੁੱਕਿਆ ਹੈ ਪਾਰਟੀ ਦਾ ਮੰਨਣਾ ਹੈ ਕਿ ਇਹ ਰਿਪੋਰਟ ਕਾਂਗਰਸ ਦੇ ਆਕਾਵਾਂ ਨਾਲ ਮਸ਼ਵਰਾ ਕਰਨ ਮਗਰੋਂ ਪੰਜਾਬ ਕਾਂਗਰਸ ਭਵਨ ਅੰਦਰ ਬੈਠ ਕੇ ਤਿਆਰ ਕੀਤੀ ਗਈ ਹੈ

ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਖਹਿਰਾ ਵੱਲੋਂ ਇਸ ਰਿਪੋਰਟ ਨੂੰ ਲੀਕ ਕਰਨ ਵਿਚ ਨਿਭਾਈ ਭੂਮਿਕਾ ਤੋਂ ਜਾਪਦਾ ਹੈ ਕਿ ਆਪ ਵੀ ਇਸ ਬੋਗਸ ਰਿਪੋਰਟ ਨੂੰ ਤਿਆਰ ਕਰਵਾਉਣ ਵਿਚ ਭਾਈਵਾਲ ਲੱਗਦੀ ਹੈ ਉਹਨਾਂ ਕਿਹਾ ਕਿ ਇਸ ਰਿਪੋਰਟ ਨੂੰ ਕੂੜੇਦਾਨ ਵਿਚ ਸੁੱਟਿਆ ਜਾਣਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top