ਕਾਂਗੜ ਦੇ ਜਵਾਈ ਨੂੰ ਮਿਲੀ ‘ਰਹਿਮ ਨੌਕਰੀ’, ਪਰਗਟ ਸਿੰਘ ਨੇ ਦੱਸਿਆ ਗਲਤ ਫੈਸਲਾ, ਕੀਤਾ ਵਿਰੋਧ

0
180

ਪੰਜਾਬ ਕੈਬਨਿਟ ਦੀ ਮੀਟਿੰਗ ’ਚ ਗੁਰਸ਼ੇਰ ਸਿੰਘ ਨੂੰ ਐਕਸਾਇਜ਼ ਇੰਸਪੈਕਰ ਲਗਾਉਣ ’ਤੇ ਲੱਗੀ ਮੁਹਰ

  •  ਇੱਕ ਕੈਬਨਿਟ ਮੰਤਰੀ ਨੇ ਵੀ ਮੀਟਿੰਗ ਦੌਰਾਨ ਜਤਾਇਆ ਇਤਰਾਜ਼

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕੈਬਨਿਟ ਮੰਤਰੀ ਅਤੇ ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਪੰਜਾਬ ਸਰਕਾਰ ਨੇ ਰਹਿਮ ਦੇ ਆਧਾਰ ’ਤੇ ਐਕਸਾਈਜ ਇੰਸਪੈਕਟਰ ਦੀ ਨੌਕਰੀ ਦੇ ਦਿੱਤੀ ਹੈ ਇਸ ਨੌਕਰੀ ਨੂੰ ਲੈ ਕੇ ਵਿਰੋਧੀ ਧਿਰਾਂ ਤਾਂ ਵਿਰੋਧ ਕਰ ਹੀ ਰਹੀਆ ਸਨ ਪਰ ਹੁਣ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਸਣੇ ਪਾਰਟੀ ਪੱਧਰ ‘ਤੇ ਵੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਇਸ ਬਾਵਜੂਦ ਇਸਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੈਬਨਿਟ ਮੀਟਿੰਗ ਵਿੱਚ ਇਸ ਏਜੰਡੇ ਨੂੰ ਪੇਸ਼ ਕਰਦੇ ਹੋਏ ਪਾਸ ਕਰ ਦਿੱਤਾ ਗਿਆ ਹੈ। ਗੁਰਸ਼ੇਰ ਸਿੰਘ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ 2 ਵਿਧਾਇਕਾਂ ਦੇ ਪੁੱਤਰਾਂ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜਦੋਂ ਕਾਫ਼ੀ ਜਿਆਦਾ ਹੰਗਾਮਾ ਹੋਇਆ ਤਾਂ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਦੋਂ ਕਿ ਰਾਕੇਸ਼ ਪਾਂਡੇ ਦੇ ਪੁੱਤਰ ਵਲੋਂ ਤਹਿਸੀਲਦਾਰ ਦੀ ਨੌਕਰੀ ਲਈ ਹਾਮੀ ਭਰ ਦਿੱਤੀ ਗਈ ਹੈ।

ਕੈਬਨਿਟ ਮੀਟਿੰਗ ਵਿੱਚ ਜਦੋਂ ਗੁਰਸ਼ੇਰ ਸਿੰਘ ਨੂੰ ਨੌਕਰੀ ਦੇਣ ਬਾਰੇ ਫੈਸਲਾ ਕੀਤਾ ਜਾ ਰਿਹਾ ਸੀ ਤਾਂ ਇੱਕ ਕੈਬਨਿਟ ਮੰਤਰੀ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਕੈਬਨਿਟ ਮੀਟਿੰਗ ਤੋਂ ਬਾਅਦ ਵੀ ਕੈਬਨਿਟ ਮੰਤਰੀ ਵਲੋਂ ਕਿਹਾ ਗਿਆ ਕਿ ਵਿਧਾਇਕਾਂ ਅਤੇ ਮੰਤਰੀਆਂ ਦੇ ਪੁੱਤਰ-ਦਾਮਾਦ ਨੂੰ ਸਰਕਾਰੀ ਨੌਕਰੀ ਦੇਣਾ ਗਲਤ ਹੈ। ਇਸ ਸਮੇਂ ਆਮ ਜਨਤਾ ਨਾਲ ਕੀਤੇ ਗਏ ਵਾਅਦੇ ਪੂਰਾ ਕਰਨ ਦਾ ਸਮਾਂ ਹੈ ਪਰ ਅਸੀਂ ਉਲਟ ਪਾਸੇ ਚਲ ਰਹੇ ਹਾਂ, ਜਿਸ ਨਾਲ ਪੰਜਾਬ ਵਿੱਚ ਗਲਤ ਸੁਨੇਹਾ ਜਾਏਗਾ।

ਪਰਗਟ ਸਿੰਘ ਨੇ ਵੀ ਕੀਤਾ ਵਿਰੋਧ, ਨੌਕਰੀ ਦੇਣਾ ਗਲਤ

ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਵਿਧਾਇਕਾਂ ਦੇ ਪੁੱਤਰਾਂ ਅਤੇ ਮੰਤਰੀਆਂ ਦੇ ਦਾਮਾਦ ਨੂੰ ਇਸ ਤਰਾਂ ਸਰਕਾਰੀ ਨੌਕਰੀ ਦੇਣਾ ਗਲਤ ਹੈ। ਉਹ ਪਹਿਲਾਂ ਵੀ ਇਸ ਦਾ ਵਿਰੋਧ ਕਰਦੇ ਆਏ ਹਨ ਅਤੇ ਹੁਣ ਵੀ ਵਿਰੋਧ ਹੀ ਕਰਦੇ ਹਨ। ਉਨਾਂ ਕਿਹਾ ਕਿ ਇਸ ਤਰਾਂ ਨੌਕਰੀਆਂ ਵੰਡਣ ਨਾਲ ਪਾਰਟੀ ਬਾਰੇ ਆਮ ਲੋਕਾਂ ਵਿੱਚ ਕਾਫ਼ੀ ਜਿਆਦਾ ਬੂਰਾ ਪ੍ਰਭਾਵ ਪੈਦਾ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈ।

ਨਿਯਮਾਂ ਅਨੁਸਾਰ 1 ਸਾਲ ਅੰਦਰ ਮੰਗਣੀ ਸੀ ਨੌਕਰੀ ਪਰ 8 ਸਾਲ ਬਾਅਦ ਦਿੱਤੀ ਅਰਜ਼ੀ

ਸਰਕਾਰੀ ਨਿਯਮਾਂ ਅਨੁਸਾਰ ਵੀ ਸਰਕਾਰੀ ਨੌਕਰੀ ਦੇਣ ਦਾ ਮਾਮਲਾ ਕਾਫ਼ੀ ਜਿਆਦਾ ਉਲਝਿਆ ਪਿਆ ਹੈ। ਜਿਸ ਕਾਰਨ ਹੀ ਇਸ ਨੌਕਰੀ ਲਈ ਕੈਬਨਿਟ ਮੀਟਿੰਗ ਵਿੱਚ ਲੈ ਜਾ ਕੇ ਫੈਸਲਾ ਕਰਨਾ ਪਿਆ। ਗੁਰਸ਼ੇਰ ਸਿੰਘ ਦੇ ਪਿਤਾ ਭੂਪਜੀਤ ਸਿੰਘ ਦਾ 28 ਸਤੰਬਰ, 2011 ਨੂੰ ਦਿਹਾਂਤ ਹੋ ਗਿਆ ਸੀ। ਉਹ ਐਕਸਾਈਜ਼ ਵਿਭਾਗ ਵਿੱਚ ਹੀ ਤੈਨਾਤ ਸਨ ਪਰ ਉਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਸਮੇਂ ਉਸ ਸਮੇਂ ਨੌਕਰੀ ਲੈਣ ਦੀ ਕੋਈ ਅਰਜ਼ੀ ਨਹੀਂ ਦਿੱਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਮਰਹੂਮ ਭੁਪਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਨੇ 26 ਜੂਨ, 2020 ਨੂੰ ਦਿੱਤੀ ਅਰਜ਼ੀ ਰਾਹੀਂ (ਆਪਣੇ ਪਤੀ ਦੀ ਮੌਤ ਤੋਂ 8 ਸਾਲ ਬਾਅਦ) ਇਹ ਬੇਨਤੀ ਕੀਤੀ ਸੀ ਕਿ ਉਸ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ। ਜਦੋਂ ਕਿ ਨਿਯਮਾਂ ਅਨੁਸਾਰ ਮੌਤ ਤੋਂ ਬਾਅਦ ਇੱਕ ਸਾਲ ਦੇ ਅੰਦਰ ਅੰਦਰ ਨੌਕਰੀ ਲਈ ਆਰਜ਼ੀ ਦਿੱਤੀ ਜਾਣੀ ਜਰੂਰੀ ਹੈ ਨਹੀਂ ਤਾਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਜਾ ਸਕਦੀ ਹੈ। ਇਥੇ ਹੀ ਜੇਕਰ ਕੋਈ ਵੱਡਾ ਕਾਰਨ ਹੋਵੇ ਅਤੇ ਉਸ ਕਾਰਨ ਨੂੰ ਸਰਕਾਰ ਸਵੀਕਾਰ ਕਰ ਲਵੇ ਤਾਂ ਵੀ 5 ਸਾਲ ਦੇ ਅੰਦਰ ਹੀ ਅਰਜ਼ੀ ਦੇਣੀ ਹੁੰਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ