ਕਿਉਂ ਨਾ ਅਸੀਂ ਪਹਿਲਾਂ ਆਪਣੇ ਅੰਦਰ ਦੇ ਰਾਵਣ ਨੂੰ ਮਾਰੀਏ?

0
185
kill, Ravana,  Ourselves, First

ਹਰਪ੍ਰੀਤ ਸਿੰਘ ਬਰਾੜ  

ਰਾਵਣ ਨੂੰ ਹਰਾਉਣ ਲਈ ਪਹਿਲਾਂ ਖੁਦ ਰਾਮ ਬਣਨਾ ਪੈਂਦਾ ਹੈ। ਵਿਜੈ ਦਸ਼ਮੀ ਯਾਨੀ ਦਸਹਿਰੇ ਦਾ ਦਿਨ ਬੁਰਾਈ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਉਹ ਜਿੱਤ ਜੋ ਰਾਮ ਨੇ ਬੁਰਾਈ ਦੇ ਨੁਮਾਇੰਦੇ ਰਾਵਣ ‘ਤੇ ਹਾਸਲ ਕੀਤੀ, ਉਹ ਰਾਵਣ ਜੋ ਬੁਰਾਈ ਦਾ, ਅਧਰਮ ਦਾ, ਹੰਕਾਰ ਅਤੇ ਪਾਪ ਦਾ ਪ੍ਰਤੀਕ ਹੈ। ਉਹ ਜਿੱਤ ਜਿਸ ਨੇ ਪਾਪ ਦੀ ਸਲਤਨਤ ਦਾ ਨਾਸ਼ ਕੀਤਾ। ਪਰ ਕੀ ਬੁਰਾਈ ਹਾਰ ਗਈ? ਯੁੱਗਾਂ ਤੋਂ ਹਰੇਕ ਸਾਲ ਪੂਰੇ ਦੇਸ਼ ਵਿਚ ਰਾਵਣ ਦਾ ਪੁਤਲਾ ਸਾੜ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਜੇਕਰ ਰਾਵਣ ਕਈ ਸਾਲ ਪਹਿਲਾਂ ਮਰ ਗਿਆ ਤਾਂ ਫਿਰ ਉਹ ਅੱਜ ਵੀ ਸਾਡੇ ਵਿਚਕਾਰ ਜਿਉਂਦਾ ਕਿਵੇਂ ਹੈ? ਜੇਕਰ ਰਾਵਣ ਦਾ ਨਾਸ਼ ਹੋ ਗਿਆ ਸੀ ਤਾਂ ਫਿਰ ਉਹ ਕੌਣ ਹੈ ਜਿਸ ਨੇ ਪਿੱਛੇ ਜਿਹੇ ਇਕ ਸੱਤ ਸਾਲ ਦੇ ਮਾਸੂਮ ਦੀ ਬੇਰਹਿਮੀ ਨਾਲ ਜਾਨ ਲੈ ਕੇ ਇੱਕ ਮਾਂ ਦੀ ਗੋਦ ਉਜਾੜ ਦਿੱਤੀ? ਉਹ ਕੌਣ ਹੈ ਜੋ ਆਏ ਦਿਨ ਸਾਡੀਆਂ ਬੱਚੀਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ? ਉਹ ਕੌਣ ਹੈ ਜੋ ਸਾਡੀਆਂ ਧੀਆਂ ਨੂੰ ਦਹੇਜ ਲਈ ਮਾਰ ਦਿੰਦਾ ਹੈ? ਉਹ ਕੌਣ ਹੈ ਜੋ ਪੈਸੇ, ਪਹੁੰਚ ਅਤੇ ਪਹਿਚਾਣ ਦੇ ਦਮ ‘ਤੇ ਕਿਸੇ ਹੋਰ ਦਾ ਹੱਕ ਮਾਰ ਕੇ ਉਸਦੀ ਥਾਂ ਨੌਕਰੀ ਲੈ ਲੈਂਦਾ ਹੈ? ਉਹ ਕੌਣ ਹੈ ਜੋ ਸਰਕਾਰੀ ਅਹੁਦੇ ਦਾ ਗਲਤ ਇਸਤੇਮਾਲ ਕਰਕੇ ਭ੍ਰਿਸ਼ਟਾਚਾਰ ਨੂੰ ਹੁੰਗਾਰਾ ਦਿੰਦਾ ਹੈ? ਉਹ ਕੌਣ ਹੈ ਜੋ ਕਿਸੇ ਹਾਦਸੇ ‘ਚ ਫੱਟੜਾਂ ਦੇ ਦਰਦ  ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਨੂੰ ਹਸਪਤਾਲ ਲਿਜਾਣ ਦੀ ਥਾਂ, ਘਟਨਾ ਦੀ ਵੀਡੀਓ ਬਣਾਉਣਾ ਜ਼ਿਆਦਾ ਜਰੂਰੀ ਸਮਝਦਾ ਹੈ?

ਇੱਕ ਰਾਵਣ ਉਹ ਸੀ ਜਿਸ ਨੇ ਕਰੜੀ ਤਪੱਸਿਆ ਕਰਕੇ ਪਰਮਾਤਮਾ ਤੋਂ ਸ਼ਕਤੀਆਂ ਹਾਸਲ ਕੀਤੀਆਂ ਅਤੇ ਇਨ੍ਹਾਂ ਸ਼ਕਤੀਆਂ ਦੇ ਗਲਤ ਇਸਤੇਮਾਲ ਨਾਲ ਆਪਣੀ ਪਾਪ ਦੀ ਲੰਕਾ ਖੜ੍ਹੀ ਕੀਤੀ। ਅਤੇ ਇਕ ਅੱਜ ਦਾ ਰਾਵਣ ਹੈ ਜੋ ਪੈਸੇ, ਅਹੁਦੇ, ਸਰਕਾਰੀ ਵਰਦੀ ਰੂਪੀ ਸ਼ਕਤੀਆਂ ਨੂੰ ਹਾਸਲ ਕਰਕੇ ਉਨ੍ਹਾਂ ਦੇ ਗਲਤ ਇਸਤੇਮਾਲ ਨਾਲ ਪੂਰੇ ਸਮਾਜ ਨੂੰ ਹੀ ਪਾਪ ਦੀ ਲੰਕਾ ਵਿਚ ਬਦਲ ਰਿਹਾ ਹੈ।

ਕੀ ਇਹ ਰਾਵਣ ਨਹੀਂ ਹੈ ਜੋ ਅੱਜ ਵੀ ਸਾਡੇ ਹੀ ਅੰਦਰ ਸਾਰੇ ਸਮਾਜ ਵਿਚ ਜਿਉੁਂਦਾ ਹੈ? ਅਸੀਂ ਬਾਹਰ ਉਸਦਾ ਪੁਤਲਾ ਸਾੜਦੇ ਹਾਂ ਪਰ ਆਪਣੇ ਅੰਦਰ ਉਸ ਨੂੰ ਪਾਲਦੇ ਵੀ ਹਾਂ। ਸਿਰਫ ਉਸਨੂੰ ਪਾਲਦੇ ਹੀ ਨਹੀਂ ਸਗੋਂ ਅੱਜ-ਕੱਲ੍ਹ ਤਾਂ ਸਾਨੂੰ ਰਾਮ ਤੋਂ ਜ਼ਿਆਦਾ ਰਾਵਣ ਆਪਣੇ ਵੱਲ ਖਿੱਚਣ ਲੱਗ ਗਿਆ ਹੈ।

ਸਾਡੇ ਸਮਾਜ ਵਿਚ ਅੱਜ ਰਾਮ ਦੀ ਥਾਂ ਰਾਵਣ ਦੀ ਸੰਘਿਆ ਜ਼ਿਆਦਾ ਸਟੀਕ ਬੈਠ ਰਹੀ ਹੈ। ਕਿਸੇ ਸਾਜ਼ਿਸ਼ ਦੇ ਅਧੀਨ ਸਾਡੇ ਸਮਾਜ ਦੀਆਂ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦੀ ਮੂਲ ਵਿਚਾਰਧਾਰਾ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਬਦਣਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੁਰਾਈ, ਹੰਕਾਰ, ਅਧਰਮ ਦਾ ਪ੍ਰਤੀਕ ਰਾਵਣ ਅੱਜ ਤੱਕ ਇਸ ਲਈ ਜਿਉਂਦਾ ਹੈ, ਕਿਉਂਕਿ ਅਸੀਂ ਉਸ ਨੂੰ ਸਾੜਣ ਦੀ ਥਾਂ, ਉਸਦੇ ਪ੍ਰਤੀਕ ਸਿਰਫ ਇੱਕ ਪੁਤਲੇ ਨੂੰ ਸਾੜਦੇ ਹਾਂ। ਹਾਲਾਂਕਿ ਜੇਕਰ ਅਸੀਂ ਰਾਵਣ ਦਾ ਵਾਕਈ ਨਾਸ਼ ਕਰਨਾ ਹੈ ਤਾਂ ਸਾਨੂੰ ਪੁਤਲੇ ਦੀ ਥਾਂ ਰਾਵਣ ਨੂੰ ਹੀ ਸਾੜਨਾ ਪਵੇਗਾ।

ਉਹ ਰਾਵਣ ਜੋ ਸਾਡੇ ਹੀ ਅੰਦਰ ਹੈ ਲਾਲਚ ਦੇ ਰੂਪ ‘ਚ, ਝੂਠ ਬੋਲਣ ਦੀ ਆਦਤ ਦੇ ਰੂਪ ‘ਚ, ਹੰਕਾਰ ਦੇ ਰੂਪ ‘ਚ, ਸਵਾਰਥ ਦੇ ਰੂਪ ‘ਚ, ਆਲਸ ਦੇ ਰੂਪ ‘ਚ, ਅਹੁਦੇ ਅਤੇ ਪੈਸੇ ਦੀ ਤਾਕਤ ਦੇ ਰੂਪ ‘ਚ, ਅਜਿਹੇ ਹੋਰ ਕਿੰਨੇ ਹੀ ਰੂਪ ਹਨ ਜਿਨ੍ਹਾਂ ‘ਚ ਲੁਕ ਕੇ ਰਾਵਣ ਸਾਡੇ ਅੰਦਰ ਰਹਿੰਦਾ ਹੈ, ਸਾਨੂੰ ਇਨ੍ਹਾਂ ਸਾਰੇ ਰਾਵਣਾਂ ਨੂੰ ਸਾੜਨਾ ਪਵੇਗਾ। ਇਨ੍ਹਾਂ ਦਾ ਨਾਸ਼ ਅਸੀਂ ਕਰ ਸਕਦੇ ਹਾਂ ਅਤੇ ਸਾਨੂੰ ਹੀ ਕਰਨਾ ਵੀ ਪਵੇਗਾ।

ਜਿਸ ਤਰ੍ਹਾਂ ਹਨ੍ਹੇਰੇ ਦਾ ਨਾਸ਼ ਕਰਨ ਲਈ ਇੱਕ ਛੋਟਾ ਜਿਹਾ ਦੀਵਾ ਹੀ ਕਾਫੀ ਹੈ, ਉਸੇ ਤਰ੍ਹਾਂ ਸਾਡੇ ਸਮਾਜ ਵਿਚ ਲੁਕੇ ਇਸ ਰਾਵਣ ਦਾ ਨਾਸ਼ ਕਰਨ ਲਈ ਇੱਕ ਸੋਚ ਹੀ ਕਾਫੀ ਹੈ। ਜੇਕਰ ਅਸੀਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਸਕਾਰੀ ਬਣਾਵਾਂਗੇ, ਉਨ੍ਹਾਂ ਨੂੰ ਨੈਤਿਕਤਾ ਦਾ ਗਿਆਨ ਦੇਵਾਂਗੇ, ਖੁਦ ਰਾਮ ਬਣ ਕੇ ਉਨ੍ਹਾਂ ਦੇ ਅੱਗੇ ਮਿਸਾਲ ਪੇਸ਼ ਕਰਾਂਗੇ ਤਾਂ ਐਨੇ ਸਾਰੇ ਰਾਮਾਂ ਵਿਚ ਕੀ ਰਾਵਣ ਟਿਕ ਪਾਵੇਗਾ?

ਕਿਉਂ ਅਸੀਂ ਪੂਰਾ ਇੱਕ ਸਾਲ ਰਾਵਣ ਨੂੰ ਸਾੜ ਕੇ ਮਾਰਨ ਲਈ ਇੰਤਜ਼ਾਰ ਕਰਦੇ ਹਾਂ? ਉਹ ਸਤਿਯੁਗ ਸੀ ਜਦੋਂ ਇੱਕ ਹੀ ਰਾਵਣ ਸੀ ਪਰ ਅੱਜ ਕਲਿਯੁਗ ਹੈ ਅੱਜ ਅਨੇਕਾਂ ਰਾਵਣ ਹਨ। ਉਸ ਰਾਵਣ ਦੇ ਦਸ ਸਿਰ ਸਨ ਪਰ ਹਰੇਕ ਸਿਰ ਦਾ ਇੱਕੋ ਚਿਹਰਾ ਸੀ ਜਦਕਿ ਅੱਜ ਦੇ ਰਾਵਣ ਦਾ ਸਿਰ ਭਾਵੇਂ ਇੱਕੋ ਹੈ ਪਰ ਚਿਹਰੇ ਅਨੇਕਾਂ ਹਨ। ਚਿਹਰੇ ‘ਤੇ ਚਿਹਰੇ ਹਨ, ਜੋ ਨਕਾਬਾਂ ਪਿੱਛੇ ਛੁਪੇ ਹੋਏ ਹਨ। ਇਸੇ ਲਈ ਇਨ੍ਹਾਂ ਦੇ ਖਾਤਮੇ ਲਈ ਸਿਰਫ ਇੱਕ ਦਿਨ ਹੀ ਕਾਫੀ ਨਹੀਂ ਹੈ। ਇਨ੍ਹਾਂ ਨੂੰ ਰੋਜ਼ ਮਾਰਨਾ ਸਾਨੂੰ ਆਪਣੀ ਰੋਜ਼ਾਨਾ ਦੀ ਜਿੰਦਗੀ ‘ਚ ਸ਼ਾਮਲ ਕਰਨਾ ਪਵੇਗਾ। ਉਸ ਰਾਵਣ ਨੂੰ ਰਾਮ ਨੇ ਤੀਰ ਨਾਲ ਮਾਰਿਆ ਸੀ, ਅੱਜ ਸਾਨੂੰ ਸਭ ਨੂੰ ਰਾਮ ਬਣ ਕੇ ਅੱਜ ਦੇ ਰਾਵਣ ਨੂੰ ਸੰਸਕਾਰਾਂ ਨਾਲ, ਗਿਆਨ ਨਾਲ ਅਤੇ ਆਪਣੀ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਮਾਰਨਾ ਪਵੇਗਾ।

ਮੇਨ ਏਅਰ ਫੋਰਸ ਰੋਡ, ਬਠਿੰਡਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।