ਕਿਸਾਨ ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ ਜਲੰਧਰ ਰੇਲਵੇ ਲਾਈਨ ‘ਤੇ ਲਾਇਆ ਧਰਨਾ

0
Farmers

ਪੰਜਾਬ ਭਰ ‘ਚ ਰੇਲਾਂ ਰੋਕੇ ਜਾਣ ਕਾਰਨ ਰੇਲਵੇ ਨੂੰ ਰੋਜ਼ਾਨਾ ਪਵੇਗਾ 45 ਕਰੋੜ ਦਾ ਘਾਟਾ

ਅੰਮ੍ਰਿਤਸਰ , (ਰਾਜਨ ਮਾਨ) ਕੇਂਦਰ ਵੱਲੋਂ ਜਾਰੀ ਖੇਤੀ ਸੋਧ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਅੱਜ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਜਿਸ ਤਹਿਤ ਅੰਮ੍ਰਿਤਸਰ ਜਲੰਧਰ ਰੇਲਵੇ ਟਰੈਕ ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਅਤੇ ਰੇਲਵੇ ਟਰੈਕ ਉੱਪਰ ਚਾਨਣੀਆਂ, ਕਨਾਤਾਂ ਲਗਾ ਕੇ ਬੈਠ ਗਏ

ਇਸ ਸਬੰਧੀ ਗੱਲ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਸਰਵਣ ਸਿੰਘ ਪੰਧੇਰ ਨੇ ਕਿਹਾ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਵੱਲੋਂ ਜਾਰੀ ਖੇਤੀ ਸੋਧ ਬਿੱਲਾਂ ਖ਼ਿਲਾਫ਼ ਅੱਜ ਤੋਂ ਤਿੰਨ ਦਿਨਾਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ ਅਤੇ ਕੱਲ੍ਹ 25 ਸਤੰਬਰ ਨੂੰ ‘ਪੰਜਾਬ ਬੰਦ’ ਤੋਂ ਬਾਅਦ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਉਨ੍ਹਾਂ ਕਿਹਾ ਖੇਤੀ ਸੋਧ ਬਿੱਲ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਆਮ ਜਨਤਾ ਲਈ ਵੀ ਬਹੁਤ ਘਾਤਕ ਹਨ, ਮੋਦੀ ਸਰਕਾਰ ਇਹ ਆਰਡੀਨੈਂਸ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ ਪੰਧੇਰ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਇੰਨ੍ਹਾਂ ਖੇਤੀ ਸੋਧ ਬਿੱਲਾਂ ਨੂੰ ਰੱਦ ਨਹੀਂ ਕਰਦੀ

ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ 40 ਲੇਬਰ ਐਕਟ ਖਤਮ ਕੀਤੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ ਇਨ੍ਹਾਂ ਆਰਡੀਨੈਂਸਾਂ ਦੇ ਮਾਮਲੇ ਵਿਚ ਸੁਖਬੀਰ ਬਾਦਲ ਉੱਪਰ ਵਾਰ ਕਰਦਿਆਂ ਕਿਹਾ ਕਿ ਉਹ ਆਪਣੀ ਸਥਿਤੀ ਸਪਸ਼ਟ ਕਰਨ ਕਿ ਉਹ ਇਨ੍ਹਾਂ ਖੇਤੀ ਸੋਧ ਬਿੱਲਾਂ ਦੇ ਨਾਲ ਸਹਿਮਤ ਹਨ ਜਾਂ ਨਹੀਂ, ਸਿਰਫ਼ ਬਿਆਨਬਾਜ਼ੀ ਨਾਲ ਕੰਮ ਨਹੀਂ ਹੁੰਦਾ

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਵਿਸ਼ੇ ਉੱਪਰ ਸਿਆਸਤ ਛੱਡ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਣ ਅਤੇ ਮੋਦੀ ਸਰਕਾਰ ਉਪਰ ਦਬਾਅ ਬਣਾ ਕੇ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾਇਆ ਜਾਵੇ ਪੰਧੇਰ ਨੇ ਕਿਹਾ ਕਿ ਰੇਲਾਂ ਜਾਮ ਕਰਨ ਦਾ ਉਦੇਸ਼ ਲੋਕਾਂ ਨੂੰ ਪਰੇਸ਼ਾਨ ਕਰਨਾ ਨਹੀਂ, ਇਸ ਤੋਂ ਇਲਾਵਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਹੋਰ ਕੋਈ ਤਰੀਕਾ ਨਹੀਂ ਰਿਹਾ ਇਸ ਮੌਕੇ ਉਨ੍ਹਾਂ ਨਾਲ ਸੈਂਕੜੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਮੌਜੂਦ ਸਨ

ਪੰਜਾਬ ਵਿੱਚ ਕਿਸਾਨੀ ਸੰਘਰਸ਼ ਦੌਰਾਨ ਰੇਲਾਂ ਬੰਦ ਹੋਣ ਕਰਕੇ ਰੇਲਵੇ ਵਿਭਾਗ ਨੂੰ ਕਰੀਬ 45 ਕਰੋੜ ਰੁਪਏ ਦਾ ਘਾਟਾ ਰੋਜ਼ਾਨਾ ਪੈ ਜਾਵੇਗਾ ਪੰਜਾਬ ਵਿੱਚ ਰੇਲ ਦੀਆਂ ਦੋ ਫ਼ਿਰੋਜਪੁਰ ਤੇ ਅੰਬਾਲਾ ਡਵੀਜ਼ਨਾਂ ਅਧੀਨ ਰੇਲਾਂ ਚੱਲਦੀਆਂ ਹਨ, ਇਨ੍ਹਾਂ ਡਵੀਜ਼ਨਾਂ ਵਿੱਚ ਭਾਵੇਂ ਕੋਵਿਡ-19 ਕਾਰਨ ਪਹਿਲਾਂ ਹੀ ਘਾਟਾ ਪਿਆ ਹੈ ਪਰ ਕਿਸਾਨਾਂ ਸੰਘਰਸ਼ ਦੇ ਚੱਲਦਿਆਂ ਰੇਲ ਨੂੰ ਵੱਡਾ ਘਾਟਾ ਪਵੇਗਾ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਚੱਲਣ ਵਾਲੀਆਂ ਮਾਲ ਗੱਡੀਆਂ ਵਿੱਚ ਪ੍ਰਤੀ ਮਾਲ ਗੱਡੀ 80 ਲੱਖ ਰੁਪਏ ਦੇ ਕਰੀਬ ਆਮਦਨ ਹੁੰਦੀ ਹੈ ਜਦ ਕਿ ਪਸੰਜਰ ਗੱਡੀਆਂ ਵਿੱਚ ਵੱਖਰੀ ਆਮਦਨ ਹੁੰਦੀ ਹੈ, ਫ਼ਿਰੋਜਪੁਰ ਡਵੀਜ਼ਨ ਵਿੱਚ 25 ਮਾਲ ਗੱਡੀਆਂ ਚੱਲ ਰਹੀਆਂ ਹਨ ਅਤੇ 14 ਪਸੰਜਰ ਗੱਡੀਆਂ ਚੱਲਦੀਆਂ ਹਨ

ਇਸੇ ਤਰ੍ਹਾਂ ਅੰਬਾਲਾ ਡਵੀਜ਼ਨ ਅਧੀਨ ਪੰਜਾਬ ਵਿੱਚ 11 ਮਾਲ ਗੱਡੀਆਂ ਤੇ 9 ਪਸੰਜਰ ਗੱਡੀਆਂ ਚੱਲਦੀਆਂ ਹਨ, 24 ਤੋਂ 26 ਸਤੰਬਰ ਤੱਕ ਪੰਜਾਬ ਵਿੱਚ ਚੱਲਣ ਵਾਲੀਆਂ ਰੇਲਾਂ ਦੇ ਖੜ੍ਹ ਜਾਣ ਕਰਕੇ ਰੇਲ ਵਿਭਾਗ ਨੂੰ ਸਿਰਫ਼ ਮਾਲ ਗੱਡੀਆਂ ਤੋਂ ਹੀ ਕਰੀਬ 29 ਕਰੋੜ ਰੁਪਏ ਰੋਜ਼ਾਨਾ ਘਾਟਾ ਪਵੇਗਾ ਇਸ ਤੋਂ ਇਲਾਵਾ ਪਸੰਜਰ ਗੱਡੀਆਂ ਤੋਂ ਵੀ ਵੱਡੀ ਵਿੱਤੀ ਘਾਟਾ ਰੇਲਵੇ ਨੂੰ ਪਵੇਗਾ ਰੇਲਵੇ ਦੇ ਉੱਚ ਅਧਿਕਾਰੀ ਅਨੁਸਾਰ ਪੰਜਾਬ ਵਿੱਚ ਅੰਬਾਲਾ ਦੇ ਰਸਤੇ ਦਾਖਲ ਹੋਣ ਵਾਲੀਆਂ ਰੇਲ ਗੱਡੀਆਂ ਉਨ੍ਹਾਂ ਨੇ ਪਹਿਲਾਂ ਹੀ ਰੋਕ ਲਈਆਂ ਹਨ, ਜਿਵੇਂ ਕਿ ਅੰਬਾਲਾ, ਮੁਰਾਦਾਬਾਦ, ਸਹਾਰਨਪੁਰ ਤੇ ਦਿੱਲੀ ਰੇਲਵੇ ਸਟੇਸ਼ਨਾਂ ‘ਤੇ ਹੀ ਪੰਜਾਬ ਜਾਣ ਵਾਲੀਆਂ ਰੇਲਾਂ ਰੋਕੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.