Breaking News

ਜਾਧਵ ਮਾਮਲੇ ‘ਚ ਸਾਹਮਣੇ ਆਇਆ ‘ਨਾਪਾਕ’ ਚਿਹਰਾ

Kulbhushan Jadhav Case, Insults, Pakistan, Artical

ਅਸ਼ੀਸ਼ ਵਸ਼ਿਸ਼ਠ

ਕਥਿਤ ਜਾਸੂਸੀ ਦੇ ਇਲਜ਼ਾਮ ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨੇਵੀ  ਦੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੀ ਬੀਤੇ ਸੋਮਵਾਰ ਨੂੰ ਪਾਕਿਸਤਾਨ ਵਿੱਚ ਮੁਲਾਕਾਤ  ਦੌਰਾਨ ਪਾਕਿ  ਦੇ ਅਣਮਨੁੱਖੀ ਰਵੱਈਏ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਘੱਟ ਹੈ । ਜਾਧਵ  ਦੇ ਪਰਿਵਾਰ ਦੀ ਮੁਲਾਕਾਤ  ਤੋਂ ਬਾਅਦ ਭਾਰਤ  ਦੇ ਵਿਦੇਸ਼ ਮੰਤਰਾਲੇ  ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ  ਦੌਰਾਨ ਭਾਰਤੀ ਸੰਸਕ੍ਰਿਤੀ ਅਤੇ ਧਾਰਮਿਕ ਭਾਵਨਾਵਾਂ ਦਾ ਖਿਆਲ ਨਹੀਂ ਕੀਤਾ ।

ਮੁਲਾਕਾਤ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੀਆਂ ਚੂੜੀਆਂ, ਬਿੰਦੀ ਅਤੇ ਮੰਗਲਸੂਤਰ ਉਤਰਵਾਏ ਗਏ , ਉਨ੍ਹਾਂ  ਦੇ  ਕੱਪੜੇ ਬਦਲਵਾਏ ਗਏ ਅਤੇ ਉਨ੍ਹਾਂ ਦੀਆਂ ਜੁੱਤੀਆਂ ਵੀ ਵਾਪਸ ਨਹੀਂ ਕੀਤੀਆਂ । ਹਿੰਦੂ ਔਰਤ ਲਈ ਬਿੰਦੀ,  ਚੂੜੀਆਂ ਅਤੇ ਮੰਗਲਸੂਤਰ ਦਾ ਬਹੁਤ ਮਹੱਤਵ ਹੁੰਦਾ ਹੈ । ਕਲਪਨਾ ਕਰੋ ਕਿ ਜਦੋਂ ਜਾਧਵ ਦੀ ਪਤਨੀ ਅਤੇ ਮਾਂ ਉਸ ਹਾਲਤ ਵਿੱਚ ਮਿਲਣ ਗਈਆਂ ਹੋਣਗੀਆਂ, ਤਾਂ ਉਨ੍ਹਾਂ ‘ਤੇ ਕੀ ਬੀਤੀ ਹੋਵੇਗੀ ।  ਇਸ ਹਰਕਤ ਤੋਂ ਬਾਅਦ ਸਮਝਣਾ ਮੁਸ਼ਕਲ ਹੈ ਕਿ ਅਖੀਰ ਪਾਕਿਸਤਾਨ ਹੋਰ ਕਿਸ ਹੱਦ ਤੱਕ ਗਿਰੇਗਾ।

ਕੁਲਭੂਸ਼ਣ ਜਾਧਵ ਨਾਲ ਉਨ੍ਹਾਂ ਦੀ ਮਾਂ ਅਤੇ ਪਤਨੀ ਦੀ ਮੁਲਾਕਾਤ ਕਰਵਾਕੇ ਪਾਕਿਸਤਾਨ ਨੇ ਆਪਣੀ ਜਿਸ ਮਨੁੱਖਤਾਵਾਦੀ ਛਵੀ ਨੂੰ ਸੰਸਾਰਕ ਪੱਧਰ ‘ਤੇ ਪ੍ਰਚਾਰਿਤ ਕਰਨਾ ਚਾਹਿਆ,  ਉਹ ਹੋਰ ਖ਼ਰਾਬ ਹੋ ਗਈ । ਜਾਧਵ ਦੀ ਮਾਂ ਅਤੇ ਪਤਨੀ ਨਾਲ ਕੱਚ ਦੀ ਦੀਵਾਰ ਖੜ੍ਹੀ ਕਰਕੇ ਇੰਟਰਕਾਮ ਤੋਂ ਗੱਲ ਕਰਾਈ ਗਈ। ਕੱਚ ਦੀ ਦੀਵਾਰ ਪਿੱਛੇ ਬੈਠੇ ਕੁਲਭੂਸ਼ਣ ਦਾ ਫੋਨ  ਦੇ ਜਰੀਏ ਮਾਂ ਅਤੇ ਪਤਨੀ ਨਾਲ ਗੱਲ ਕਰਨਾ ਇੱਕ ਤਰ੍ਹਾਂ ਨਾਲ ਇੰਟਰਨੈਟ ‘ਤੇ ਵਿਦੇਸ਼ ਵਿੱਚ ਬੈਠੇ ਕਿਸੇ ਪਰਿਵਾਰਕ ਮੈਂਬਰ ਨਾਲ ਹੋਣ ਵਾਲੀ ਗੱਲਬਾਤ ਵਰਗਾ ਹੀ ਹੈ, ਜਿਸ ਵਿੱਚ ਇੱਕ-ਦੂਜੇ ਨੂੰ ਵੇਖਿਆ-ਸੁਣਿਆ ਤਾਂ ਜਾ ਸਕਦਾ ਹੈ,  ਪਰ ਛੂਹਣਾ ਸੰਭਵ ਨਹੀਂ ਹੋ ਸਕਦਾ ।

ਜ਼ਰਾ ਸੋਚੋ ਉਸ ਮਾਂ ਅਤੇ ਪਤਨੀ  ਦੇ ਦਿਲ ‘ਤੇ ਕੀ ਬੀਤ ਰਹੀ ਹੋਵੇਗੀ, ਜੋ ਦੁਸ਼ਮਣ ਦੇ ਕਬਜੇ ਵਿੱਚ ਫਸੇ ਆਪਣੇ ਬੇਟੇ ਅਤੇ ਪਤੀ ਤੋਂ ਕੁਝ ਇੰਚਾਂ  ਦੇ ਫ਼ਾਸਲੇ ‘ਤੇ ਹੋ ਕੇ ਵੀ ਨਾ ਉਸ ਨਾਲ ਨਿੱਜੀ ਗੱਲਬਾਤ ਕਰ ਸਕੀਆਂ ਅਤੇ ਨਾ ਹੀ ਉਸਨੂੰ ਛੂਹ ਕੇ ਜਾਣ ਸਕੀਆਂ ਕਿ ਉਸਦੀ ਸਰੀਰਕ ਹਾਲਤ ਕਿਵੇਂ ਦੀ ਸੀ?  ਪਾਕਿਸਤਾਨ ਮਨੁੱਖਤਾ ਦਾ ਦੁਸ਼ਮਣ ਕਿਵੇਂ ਹੈ, ਇਹ ਦੁਨੀਆ ਨੂੰ ਇਸ ਮੁਲਾਕਾਤ ਦੇ ਤਰੀਕੇ ਨਾਲ ਹੁਣ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ । ਜੋ ਮਨੁੱਖਤਾ  ਦੇ ਦੁਸ਼ਮਣ ਹਨ, ਉਨ੍ਹਾਂ ਤੋਂ ਮਨੁੱਖਤਾ ਦੀ ਉਮੀਦ ਕਰਨਾ ਹੀ ਭੁੱਲ ਹੈ।ਪਾਕਿਸਤਾਨ ਨੇ ਆਪਣੇ ਸੰਸਥਾਪਕ ਮੋਹੰਮਦ  ਅਲੀ ਜਿੰਨ੍ਹਾ ਦੀ ਜਨਮ ਦਿਵਸ ‘ਤੇ ਕੁਲਭੂਸ਼ਣ  ਦੇ ਪਰਿਵਾਰਕ ਮੈਂਬਰਾਂ ਨੂੰ ਉਸ ਨਾਲ ਮਿਲਵਾਉਣ ਦਾ ਜੋ ਪ੍ਰਬੰਧ ਕੀਤਾ,  ਉਹ ਆਪਣੇ-ਆਪ ਵਿੱਚ ਇੱਕ ਵਿਵਾਦ ਦਾ ਵਿਸ਼ਾ ਬਣ ਗਿਆ ।

ਅਜਿਹੀ ਹਾਲਤ ਵਿੱਚ ਜਦੋਂ ਸਾਡੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਏ ਦਿਨ ਕਿਸੇ ਪਾਕਿਸਤਾਨੀ ਨੂੰ ਭਾਰਤ ਵਿੱਚ ਇਲਾਜ ਲਈ ਵੀਜ਼ਾ ਜਾਰੀ ਕਰਨ ਦੀ ਉਦਾਰਤਾ ਵਖਾਇਆ ਕਰਦੀ ਹਨ, ਤੱਦ ਗੁਆਂਢੀ ਮੁਲਕ ਦਾ ਇਹ ਵਿਵਹਾਰ ਨਾ ਸਿਰਫ ਝੰਜੋੜਨ ਵਾਲਾ, ਬਲਕਿ ਅਪਮਾਨਜਨਕ ਵੀ ਹੈ । ਇਸ ਬਾਰੇ ਭਾਰਤ ਸਰਕਾਰ ਦੀ ਮਜਬੂਰੀ ਇਹ ਹੈ ਕਿ ਉਹ ਕੁਲਭੂਸ਼ਣ ਦੀ ਖੈਰੀਅਤ ਦੀ ਚਿੰਤਾ ਵਿੱਚ ਉਸ ਪੱਧਰ ‘ਤੇ ਜਾ ਕੇ ਸਿਆਸਤੀ ਦਬਾਅ ਨਹੀਂ ਬਣਾ ਪਾ ਰਹੀ, ਜਿਸਦੀ ਲੋੜ ਹੈ।

ਅੰਤਰਰਾਸ਼ਟਰੀ ਅਦਾਲਤ ਤੋਂ ਕੁਲਭੂਸ਼ਣ ਦੀ ਫ਼ਾਂਸੀ ਰੁਕਵਾਕੇ ਬੇਸ਼ੱਕ ਹੀ ਭਾਰਤ ਨੇ ਵੱਡੀ ਕਾਮਯਾਬੀ ਹਾਸਲ ਕਰ ਲਈ ਹੋਵੇ, ਪਰ ਉਸ ਨਾਲ ਉਸਦੀ ਜਾਨ ਦੀ ਰਖਵਾਲੀ ਪੂਰੀ ਤਰ੍ਹਾਂ ਯਕੀਨੀ ਨਹੀਂ ਮੰਨੀ ਜਾ ਸਕਦੀ। ਪਾਕਿਸਤਾਨ ਨੇ ਇਸ ਮਾਮਲੇ ਨੂੰ ਇੰਨਾ ਗੁੰਝਲਦਾਰ ਬਣਾ ਦਿੱਤਾ ਹੈ ਕਿ ਕੁਲਭੂਸ਼ਣ ਦੀ ਰਿਹਾਈ ਬਹੁਤ ਮੁਸ਼ਕਲ ਹੋਵੇਗੀ, ਕਿਉਂਕਿ ਅਜਿਹਾ ਹੋਣ ‘ਤੇ ਉਸਦੇ ਝੂਠ ਦਾ ਪੁਲੰਦਾ ਪੂਰੀ ਦੁਨੀਆ ਦੇ ਸਾਹਮਣੇ ਖੁੱਲ੍ਹ ਜਾਵੇਗਾ । ਭਾਰਤ ਸਰਕਾਰ  ਦੇ ਹੱਥ ਇਸ ਮਾਮਲੇ ਵਿੱਚ ਕਾਫ਼ੀ ਬੱਝੇ ਹੋਏ ਹਨ।  ਉਹ ਜ਼ਿਆਦਾ ਤੋਂ ਜ਼ਿਆਦਾ ਇੰਨਾ ਕਰ ਸਕਦੀ ਹੈ ਕਿ ਕੁਲਭੂਸ਼ਣ ਦੀ ਫ਼ਾਂਸੀ ਨੂੰ ਲੰਬੀ ਸਜ਼ਾ ਵਿੱਚ ਬਦਲਵਾ ਲਵੇ ।

ਬਾਵਜੂਦ ਇਸਦੇ ਕੁਲਭੂਸ਼ਣ 10-20 ਸਾਲ ਜਿੰਦਾ ਰਹੇਗਾ,  ਇਹ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਕਿਸੇ ਦੁਸ਼ਮਣ ਦੇਸ਼  ਦੇ ਵਿਅਕਤੀ ਨੂੰ ਜਾਸੂਸ ਦੱਸ ਕੇ ਫੜਨ ਤੋਂ ਬਾਅਦ ਕੋਈ ਦੇਸ਼ ਸੌਖਿਆਂ ਨਹੀਂ ਛੱਡਦਾ, ਫਿਰ ਪਾਕਿਸਤਾਨ ਦਾ ਰਿਕਾਰਡ ਅਜਿਹੇ ਮਾਮਲਿਆਂ ਵਿੱਚ ਬਹੁਤ ਹੀ ਦਾਗਦਾਰ ਰਿਹਾ ਹੈ। ਉਸਨੂੰ ਵੇਖਦੇ ਹੋਏ ਪਿਛਲੇ ਦਿਨੀ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਵਿੱਚ ਜੋ ਘਟੀਆ ਹਰਕਤ ਉਸਨੇ ਕੀਤੀ, ਉਹ ਇਤਰਾਜ਼ਯੋਗ ਜਰੂਰ ਸੀ ਪਰ ਅਣਉਮੀਦੀ ਬਿਲਕੁਲ ਨਹੀਂ ।

ਇਹ ਧਿਆਨ ਦੇਣ ਦੀ ਗੱਲ ਹੈ ਕਿ ਜਿੰਨੇ ਵੀ ਭਾਰਤੀ ਪਾਕਿਸਤਾਨ ਵਿੱਚ ਫੜੇ ਗਏ, ਉਨ੍ਹਾਂ ‘ਤੇ ਮੁਕੱਦਮਾ ਸਿਵਲ ਅਦਾਲਤ ਵਿੱਚ ਹੀ ਚਲਾਇਆ ਗਿਆ । ਕੁਲਭੂਸ਼ਣ ਜਾਧਵ ਦਾ ਕੇਸ ਫੌਜੀ ਅਦਾਲਤ ਵਿੱਚ,  ਉਹ ਵੀ ਗੁੱਪਚੁੱਪ ਚਲਾਇਆ ਜਾਣਾ ਆਪਣੇ-ਆਪ ਵਿੱਚ ਅਨੌਖਾ ਹੈ । ਇਸਦੇ ਹਵਾਲੇ ਨਾਲ ਇੱਕ ਸਵਾਲ ਤਾਂ ਬਣਦਾ ਹੈ ਕਿ ਸਾਡੀਆਂ ਖੂਫੀਆ ਏਜੰਸੀਆਂ ਨੂੰ ਇਸ ਬਾਰੇ ਖਬਰ ਕਿਉਂ ਨਹੀਂ ਲੱਗੀ?  ਭਾਰਤੀ ਨੂੰ ਮੌਤ ਦੀ ਸਜ਼ਾ ਦੇਣ ਦਾ ਕੰਮ ਪਾਕਿਸਤਾਨ ਪਹਿਲਾਂ ਵੀ ਕਰ ਚੁੱਕਾ ਹੈ। ਪਾਕਿਸਤਾਨ ਨੇ ਸਭ ਤੋਂ ਪਹਿਲਾਂ ਇੱਕ ਭਾਰਤੀ ਨਾਗਰਿਕ ਸ਼ੇਖ ਸ਼ਮੀਮ ਨੂੰ 1999 ਵਿੱਚ ਫ਼ਾਂਸੀ ‘ਤੇ ਲਟਕਾ ਦਿੱਤਾ ਸੀ ।

1988 ਵਿੱਚ ਵਾਘਾ ਸਰਹੱਦ ਪਾਰ ਉਸਨੂੰ ਫੜਕੇ ਜਾਸੂਸੀ ਦਾ ਇਲਜ਼ਾਮ ਲਾ ਦਿੱਤਾ ਗਿਆ ਸੀ। ਸਾਲ 2008 ਵਿੱਚ ਤੱਤਕਾਲੀਨ ਰਾਸ਼ਟਰਪਤੀ ਜਨਰਲ ਮੁਸ਼ੱਰਫ ਨੇ ਉਦਾਰਤਾ ਦਿਖਾਉਂਦੇ ਹੋਏ 35 ਸਾਲ ਤੱਕ ਕੈਦ ਵਿੱਚ ਰਹੇ ਕਸ਼ਮੀਰ ਸਿੰਘ  ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਸੀ । 1973 ਵਿੱਚ ਫੜਿਆ ਗਿਆ ਕਸ਼ਮੀਰ ਸਿੰਘ ਜਦੋਂ ਭਾਰਤ ਪਰਤਿਆ ਤਾਂ ਉਸ ਦਾ ਸਵਾਗਤ ਹੀਰੋ ਵਾਂਗ ਹੋਇਆ । ਕਸ਼ਮੀਰ ਸਿੰਘ ਨੇ ਪੀਟੀਆਈ ਨੂੰ ਦਿੱਤੀ ਇੰਟਰਵਿਊ ਵਿੱਚ ਸਵੀਕਾਰ ਵੀ ਕੀਤਾ ਸੀ ਕਿ ਉਹ ਜਾਸੂਸ ਸੀ, ਤੇ ਆਪਣੇ ਦੇਸ਼  ਵਾਸਤੇ ਡਿਊਟੀ ਕਰ ਰਿਹਾ ਸੀ । ਇੱਕ ਹੋਰ ਭਾਰਤੀ ਰਵੀਂਦਰ ਕੌਸ਼ਿਕ, ਜਾਸੂਸੀ ਦੇ ਇਲਜ਼ਾਮ ਵਿੱਚ ਮੁਲਤਾਨ ਜੇਲ੍ਹ ਵਿੱਚ ਸੋਲ੍ਹਾਂ ਸਾਲ ਤੋਂ ਬੰਦ ਸੀ,  ਜਿਸ ਦੀ ਮੌਤ 2001 ਵਿੱਚ ਟੀਬੀ ਨਾਲ ਹੋ ਗਈ ।

ਸਰਬਜੀਤ ਸਿੰਘ ਦਾ ਕੇਸ ਸਭ ਤੋਂ ਚਰਚਾ ਵਿਚ ਰਿਹਾ ਸੀ। ਉਸਨੂੰ ਕੋਟ ਲਖਪਤ ਜੇਲ੍ਹ ਵਿੱਚ 26 ਅਪਰੈਲ, 2013 ਨੂੰ ਉਸਦੇ ਨਾਲ ਰਹਿ ਰਹੇ ਕੈਦੀਆਂ ਨੇ ਇੰਨਾ ਕੁੱਟਿਆ ਕਿ ਹਫਤੇ ਭਰ ਬਾਅਦ ਉਸਦੀ ਮੌਤ 2 ਮਈ, 2013 ਨੂੰ ਹੋ ਗਈ । ਸਰਬਜੀਤ ਨੂੰ ਮੁਲਤਾਨ, ਫੈਸਲਾਬਾਦ,  ਅਤੇ ਲਾਹੌਰ ਵਿੱਚ ਧਮਾਕਿਆਂ ਦੇ ਮਾਮਲੇ ਵਿੱਚ ਫਸਾਇਆ ਗਿਆ ਸੀ, ਜਿਸ ਵਿੱਚ 14 ਪਾਕਿਸਤਾਨੀਆਂ ਦੀ ਮੌਤ ਹੋ ਗਈ ਸੀ । ਜਿਸ ਤਰ੍ਹਾਂ ਜੇਲ੍ਹ ਵਿੱਚ ਸਰਬਜੀਤ ਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਸੀ।

ਸਰਬਜੀਤ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਉਸਦੇ ਪਾਕਿਸਤਾਨੀ ਵਕੀਲ ਅਵੈਸ ਸ਼ੇਖ, ਭੈਣ ਅਤੇ ਧੀ ਨਾਲ ਮੇਰੀ ਮੁਲਾਕਾਤ ਉਸ ‘ਤੇ ਲਿਖੀ ਕਿਤਾਬ ਦੀ ਘੁੰਡ ਚੁਕਾਈ ਮੌਕੇ ਹੋਈ ਸੀ। ਉਸਦੀ ਭੈਣ ਨੇ ਗੱਲਬਾਤ ਵਿੱਚ ਦੱਸਿਆ ਸੀ ਕਿ ਪਾਕਿਸਤਾਨ ‘ਤੇ ਚਾਰੇ ਪਾਸਿਓਂ ਸਰਬਜੀਤ ਦੀ ਰਿਹਾਈ ਦਾ ਦਬਾਅ ਬਣ ਰਿਹਾ ਹੈ, ਉਸਨੂੰ ਇਸ ਗੱਲ ਦਾ ਸ਼ੱਕ  ਹੈ ਕਿ ਕਿਤੇ ਪਾਕਿਸਤਾਨ ਸਰਕਾਰ ਉਸਦੀ ਜੇਲ੍ਹ ਵਿੱਚ ਹੱਤਿਆ ਨਾ ਕਰਵਾ ਦੇਵੇ। ਅਤੇ ਇਹ ਸ਼ੱਕ ਆਖਿਰਕਾਰ ਸੱਚ ਸਾਬਤ ਹੋਇਆ।

ਕੁਲਭੂਸ਼ਣ ਦੀ ਰਿਹਾਈ ਤਾਂ ਦੂਰ ਦੀ ਗੱਲ ਹੈ ਕਿਉਂਕਿ ਜਦੋਂ ਤੱਕ ਕੋਈ ਅਸਧਾਰਨ ਅੰਤਰਰਾਸ਼ਟਰੀ ਦਬਾਅ ਨਾ ਆਵੇ ਜਾਂ ਕੁਲਭੂਸ਼ਣ ਦੇ ਬਦਲੇ ਭਾਰਤ ਵੀ ਕਿਸੇ ਪਾਕਿਸਤਾਨੀ ਕੈਦੀ ਨੂੰ ਰਿਹਾ ਨਾ ਕਰੇ ਤਦ ਤੱਕ ਉਸਦੀ ਸੁਰੱਖਿਅਤ ਵਾਪਸੀ ਦੀ ਉਮੀਦ ਨਹੀਂ ਕੀਤੀ ਜਾ ਸਕੇਗੀ। ਜਾਧਵ ਮਾਮਲੇ ਵਿੱਚ ਜਿਸ ਤਰ੍ਹਾਂ ਅੰਤਰਰਾਸ਼ਟਰੀ ਅਦਾਲਤ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਦਬਾਅ ਬਣਾਇਆ ਹੈ,  ਭਾਰਤੀ ਸੰਸਦ ਤੋਂ ਲੈ ਕੇ ਅੰਤਰਰਾਸ਼ਟਰੀ ਮੀਡੀਆ ਤੱਕ ਜਿਸ ਤਰ੍ਹਾਂ ਨਾਲ ਇਸ ਮਾਮਲੇ ਨੂੰ ਤਵੱਜੋ ਦੇ ਰਹੇ ਹਨ,  ਇਨ੍ਹਾਂ ਸਭ ਤੋਂ ਚਿੜਕੇ ਕਿਤੇ ਪਾਕਿਸਤਾਨ ਸਰਕਾਰ ਸਰਬਜੀਤ ਵਾਂਗ ਕੁਲਭੂਸ਼ਣ ਦੀ ਹੱਤਿਆ ਦੀ ਕੋਈ ਸਾਜਿਸ਼ ਨਾਲ ਰਚ ਦੇਵੇ ।

ਫਿਲਹਾਲ ਤਾਂ ਭਾਰਤ ਸਰਕਾਰ  ਦੀਆਂ ਸਾਰੀਆਂ ਕੋਸ਼ਿਸ਼ਾਂ ਕੁਲਭੂਸ਼ਣ ਨੂੰ ਕਿਸੇ ਤਰ੍ਹਾਂ ਜਿੰਦਾ ਰੱਖਣ ‘ਤੇ ਕੇਂਦਰਿਤ ਹੋਣੀਆਂ ਚਾਹੀਦੀਆਂ  ਹਨ ਕਿਉਂਕਿ ਪਾਕਿਸਤਾਨ ਜ਼ਰਾ ਜਿਹੀ ਮੋਹਲਤ ਮਿਲਦਿਆਂ ਹੀ ਉਸਨੂੰ ਸੂਲੀ ‘ਤੇ ਲਟਕਾਉਣ ਵਿੱਚ ਨਹੀਂ ਝਿਜਕੇਗਾ।  ਪਿਛਲੇ ਦਿਨੀਂ ਉਸਨੇ ਜਿਸ ਤਰ੍ਹਾਂ ਹੋਸ਼ਾਪਣ ਜਾਂ ਉਸ ਤੋਂ ਵੀ ਵਧ ਕੇ ਕਹੀਏ ਤਾਂ ਟੁੱਚਾਪਣ ਵਿਖਾਇਆ ਉਸ ਤੋਂ ਬਾਅਦ ਕਿਸੇ ਚੰਗੇ ਵਿਵਹਾਰ ਦੀ ਉਮੀਦ ਕਰਨਾ ਵਿਅਰਥ ਹੈ। ਦਿਨੋ-ਦਿਨ ਇਸ ਗੱਲ ਦੀ ਸੰਕਾ ਵਧ ਰਹੀ ਹੈ ਕਿ ਕਿਤੇ ਜਾਧਵ ਦਾ ਹਾਲ ਸਰਬਜੀਤ ਵਰਗਾ ਨਾ ਹੋਵੇ! ਪਰਮਾਤਮਾ ਜਾਧਵ ਦੀ ਰੱਖਿਆ ਕਰੇ!

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top