ਪਿਆਰ ਦੀਆਂ ਪੀਡੀਆਂ ਗੰਢਾਂ

ਪਿਆਰ ਦੀਆਂ ਪੀਡੀਆਂ ਗੰਢਾਂ

ਕੁਦਰਤ ਨੇ ਇਨਸਾਨ ਦਾ ਨਿਰਮਾਣ ਆਪਸੀ ਪੇ੍ਰਮ-ਪਿਆਰ ਦੀ ਗਲਵੱਕੜੀ ’ਚ ਬੱਝਦਿਆਂ, ਖੁਸ਼ੀਆਂ ਭਰਿਆ ਜੀਵਨ ਜਿਊਣ ਲਈ ਕੀਤਾ ਹੈ ਤਾਂ ਜੋ ਧਰਤੀ ਦੀ ਸੁੰਦਰਤਾ ਬਰਕਰਾਰ ਰਹੇ, ਭਾਈਚਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਫੁਲਵਾੜੀ ’ਚ ਖਿੜੇ, ਪਿਆਰ ਸਤਿਕਾਰ ਦੇ ਗੇਂਦੇ ਮਹਿਕਦੇ-ਟਹਿਕਦੇ ਰਹਿਣ।

ਪਰਸਪਰ ਦੂਰੀਆਂ ਅਤੇ ਨਫਰਤਾਂ ਪੈਦਾ ਕਰਨ ਵਾਲੇ ਵਿਚਾਰਾਂ ਤੋਂ ਬਚਣਾ ਅਤੇ ਉਨ੍ਹਾਂ ਨੂੰ ਸੰਪੂਰਨ ਰੂਪ ’ਚ ਤਿਆਗ ਦੇਣਾ, ਇਹ ਦੋਵੇਂ ਵੱਖ-ਵੱਖ ਗੱਲਾਂ ਹਨ। ਜੇਕਰ ਤੁਹਾਡੇ ਮਨ ’ਚ ਈਰਖਾ ਅਤੇ ਮਾੜੇ ਵਿਚਾਰ ਆਉਂਦੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਆਤਮ-ਸੁਝਾਅ ਨਾਲ ਦੂਰ ਰੱਖਣ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਦੂਸਰਿਆਂ ਨਾਲ ਵੈਰ-ਵਿਰੋਧ ਰੱਖਣ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਜਾਂ ਨਾ ਹੋਵੇ ਪਰ ਤੁਹਾਡਾ ਆਪਣਾ ਦਿਮਾਗ ਤਾਂ ਪੂਰਨ ਰੂਪ ’ਚ ਗੰਧਲਾ ਹੋ ਈ ਜਾਂਦਾ ਹੈ।

ਗੰਦੇ ਵਿਚਾਰਾਂ ਰੂਪੀ ਧੂੜ ਨਾਲ ਭਰਿਆ ਦੂਸ਼ਿਤ ਦਿਮਾਗ ਤੁਹਾਡਾ ਖੁਦ ਦਾ ਹੀ ਜਿਊਣਾ ਦੁੱਭਰ ਕਰ ਦਿੰਦਾ ਹੈ। ਅਜਿਹੇ ਹਾਲਾਤ ’ਚ ਤੁਹਾਨੂੰ ਦੂਸਰਿਆਂ ਨਾਲ ਘਿ੍ਰਣਾ ਹੋਣ ਲੱਗ ਪੈਂਦੀ ਹੈ। ਦੂਸਰਿਆਂ ਨਾਲ ਘਿ੍ਰਣਾ ਕਰਦੇ ਵੇਲੇ ਤੁਸੀਂ ਖੁਦ ਘਿ੍ਰਣਾ ਦੀ ਪ੍ਰਤੱਖ ਮੂਰਤ ਬਣ ਜਾਂਦੇ ਹੋ। ਕੀ ਕੋਇਲੇ ਦੀ ਕੋਠੜੀ ’ਚ ਵੜ ਕੇ ਕੋਈ ਕਾਲਖ ਲੱਗਣ ਤੋਂ ਬਚ ਸਕਦਾ ਹੈ?

ਆਦਮੀ ਕੋਲ ਅਸੀਮ ਸ਼ਕਤੀਆਂ ਹਨ ਜੋ ਉਸਦੇ ਉਸਾਰੂ ਅਤੇ ਰਚਨਾਤਮਕ ਕੰਮਾਂ ਲਈ ਉਪਯੋਗੀ ਸਿੱਧ ਹੋ ਸਕਦੀਆਂ ਹਨ। ਮੁਹੱਬਤਾਂ ਭਰੇ ਸੁੰਦਰ ਰਿਸ਼ਤਿਆਂ ਦੀ ਮਹਿਕਦੀ ਬਗੀਚੀ ਵਿੱਚ ਦੁਸ਼ਮਣੀ ਅਤੇ ਨਫਰਤ ਦੇ ਕੰਡੇ ਬੀਜ ਕੇ ਉਨ੍ਹਾਂ ਅਮੁੱਲ ਸ਼ਕਤੀਆਂ ਨੂੰ ਵਿਅਰਥ ਗਵਾਉਣਾ ਭਲਾ ਕਿੱਧਰ ਦੀ ਸਿਆਣਪ ਹੈ? ਬਿਗਾਨੇ ਲੋਕਾਂ ਤੋਂ ਆਪਣਿਆਂ ਪ੍ਰਤੀ ਸੁਣੀਆਂ, ਦਿਲਾਂ ’ਚ ਦੂਰੀਆਂ ਪੈਦਾ ਕਰਨ ਵਾਲੀਆਂ ਗੱਲਾਂ, ਜੇਕਰ ਅਸੀਂ ਕੰਨਾਂ ’ਚ ਪਾ ਲੈਂਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਵਿਰੋਧੀ ਭਾਵਨਾਵਾਂ ਦੇ ਕੀੜੇ ਕੁਰਬਲ-ਕੁਰਬਲ ਕਰਨ ਲੱਗ ਪੈਂਦੇ ਹਨ।

ਜੇਕਰ ਤੁਸੀਂ ਇੱਕ ਵੇਰ ਕਿਸੇ ਨੂੰ ਮੁਆਫ ਕਰਨਾ ਸਿੱਖ ਜਾਂਦੇ ਹੋ ਤਾਂ ਤੁਸੀਂ ਨਾ ਤਾਂ ਦੂਸਰਿਆਂ ਉੱਪਰ ਕਚੀਚੀਆਂ ਵੱਟੋਗੇ ਅਤੇ ਨਾ ਹੀ ਰਾਤਾਂ ਨੂੰ ਬੁੜਬੁੜਾ ਕੇ ਉੱਠੋਗੇ। ਦੂਸਰਿਆਂ ਪ੍ਰਤੀ ਈਮਾਨਦਾਰੀ ਭਰਿਆ ਦਿ੍ਰਸ਼ਟੀਕੋਣ ਅਪਣਾ ਕੇ ਜਿਹੜਾ ਬੰਦਾ ਪਿਆਰ ਅਤੇ ਖੁਸ਼ੀਆਂ ਵੰਡਦਾ ਹੈ, ਉਹ ਭਾਵੇਂ ਸੰਸਾਰਿਕ ਰੂਪ ’ਚ ਕਿੰਨਾ ਵੀ ਸਧਾਰਨ ਆਦਮੀ ਕਿਉਂ ਨਾ ਹੋਵੇ ਪਰ ਉਸ ਦਾ ਮਹੱਤਵ ਕਿਸੇ ਖਾਸ ਤੋਂ ਘੱਟ ਨਹੀਂ ਹੁੰਦਾ।
ਜਦੋਂ ਤੁਸੀਂ ਕਿਸੇ ਵੱਡੀ ਮੁਸ਼ਕਿਲ ’ਚ ਫਸੇ ਹੋਏ ਹੋਵੋ ਤਾਂ ਉਸ ਵੇਲੇ ਕਿਸੇ ਖੁਸ਼-ਮਿਜਾਜ ਮਿੱਤਰ ਨਾਲ ਤੁਹਾਡਾ ਮੇਲ ਹੋ ਜਾਵੇ ਤਾਂ ਪਲਾਂ ਅੰਦਰ ਹੀ ਤੁਹਾਡੀ ਜਿੰਦਗੀ ਦਾ ਸੁਆਦ ਬਦਲ ਜਾਂਦਾ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਇਹ ਕਿਵੇਂ ਹੋ ਜਾਂਦਾ ਹੈ?

ਜਿਨ੍ਹਾਂ ਦੁਚਿੱਤੀ ਭਰੇ ਵਿਚਾਰਾਂ ਨੇ, ਸੰਘਣੇ ਬੱਦਲਾਂ ਵਾਂਗ ਤੁਹਾਡੇ ਸੁੱਖਾਂ ਅਤੇ ਖੁਸ਼ੀਆਂ ਦੀ ਭਾਵਨਾ ਨੂੰ ਢੱਕ ਕੇ ਰੱਖਿਆ ਹੋਇਆ ਸੀ, ਉਨ੍ਹਾਂ ਨੂੰ ਖੁਸ਼-ਮਿਜ਼ਾਜ਼ ਆਦਮੀ ਦੇ ਠਹਾਕਾ ਲਾ ਕੇ ਹੱਸਣ ਅਤੇ ਮਾਮੂਲੀ ਹੌਂਸਲਾ ਅਫਜਾਈ ਨਾਲ ਅਜ਼ਾਦੀ ਮਿਲ ਜਾਂਦੀ ਹੈ। ਮਨ ਦਾ ਅਕਾਸ਼ ਸੰਘਣੇ ਬੱਦਲਾਂ ਤੋਂ ਸਾਫ ਹੋ ਜਾਂਦਾ ਹੈ। ਇਹ ਗੱਲ ਜੀਵਨ ਦੇ ਸਾਰੇ ਪਹਿਲੂਆਂ ’ਤੇ ਲਾਗੂ ਹੁੰਦੀ ਹੈ।

ਜੇਕਰ ਤੁਸੀਂ ਦਿਨ-ਰਾਤ ਖਿਝਦੇ ਹੀ ਰਹੋਗੇ ਤਾਂ ਦੁਖਦ ਵਿਚਾਰ ਤੁਹਾਡੇ ਦਿਮਾਗ ਵਿੱਚ ਪੂਰੀ ਤਰ੍ਹਾਂ ਜੜ੍ਹ ਫੜ੍ਹਦੇ ਰਹਿਣਗੇ। ਦੁਖਦ ਛਿਣਾਂ ਨੂੰ ਵਾਰ-ਵਾਰ ਯਾਦ ਕਰਨ ਨਾਲ ਉਹ ਤਾਜਾ ਹੁੰਦੇ ਰਹਿੰਦੇ ਹਨ। ਜਿਵੇਂ ਜ਼ਖਮ ਦੇ ਤਾਜਾ ਹੋਣ ਨਾਲ ਦਰਦ ਵਧ ਜਾਂਦੀ ਹੈ ਉਸੇ ਤਰ੍ਹਾਂ ਦੁਖਦ ਪਲਾਂ ਨੂੰ ਯਾਦ ਕਰਨ ਨਾਲ ਤੁਹਾਡੀਆਂ ਖੁਸ਼ੀਆਂ ਵੀ ਨਸ਼ਟ ਹੁੰਦੀਆਂ ਰਹਿੰਦੀਆਂ ਹਨ।

ਜੇਕਰ ਤੁਹਾਡੇ ਮਨ ’ਚ ਪਵਿੱਤਰਤਾ, ਦਿਆਲਤਾ ਅਤੇ ਸੱਚ ਦਾ ਚਾਨਣ ਰਹੇਗਾ ਤਾਂ ਘਟੀਆਂ ਸੋਚਾਂ ਲਈ ਏਥੇ ਕੋਈ ਜਗ੍ਹਾ ਹੀ ਨਹੀਂ ਬਚੇਗੀ ਅਤੇ ਜੀਵਨ ਦੀਆਂ ਉਸਾਰੂ ਸ਼ਕਤੀਆਂ, ਤਰੱਕੀ ਦਿਆਂ ਰਾਹਾਂ ਉੱਤੇ ਅੱਗੇ ਵਧਣ ਲਈ ਤੁਹਾਨੂੰ ਉਤਸ਼ਾਹਿਤ ਕਰਦੀਆਂ ਰਹਿਣਗੀਆਂ।
ਇਹ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ ਕਿ ਵਿਚਾਰਾਂ ਨਾਲ ਹੀ ਵਿਅਕਤੀਤਵ ਦਾ ਨਿਰਮਾਣ ਹੁੰਦਾ ਹੈ। ਆਕਰਸ਼ਕ ਵਿਅਕਤੀਤਵ ਵਾਲੇ ਨੂੰ ਹੀ ਸਫਲਤਾ ਹਾਸਲ ਹੁੰਦੀ ਹੈ। ਬਲਵਾਨ ਵਿਅਕਤੀਤਵ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਵਿਚਾਰ ਤੰਦਰੁਸਤ ਹੁੰਦੇ ਹਨ। ਮਨ ਨੂੰ ਮਾੜੇ ਵਿਚਾਰਾਂ ਤੋਂ ਮੁਕਤ ਕਰਨਾ ਹੀ ਜਰੂਰੀ ਨਹੀਂ, ਉਸ ਦੀ ਜਗ੍ਹਾ ਉੱਤਮ ਵਿਚਾਰ ਭਰਨਾ ਵੀ ਜਰੂਰੀ ਹੈ।

ਤੁਹਾਡਾ ਸਰੀਰ, ਤੁਹਾਡੇ ਦਿਮਾਗ ਦਾ ਪਰਛਾਵਾਂ ਹੈ। ਸੁੰਦਰ ਵਿਚਾਰਾਂ ਨਾਲ ਭਰੇ ਆਦਮੀ ਦਾ ਸਰੀਰ, ਫੁੱਲਾਂ ਦੀ ਮਹਿਕਦੀ ਫੁਲਵਾੜੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੁੰਦਾ। ਸੁੰਦਰ ਵਿਚਾਰ ਤੁਹਾਨੂੰ ਚੰਗੇ ਅਤੇ ਪ੍ਰਸੰਸਾਯੋਗ ਕੰਮ ਕਰਨ ਲਈ ਪ੍ਰੇਰਣਾ ਦਿੰਦੇ ਰਹਿੰਦੇ ਹਨ। ਮਾੜੇ ਵਿਚਾਰਾਂ ਦਾ, ਸਮਾਜ, ਭਾਈਚਾਰੇ ਅਤੇ ਰਿਸ਼ਤੇਦਾਰਾਂ ਨੂੰ ਹੀ ਨੁਕਸਾਨ ਨਹੀਂ ਹੁੰਦਾ, ਤੁਹਾਡੀ ਖੁਦ ਦੀ ਨੀਂਦ ਵੀ ਹਰਾਮ ਹੋ ਜਾਂਦੀ ਹੈ। ਬਦਲਾ ਲੈਣ ਦੀ ਭਾਵਨਾ ਅਤੇ ਡਰ ਨਾਲ ਤੁਹਾਡਾ ਖੁਦ ਦਾ ਮਨ ਭੈ-ਭੀਤ ਹੋਇਆ ਰਹਿੰਦਾ ਹੈ। ਅਜਿਹਾ ਆਦਮੀ, ਟਾਹਣੀ ਉੱਤੇ ਲਮਕਦੇ ਸੁੱਕੇ ਪੱਤੇ ਵਾਂਗ ਹੁੰਦਾ ਹੈ ਜੋ ਹਵਾ ਦੇ ਹਲਕੇ ਜਿਹੇ ਬੁੱਲੇ ਨਾਲ ਈ ਹੇਠਾਂ ਡਿੱਗ ਪੈਂਦਾ ਹੈ। ਲੋੜ ਹੈ, ਅਸੀਂ ਹੋਰਨਾਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀਦਾਰ ਬਣ ਕੇ ਇਸ ਧਰਤੀ ’ਤੇ ਅਸ਼ਾਂਤੀ, ਘਿ੍ਰਣਾ ਅਤੇ ਵੈਰ-ਵਿਰੋਧ ਨੂੰ ਫੈਲਣ ਤੋਂ ਰੋਕੀਏ। ਮੁਆਫੀ, ਠਰੰ੍ਹਮਾ ਅਤੇ ਸਹਿਣਸ਼ੀਲਤਾ ਨਾਲ ਪਰਸਪਰ ਪਿਆਰ ਦੀਆਂ ਗੰਢਾਂ ਪੀਡੀਆਂ ਕਰੀਏ।
ਨੇੜੇ ਚੁੰਗੀ ਨੰ: 7, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ