ਚੁੱਪ ਰਹਿਣ ਦੀ ਕਲਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ

0
Knowledge, Silence, Important

ਚਮਨਦੀਪ ਸ਼ਰਮਾ

ਸਮਾਜ ਵਿੱਚ ਵਿਚਰਦੇ ਹੋਏ ਚੁੱਪ ਰਹਿਣ ਦਾ ਵੀ ਆਪਣਾ ਵਿਸ਼ੇਸ਼ ਮਹੱਤਵ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਕੁੱਝ ਨਾ ਬੋਲਣਾ ਜਾਂ ਮੌਨ ਰਹਿਣਾ ਇੱਕ ਕਲਾ ਹੈ, ਜਿਸਦੀ ਬਾਖੂਬੀ ਜਾਣਕਾਰੀ ਇਨਸਾਨ ਨੂੰ ਹੋਣੀ ਚਾਹੀਦੀ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਮਾਨ ‘ਚੋਂ ਨਿੱਕਲਿਆ ਹੋਇਆ ਤੀਰ ਅਤੇ ਜ਼ੁਬਾਨ ‘ਚੋਂ ਇੱਕ ਵਾਰ ਨਿੱਕਲੇ ਹੋਏ ਸ਼ਬਦ ਮੁੜ ਵਾਪਸ ਨਹੀਂ ਆਉਂਦੇ ਹਨ ਜੇਕਰ ਤੀਰ ਆਪਣੇ ਨਿਸ਼ਾਨੇ ਤੋਂ ਭਟਕ ਕੇ ਕੋਈ ਹੋਰ ਨਿਸ਼ਾਨਾ ਸਿੰਨ੍ਹ ਦਿੰਦਾ ਹੈ ਤਾਂ ਨਤੀਜੇ ਭਿਅੰਕਰ ਹੋ ਸਕਦੇ ਹਨ ਇਸੇ ਤਰ੍ਹਾਂ ਹੀ ਜ਼ੁਬਾਨ ‘ਚੋਂ ਨਿੱਕਲੇ ਸ਼ਬਦ ਸਹੀ ਨਾ ਹੋਣ ਦੀ ਸੂਰਤ ਵਿੱਚ ਖਾਮਿਆਜਾ ਮਨੁੱਖ ਨੂੰ ਭੁਗਤਣਾ ਪੈਂਦਾ ਹੈ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਪਹਿਲਾਂ ਤੋਲੋ, ਫਿਰ ਬੋਲੋ।

 ਕਿਸੇ ਵਿਸ਼ਾ ਵਸਤੂ ਬਾਰੇ ਘੱਟ ਗਿਆਨ ਹੋਣ ‘ਤੇ ਖਾਮੋਸ਼ ਹੋਣਾ ਹੀ ਉੱਤਮ ਵਿਧੀ ਹੈ ਘੱਟ ਗਿਆਨ ਹੋਣ ‘ਤੇ ਬੋਲਣਾ ਸਦਾ ਹੀ ਖ਼ਤਰਨਾਕ ਮੰਨਿਆ ਜਾਂਦਾ ਹੈ ਕਈ ਵਾਰ ਅਸੀਂ ਬਿਨਾ ਕਹੇ ਸਲਾਹ ਦੇਣ ਲੱਗ ਜਾਂਦੇ ਹਾਂ ਅਜਿਹੀ ਹਾਲਤ ਵਿੱਚ ਅਸੀਂ ਜਿੱਥੇ ਆਪਣੀ ਊਰਜਾ ਅਤੇ ਸਮੇਂ ਦੀ ਬਰਬਾਦੀ ਕਰ ਰਹੇ ਹੁੰਦੇ ਹਾਂ, ਉੁੱਥੇ ਮਜ਼ਾਕ ਦੇ ਪਾਤਰ ਵੀ ਬਣਦੇ ਹਾਂ ਸੋ ਚੇਤੇ ਰੱਖਣ ਵਾਲੀ ਗੱਲ ਹੈ ਕਿ ਆਪਣੀ ਇੱਜਤ ਆਪਣੇ ਹੱਥ ਵਿੱਚ ਹੀ ਹੁੰਦੀ ਹੈ।

ਮਨੁੱਖੀ ਵਿਵਹਾਰ ਦੀ ਇਹ ਕਮਜ਼ੋਰੀ ਹੈ ਕਿ ਇਹ ਕਿਸੇ ਵੀ ਕਿਰਿਆ ‘ਤੇ ਤੁਰੰਤ ਪ੍ਰਤੀਕਿਰਿਆ ਕਰਦਾ ਹੈ ਆਪਣੇ ਇਸ ਵਰਤਾਰੇ ਕਾਰਨ ਮਾਨਵ ਆਪਣੇ ਸਕੇ-ਸਬੰਧੀਆਂ, ਦੋਸਤਾਂ-ਮਿੱਤਰਾਂ ਆਦਿ ਤੋਂ ਹੱਥ ਧੋ ਬੈਠਦਾ ਹੈ ਇਹ ਸਭ ਕੁੱਝ ਗਲਤ ਸ਼ਬਦਾਂ, ਚੁਭਵੀਂ ਗੱਲਬਾਤ, ਬੇਲੋੜੀ ਦਖਲਅੰਦਾਜ਼ੀ ਕਾਰਨ ਵਾਪਰਦਾ ਹੈ ਕਈ ਸਿਆਣੇ ਮਨੁੱਖ ਸਾਹਮਣੇ ਵਾਲੇ ਵਿਅਕਤੀ ਨੂੰ ਗੁੱਸੇ ਵਿੱਚ ਬੋਲਦਾ ਵੇਖ ਕੇ ਕੁੱਝ ਨਹੀਂ ਆਖਦੇ ਹਨ ਇੱਕ ਵਾਰ ਤਾਂ ਗੁੱਸੇ ਵਿੱਚ ਆਇਆ ਵਿਅਕਤੀ ਬਹੁਤ ਕੁੱਝ ਬੋਲ ਜਾਂਦਾ ਹੈ ਪਰ ਤੁਹਾਨੂੰ ਬੋਲਦਾ ਨਾ ਵੇਖ ਕੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਜਲਦੀ ਹੀ ਹੋ ਜਾਂਦਾ ਹੈ ਇਸ ਤਰ੍ਹਾਂ ਚੁੱਪ ਰਹਿ ਕੇ ਰਿਸ਼ਤਿਆਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ ਭਾਈ ਵੀਰ ਸਿੰਘ ਜੀ ਨੇ ਵੀ ਕਿਹਾ ਹੈ ਕਿ ਜਿੱਥੇ ਬੋਲਣ ਦਾ ਮੁੱਲ ਨਾ ਹੋਵੇ ਉੱਥੇ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਹੁੰਦੀ ਹੈ।

ਕਈ ਵਾਰ ਵਿਅਕਤੀ ਆਪਣੀ ਗੱਲ ਨੂੰ ਧੱਕੇ ਨਾਲ ਰੱਖਣ/ਮਨਾਉਣ ਦਾ ਯਤਨ ਕਰਦਾ ਹੈ ਤਾਂ ਵਿਰੋਧਤਾ ਹੋਣ ਕਰਕੇ ਵਾਦ-ਵਿਵਾਦ ਉਤਪੰਨ ਹੁੰਦੇ ਹਨ ਜੋ ਕਿ ਦੋਵੇਂ ਧਿਰਾਂ ਲਈ ਚਿੰਤਾ ਦਾ ਕਾਰਨ ਬਣਦੇ ਹਨ ਚਿੰਤਾ ਨੂੰ ਚਿਤਾ ਸਮਾਨ ਮੰਨਿਆ ਗਿਆ ਹੈ ਇਸ ਕਾਰਨ ਮਨੁੱਖ ਤਨਾਅ ਵਿੱਚ ਆ ਕੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਲੱਖਾਂ ਰੁਪਏ ਡਾਕਟਰਾਂ ਨੂੰ ਦੇਣ ਤੋਂ ਬਾਅਦ ਵੀ ਠੀਕ ਹੋਣ ਦੇ ਆਸਾਰ ਨਹੀਂ ਹੁੰਦੇ ਹਨ ਇਸ ਮੌਕੇ ‘ਤੇ ਡਾਕਟਰਾਂ ਵੱਲੋਂ ਅਜਿਹੇ ਮਰੀਜ਼ਾਂ ਨੂੰ ਘੱਟ ਬੋਲਣ ਦੀ ਹੀ ਸਲਾਹ ਦਿੱਤੀ  ਜਾਂਦੀ ਹੈ ਗੁੱਸੇ ਦਾ ਮਾਰਿਆ ਇਨਸਾਨ ਨਰਕ ਨੂੰ ਚਲਾ ਜਾਂਦਾ ਹੈ ਮਨੁੱਖੀ ਵਿਵਹਾਰ ਲਈ ਸਬਰ-ਸੰਤੋਖ ਦੀ ਲੋੜ ਹੁੰਦੀ ਹੈ ਤਾਂ ਜੋ ਅਗਲੇਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।

ਸਾਨੂੰ ਉਹਨਾਂ ਲੀਡਰਾਂ ਤੋਂ ਸੇਧ ਲੈਣ ਦੀ ਜਰੂਰਤ ਜੋ ਕਿ ਕਿਸੇ ਕੰਮ ਦੀ ਪੂਰੀ ਜਾਣਕਾਰੀ ਨਾ ਹੋਣ ‘ਤੇ ਚੁੱਪੀ ਧਾਰ ਲੈਂਦੇ ਹਨ ਇਸਦੇ ਉਲਟ ਕਈ ਲੀਡਰਾਂ ਨੂੰ ਜਿਆਦਾ ਬੋਲਣ ਨਾਲ ਕਚਹਿਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ  ਇਸਤਰੀਆਂ ਦੇ ਜ਼ਿਆਦਾ ਬੋਲਣ ਕਰਕੇ ਉਹਨਾਂ ਉੱਪਰ ਅਕਸਰ ਚੁਟਕਲੇ ਬਣਾਏ ਜਾਂਦੇ ਹਨ ਕਿਸੇ ਨੇ ਪੁੱਛਿਆ ਕਿ ਸੰਸਾਰ ਦਾ ਸਭ ਤੋਂ ਅਸੰਭਵ ਕੰਮ ਕਿਹੜਾ ਹੈ? ਇਸਦਾ ਉੱਤਰ ਸੀ ਕਿ ਤਿੰਨ ਇਸਤਰੀਆਂ ਇਕੱਠੀਆਂ ਕਿਤੇ ਜਾ ਰਹੀਆਂ ਹੋਣ ਤੇ ਉਹ ਆਪਸ ਵਿੱਚ ਗੱਲਾਂ ਨਾ ਕਰਦੀਆਂ ਹੋਣ।

ਧਾਰਮਿਕ ਪੱਖ ਤੋਂ ਵੀ ਚੁੱਪ ਦੀ ਕਾਫੀ ਮਾਨਤਾ ਹੈ ਸਾਡੇ ਰਿਸ਼ੀਆਂ-ਮੁਨੀਆਂ ਨੇ ਧਿਆਨ ਲਗਾਉਣ ਦੀ ਕਿਰਿਆ ਰਾਹੀਂ ਹੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਕਰਮਚਾਰੀ ਆਪਣੇ ਅਫਸਰ ਅੱਗੇ, ਵਿਦਿਆਰਥੀ ਆਪਣੇ ਅਧਿਆਪਕ, ਬੱਚੇ ਆਪਣੇ ਮਾਪਿਆਂ ਦੇ ਅੱਗੇ ਬੇਲੋੜਾ ਨਾ ਬੋਲਦੇ ਹੋਏ ਆਪਣੀਆਂ ਮੁਸੀਬਤਾਂ ਨੂੰ ਕਾਫੀ ਹੱਦ ਘਟਾ ਕੇ ਆਪਣੇ ਉਦੇਸ਼ ਦੀ ਪ੍ਰਾਪਤੀ ਕਰ ਸਕਦੇ ਹਨ ਇੱਥੇ ਚੁੱਪ ਰਹਿਣ ਦਾ ਮਤਲਬ ਕੇਵਲ ਉੱਥੇ ਹੀ ਹੈ ਜਿੱਥੇ ਵਿਅਕਤੀ ਨੂੰ ਮਹਿਸੂਸ ਹੁੰਦਾ ਹੋਵੇ ਕਿ ਉਸਦੇ ਬੋਲਣ ਨਾਲ ਕੋਈ ਝਗੜਾ ਜਨਮ ਲੈ ਸਕਦਾ ਹੈ ਜਿੱਥੇ ਤੁਸੀਂ ਤਰਕ ਨਾਲ ਗੱਲ ਕਰਨੀ ਹੋਵੇ, ਆਪਣੇ ਹੱਕਾਂ ਲਈ ਲੜਨਾ ਹੋਵੇ ਤਾਂ ਫਿਰ ਖਾਮੋਸ਼ ਬੈਠਣਾ ਵੀ ਇੱਕ ਅਪਰਾਧ ਹੈ ਅਸੀਂ ਸਿਰਫ ਇਹ ਯਾਦ ਰੱਖਣਾ ਹੈ ਕਿ ਲੰਮੀ ਜੁਬਾਨ ਅਤੇ ਲੰਮਾ ਧਾਗਾ ਹਮੇਸਾ ਹੀ ਉਲਝਿਆ ਰਹਿੰਦਾ ਹੈ ਇਸ ਤਰ੍ਹਾਂ ਚੁੱਪ ਰਹਿਣ ਦੇ ਮਹੱਤਵ ਨੂੰ ਅਣਗੌਲਿਆਂ ਨਹੀਂ ਕਿਤਾ ਜਾ ਸਕਦਾ ਹੈ ਹੁਣ ਦੇਖਣਾ ਇਹੋ ਬਾਕੀ ਹੈ ਕਿ ਕਿੰਨੇ ਕੁ ਵਿਅਕਤੀ ਚੁੱਪ ਦੇ ਮਹੱਤਵ ਨੂੰ ਸਮਝਦੇ ਹੋਏ ਇਸਨੂੰ ਆਪਣੀ ਜਿੰਦਗੀ ਵਿੱਚ ਧਾਰਨ ਕਰਦੇ ਹਨ?

ਮਹਾਰਾਜਾ ਯਾਦਵਿੰਦਰਾ ਇਨਕਲੇਵ,
ਪਟਿਆਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।