ਕਬੱਡੀ ਦਾ ਐਕਟਰ : ਸਪਿੰਦਰ ਮਨਾਣਾ

ਕਬੱਡੀ ਦਾ ਐਕਟਰ : ਸਪਿੰਦਰ ਮਨਾਣਾ | Kabaddi Actor: Spinder Manana

ਖ਼ੂਬਸੂਰਤ ਅਬਾਦੀਆਂ ਦੇ ਸ਼ਹਿਰ ਚੰਡੀਗੜ੍ਹ ਦੀ ਬੁੱਕਲ ‘ਚ ਵੱਸੇ ਜ਼ਿਲ੍ਹਾ ਮੋਹਾਲੀ ਨਾਲ ਸਬੰਧਤ ਪਿੰਡ ਮਨਾਣਾ ਵਿਖੇ ਸੰਨ 1994 ਦੇ ਅਪ੍ਰੈਲ ਮਹੀਨੇ ਦੀ 9 ਤਰੀਕ ਨੂੰ ਪਿਤਾ ਸ੍ਰ. ਸੋਹਣ ਸਿੰਘ ਦੇ ਘਰ ਮਾਤਾ ਸ੍ਰੀਮਤੀ ਮਨਜੀਤ ਕੌਰ ਦੀ ਕੁੱਖੋਂ ਪੈਦਾ ਹੋਇਆ ਸਪਿੰਦਰ ਪੰਜਾਬੀਆਂ ਦੀ ਮਾਣਮੱਤੀ ਖੇਡ ਕਬੱਡੀ ਦੇ ਮੈਦਾਨਾਂ ਵਿੱਚ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸ੍ਰ. ਦਿਲਬਾਗ ਸਿੰਘ ਤੇ ਸ੍ਰੀਮਤੀ ਭਜਨ ਕੌਰ ਦੇ ਲਾਡਲੇ ਪੋਤਰੇ ਸਪਿੰਦਰ (Spinder Manana) ਨੇ ਅੱਠਵੀਂ ਤੱਕ ਦੀ ਵਿੱਦਿਆ ਆਪਣੇ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ ਨੌਵੀਂ ਤੋਂ ਬਾਰਵੀਂ ਤੱਕ ਦੀ ਵਿੱਦਿਆ ਨੇੜਲੇ ਪਿੰਡ ਪੀੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ ।

ਜਤਿੰਦਰ ਸਿੰਘ ਦੇ ਛੋਟੇ ਭਰਾ ਸਪਿੰਦਰ (Spinder Manana) ਦੀ ਉਮਰ ਉਦੋਂ ਸਿਰਫ਼ ਗਿਆਰਾਂ ਕੁ ਸਾਲ ਦੇ ਕਰੀਬ ਸੀ, ਜਦੋਂ ਮਨਾਣਾ ਪਿੰਡ ਦੇ ਜੱਗੀ ਅਤੇ ਬੁੱਗਾ ਵਰਗੇ ਨਾਮਵਰ ਖਿਡਾਰੀਆਂ ਦੇ ਚਰਚੇ ਕਬੱਡੀ ਓਪਨ ਵਰਗ ਦੇ ਮੇਲਿਆਂ ਵਿੱਚ ਦੂਰ-ਦੂਰ ਤੱਕ ਹੁੰਦੇ ਸਨ । ਆਪਣੇ ਪਿੰਡ ਦੇ ਇਨ੍ਹਾਂ ਨੌਜਵਾਨਾਂ ਦੀ ਖੇਡ ਅਤੇ ਇਲਾਕੇ ਵਿੱਚ ਹੁੰਦੀਆਂ ਸਿਫਤਾਂ ਤੋਂ ਪ੍ਰਭਾਵਿਤ ਹੋ ਕੇ ਪੰਜਵੀਂ ਜਮਾਤ ‘ਚ ਪੜ੍ਹਦੇ ਸਪਿੰਦਰ ਨੇ ਵੀ ਆਪਣੇ ਮਨ ਅੰਦਰ ਇੱਕ ਉੱਚ-ਕੋਟੀ ਦਾ ਖਿਡਾਰੀ ਬਣਨ ਦਾ ਸੁਫਨਾ ਸਿਰਜ ਲਿਆ । ਸੁਫਨੇ ਨੂੰ ਹਕੀਕਤ ਵਿੱਚ ਬਦਲਣ ਲਈ ਉਸਨੇ ਰੋਜ਼ਾਨਾ ਪਿੰਡ ਦੇ ਖੇਡ ਮੈਦਾਨ ਵਿੱਚ ਜਾ ਕੇ ਸੀਨੀਅਰ ਖਿਡਾਰੀਆਂ ਨੂੰ ਵੇਖ-ਵੇਖ ਕੇ ਅਭਿਆਸ ਕਰਨਾ ਆਰੰਭ ਕਰ ਦਿੱਤਾ ।

32 ਕਿਲੋ ਭਾਰ ਵਰਗ ਦੀ ਟੀਮ

ਥੋੜ੍ਹੇ ਦਿਨਾਂ ਦੀ ਪ੍ਰੈਕਟਿਸ ਤੋਂ ਬਾਅਦ ਹੀ ਸਪਿੰਦਰ (Spinder Manana) ਨੇ ਆਪਣੇ ਸਾਥੀਆਂ ਭੋਡਾ ਮਨਾਣਾ ਅਤੇ ਗੀਤਾ ਮਨਾਣਾ ਨਾਲ ਮਿਲਕੇ 32 ਕਿਲੋ ਭਾਰ ਵਰਗ ਦੀ ਟੀਮ ਬਣਾ ਲਈ ਅਤੇ ਫਿਰ ਹੌਲੀ-ਹੌਲੀ ਇਹ ਟੀਮ ਨੇੜਲੇ ਪਿੰਡਾਂ ਦੇ ਟੂਰਨਾਮੈਂਟਾਂ ‘ਚ ਹੁੰਦੇ ਵਜ਼ਨੀ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲੱਗ ਪਈ । 32 ਕਿੱਲੋ ਤੋਂ ਆਪਣੇ ਖੇਡ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਪਿੰਦਰ ਦਾ ਜਿਵੇਂ-ਜਿਵੇਂ ਸਰੀਰਕ ਭਾਰ ਅਤੇ ਕੱਦ  ਵਧਦਾ ਗਿਆ ਤਾਂ ਉਹ ਵਜ਼ਨੀ ਮੁਕਾਬਲਿਆਂ ਵਿੱਚ ਪੌੜੀ ਦਰ ਪੌੜੀ ਹੋਰ ਉਤਾਂਹ ਨੂੰ ਚੜ੍ਹਦਾ ਗਿਆ, ਫਿਰ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ।

ਸਪਿੰਦਰ 32, 37, 42, 47, 52, 57, 62 ਅਤੇ 70 ਕਿੱਲੋ ਦੇ ਵਜ਼ਨੀ ਮੁਕਾਬਲਿਆਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਸਾਲ 2012 ‘ਚ ਓਪਨ ਕਬੱਡੀ ਤੱਕ ਪਹੁੰਚ ਗਿਆ । ਕਬੱਡੀ ਦੇ ਜਾਦੂਗਰ ਨਿਰਵੈਰ ਸਿੰਘ (ਘੋਨੀ ਰਾਣੀਵਾਲ), ਵਿਸ਼ਵ ਚੈਂਪੀਅਨ ਜੱਟ ਜਾਫੀ ਸ਼ੀਰਾ ਪਿੱਥੋ, ਏਕਮ ਹਠੂਰ ਅਤੇ ਲੱਖਾ ਢੰਡੋਲੀ ਦੀ ਖੇਡ ਦੇ ਮੁਰੀਦ ਸਪਿੰਦਰ ਨੇ ਓਪਨ ਵਰਗ ਵਿੱਚ ਆਪਣੇ ਪਿੰਡ ਦੀ ਟੀਮ ਮਨਾਣਾ ਲਈ ਸ਼ਾਨਦਾਰ ਪਾਰੀ ਖੇਡਦਿਆਂ ਜਿੱਤ ਦੇ ਝੰਡੇ ਗੱਡਣੇ ਸ਼ੁਰੂ ਕਰ ਦਿੱਤੇ।

ਬੁਲਟ ਨਾਲ ਸਨਮਾਨਿਤ

ਸਪਿੰਦਰ (Spinder Manana) ਦੀ ਹਮਲਾਵਰ ਖੇਡ ਨੂੰ ਪਾਰਖੂ ਅੱਖ ਨਾਲ ਵੇਖਦਿਆਂ ਮਸ਼ਹੂਰ ਖੇਡ ਪ੍ਰਮੋਟਰ ਸ੍ਰ. ਮਹਿੰਦਰ ਸਿੰਘ ਸੋਹਾਣਾ ਨੇ ਉਸਦੀ ਚੋਣ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਜਥੇਦਾਰ ਬਾਬਾ ਹਨੂੰਮਾਨ ਸਿੰਘ ਕਬੱਡੀ ਅਕੈਡਮੀ ਮੋਹਾਲੀ ਲਈ ਕਰ ਲਈ । ਸੰਨ 2015 ‘ਚ ਸਪਿੰਦਰ ਨੂੰ ਛੋਟੀ ਕਰੌਰ (ਚੰਡੀਗੜ੍ਹ) ਦੇ ਟੂਰਨਾਮੈਂਟ ਤੇ ਖੇਡ ਪ੍ਰਮੋਟਰ ਸ੍ਰ. ਕੇਵਲ ਸਿੰਘ ਘੋਲੂਮਾਜਰਾ ਨੇ ਬੁਲਟ ਨਾਲ ਸਨਮਾਨਿਤ ਕੀਤਾ, ਇਸ ਸਨਮਾਨ ਨੇ ਸਪਿੰਦਰ ਦੇ ਹੋਰ ਮਿਹਨਤ ਕਰਨ ਅਤੇ ਅੱਗੇ ਵਧਣ ਵਾਲੇ ਜਜ਼ਬੇ ਨੂੰ ਚਾਰ ਚੰਨ ਲਾ ਦਿੱਤੇ । ਅਗਲੇ ਸਾਲ 2016 ਵਿੱਚ ਸਪਿੰਦਰ ਨੂੰ ਪਹਿਲੀ ਵਾਰ ਵਿਦੇਸ਼ੀ ਧਰਤੀ ਮਲੇਸ਼ੀਆ ਦੇ ਘਾਹਦਾਰ ਮੈਦਾਨਾਂ ਤੇ ਖੇਡਣ ਦਾ ਸੁਭਾਗ ਨਸੀਬ ਹੋ ਗਿਆ। ਇਸੇ ਵਰ੍ਹੇ ਉਹ ਕਾਹਨਦਾਸ ਸਪੋਰਟਸ ਕਲੱਬ ਵੱਲੋਂ ਯੂਰਪ ਮਹਾਂਦੀਪ ਦੇ ਜਰਮਨ, ਬੈਲਜ਼ੀਅਮ, ਇਟਲੀ, ਫਰਾਂਸ, ਆਸਟਰੀਆ, ਹਾਲੈਂਡ, ਸਪੇਨ, ਨਾਰਵੇ ਅਤੇ ਹੋਰ ਵੀ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਖੌਫ਼ਨਾਕ ਖੇਡ ਦਾ ਲੋਹਾ ਮੰਨਵਾਉਣ ਲਈ ਗਿਆ ।

ਕੈਡਮੀ ਐਬਟਸਫੋਰਡ ਲਈ ਡਾਲਰਾਂ ਦੇ ਦੇਸ਼ ਕੈਨੇਡਾ ਖੇਡਣ ਗਿਆ

ਇਸੇ ਸਾਲ ਪਿੰਡ ਧਨਾਸ ਦੇ ਖੇਡ ਮੇਲੇ ਤੇ (Spinder Manana) ਸਪਿੰਦਰ ਨੂੰ ਸ੍ਰ. ਮਹਿੰਦਰ ਸਿੰਘ ਸੋਹਾਣਾ ਅਤੇ ਸ੍ਰ. ਕੇਵਲ ਸਿੰਘ ਘੋਲੂਮਾਜਰਾ ਵੱਲੋਂ ਬਲੀਨੋ ਕਾਰ ਦੇ ਸਨਮਾਨ ਨਾਲ ਨਿਵਾਜਿਆ ਗਿਆ । ਸੰਨ 2017 ਦੌਰਾਨ ਬਲਾਚੌਰ ਨੇੜੇ ਟੂਰਨਾਮੈਂਟ ‘ਚ ਖੇਡਦਿਆਂ ਸਪਿੰਦਰ ਦੇ ਸੱਜੇ ਗੋਡੇ ‘ਤੇ ਸੱਟ ਲੱਗ ਗਈ, ਅਪ੍ਰੇਸ਼ਨ ਕਰਵਾਉਣ ਤੋਂ ਬਾਅਦ ਇਹ ਸੱਟ ਛੇ ਮਹੀਨਿਆਂ ‘ਚ ਠੀਕ ਹੋਈ । ਜਿਸ ਕਾਰਨ ਉਸ ਦਾ ਪਹਿਲੀ ਵਾਰ ਯੰਗ ਕਬੱਡੀ ਕਲੱਬ ਵੱਲੋਂ ਕੈਨੇਡਾ ਸੀਜ਼ਨ ਖੇਡਣ ਦਾ ਮੌਕਾ ਅਜਾਈਂ ਹੀ ਚਲਾ ਗਿਆ ।

ਟੂਰਨਾਮੈਂਟਾਂ ਦਾ ਸਰਵੋਤਮ ਜਾਫੀ

ਸੰਨ 2018 ਦੌਰਾਨ ਸਪਿੰਦਰ ਸ਼ਹੀਦ ਭਗਤ ਸਿੰਘ ਅਕੈਡਮੀ ਐਬਟਸਫੋਰਡ ਲਈ ਡਾਲਰਾਂ ਦੇ ਦੇਸ਼ ਕੈਨੇਡਾ ਖੇਡਣ ਗਿਆ, ਉੱਥੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਉਹ ਦੋ ਟੂਰਨਾਮੈਂਟਾਂ ਦਾ ਸਰਵੋਤਮ ਜਾਫੀ ਬਣਨ ਦੇ ਨਾਲ-ਨਾਲ ਪੂਰੇ ਕੈਨੇਡਾ ਸੀਜ਼ਨ ਦਾ ਵੀ ਦੂਸਰੇ ਨੰਬਰ ਦਾ ਬੈਸਟ ਜਾਫੀ ਐਲਾਨਿਆ ਗਿਆ । ਇਸੇ ਵਰ੍ਹੇ ਉਸਨੂੰ ਨਾਨਕਸਰ ਕਲੇਰਾਂ ਦੇ ਖੇਡ ਮੇਲੇ ਤੇ ਸ਼ਹੀਦ ਭਗਤ ਸਿੰਘ ਕਲੱਬ ਐਬਟਸਫੋਰਡ (ਕੈਨੇਡਾ) ਵੱਲੋਂ ਬੁਲਟ ਨਾਲ ਮਾਣ ਸਨਮਾਨ ਦਿੱਤਾ ਗਿਆ ।

ਆਪਣੇ ਖੇਡ ਸਫਰ ਦੌਰਾਨ ਮਾਪਿਆਂ ਤੋਂ ਮਿਲੇ ਸਹਿਯੋਗ ਨੂੰ ਆਪਣੀ ਜ਼ਿੰਦਗੀ ਦਾ ਵੱਡਮੁੱਲਾ ਯੋਗਦਾਨ ਮੰਨਣ ਵਾਲੇ ਸਪਿੰਦਰ ਨੇ ਇਸੇ ਸਾਲ ਆਪਣੇ ਸਤਿਕਾਰਯੋਗ ਮਾਤਾ-ਪਿਤਾ ਦਾ ਨਾਂਅ ਹਮੇਸ਼ਾ ਲਈ ਆਪਣੇ ਜੁੱਸੇ ‘ਤੇ ਖੁਣਵਾ ਲਿਆ । ਕੁੱਤੇ ਪਾਲਣ ਅਤੇ ਕ੍ਰਿਕਟ ਖੇਡਣ ਦਾ ਸ਼ੌਂਕ ਰੱਖਣ ਵਾਲਾ ਸਪਿੰਦਰ ਲਗਾਤਾਰ ਪੰਜ ਸਾਲ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਕੈਡਮੀ ਮੋਹਾਲੀ ਲਈ ਧੜੱਲੇਦਾਰ ਖੇਡ ਵਿਖਾਉਣ ਤੋਂ ਬਾਅਦ 2018 ਵਿੱਚ ਹੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਝੰਡੇ ਹੇਠ ਖੇਡਣ ਵਾਲੇ ਬਾਬਾ ਸੁਖਚੈਨਆਣਾ ਕਬੱਡੀ ਕਲੱਬ ਫਗਵਾੜਾ ਦਾ ਮੈਂਬਰ ਬਣ ਗਿਆ।

ਫਿਲਮੀ ਸਿਤਾਰੇ ਦੀ ਦਿੱਖ ਵਰਗੇ ਜੁੱਸੇ ਵਾਲਾ ਸਪਿੰਦਰ

ਕਿਸੇ ਫਿਲਮੀ ਸਿਤਾਰੇ ਦੀ ਦਿੱਖ ਵਰਗੇ ਜੁੱਸੇ ਵਾਲਾ (Spinder Manana) ਸਪਿੰਦਰ ਲੰਘੇ ਸਾਲ 2019 ਦੌਰਾਨ ਯੂਥ ਸਪੋਰਟਸ ਕਲੱਬ ਵੈਨਕੂਵਰ ਵੱਲੋਂ ਖੇਡਦਿਆਂ ਦੂਜੀ ਵਾਰ ਕੈਨੇਡਾ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲ ਜਿੱਤਣ ਵਿੱਚ ਕਾਮਯਾਬ ਰਿਹਾ । ਪੰਜਾਬ ਦੇ ਲੋਕਲ ਟੂਰਨਾਮੈਂਟ ਤੇ ਖੇਡਦਿਆਂ ਹੱਥ ਅਤੇ ਖੱਬੇ ਗੋਡੇ ‘ਤੇ ਸੱਟ ਲੱਗਣ ਕਾਰਨ ਉਹ 2019 ‘ਚ ਦੁਬਈ ਵਿਖੇ ਕਰਵਾਏ ਗਏ ਕਬੱਡੀ ਮੇਲਿਆਂ ਦਾ ਹਿੱਸਾ ਬਣਨ ਤੋਂ ਵਾਂਝਾ ਰਹਿ ਗਿਆ । ਇਸੇ ਸਾਲ ਉਸਨੂੰ ਰੋਡਮਾਜਰਾ ਚੱਕਲਾ ਦੇ ਟੂਰਨਾਮੈਂਟ ‘ਤੇ ਜੋਤੀ ਅਟਵਾਲ ਕੈਨੇਡਾ ਵੱਲੋਂ ਬੁਲਟ ਨਾਲ ਸਨਮਾਨਿਆ ਗਿਆ ।

ਇੱਕ ਬਲੀਨੋ ਕਾਰ ਅਤੇ ਤਿੰਨ ਬੁਲਟ ਵੱਖ-ਵੱਖ ਟੂਰਨਾਮੈਂਟਾਂ ‘ਤੇ ਸਨਮਾਨ ਵਜੋਂ ਹਾਸਲ ਕਰਨ ਵਾਲਾ ਸਪਿੰਦਰ

ਇੱਕ ਬਲੀਨੋ ਕਾਰ ਅਤੇ ਤਿੰਨ ਬੁਲਟ ਵੱਖ-ਵੱਖ ਟੂਰਨਾਮੈਂਟਾਂ ‘ਤੇ ਸਨਮਾਨ ਵਜੋਂ ਹਾਸਲ ਕਰਨ ਵਾਲਾ (Spinder Manana) ਸਪਿੰਦਰ ਆਪਣੀ ਬਾ-ਕਮਾਲ ਖੇਡ ਦੀ ਬਦੌਲਤ ਭਿੰਨ-ਭਿੰਨ ਟੂਰਨਾਮੈਂਟਾਂ ‘ਤੇ ਸਰਵੋਤਮ ਜਾਫੀ ਬਣਕੇ ਹੁਣ ਤੱਕ ਤਿੰਨ ਬੁਲਟ, 31 ਮੋਟਰਸਾਈਕਲ, ਇੱਕ ਘੋੜਾ ਪਿੰਡ ਘੜੂੰਆਂ (ਰੋਪੜ੍ਹ) ਤੋਂ, ਇੱਕ ਮੱਝ ਪਿੰਡ ਨੰਦਪੁਰ ਕਲੌੜ (ਸ੍ਰੀ ਫ਼ਤਹਿਗੜ੍ਹ ਸਾਹਿਬ) ਤੋਂ, ਇੱਕ ਸੋਨੇ ਦਾ ਕੜਾ ਪਿੰਡ ਮਾਣਕਾ (ਫਗਵਾੜਾ) ਤੋਂ ਅਤੇ ਅਣਗਿਣਤ ਵਾਰੀ ਸੋਨੇ ਦੀਆਂ ਮੁੰਦੀਆਂ, ਫਰਿੱਜ, ਕੂਲਰ, ਟੈਲੀਵਿਜ਼ਨ, ਵਾਸ਼ਿੰਗ ਮਸ਼ੀਨਾਂ ਤੇ ਨਕਦ ਰਾਸ਼ੀ ਜਿੱਤ ਚੁੱਕਿਆ ਹੈ । ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹਰ ਦਿਲ ਅਜੀਜ਼ ਕਬੱਡੀ ਦਾ ਐਕਟਰ ਸਪਿੰਦਰ ਮਨਾਣਾ ਆਪਣੀ ਜ਼ਿੰਦਗੀ ਦੇ ਹਰੇਕ ਮਿਸ਼ਨ ਵਿੱਚ ਫਤਿਹ ਹਾਸਲ ਕਰੇ ਅਤੇ ਜੁਗ-ਜੁਗ ਜੀਵੇ।

ਪ੍ਰੋਫੈਸਰ ਗੁਰਸੇਵ ਸਿੰਘ ‘ਸੇਵਕ ਸ਼ੇਰਗੜ੍ਹ’
(ਸਰਕਾਰੀ ਮਹਿੰਦਰਾ ਕਾਲਜ ਪਟਿਆਲਾ), +91 94642 25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.