ਲਖੀਮਪੁਰ ਖੇੜੀ ਮਾਮਲਾ: SIT ਨੇ ਲਖੀਮਪੁਰ ਕਾਂਡ ਨੂੰ ਸੋਚੀ ਸਮਝੀ ਸਾਜ਼ਿਸ਼ ਮੰਨੀ, ਆਸ਼ੀਸ਼ ਮਿਸ਼ਰਾ ਸਮੇਤ 14 ‘ਤੇ ਚੱਲੇਗਾ ਕਤਲ ਕੇਸ

ਆਸ਼ੀਸ਼ ਮਿਸ਼ਰਾ ਸਮੇਤ 14 ‘ਤੇ ਚੱਲੇਗਾ ਕਤਲ ਕੇਸ

(ਸੱਚ ਕਹੂੰ ਨਿਊਜ਼), ਨਵੀਂ ਦਿੱਲੀ। ਐਸਆਈਟੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਹੋਈ ਹਿੰਸਾ ਨੂੰ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਐਸਆਈਟੀ ਦੇ ਜਾਂਚ ਅਧਿਕਾਰੀ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾਵਾਂ ਵਧਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ। ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਸਮੇਤ 14 ਦੋਸ਼ੀਆਂ ਨੂੰ ਅਦਾਲਤ ‘ਚ ਤਲਬ ਕੀਤਾ ਹੈ। ਮੰਤਰੀ ਦੇ ਬੇਟੇ ਅਤੇ ਉਸ ਦੇ ਸਾਥੀਆਂ ਨੂੰ ਜੇਲ੍ਹ ਤੋਂ ਲਿਆ ਕੇ ਲਖੀਮਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਕੁਝ ਸਮੇਂ ਬਾਅਦ ਅਦਾਲਤ SIT ਦੀ ਅਰਜ਼ੀ ‘ਤੇ ਸੁਣਵਾਈ ਕਰੇਗੀ।

ਮੰਨਿਆ ਜਾ ਰਿਹਾ ਹੈ ਕਿ ਅਦਾਲਤ ਐਸਆਈਟੀ ਨੂੰ ਇਸ ਮਾਮਲੇ ਵਿੱਚ ਧਾਰਾਵਾਂ ਵਧਾਉਣ ਦੀ ਇਜਾਜ਼ਤ ਦੇ ਸਕਦੀ ਹੈ। ਇਸ ਤੋਂ ਬਾਅਦ ਮੰਤਰੀ ਦੇ ਪੁੱਤਰ ਸਮੇਤ ਬਾਕੀ ਦੋਸ਼ੀਆਂ ‘ਤੇ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮੁਕੱਦਮਾ ਚਲਾਇਆ ਜਾਵੇਗਾ।

ਲਖੀਮਪੁਰ ‘ਚ 3 ਅਕਤੂਬਰ ਨੂੰ ਹਿੰਸਾ ਭੜਕ ਗਈ ਸੀ

ਜਿਕਰਯੋਗ ਹੈ ਕਿ ਲਖੀਮਪੁਰ ਵਿੱਚ 3 ਅਕਤੂਬਰ (ਐਤਵਾਰ) ਨੂੰ ਕਿਸਾਨਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਕਾਲੇ ਝੰਡੇ ਦਿਖਾਏ ਸਨ। ਇਸ ਦੌਰਾਨ ਇੱਕ ਗੱਡੀ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਵਿੱਚ ਚਾਰ ਕਿਸਾਨ ਮਾਰੇ ਗਏ ਸਨ। ਇਸ ਤੋਂ ਬਾਅਦ ਹਿੰਸਾ ਭੜਕ ਗਈ। ਇਸ ਹਿੰਸਾ ਦੌਰਾਨ ਇੱਕ ਪੱਤਰਕਾਰ ਸਮੇਤ ਚਾਰ ਹੋਰ ਲੋਕ ਵੀ ਮਾਰੇ ਗਏ ਸਨ। ਇਸ ਮਾਮਲੇ ‘ਚ ਉਸ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 14 ਲੋਕਾਂ ‘ਤੇ ਹੱਤਿਆ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਪੁੱਤਰ ਨੂੰ ਮਿਲਣ ਪਹੁੰਚੇ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੇ ਮੰਗਲਵਾਰ ਨੂੰ ਲਖੀਮਪੁਰ ਹਿੰਸਾ ਦੇ ਮੁੱਖ ਮੁਲਜ਼ਮ ਜੇਲ ‘ਚ ਬੰਦ ਆਪਣੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਬੰਦ ਆਪਣੇ ਬੇਟੇ ਨੂੰ ਮਿਲਣ ਗਏ ਸਨ। ਹਾਲਾਂਕਿ, ਉਸਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਦੋਵਾਂ ਵਿਚਾਲੇ ਕੀ ਗੱਲਬਾਤ ਹੋਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ